Posted in ਵਿਚਾਰ

ਖੂਹ ਦਾ ਡੱਡੂ

ਛੋਟੇ ਹੁੰਦਿਆਂ ਜਦ ਛੁੱਟੀਆਂ ਕੱਟਣ ਦੇ ਲਈ ਨਾਨਕੇ ਜਾਂ ਦਾਦਕੇ ਪਿੰਡ ਜਾਣਾ ਤਾਂ ਅਕਸਰ ਇਕ ਕਹਾਣੀ ਆਮ ਸੁਣਨ ਨੂੰ ਮਿਲਦੀ ਹੁੰਦੀ ਸੀ। ਉਸ ਕਹਾਣੀ  ਦਾ ਨਾਂ ਸੀ ‘ਖੂਹ ਦਾ ਡੱਡੂ’।  

ਕਹਿੰਦੇ ਹਨ ਕਿ ਕਿਸੇ ਪਿੰਡ ਵਿਚ ਇਕ ਬਹੁਤ ਵੱਡਾ ਖੂਹ ਸੀ ਅਤੇ ਉਸ ਖੂਹ ਵਿਚ ਦੋ ਵੱਡੇ ਡੱਡੂ ਰਹਿੰਦੇ ਸਨ। ਇੱਕ ਵਾਰੀ ਬਹੁਤ ਹੜ੍ਹ ਆਏ ਤੇ ਪਾਣੀ ਏਨਾ ਚੜ੍ਹਿਆ ਕਿ ਉਹ ਇਸ ਖੂਹ ਦੇ ਉਤੋਂ ਹੋ ਕੇ ਨਿਕਲ ਗਿਆ। ਹੜ੍ਹ ਦਾ ਤਮਾਸ਼ਾ ਵੇਖਣ ਲਈ ਤਰਦੇ ਹੋਏ ਇਹ ਦੋਵੇਂ ਡੱਡੂ ਹੜ੍ਹ ਦੇ ਪਾਣੀ ਦੇ ਵਹਾਉ ਵਿੱਚ ਫਸ ਗਏ। 

ਇਕ ਵੱਡਾ ਡੱਡੂ ਹੜ੍ਹ ਦੇ ਪਾਣੀ ਨਾਲ ਹੀ ਰੁੜ੍ਹ ਗਿਆ ਜਦਕਿ ਦੂਜਾ ਵੱਡਾ ਡੱਡੂ ਛੜੱਪਾ ਮਾਰ ਕੇ ਦਰਖ਼ਤ ਦੇ ਟਾਹਣ ਤੇ ਚੜ੍ਹ ਗਿਆ।  ਜਦ ਹੜ੍ਹ ਦਾ ਪਾਣੀ ਉਤਰ ਗਿਆ ਤਾਂ ਦੂਜਾ ਵੱਡਾ ਡੱਡੂ ਵੀ ਦਰਖ਼ਤ ਤੋਂ ਉੱਤਰ ਕੇ ਵਾਪਸ ਖੂਹ ਵਿੱਚ ਆ ਗਿਆ।  ਵਕ਼ਤ ਬੀਤਦਾ ਗਿਆ। ਖੂਹ ਵਿੱਚ ਹੁਣ ਇਕ ਵੱਡਾ ਡੱਡੂ ਹੀ ਰਹਿ ਗਿਆ ਸੀ।

ਸਾਲ ਕੁ ਮਗਰੋਂ ਦੂਜਾ ਵੱਡਾ ਡੱਡੂ ਅਚਾਨਕ ਛੜੱਪਾ ਮਾਰ ਕੇ ਖੂਹ ਚ ਵਾਪਸ ਆ ਗਿਆ। ਪਹਿਲੇ ਡੱਡੂ ਨੇ ਪੁੱਛਿਆ ਕਿ ਉਹ ਕਿੱਥੇ ਚਲਾ ਗਿਆ ਸੀ? ਜਵਾਬ ਵਿੱਚ ਦੂਜੇ ਡੱਡੂ ਨੇ ਕਿਹਾ ਕਿ ਜਦ ਉਹ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ ਸੀ ਤਾਂ ਉਹ ਰੁੜ੍ਹਦਾ-ਰੁੜ੍ਹਦਾ ਸਮੁੰਦਰ ਵਿੱਚ ਪਹੁੰਚ ਗਿਆ ਸੀ ਤੇ ਹੁਣ ਉਥੋਂ ਉਹ ਬੜੀ ਮੁਸ਼ਕਲ ਨਾਲ ਵਾਪਸ ਆਇਆ ਹੈ।

Photo by Pixabay on Pexels.com

ਪਹਿਲੇ ਡੱਡੂ ਨੂੰ ਸਮੁੰਦਰ ਦਾ ਕੋਈ ਪਤਾ ਨਹੀਂ ਸੀ, ਇਸ ਲਈ ਉਹਨੇ ਪੁੱਛਿਆ ਕੀ ਸਮੁੰਦਰ ਕੀ ਹੁੰਦਾ ਹੈ? ਜਦੋਂ ਦੂਜੇ ਡੱਡੂ ਨੇ ਬਿਆਨ ਕੀਤਾ ਕਿ ਬਹੁਤ ਵੱਡਾ ਖੁੱਲ੍ਹਾ ਪਾਣੀ ਤਾਂ ਪਹਿਲੇ ਡੱਡੂ ਨੇ ਖੂਹ ਚ ਛੜੱਪਾ ਮਾਰ ਕੇ ਕਿਹਾ ਕਿ ਏਡਾ ਵੱਡਾ? ਸਮੁੰਦਰੋਂ ਮੁੜੇ ਡੱਡੂ ਨੇ ਨਾਹ ਕਰ ਦਿੱਤੀ। ਖੂਹ ਦੇ ਡੱਡੂ ਨੇ ਕਈ ਹੋਰ ਛੜੱਪੇ ਮਾਰੇ ਪਰ ਸਮੁੰਦਰੋਂ ਮੁੜਿਆ ਡੱਡੂ ਨਾਹ ਤੇ ਨਾਹ ਕਰਦਾ ਗਿਆ।  ਪਹਿਲੇ ਡੱਡੂ ਨੇ ਕਈ  ਛੜੱਪੇ ਮਾਰ ਲਏ ਪਰ ਸਮੁੰਦਰੋਂ ਮੁੜਿਆ ਡੱਡੂ ਹਮੇਸ਼ਾਂ ਇਹੀ ਕਹਿੰਦਾ ਰਿਹਾ ਨਹੀਂ ਸਮੁੰਦਰ ਤਾਂ ਇਸ ਤੋਂ ਵੀ ਵੱਡਾ ਹੈ। ਅਖੀਰ ਵਿੱਚ ਖੂਹ ਦੇ ਡੱਡੂ ਨੇ ਆਪਣੇ ਆਪ ਨੂੰ ਜੇਤੂ ਸਾਬਤ ਕਰਨ ਲਈ ਸਮੁੰਦਰੋਂ ਮੁੜੇ ਡੱਡੂ ਨੂੰ ਕਿਹਾ ਤੂੰ ਤਾਂ ਝੂਠ ਬੋਲਦਾ ਹੈਂ।  

ਕਹਿਣ ਦਾ ਭਾਵ ਇਹ ਕਿ ਸਮੁੰਦਰ ਘੁੰਮ ਕੇ ਆਏ ਡੱਡੂ ਦਾ ਸੱਚ ਖੂਹ ਦੇ ਡੱਡੂ ਲਈ ਝੂਠ ਸੀ ਕਿਉਂਕਿ ਖੂਹ ਦੇ ਡੱਡੂ ਦੀ ਸੋਚ ਦੇ ਵਿਚ ਸਮੁੰਦਰ ਨਹੀਂ ਸੀ ਸਮਾ ਰਿਹਾ। ਅੱਜ ਜਾਣਕਾਰੀ ਦਾ ਜੁਗ ਹੈ।  ਵਕ਼ਤ ਬਹੁਤ ਬਦਲ ਗਿਆ ਹੈ। ਹਰ ਚੀਜ਼ ਦੀ ਜਾਣਕਾਰੀ ਸਾਡੀਆਂ ਉਂਗਲਾਂ ਤੇ ਹੈ। ਪਰ ਫੇਰ ਵੀ ਅਸੀਂ ਅੱਜ ਖੂਹ ਦੇ ਡੱਡੂ ਵਾਂਙ ਹਾਂ। ਜੋ ਸਾਡੇ ਕੋਲੋਂ ਹਜ਼ਮ ਨਹੀਂ ਹੁੰਦਾ ਹੈ ਜਾਂ ਫਿਰ ਜੋ ਸਾਡੀ ਸੋਚ ਵਿੱਚ ਨਹੀਂ ਸਮਾਉਂਦਾ ਹੈ ਉਸ ਨੂੰ ਅਸੀਂ ਝੂਠ ਹੀ ਮੰਨ ਕੇ ਬੈਠ ਜਾਂਦੇ ਹਾਂ।

ਇਹ ਸਿਲਸਿਲਾ ਅੱਜ ਵੀ ਕਿਉਂ ਬਰਕਰਾਰ ਹੈ? ਇਸ ਦੇ ਵਿੱਚ ਇੱਕ ਵੱਡਾ ਯੋਗਦਾਨ ਅਜੋਕੇ ਸਮਾਜਿਕ ਮਾਧਿਅਮਾਂ ਦਾ ਵੀ ਹੈ ਜਿੱਥੇ ਅਸੀਂ ਉਹੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਡੀ ਸੋਚ ਦੇ ਅਨੁਸਾਰ ਹੋਵੇ। ਅਸੀਂ ਠੀਕ ਜਾਂ ਗ਼ਲਤ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਖੋਜ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਸਿਰਫ਼ ਓਹੀ ਵੇਖਣਾ-ਸੁਣਨਾ ਪਸੰਦ ਕਰਦੇ ਹਾਂ ਜੋ ਸਾਡੀ ਸੋਚ ਦੇ ਮੁਤਾਬਕ ਹੋਵੇ।   

ਅੱਜ ਦੇ ਸਮਾਜਕ ਮਾਧਿਅਮਾਂ ਦੀ ਬਨਾਉਟੀ ਆਬਸ਼ਾਰ ਵਿੱਚ ਭਿੱਜ ਕੇ ਰੁੜ੍ਹਦੇ ਜਾਂਦੇ ਲੋਕ ਸੱਚ ਤੋਂ ਜਿੰਨਾ ਦੂਰ ਹੁੰਦੇ ਜਾਣਗੇ ਓਨਾ ਹੀ ਉਨ੍ਹਾਂ ਦੇ ਅੰਦਰ ਸੱਚ ਸਮਝਣ ਅਤੇ ਬਰਦਾਸ਼ਤ ਕਰਨ ਦਾ ਮਾਦਾ ਘਟਦਾ ਜਾਵੇਗਾ।

ਅਸੀਂ ਅਜੋਕੇ ਜਾਣਕਾਰੀ ਦੇ ਜੁਗ ਦੇ ਵਿੱਚ ਵੀ ਖੂਹ ਦਾ ਡੱਡੂ ਬਣਨਾ ਕਿਉਂ ਪਸੰਦ ਕਰਦੇ ਹਾਂ?  

Posted in ਚਰਚਾ, ਯਾਦਾਂ

ਪੜ੍ਹਾਈ ਦਾ ਸ਼ੌਕ

ਇਹ ਗੱਲ ਸੰਨ 1996 ਦੀ ਹੈ। ਉਨ੍ਹਾਂ ਦਿਨਾਂ ਦੇ ਵਿੱਚ ਮੈਂ ਸ੍ਰੀਨਗਰ, ਕਸ਼ਮੀਰ ਦੇ ਵਿੱਚ ਤੈਨਾਤ ਸੀ। ਸਰਦਾਰ ਮਨੋਹਰ ਸਿੰਘ ਗਿੱਲ ਉਸੇ ਸਾਲ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵਜੋਂ ਨਿਯੁਕਤ ਹੋਏ ਸਨ। ਨਿਯੁਕਤੀ ਤੋਂ ਬਾਅਦ ਉਹ ਸਾਰੇ ਭਾਰਤ ਦਾ ਦੌਰਾ ਕਰ ਰਹੇ ਸਨ ਤੇ ਕਸ਼ਮੀਰ ਵੀ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਸੀ। ਕਸ਼ਮੀਰ ਦੇ ਦੌਰੇ ਦੇ ਦੌਰਾਨ ਸਰਦਾਰ ਗਿੱਲ ਹੋਰਾਂ ਨੇ ਕਸ਼ਮੀਰ ਦੇ ਮੁੱਖ ਮੰਤਰੀ, ਨਾਗਰਿਕ ਪ੍ਰਸ਼ਾਸਨ ਅਧਿਕਾਰੀਆਂ, ਫ਼ੌਜੀ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨਾਲ ਮਿਲਣਾ ਸੀ।  

ਇਸੇ ਸਿਲਸਿਲੇ ਵਿੱਚ ਉਨ੍ਹਾਂ ਨੇ ਸ੍ਰੀਨਗਰ ਵਿੱਚ ਸੰਨਤ ਨਗਰ ਵਿਖੇ ਬਾਰਡਰ ਸਕਿਓਰਟੀ ਫੋਰਸ ਦੇ ਹੈੱਡਕੁਆਰਟਰ ਵਿੱਚ ਆ ਕੇ ਇੰਸਪੈਕਟਰ ਜਨਰਲ ਨੂੰ ਮਿਲਣਾ ਸੀ। ਮੁਲਾਕਾਤ ਵਾਲੇ ਦਿਨ ਸਵੇਰੇ ਹੀ ਇੰਸਪੈਕਟਰ ਜਨਰਲ ਨੂੰ ਕਿਤੇ ਬਾਹਰ ਜਾਣਾ ਪੈ ਗਿਆ ਤੇ ਵਾਪਸੀ ਵੇਲੇ ਉਹ ਸਰਦਾਰ ਗਿੱਲ ਨਾਲ ਬੈਠਕ ਦੇ ਵਕਤ ਤੋਂ ਖੁੰਝ ਰਹੇ ਜਾਪਦੇ ਸਨ। ਉਨ੍ਹਾਂ ਦੇ ਕਾਫਲੇ ਤੋਂ ਸੁਨੇਹਾ ਆ ਗਿਆ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਪਹੁੰਚਣ ਵਿੱਚ ਥੋੜ੍ਹੀ ਦੇਰ ਹੋ ਜਾਵੇ ਇਸ ਕਰਕੇ ਗੁਰਤੇਜ ਨੂੰ ਜ਼ਿੰਮੇਵਾਰੀ ਦੇ ਦਿਓ ਕਿ ਉਹ ਸਰਦਾਰ ਗਿੱਲ ਹੋਰਾਂ ਦਾ ਸਵਾਗਤ ਕਰ ਲੈਣ।  

ਮਿੱਥੇ ਹੋਏ ਵਕਤ ਸਰਦਾਰ ਗਿੱਲ ਉੱਥੇ ਪਹੁੰਚ ਗਏ ਅਤੇ ਮੈਂ ਉਨ੍ਹਾਂ ਨੂੰ ਲੈ ਕੇ ਆਓ-ਭਗਤ ਲਈ ਆਪਣੇ ਦਫ਼ਤਰ ਵਿੱਚ ਲੈ ਆਇਆ। ਉਨ੍ਹਾਂ ਨੂੰ ਇੰਸਪੈਕਟਰ ਜਨਰਲ ਦੇ ਕਾਫਲੇ ਦੇ ਪਛੜਣ ਅਤੇ ਹਾਲਾਤ ਦੀ ਵਾਕਫ਼ੀਅਤ ਕਰਾਉਣ ਤੋਂ ਬਾਅਦ ਸਾਡੀ ਰਸਮੀ ਗੱਲਬਾਤ ਫਿਰ ਛੇਤੀ ਹੀ ਖਤਮ ਹੋ ਗਈ। ਪਰ ਚੰਗੇ ਸਬੱਬ ਨੂੰ ਸਾਡੀਆਂ ਗੱਲਾਂ ਮੇਰੇ ਪਿਛੋਕੜ, ਮੇਰੀ ਪੜ੍ਹਾਈ ਆਦਿ ਵੱਲ ਮੁੜ ਪਈਆਂ ਅਤੇ ਸਾਡੀਆਂ ਗੱਲਾਂ ਯੂਨੀਵਰਸਿਟੀਆਂ, ਵਿੱਦਿਅਕ ਪੜ੍ਹਾਈਆਂ ਅਤੇ ਸਾਹਿਤਕ ਸ਼ੌਕਾਂ ਦੇ ਦੁਆਲੇ ਘੁੰਮਦੀਆਂ ਰਹੀਆਂ। ਗੱਲਾਂ-ਗੱਲਾਂ ਦੇ ਵਿੱਚ ਸਰਦਾਰ ਗਿੱਲ ਨੇ ਥੋੜ੍ਹੇ ਜਿਹੇ ਮਾਯੂਸ ਹੁੰਦਿਆਂ ਕਿਹਾ ਕਿ “ਗੁਰਤੇਜ ਹੁਣ ਪਿੰਡਾਂ ਚੋਂ ਪੜ੍ਹ ਕੇ ਮੁੰਡੇ ਅਫ਼ਸਰ ਨਹੀਂ ਬਣਦੇ ਅਤੇ ਪੜ੍ਹਾਈ ਦਾ ਸ਼ੌਕ ਦਿਨ-ਬ-ਦਿਨ ਘਟਦਾ ਹੀ ਜਾ ਰਿਹਾ ਹੈ”।

Photo by Karolina Grabowska on Pexels.com

ਇਸ ਤੋਂ ਪਹਿਲਾਂ ਕਿ ਮੈਂ ਗੱਲ ਹੋਰ ਅੱਗੇ ਜਾਰੀ ਰੱਖਦਾ ਇੰਸਪੈਕਟਰ ਜਨਰਲ ਦੀਆਂ ਗੱਡੀਆਂ ਦਾ ਕਾਫਲਾ ਆ ਕੇ ਸਾਹਮਣੇ ਖੜ੍ਹਾ ਹੋਣਾ ਸ਼ੁਰੂ ਹੋ ਗਿਆ ਤੇ ਮੈਂ ਸਰਦਾਰ ਗਿੱਲ ਨੂੰ ਲੈ ਕੇ ਉਧਰ ਨੂੰ ਤੁਰ ਪਿਆ। ਉਨ੍ਹਾਂ ਦੀ ਦਾਰਸ਼ਨਿਕ ਅਤੇ ਸਾਦਾ ਸ਼ਖ਼ਸਿਅਤ ਨੇ ਮੇਰੇ ਮਨ ਤੇ ਉਸ ਦਿਨ ਡਾਢਾ ਅਸਰ ਛੱਡਿਆ।  

ਇਹ ਯਾਦ ਮੇਰੇ ਮਨ ਥਾਣੀਂ ਹਫ਼ਤਾ ਦੋ ਹਫ਼ਤੇ ਪਹਿਲਾਂ ਇੱਕ ਵਾਰ ਫੇਰ ਘੁੰਮੀ ਤਾਂ ਮੈਂ ਸੋਚਿਆ ਕਿ ਮੈਂ ਪਿੰਡਾਂ ਦੀ ਪੜ੍ਹਾਈ ਬਾਰੇ ਥੋੜ੍ਹੀ ਬਹੁਤ ਹੋਰ ਘੋਖ ਜ਼ਰੂਰ ਕਰੂੰਗਾ। ਮੈਂ ਅਮੂਮਨ ਹਰ ਹਫ਼ਤੇ ਪੰਜਾਬ ਵਿੱਚ ਆਪਣੇ ਪਿਤਾ ਜੀ ਦੇ ਨਾਲ ਫੋਨ ਦੇ ਉੱਤੇ ਇੱਕ ਵਾਰੀ ਜ਼ਰੂਰ ਗੱਲ ਕਰਦਾ ਹਾਂ। ਪਿਛਲੇ ਹਫਤੇ ਜਦੋਂ ਉਨ੍ਹਾਂ ਨਾਲ ਫੋਨ ਤੇ ਗੱਲ ਹੋ ਰਹੀ ਸੀ ਤਾਂ ਮੈਂ ਫ਼ਤਿਹ ਬੁਲਾਉਣ ਤੋਂ ਬਾਅਦ ਸਿੱਧੀ ਗੱਲ ਪਿੰਡਾਂ ਦੀ ਪੜ੍ਹਾਈ ਵੱਲ ਲੈ ਆਇਆ ਅਤੇ ਉਨ੍ਹਾਂ ਨੂੰ ਉਚੇਚੇ ਤੌਰ ਦੇ ਪੁੱਛਿਆ ਕਿ ਉਨ੍ਹਾਂ ਦੀ ਆਪਣੀ ਮੁੱਢਲੀ ਪੜ੍ਹਾਈ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਹੋਈ ਸੀ? ਤੇ ਉਹ ਕਿਵੇਂ ਪਿੰਡ ਦੇ ਸਕੂਲ ਤੋਂ ਪੜ੍ਹਾਈ ਸ਼ੁਰੂ ਕਰਕੇ ਅਫ਼ਸਰ ਬਣੇ?

ਪਿਤਾ ਜੀ ਨੇ ਮੈਨੂੰ ਸੰਨ 1941 ਤੋਂ ਸ਼ੁਰੂ ਕਰਕੇ ਆਪਣੀ ਮੁੱਢਲੀ ਪੜ੍ਹਾਈ ਬਾਰੇ ਚਾਨਣਾ ਪਾਇਆ। ਇਹ ਵੀ ਦੱਸਿਆ ਕਿ ਚੌਥੀ ਜਮਾਤ ਵਿੱਚੋਂ ਪਹਿਲੇ ਨੰਬਰ ਉੱਤੇ ਆਉਣ ਕਰਕੇ ਕਿਵੇਂ ਇੱਕ ਪਰਿਵਾਰਕ ਜਾਣ-ਪਛਾਣ ਵਾਲੇ ਸੱਜਣ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਹੁਣ ਪਿੰਡ ਜਸਰਾਊਰ ਦਾ ਸਕੂਲ ਛੱਡ ਕੇ ਸਰਕਾਰੀ ਹਾਈ ਸਕੂਲ ਅਜਨਾਲਾ ਵਿਖੇ ਦਾਖਲਾ ਲੈਣ। ਇਸਦਾ ਕਾਰਨ ਇਹ ਸੀ ਕਿ ਜੇਕਰ ਉਹ ਪਿੰਡ ਦੇ ਸਕੂਲ ਵਿੱਚ ਛੇਵੀਂ ਪੂਰੀ ਕਰਕੇ ਅਜਨਾਲੇ ਜਾਂਦੇ ਸਨ ਤਾਂ ਇੱਕ ਸਾਲ ਖਰਾਬ ਹੋਣਾ ਸੀ ਕਿਉਂਕਿ ਅਜਨਾਲਾ ਹਾਈ ਸਕੂਲ ਵਾਲਿਆਂ ਨੇ ਉਹ ਪੂਰਾ ਸਾਲ ਉਨ੍ਹਾਂ ਦੀ ਅੰਗਰੇਜ਼ੀ ਪੜ੍ਹਾਈ ਲਈ ਲਵਾਉਣਾ ਸੀ। 

ਉਨ੍ਹਾਂ ਦਿਨਾਂ ਦੇ ਵਿੱਚ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੋ ਹੀ ਸਰਕਾਰੀ ਹਾਈ ਸਕੂਲ ਹੁੰਦੇ ਸਨ। ਇੱਕ ਅੰਮ੍ਰਿਤਸਰ ਅਤੇ ਇਕ ਅਜਨਾਲਾ ਅਤੇ ਇਨ੍ਹਾਂ ਦੋਹਾਂ ਸਕੂਲਾਂ ਦੇ ਵਿੱਚ ਦਾਖਲਾ, ਪ੍ਰੀਖਿਆ ਦੇ ਕੇ ਹੀ ਮਿਲਦਾ ਸੀ। ਉਨ੍ਹਾਂ ਦਿਨਾਂ ਵਿੱਚ ਸਾਰੇ ਅੰਮ੍ਰਿਤਸਰ ਜ਼ਿਲੇ ਵਿੱਚ ਦੋ ਹੀ ਪੱਕੀਆਂ ਸੜਕਾਂ ਵੀ ਹੁੰਦੀਆਂ ਸਨ। ਇੱਕ ਕੌਮੀ ਸ਼ਾਹ-ਰਾਹ ਜਿਹੜੀ ਜਲੰਧਰ ਵੱਲੋਂ ਆਉਂਦੀ ਸੀ ਅਤੇ ਅੰਮ੍ਰਿਤਸਰ ਤੋਂ ਲਾਹੌਰ ਵੱਲ ਜਾਂਦੀ ਸੀ ਤੇ ਦੂਜੀ ਅੰਮ੍ਰਿਤਸਰ ਤੋਂ ਸਿਆਲਕੋਟ ਦੀ ਸੜਕ। ਇਸੇ ਸੜਕ ਉੱਪਰ ਹੀ ਅਜਨਾਲਾ ਅਬਾਦ ਸੀ।

ਅੱਗੇ ਚੱਲਦਿਆਂ ਪਿਤਾ ਜੀ ਨੇ ਵੀ ਦੱਸਿਆ ਕਿ ਸਰਕਾਰੀ ਹਾਈ ਸਕੂਲ ਅਜਨਾਲਾ ਦਾਖ਼ਲਾ ਮਿਲਣ ਤੋਂ ਬਾਅਦ ਉਨ੍ਹਾਂ ਦਾ ਇੱਕ ਤਾਂ ਪਿੰਡ ਤੋਂ ਅਜਨਾਲੇ ਤੱਕ ਦਾ ਹਰ ਰੋਜ਼ ਦਸ ਕਿਲੋਮੀਟਰ ਆਉਣ-ਜਾਣ ਦਾ ਸਫਰ ਸ਼ੁਰੂ ਹੋ ਗਿਆ ਅਤੇ ਨਾਲ ਹੀ ਨਾਲ ਅੰਗਰੇਜ਼ੀ ਵਿੱਦਿਆ ਦਾ ਵੀ। ਅੰਗਰੇਜ਼ੀ ਦੀ ਵਿੱਦਿਆ ਲਈ ਕਿਸ ਤਰ੍ਹਾਂ ਪਹੁੰਚ ਕੀਤੀ ਜਾਂਦੀ ਸੀ, ਉਸ ਦੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਰਾ ਮਿਆਰ ਹੀ ਗਰਾਮਰ (ਵਿਆਕਰਣ) ਦੇ ਮੁੱਢ ਨਾਲ ਬੱਝਾ ਹੋਇਆ ਸੀ ਅਤੇ ਅੰਗਰੇਜ਼ੀ ਦੀ ਪੜ੍ਹਾਈ ਦਾ ਮਿਆਰ ਵੀ ਬਹੁਤ ਉੱਚਾ ਹੁੰਦਾ ਸੀ।

ਜਗਿਆਸਾ ਵੱਸ ਮੈਂ ਉਨ੍ਹਾਂ ਕੋਲੋਂ ਇਹ ਵੀ ਪੁੱਛ ਲਿਆ ਕਿ ਉਹ ਉਨ੍ਹਾਂ ਦਾ ਪੜ੍ਹਾਈ ਦਾ ਮਾਧਿਅਮ ਕੀ ਸੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉੱਥੇ ਪੜ੍ਹਾਈ ਦਾ ਖਾਸ ਤੌਰ ਤੇ ਵਿਗਿਆਨ ਦੀ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਹੀ ਸੀ ਅਤੇ ਹੋਰ ਜਿਹੜੀਆਂ ਭਾਸ਼ਾਵਾਂ ਉਹ ਪੜ੍ਹਦੇ ਸਨ ਉਹਦੇ ਵਿੱਚ ਜਾਂ ਤਾਂ ਤੁਸੀਂ ਉਰਦੂ ਫ਼ਾਰਸੀ ਤੇ ਜਾਂ ਫਿਰ ਉਰਦੂ ਸੰਸਕ੍ਰਿਤ ਲੈ ਸਕਦੇ ਸੀ।  ਫ਼ਾਰਸੀ ਅਤੇ ਸੰਸਕ੍ਰਿਤ ਨੂੰ ਕਲਾਸਕੀ ਭਾਸ਼ਾਵਾਂ ਦਾ ਦਰਜਾ ਹਾਸਲ ਸੀ। ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਤੇ ਮੈਂ ਪੁੱਛਿਆ ਕਿ ਉਨ੍ਹਾਂ ਦਿਨਾਂ ਵਿੱਚ ਪੰਜਾਬੀ ਪੜ੍ਹਾਉਣ ਦਾ ਕੋਈ ਉਪਰਾਲਾ ਨਹੀਂ ਸੀ ਹੁੰਦਾ? ਇਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਆਮ ਤੌਰ ਤੇ ਕੁਝ ਚੋਣਵੇਂ ਖ਼ਾਲਸਾ ਸਕੂਲਾਂ ਵਿੱਚ ਹੀ ਪੜ੍ਹਾਈ ਜਾਂਦੀ ਸੀ ਤੇ ਸਰਕਾਰੀ ਸਕੂਲਾਂ ਵਿੱਚ ਨਹੀਂ। ਜਾਂ ਫਿਰ ਤੁਸੀਂ ਪੰਜਾਬੀ ਆਪਣੇ ਘਰੇ ਹੀ ਸਿੱਖਦੇ ਸੀ।  

1947 ਤੋਂ ਬਾਅਦ ਇਕ ਦਮ ਵੱਡਾ ਬਦਲਾਅ ਆਇਆ। ਉਨ੍ਹਾਂ ਮੈਨੂੰ ਦੱਸਿਆ ਕਿ 1947 ਤੋਂ ਬਾਅਦ ਉਰਦੂ ਦੀ ਥਾਂ ਪੰਜਾਬੀ ਨੇ ਲੈ ਲਈ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਸੱਤਵੀਂ ਜਮਾਤ ਤੋਂ ਉਸੇ ਸਰਕਾਰੀ ਹਾਈ ਸਕੂਲ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰ ਲਈ। ਪੜ੍ਹਾਈ ਦੀਆਂ ਹੋਰ ਗੱਲਾਂ ਕਰਦਿਆਂ ਪਿਤਾ ਜੀ ਮੈਨੂੰ ਇਹ ਵੀ ਦੱਸਿਆ ਕਿ ਪੜ੍ਹਨ ਦੇ ਸ਼ੌਕ ਕਰਕੇ ਹੀ ਉਹ ਸਰਦੀਆਂ ਵਿੱਚ ਕਿਵੇਂ ਪਿੰਡ ਵਿੱਚ ਆਮ ਤਪਦੀਆਂ ਸ਼ਾਮ ਦੀਆਂ ਧੂਣੀਆਂ ਤੋਂ ਦੂਰ ਹੀ ਰਹਿੰਦੇ ਹੁੰਦੇ ਸਨ ਜਿੱਥੇ ਗੱਪ-ਗਪੌੜ ਦਾ ਕੁਣਕਾ ਬਹੁਤ ਖਾਧਾ ਜਾਂਦਾ ਹੁੰਦਾ ਸੀ।  

ਮੈਂ ਜਦੋਂ ਉਨ੍ਹਾਂ ਨੂੰ ਪਿੰਡਾਂ ਵਿੱਚ ਪੜ੍ਹਨ ਦੇ ਘਟਦੇ ਰੁਝਾਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਹਾਮੀ ਭਰਦਿਆਂ ਇਹ ਜ਼ਰੂਰ ਕਿਹਾ ਕਿ ਵਕਤ ਬਦਲਣ ਨਾਲ ਕਈ ਕੁਝ ਬਦਲਦਾ ਹੈ ਪਰ ਹਰ ਜਗ੍ਹਾ ਇਹ ਗੱਲ ਠੀਕ ਨਹੀਂ ਢੁਕਦੀ ਕਿਉਂਕਿ ਇਹ ਸਭ ਕੁਝ ਮਾਹੌਲ ਦੇ ਉੱਤੇ ਵੀ ਮੁਨੱਸਰ ਹੈ। ਜਿੱਥੇ ਉਤਸ਼ਾਹ-ਪ੍ਰੇਰਨਾ ਦਾ ਚੰਗਾ ਮਾਹੌਲ ਮਿਲ ਜਾਂਦਾ ਹੈ ਉੱਥੇ ਪੜ੍ਹਨ ਦਾ ਸ਼ੌਕ ਬਰਕਰਾਰ ਰਹਿੰਦਾ ਹੈ।