ਹਰ ਇਨਸਾਨ ਦੇ ਨੇਮ ਵਿੱਚ ਇਤਿਹਾਸ ਪੜ੍ਹਨ ਵਿੱਚ ਦਿਲਚਸਪੀ ਰੱਖਣਾ ਬਹੁਤ ਜ਼ਰੂਰੀ ਹੈ। ਇਤਿਹਾਸਕ ਖੋਜ ਕਈ ਸਰੋਤਾਂ ਅਤੇ ਹਵਾਲਿਆਂ ਤੇ ਨਿਰਭਰ ਕਰਦੀ ਹੈ ਅਤੇ ਹਰ ਕਿਤਾਬ ਇੱਕ ਨਵਾਂ ਨਜ਼ਰੀਆ ਪੇਸ਼ ਕਰਦੀ ਹੈ। ਦਰਅਸਲ ਇਹ ਨਜ਼ਰੀਆ, ਲੇਖਕ ਦੇ ਪਿਛੋਕੜ ਨੂੰ ਸਮਝਣ ਵਿੱਚ ਵੀ ਮਦਦ ਕਰਦਾ ਹੈ।
ਪਿੱਛੇ ਜਿਹੇ ਹੀ ਮੈਨੂੰ “ਪੰਜਾਬ ਦੀ ਇਤਿਹਾਸਕ ਗਾਥਾ (1849-2000)” ਪੜ੍ਹਨ ਨੂੰ ਮਿਲੀ। ਜਿਸ ਤਰ੍ਹਾਂ ਕਿ ਮੈਂ ਉੱਪਰ ਨਜ਼ਰੀਏ ਦਾ ਜ਼ਿਕਰ ਕੀਤਾ ਹੈ, ਇਹ ਕਿਤਾਬ ਮੈਨੂੰ ਪੰਜਾਬ ਦੇ ਇਸ ਕਾਲ ਤੇ ਮਲਵਈ ਝਾਤ ਮਰਵਾਉਂਦੀ ਹੈ।
ਲੇਖਕ ਰਾਜਪਾਲ ਸਿੰਘ ਹੋਰਾਂ ਨੇ ਕਿਤਾਬ ਲਿਖਣ ਲਈ ਕਾਫ਼ੀ ਮਿਹਨਤ ਕੀਤੀ ਹੈ। ਲੇਖਕ ਦੇ ਆਪਣੇ ਸ਼ਬਦਾਂ ਵਿੱਚ, “ਇਸ ਪੁਸਤਕ ਵਿੱਚ ਸ਼ਹੀਦੀਆਂ ਦਾ ਮਹਿਮਾਗਾਣ ਕਰਨ ਦੀ ਬਜਾਏ ਉਨ੍ਹਾਂ ਲਹਿਰਾਂ ਵੱਲੋਂ ਚੰਗੇਰਾ ਸਮਾਜ ਸਿਰਜਣ ਵਿੱਚ ਹਾਸਲ ਕੀਤੀ ਸਫਲਤਾ ‘ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।” (ਪੰ: 10)
ਸਿੰਘ ਸਭਾ ਲਹਿਰ ਦਾ ਜ਼ਿਕਰ ਕਰਦਿਆਂ ਲੇਖਕ ਨੇ ਹਰਜੋਤ ਓਬਰਾਏ ਦੀ ਕਿਤਾਬ ਉੱਤੇ ਉਚੇਚਾ ਜ਼ੋਰ ਦਿੱਤਾ ਹੈ। ਭਾਵੇਂ ਕਿ ਹਰਜੋਤ ਓਬਰਾਏ ਦੀ ਕਿਤਾਬ ਉੱਤੇ ਅੱਗੇ ਖੋਜ-ਚਰਚਾ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਤਾਂ ਨਹੀਂ ਚੱਲੀ ਪਰ ਕਈ ਪੰਜਾਬੀ ਉਤਸ਼ਾਹੀ ਖੋਜੀਆਂ ਨੇ ਜੋ ਕਿ ਦੁਨੀਆਂ ਦੀਆਂ ਕਈ ਨੁੱਕਰਾਂ ਵਿੱਚ ਵੱਸਦੇ ਸਨ ਉਨ੍ਹਾਂ ਨੇ ਹਰਜੋਤ ਓਬਰਾਏ ਦੀ ਕਿਤਾਬ ਵਿਚਲੀ ਪਰਿਕਲਪਿਤ ਮਿਥੀ ਸਥਾਪਨਾ ਨੂੰ ਖੱਖੜੀ-ਖੱਖੜੀ ਕਰ ਦਿੱਤਾ ਹੋਇਆ ਹੈ। ਇਸ ਕਰਕੇ ਲੇਖਕ ਰਾਜਪਾਲ ਸਿੰਘ ਨੂੰ ਜਾਂ ਤਾਂ ਹਰਜੋਤ ਓਬਰਾਏ ਦੀ ਕਿਤਾਬ ਉੱਤੇ ਜ਼ੋਰ ਨਹੀਂ ਸੀ ਦੇਣਾ ਚਾਹੀਦਾ ਜਾਂ ਫਿਰ ਉਨ੍ਹਾਂ ਲੇਖਕਾਂ ਦਾ ਹਵਾਲਾ ਦੇਣਾ ਵੀ ਬਣਦਾ ਸੀ ਜਿਨ੍ਹਾਂ ਨੇ ਹਰਜੋਤ ਓਬਰਾਏ ਦੀ ਪਰਿਕਲਪਿਤ ਮਿਥੀ ਸਥਾਪਨਾ ਬਾਰੇ ਲਿਖਿਆ।
ਮੈਂ ਧੰਨਵਾਦ ਕਰਦਾ ਹਾਂ ਰਾਜਪਾਲ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਆਪਣੀ ਕਿਤਾਬ ਦਾ ਪੀ.ਡੀ.ਐਫ. ਜੁਗਸੰਧੀ ਤੇ ਪਾਉਣ ਦੀ ਇਜਾਜ਼ਤ ਦਿੱਤੀ ਹੈ। ਆਸ ਹੈ ਕਿ ਇਹ ਕਿਤਾਬ ਇਤਿਹਾਸਕ ਸੰਵਾਦ ਨੂੰ ਅੱਗੇ ਜਾਰੀ ਰੱਖਣ ਲਈ ਪਾਠਕਾਂ ਅੰਦਰ ਜਿਗਿਆਸਾ ਪੈਦਾ ਕਰੇਗੀ।