ਛੋਟੇ ਹੁੰਦਿਆਂ ਜਦ ਛੁੱਟੀਆਂ ਕੱਟਣ ਦੇ ਲਈ ਨਾਨਕੇ ਜਾਂ ਦਾਦਕੇ ਪਿੰਡ ਜਾਣਾ ਤਾਂ ਅਕਸਰ ਇਕ ਕਹਾਣੀ ਆਮ ਸੁਣਨ ਨੂੰ ਮਿਲਦੀ ਹੁੰਦੀ ਸੀ। ਉਸ ਕਹਾਣੀ ਦਾ ਨਾਂ ਸੀ ‘ਖੂਹ ਦਾ ਡੱਡੂ’।
ਕਹਿੰਦੇ ਹਨ ਕਿ ਕਿਸੇ ਪਿੰਡ ਵਿਚ ਇਕ ਬਹੁਤ ਵੱਡਾ ਖੂਹ ਸੀ ਅਤੇ ਉਸ ਖੂਹ ਵਿਚ ਦੋ ਵੱਡੇ ਡੱਡੂ ਰਹਿੰਦੇ ਸਨ। ਇੱਕ ਵਾਰੀ ਬਹੁਤ ਹੜ੍ਹ ਆਏ ਤੇ ਪਾਣੀ ਏਨਾ ਚੜ੍ਹਿਆ ਕਿ ਉਹ ਇਸ ਖੂਹ ਦੇ ਉਤੋਂ ਹੋ ਕੇ ਨਿਕਲ ਗਿਆ। ਹੜ੍ਹ ਦਾ ਤਮਾਸ਼ਾ ਵੇਖਣ ਲਈ ਤਰਦੇ ਹੋਏ ਇਹ ਦੋਵੇਂ ਡੱਡੂ ਹੜ੍ਹ ਦੇ ਪਾਣੀ ਦੇ ਵਹਾਉ ਵਿੱਚ ਫਸ ਗਏ।
ਇਕ ਵੱਡਾ ਡੱਡੂ ਹੜ੍ਹ ਦੇ ਪਾਣੀ ਨਾਲ ਹੀ ਰੁੜ੍ਹ ਗਿਆ ਜਦਕਿ ਦੂਜਾ ਵੱਡਾ ਡੱਡੂ ਛੜੱਪਾ ਮਾਰ ਕੇ ਦਰਖ਼ਤ ਦੇ ਟਾਹਣ ਤੇ ਚੜ੍ਹ ਗਿਆ। ਜਦ ਹੜ੍ਹ ਦਾ ਪਾਣੀ ਉਤਰ ਗਿਆ ਤਾਂ ਦੂਜਾ ਵੱਡਾ ਡੱਡੂ ਵੀ ਦਰਖ਼ਤ ਤੋਂ ਉੱਤਰ ਕੇ ਵਾਪਸ ਖੂਹ ਵਿੱਚ ਆ ਗਿਆ। ਵਕ਼ਤ ਬੀਤਦਾ ਗਿਆ। ਖੂਹ ਵਿੱਚ ਹੁਣ ਇਕ ਵੱਡਾ ਡੱਡੂ ਹੀ ਰਹਿ ਗਿਆ ਸੀ।
ਸਾਲ ਕੁ ਮਗਰੋਂ ਦੂਜਾ ਵੱਡਾ ਡੱਡੂ ਅਚਾਨਕ ਛੜੱਪਾ ਮਾਰ ਕੇ ਖੂਹ ਚ ਵਾਪਸ ਆ ਗਿਆ। ਪਹਿਲੇ ਡੱਡੂ ਨੇ ਪੁੱਛਿਆ ਕਿ ਉਹ ਕਿੱਥੇ ਚਲਾ ਗਿਆ ਸੀ? ਜਵਾਬ ਵਿੱਚ ਦੂਜੇ ਡੱਡੂ ਨੇ ਕਿਹਾ ਕਿ ਜਦ ਉਹ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ ਸੀ ਤਾਂ ਉਹ ਰੁੜ੍ਹਦਾ-ਰੁੜ੍ਹਦਾ ਸਮੁੰਦਰ ਵਿੱਚ ਪਹੁੰਚ ਗਿਆ ਸੀ ਤੇ ਹੁਣ ਉਥੋਂ ਉਹ ਬੜੀ ਮੁਸ਼ਕਲ ਨਾਲ ਵਾਪਸ ਆਇਆ ਹੈ।

ਪਹਿਲੇ ਡੱਡੂ ਨੂੰ ਸਮੁੰਦਰ ਦਾ ਕੋਈ ਪਤਾ ਨਹੀਂ ਸੀ, ਇਸ ਲਈ ਉਹਨੇ ਪੁੱਛਿਆ ਕੀ ਸਮੁੰਦਰ ਕੀ ਹੁੰਦਾ ਹੈ? ਜਦੋਂ ਦੂਜੇ ਡੱਡੂ ਨੇ ਬਿਆਨ ਕੀਤਾ ਕਿ ਬਹੁਤ ਵੱਡਾ ਖੁੱਲ੍ਹਾ ਪਾਣੀ ਤਾਂ ਪਹਿਲੇ ਡੱਡੂ ਨੇ ਖੂਹ ਚ ਛੜੱਪਾ ਮਾਰ ਕੇ ਕਿਹਾ ਕਿ ਏਡਾ ਵੱਡਾ? ਸਮੁੰਦਰੋਂ ਮੁੜੇ ਡੱਡੂ ਨੇ ਨਾਹ ਕਰ ਦਿੱਤੀ। ਖੂਹ ਦੇ ਡੱਡੂ ਨੇ ਕਈ ਹੋਰ ਛੜੱਪੇ ਮਾਰੇ ਪਰ ਸਮੁੰਦਰੋਂ ਮੁੜਿਆ ਡੱਡੂ ਨਾਹ ਤੇ ਨਾਹ ਕਰਦਾ ਗਿਆ। ਪਹਿਲੇ ਡੱਡੂ ਨੇ ਕਈ ਛੜੱਪੇ ਮਾਰ ਲਏ ਪਰ ਸਮੁੰਦਰੋਂ ਮੁੜਿਆ ਡੱਡੂ ਹਮੇਸ਼ਾਂ ਇਹੀ ਕਹਿੰਦਾ ਰਿਹਾ ਨਹੀਂ ਸਮੁੰਦਰ ਤਾਂ ਇਸ ਤੋਂ ਵੀ ਵੱਡਾ ਹੈ। ਅਖੀਰ ਵਿੱਚ ਖੂਹ ਦੇ ਡੱਡੂ ਨੇ ਆਪਣੇ ਆਪ ਨੂੰ ਜੇਤੂ ਸਾਬਤ ਕਰਨ ਲਈ ਸਮੁੰਦਰੋਂ ਮੁੜੇ ਡੱਡੂ ਨੂੰ ਕਿਹਾ ਤੂੰ ਤਾਂ ਝੂਠ ਬੋਲਦਾ ਹੈਂ।
ਕਹਿਣ ਦਾ ਭਾਵ ਇਹ ਕਿ ਸਮੁੰਦਰ ਘੁੰਮ ਕੇ ਆਏ ਡੱਡੂ ਦਾ ਸੱਚ ਖੂਹ ਦੇ ਡੱਡੂ ਲਈ ਝੂਠ ਸੀ ਕਿਉਂਕਿ ਖੂਹ ਦੇ ਡੱਡੂ ਦੀ ਸੋਚ ਦੇ ਵਿਚ ਸਮੁੰਦਰ ਨਹੀਂ ਸੀ ਸਮਾ ਰਿਹਾ। ਅੱਜ ਜਾਣਕਾਰੀ ਦਾ ਜੁਗ ਹੈ। ਵਕ਼ਤ ਬਹੁਤ ਬਦਲ ਗਿਆ ਹੈ। ਹਰ ਚੀਜ਼ ਦੀ ਜਾਣਕਾਰੀ ਸਾਡੀਆਂ ਉਂਗਲਾਂ ਤੇ ਹੈ। ਪਰ ਫੇਰ ਵੀ ਅਸੀਂ ਅੱਜ ਖੂਹ ਦੇ ਡੱਡੂ ਵਾਂਙ ਹਾਂ। ਜੋ ਸਾਡੇ ਕੋਲੋਂ ਹਜ਼ਮ ਨਹੀਂ ਹੁੰਦਾ ਹੈ ਜਾਂ ਫਿਰ ਜੋ ਸਾਡੀ ਸੋਚ ਵਿੱਚ ਨਹੀਂ ਸਮਾਉਂਦਾ ਹੈ ਉਸ ਨੂੰ ਅਸੀਂ ਝੂਠ ਹੀ ਮੰਨ ਕੇ ਬੈਠ ਜਾਂਦੇ ਹਾਂ।
ਇਹ ਸਿਲਸਿਲਾ ਅੱਜ ਵੀ ਕਿਉਂ ਬਰਕਰਾਰ ਹੈ? ਇਸ ਦੇ ਵਿੱਚ ਇੱਕ ਵੱਡਾ ਯੋਗਦਾਨ ਅਜੋਕੇ ਸਮਾਜਿਕ ਮਾਧਿਅਮਾਂ ਦਾ ਵੀ ਹੈ ਜਿੱਥੇ ਅਸੀਂ ਉਹੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਡੀ ਸੋਚ ਦੇ ਅਨੁਸਾਰ ਹੋਵੇ। ਅਸੀਂ ਠੀਕ ਜਾਂ ਗ਼ਲਤ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਖੋਜ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਸਿਰਫ਼ ਓਹੀ ਵੇਖਣਾ-ਸੁਣਨਾ ਪਸੰਦ ਕਰਦੇ ਹਾਂ ਜੋ ਸਾਡੀ ਸੋਚ ਦੇ ਮੁਤਾਬਕ ਹੋਵੇ।
ਅੱਜ ਦੇ ਸਮਾਜਕ ਮਾਧਿਅਮਾਂ ਦੀ ਬਨਾਉਟੀ ਆਬਸ਼ਾਰ ਵਿੱਚ ਭਿੱਜ ਕੇ ਰੁੜ੍ਹਦੇ ਜਾਂਦੇ ਲੋਕ ਸੱਚ ਤੋਂ ਜਿੰਨਾ ਦੂਰ ਹੁੰਦੇ ਜਾਣਗੇ ਓਨਾ ਹੀ ਉਨ੍ਹਾਂ ਦੇ ਅੰਦਰ ਸੱਚ ਸਮਝਣ ਅਤੇ ਬਰਦਾਸ਼ਤ ਕਰਨ ਦਾ ਮਾਦਾ ਘਟਦਾ ਜਾਵੇਗਾ।
ਅਸੀਂ ਅਜੋਕੇ ਜਾਣਕਾਰੀ ਦੇ ਜੁਗ ਦੇ ਵਿੱਚ ਵੀ ਖੂਹ ਦਾ ਡੱਡੂ ਬਣਨਾ ਕਿਉਂ ਪਸੰਦ ਕਰਦੇ ਹਾਂ?
ਸੱਚੇ ਸੱਚ
ਇਹ ਅਖ਼ਾਣ ਸਾਡੇ ਉੱਤੇ ਸੋਲਾ ਆਨੇ ਸਹੀ ਢੁੱਕਦਾ ਹੈ। ਭਾਵੇਂ ਧਾਰਮਕ ਖੇਤਰ ਹੋਵੇ ਜਾਂ ਸਿੱਖਿਆ ਪਰ ਪਰਨਾਲ਼ਾ ਉੱਥੇ ਦਾ ਉੱਥੇ। ਆਪਣੇ `ਚ ਬਦਲਾਅ ਲਿਆਉਣਾ ਤੇ ਵੇਲ਼ੇ ਅਨੁਸਾਰ ਢਾਲ਼ ਲੈਣਾ ਹੀ ਇਲਮਯਾਫ਼ਤਾ ਹੋਣਾ ਹੈ। ਡੱਡੂ ਦੀ ਮਜਬੂਰੀ ਤਾਂ ਮੰਨੀ ਜਾ ਸਕਦੀ ਹੈ ਪਰ ਸਾਡੇ ਲਈ adaptation ਔਖਾ ਕਿਉਂ ਹੈ, ਸਮਝ ਤੋਂ ਬਾਹਰ ਹੈ। ਸਾਡੇ ਦਿਮਾਗ਼ `ਚ ਅਣਖ਼ ਨਾਂ ਦਾ ਕੀੜਾ ਸਾਡੀ ਅਗ੍ਹਾਂ ਵਧੂ ਸੋਚ ਦੇ ਰਾਹ`ਚ ਰੋੜਾ ਹੈ। ਸਾਨੂੰ ਪਤਾ ਹੈ ਕਿ ਅੱਪਡੇਟ ਤੇ ਅੱਪਗ੍ਰੇਡ ਤੋਂ ਬਿਨਾ ਕੋਈ ਦੂਸਰਾ ਰਾਹ ਨਹੀਂ ਹੈ ਪਰ ਫੇਰ ਖੂਹ ਦੇ ਡੱਡੂ ਬਣੇ ਰਹਿਣਾ, ਇਸ ਮੂੜਤਾ ਦਾ ਕੋਈ ਇਲਾਜ਼ ਨਹੀਂ। ਸ਼ਾਇਦ ਇਸ ਨੂੰ ਹੀ ੮੪ ਦਾ ਗੇੜ ਕਹਿੰਦੇ ਹੋਣ।
ਬਹੁਤ ਖੂਬ ਬਿਆਨਿਆ ਹੈ ! ਅਸੀਂ ਵਾਕਿਆ ਹੀ ਖੂਹ ਦੇ ਡੱਡੂ ਵਾਂਗ ਹੀ ਹਾਂ ! ਜੇਕਰ ਥੋੜੀ ਜਿਹੀ ਮੇਹਨਤ ਕਰ ਸਮੇਂ ਦੇ ਹਾਣੀ ਬਣ ਸਕੀਏ ਤਾਂ ਬਹੁਤ ਕੁਝ ਜਾਣ ਸਕਦੇ ਹਾਂ ! ਪਰੰਤੂ ਕਦੇ ਖੂਹ ਤੋਂ ਬਾਹਰ ਛੜੱਪਾ ਮਾਰਿਆ ਹੀ ਨਹੀਂ