Posted in ਚਰਚਾ, ਸਮਾਜਕ

ਨਵੇਂ ਸਿਰੋਂ ਲਿਖੇ ਜਾ ਰਹੇ ਇਤਿਹਾਸ ਦਾ ਵਿਵਾਦ

ਭਾਰਤ ਵਿੱਚ ਇਤਿਹਾਸ ਨੂੰ ਨਵੇਂ ਸਿਰੋਂ ਲਿਖਣ ਕਾਰਨ ਕਈ ਵਿਵਾਦ ਪੈਦਾ ਹੋਏ ਹਨ। ਖਾਸ ਤੌਰ ‘ਤੇ ਮੌਜੂਦਾ ਸੱਜੇ-ਪੱਖੀ ਹਿੰਦੂਤਵ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੇ ਅਧੀਨ। ਪਾਠ ਪੁਸਤਕਾਂ ਵਿੱਚ ਕੀਤੀਆਂ ਤਬਦੀਲੀਆਂ ਅਤੇ ਇਤਿਹਾਸਕ ਬਿਰਤਾਂਤਾਂ ਵਿੱਚ ਕਥਿਤ ਹੇਰਾਫੇਰੀ ਨੇ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ।

ਹਾਲ ਹੀ ਦੇ ਸਮੇਂ ਵਿੱਚ, ਪੰਜਾਬ ਵਿੱਚ ਕਈ ਧਿਰਾਂ ਲਾਗੂ ਕੀਤੀਆਂ ਜਾ ਰਹੀਆਂ ਸੋਧਾਂ ਨਾਲ ਆਪਣੀ ਅਸੰਤੁਸ਼ਟੀ ਜ਼ਾਹਰ ਕਰ ਰਹੀਆਂ ਹਨ। ਹਾਲਾਂਕਿ, ਇਤਿਹਾਸ ਨੂੰ ਮੁੜ ਲਿਖਣ ਦਾ ਵਿਰੋਧ ਕਰਨਾ ਇਸ ਮੁੱਦੇ ਨੂੰ ਹੱਲ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਨਹੀਂ ਹੋ ਸਕਦਾ। ਇਸ ਦੀ ਬਜਾਏ, ਵਿਅਕਤੀਆਂ ਲਈ ਇਤਿਹਾਸਕ ਸਰੋਤਾਂ ਅਤੇ ਲਿਖਤਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨਾਲ ਜੁੜ ਕੇ ਆਪਣੀ ਇਤਿਹਾਸਕ ਸਿੱਖਿਆ ਦੀ ਜ਼ਿੰਮੇਵਾਰੀ ਲੈਣਾ ਮਹੱਤਵਪੂਰਨ ਹੈ। ਇਸ ਤੋਂ ਇਲਾਵਾ, ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਦੁਆਰਾ ਦਰਪੇਸ਼ ਦੁਬਿਧਾ, ਜਿੱਥੇ ਸਿਲੇਬਸ ਦਾ ਇੱਕ ਵੱਡਾ ਹਿੱਸਾ ਇਤਿਹਾਸ ‘ਤੇ ਕੇਂਦਰਿਤ ਹੈ, ਇਸ ਬਹਿਸ ਵਿੱਚ ਜਟਿਲਤਾ ਦੀ ਇੱਕ ਵਾਧੂ ਪਰਤ ਜੋੜਦੀ ਹੈ।

ਭਾਜਪਾ ਦੀ ਅਗਵਾਈ ਵਾਲੀ ਸਰਕਾਰ ‘ਤੇ ਇਕ ਖ਼ਾਸ ਵਿਚਾਰਧਾਰਕ ਦ੍ਰਿਸ਼ਟੀਕੋਣ ਨੂੰ ਜੜਣ ਲਈ ਇਤਿਹਾਸਕ ਬਿਰਤਾਂਤਾਂ ਨੂੰ ਬਦਲ ਕੇ ਸੋਧਵਾਦੀ ਏਜੰਡੇ ਨੂੰ ਅੱਗੇ ਵਧਾਉਣ ਦਾ ਦੋਸ਼ ਲਗਾਇਆ ਗਿਆ ਹੈ। ਆਲੋਚਕ ਦਲੀਲ ਦਿੰਦੇ ਹਨ ਕਿ ਇਤਿਹਾਸ ਨੂੰ ਮੁੜ ਲਿਖਣਾ ਸੱਤਾਧਾਰੀ ਪਾਰਟੀ ਦੀਆਂ ਰਾਸ਼ਟਰਵਾਦੀ ਭਾਵਨਾਵਾਂ ਨੂੰ ਮਜ਼ਬੂਤ ਕਰਨ ਅਤੇ ਹਿੰਦੂਤਵ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਦਾ ਇੱਕ ਸਾਧਨ ਹੈ। ਭਾਰਤੀ ਇਤਿਹਾਸ ਦੇ ਕੁਝ ਪਹਿਲੂਆਂ ‘ਤੇ ਜ਼ੋਰ ਦਿੰਦੇ ਹੋਏ ਦੂਜਿਆਂ ਨੂੰ ਘੱਟ ਜਾਂ ਨਜ਼ਰਅੰਦਾਜ਼ ਕਰਦੇ ਹੋਏ, ਸਰਕਾਰ ਦੇਸ ਦੇ ਅਤੀਤ ਦੀ ਸਮੂਹਕ ਸਮਝ ਨੂੰ ਵਿਗਾੜਨ ਦਾ ਜੋਖਮ ਲੈਂਦੀ ਹੈ।

ਇਨ੍ਹਾਂ ਸੋਧਾਂ ਨੇ ਪੰਜਾਬ ਵਿੱਚ ਵਿਰੋਧ ਉਭਾਰਿਆ ਹੈ, ਜਿੱਥੇ ਲੋਕ ਖਾਸ ਤੌਰ ‘ਤੇ ਸਿੱਖ ਕੌਮ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਅਤੇ ਸ਼ਖਸੀਅਤਾਂ ਦੇ ਚਿੱਤਰਣ ਨੂੰ ਲੈ ਕੇ ਚਿੰਤਤ ਹਨ। ਇਹ ਵਿਰੋਧ ਪ੍ਰਦਰਸ਼ਨ ਵਿਅਕਤੀਆਂ ਦੇ ਆਪਣੀ ਇਤਿਹਾਸਕ ਵਿਰਾਸਤ ਨਾਲ ਮਜ਼ਬੂਤ ਭਾਵਨਾਤਮਕ ਸਬੰਧ ਅਤੇ ਇਤਿਹਾਸਕ ਖਾਤਿਆਂ ਦੀ ਅਖੰਡਤਾ ਨੂੰ ਸੁਰੱਖਿਅਤ ਰੱਖਣ ਦੀ ਲੋੜ ਨੂੰ ਉਜਾਗਰ ਕਰਦੇ ਹਨ।

Photo by Digital Buggu on Pexels.com

ਹਾਲਾਂਕਿ ਵਿਰੋਧ ਅਸਹਿਮਤੀ ਦਾ ਇੱਕ ਮਹੱਤਵਪੂਰਨ ਰੂਪ ਹੈ, ਪਰ ਇਤਿਹਾਸ ਦੇ ਪੁਨਰ-ਲਿਖਣ ਦਾ ਮੁਕਾਬਲਾ ਕਰਨ ਲਈ ਸਿਰਫ਼ ਪ੍ਰਦਰਸ਼ਨਾਂ ‘ਤੇ ਭਰੋਸਾ ਕਰਨਾ ਸਭ ਤੋਂ ਪ੍ਰਭਾਵਸ਼ਾਲੀ ਪਹੁੰਚ ਨਹੀਂ ਹੋ ਸਕਦਾ। ਇਸ ਦੀ ਬਜਾਏ, ਵਿਅਕਤੀਆਂ ਲਈ ਆਪਣੇ ਇਤਿਹਾਸਕ ਗਿਆਨ ਨੂੰ ਵਧਾਉਣ ਲਈ ਕਿਰਿਆਸ਼ੀਲ ਕਦਮ ਚੁੱਕਣਾ ਮਹੱਤਵਪੂਰਨ ਹੈ। ਸਿਰਫ਼ ਪਾਠ-ਪੁਸਤਕਾਂ ‘ਤੇ ਨਿਰਭਰ ਰਹਿਣ ਦੀ ਬਜਾਏ, ਲੋਕਾਂ ਨੂੰ ਅਤੀਤ ਦੀ ਵਿਆਪਕ ਸਮਝ ਹਾਸਲ ਕਰਨ ਲਈ ਇਤਿਹਾਸਕ ਸਰੋਤਾਂ ਅਤੇ ਦ੍ਰਿਸ਼ਟੀਕੋਣਾਂ ਬਾਰੇ ਇਤਿਹਾਸ ਦੇ ਵਿਸ਼ੇ ਉੱਤੇ ਕਈ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ।

ਇਤਿਹਾਸ ਦੀਆਂ ਕਈ ਕਿਤਾਬਾਂ ਨੂੰ ਸਰਗਰਮੀ ਨਾਲ ਪੜ੍ਹ ਕੇ, ਵਿਅਕਤੀ ਇੱਕ ਸੂਖ਼ਮ ਦ੍ਰਿਸ਼ਟੀਕੋਣ ਵਿਕਸਿਤ ਕਰ ਸਕਦੇ ਹਨ ਜੋ ਉਹਨਾਂ ਨੂੰ ਇਤਿਹਾਸਕ ਘਟਨਾਵਾਂ ਦਾ ਆਲੋਚਨਾਤਮਕ ਵਿਸ਼ਲੇਸ਼ਣ ਅਤੇ ਵਿਆਖਿਆ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਨਾ ਸਿਰਫ਼ ਉਹਨਾਂ ਨੂੰ ਸੋਧੇ ਜਾ ਰਹੇ ਬਿਰਤਾਂਤਾਂ ‘ਤੇ ਸਵਾਲ ਕਰਨ ਦੇ ਸਾਧਨਾਂ ਨਾਲ ਲੈਸ ਕਰਦਾ ਹੈ, ਸਗੋਂ ਉਹਨਾਂ ਨੂੰ ਸੂਚਿਤ ਚਰਚਾਵਾਂ ਅਤੇ ਬਹਿਸਾਂ ਵਿੱਚ ਸ਼ਾਮਲ ਹੋਣ ਲਈ ਵੀ ਤਾਕਤ ਵੀ ਦਿੰਦਾ ਹੈ।

ਭਾਰਤ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਦਰਪੇਸ਼ ਚੁਣੌਤੀਆਂ ਵਿੱਚੋਂ ਇੱਕ ਹੈ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਇਤਿਹਾਸ ਦਾ ਦਬਦਬਾ। ਇਹਨਾਂ ਇਮਤਿਹਾਨਾਂ ਵਿੱਚ ਇਤਿਹਾਸ ਦੀ ਮਹੱਤਤਾ ਨੂੰ ਦੇਖਦੇ ਹੋਏ, ਇਹ ਉਨ੍ਹਾਂ ਉਮੀਦਵਾਰਾਂ ਲਈ ਦੁਬਿਧਾ ਬਣ ਜਾਂਦਾ ਹੈ ਜੋ ਸਹੀ ਇਤਿਹਾਸਕ ਘਟਨਾਵਾਂ ਦਾ ਗਿਆਨ ਰੱਖਦੇ ਹਨ ਪਰ ਪਾਠ ਪੁਸਤਕਾਂ ਅਤੇ ਪ੍ਰਸ਼ਨ ਪੱਤਰਾਂ ਵਿੱਚ ਸੋਧਵਾਦੀ ਬਿਰਤਾਂਤਾਂ ਦਾ ਸਾਹਮਣਾ ਕਰਦੇ ਹਨ।

ਇਸ ਸਥਿਤੀ ਲਈ ਇੱਕ ਸਾਵਧਾਨ ਪਹੁੰਚ ਦੀ ਲੋੜ ਹੈ। ਹਾਲਾਂਕਿ ਉਹ ਬਿਹਤਰ ਸਕੋਰ ਹਾਸਲ ਕਰਨ ਲਈ ਵਿਗਾੜੇ ਗਏ ਬਿਰਤਾਂਤਾਂ ਦੇ ਅਨੁਕੂਲ ਹੋਣ ਲਈ ਪਰਤਾਏ ਹੋ ਸਕਦੇ ਹਨ, ਪਰ ਉਮੀਦਵਾਰਾਂ ਲਈ ਇਤਿਹਾਸਕ ਗਿਆਨ ਦੀ ਇਕਸਾਰਤਾ ਨੂੰ ਬਣਾਈ ਰੱਖਣਾ ਜ਼ਰੂਰੀ ਹੈ। ਇਸ ਮੁੱਦੇ ਨੂੰ ਹੱਲ ਕਰਨ ਲਈ, ਇਤਿਹਾਸਕ ਸਰੋਤਾਂ ਅਤੇ ਦ੍ਰਿਸ਼ਟੀਕੋਣਾਂ ਬਾਰੇ ਕਿਤਾਬਾਂ ਪੜ੍ਹਨ ਦੀ ਇੱਕ ਸਮਾਨਅੰਤਰ ਵਿਅਕਤੀਗਤ ਲਹਿਰ ਸਜੀਵ ਰਹਿਣੀ ਚਾਹੀਦੀ ਹੈ। 

Posted in ਕਿਤਾਬਾਂ

ਪੰਜਾਬ ਦੀ ਇਤਿਹਾਸਕ ਗਾਥਾ

ਹਰ ਇਨਸਾਨ ਦੇ ਨੇਮ ਵਿੱਚ ਇਤਿਹਾਸ ਪੜ੍ਹਨ ਵਿੱਚ ਦਿਲਚਸਪੀ ਰੱਖਣਾ ਬਹੁਤ ਜ਼ਰੂਰੀ ਹੈ। ਇਤਿਹਾਸਕ ਖੋਜ ਕਈ ਸਰੋਤਾਂ ਅਤੇ ਹਵਾਲਿਆਂ ਤੇ ਨਿਰਭਰ ਕਰਦੀ ਹੈ ਅਤੇ ਹਰ ਕਿਤਾਬ ਇੱਕ ਨਵਾਂ ਨਜ਼ਰੀਆ ਪੇਸ਼ ਕਰਦੀ ਹੈ। ਦਰਅਸਲ ਇਹ ਨਜ਼ਰੀਆ, ਲੇਖਕ ਦੇ ਪਿਛੋਕੜ ਨੂੰ ਸਮਝਣ ਵਿੱਚ ਵੀ ਮਦਦ ਕਰਦਾ ਹੈ।

ਪਿੱਛੇ ਜਿਹੇ ਹੀ ਮੈਨੂੰ “ਪੰਜਾਬ ਦੀ ਇਤਿਹਾਸਕ ਗਾਥਾ (1849-2000)” ਪੜ੍ਹਨ ਨੂੰ ਮਿਲੀ। ਜਿਸ ਤਰ੍ਹਾਂ ਕਿ ਮੈਂ ਉੱਪਰ ਨਜ਼ਰੀਏ ਦਾ ਜ਼ਿਕਰ ਕੀਤਾ ਹੈ, ਇਹ ਕਿਤਾਬ ਮੈਨੂੰ ਪੰਜਾਬ ਦੇ ਇਸ ਕਾਲ ਤੇ ਮਲਵਈ ਝਾਤ ਮਰਵਾਉਂਦੀ ਹੈ।

ਲੇਖਕ ਰਾਜਪਾਲ ਸਿੰਘ ਹੋਰਾਂ ਨੇ ਕਿਤਾਬ ਲਿਖਣ ਲਈ ਕਾਫ਼ੀ ਮਿਹਨਤ ਕੀਤੀ ਹੈ। ਲੇਖਕ ਦੇ ਆਪਣੇ ਸ਼ਬਦਾਂ ਵਿੱਚ, “ਇਸ ਪੁਸਤਕ ਵਿੱਚ ਸ਼ਹੀਦੀਆਂ ਦਾ ਮਹਿਮਾਗਾਣ ਕਰਨ ਦੀ ਬਜਾਏ ਉਨ੍ਹਾਂ ਲਹਿਰਾਂ ਵੱਲੋਂ ਚੰਗੇਰਾ ਸਮਾਜ ਸਿਰਜਣ ਵਿੱਚ ਹਾਸਲ ਕੀਤੀ ਸਫਲਤਾ ‘ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।” (ਪੰ: 10)

ਸਿੰਘ ਸਭਾ ਲਹਿਰ ਦਾ ਜ਼ਿਕਰ ਕਰਦਿਆਂ ਲੇਖਕ ਨੇ ਹਰਜੋਤ ਓਬਰਾਏ ਦੀ ਕਿਤਾਬ ਉੱਤੇ ਉਚੇਚਾ ਜ਼ੋਰ ਦਿੱਤਾ ਹੈ। ਭਾਵੇਂ ਕਿ ਹਰਜੋਤ ਓਬਰਾਏ ਦੀ ਕਿਤਾਬ ਉੱਤੇ ਅੱਗੇ ਖੋਜ-ਚਰਚਾ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਤਾਂ ਨਹੀਂ ਚੱਲੀ ਪਰ ਕਈ ਪੰਜਾਬੀ ਉਤਸ਼ਾਹੀ ਖੋਜੀਆਂ ਨੇ ਜੋ ਕਿ ਦੁਨੀਆਂ ਦੀਆਂ ਕਈ ਨੁੱਕਰਾਂ ਵਿੱਚ ਵੱਸਦੇ ਸਨ ਉਨ੍ਹਾਂ ਨੇ ਹਰਜੋਤ ਓਬਰਾਏ ਦੀ ਕਿਤਾਬ ਵਿਚਲੀ ਪਰਿਕਲਪਿਤ ਮਿਥੀ ਸਥਾਪਨਾ ਨੂੰ ਖੱਖੜੀ-ਖੱਖੜੀ ਕਰ ਦਿੱਤਾ ਹੋਇਆ ਹੈ। ਇਸ ਕਰਕੇ ਲੇਖਕ ਰਾਜਪਾਲ ਸਿੰਘ ਨੂੰ ਜਾਂ ਤਾਂ ਹਰਜੋਤ ਓਬਰਾਏ ਦੀ ਕਿਤਾਬ ਉੱਤੇ ਜ਼ੋਰ ਨਹੀਂ ਸੀ ਦੇਣਾ ਚਾਹੀਦਾ ਜਾਂ ਫਿਰ ਉਨ੍ਹਾਂ ਲੇਖਕਾਂ ਦਾ ਹਵਾਲਾ ਦੇਣਾ ਵੀ ਬਣਦਾ ਸੀ ਜਿਨ੍ਹਾਂ ਨੇ ਹਰਜੋਤ ਓਬਰਾਏ ਦੀ ਪਰਿਕਲਪਿਤ ਮਿਥੀ ਸਥਾਪਨਾ ਬਾਰੇ ਲਿਖਿਆ।

ਮੈਂ ਧੰਨਵਾਦ ਕਰਦਾ ਹਾਂ ਰਾਜਪਾਲ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਆਪਣੀ ਕਿਤਾਬ ਦਾ ਪੀ.ਡੀ.ਐਫ. ਜੁਗਸੰਧੀ ਤੇ ਪਾਉਣ ਦੀ ਇਜਾਜ਼ਤ ਦਿੱਤੀ ਹੈ। ਆਸ ਹੈ ਕਿ ਇਹ ਕਿਤਾਬ ਇਤਿਹਾਸਕ ਸੰਵਾਦ ਨੂੰ ਅੱਗੇ ਜਾਰੀ ਰੱਖਣ ਲਈ ਪਾਠਕਾਂ ਅੰਦਰ ਜਿਗਿਆਸਾ ਪੈਦਾ ਕਰੇਗੀ।

Posted in ਖੋਜ, ਚਰਚਾ

ਇਤਿਹਾਸ ਦੀ ਕਦਰ

ਅੱਜ ਦੇ ਪਦਾਰਥਵਾਦੀ ਜੁਗ ਦੇ ਵਿੱਚ ਸ਼ਾਇਦ ਇਨਸਾਨ ਦੀ ਪਹਿਲੀ ਲੋੜ ਆਰਥਿਕਤਾ ਤੇ ਹੀ ਕੇਂਦਰਿਤ ਹੋ ਚੁੱਕੀ ਹੈ। ਬੀਤੇ ਕੁਝ ਦਹਾਕਿਆਂ ਤੋਂ ਪੰਜਾਬ ਜਿਸ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਪੜ੍ਹਾਈ ਤੋਂ ਵੀ ਪਹਿਲਾਂ ਰੁਜ਼ਗਾਰ ਦਾ ਫ਼ਿਕਰ ਹੋਣ ਲੱਗ ਪਿਆ ਹੈ। ਸ਼ਾਇਦ ਇਸੇ ਕਰਕੇ ਗਲੀ-ਮੁਹੱਲਿਆਂ ਦਿਆਂ ਖੂੰਜਿਆਂ ਵਿੱਚ ਖੁੱਲ੍ਹੀਆਂ ਅੰਗਰੇਜ਼ੀ ਇਮਤਿਹਾਨ ਦੀਆਂ ਦੁਕਾਨਾਂ ਲੱਖਾਂ ਦੀਆਂ ਕਮਾਈਆਂ ਕਰ ਰਹੀਆਂ ਹਨ। ਜਦ ਕਿ ਇਤਿਹਾਸ ਸਿਰਜਣਾ ਅਤੇ ਇਸ ਨੂੰ ਸਾਂਭਣਾ ਇਸ ਵਾਵਰੋਲੇ ਵਿੱਚ ਗੁਆਚ ਜਿਹਾ ਗਿਆ ਹੈ।   

ਪੰਜਾਬ ਵਿਚੋਂ ਨਵੀਆਂ ਇਤਿਹਾਸਕ ਖੋਜ ਦੀਆਂ ਕਿਤਾਬਾਂ ਬਹੁਤ ਘੱਟ ਪੜ੍ਹਨ ਨੂੰ ਮਿਲ ਰਹੀਆਂ ਹਨ। ਸ਼ਾਇਦ ਇਸ ਦਾ ਕਾਰਨ ਇਹ ਵੀ ਹੈ ਕਿ ਆਮ ਰਾਏ ਇਹੀ ਕਹਿੰਦੀ ਹੈ ਕਿ ਇਤਿਹਾਸ ਪੜ੍ਹ ਕੇ ਕੀ ਲੈਣਾ? ਉਹੀ ਰੱਟੋ ਜਿਸ ਤੋਂ ਰੁਜ਼ਗਾਰ ਮਿਲੇ। ਇਸ ਸੋਚ ਦੀਆਂ ਜੜ੍ਹਾਂ ਏਡੀਆਂ ਡੂੰਘੀਆਂ ਹੋ ਚੁੱਕੀਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਕਿਤਾਬਾਂ ਵਿੱਚ ਵੀ ਕਈ ਵਾਰ ਗੁਰ-ਇਤਿਹਾਸ ਬਾਰੇ ਕੀਤੀਆਂ ਬੱਜਰ ਗ਼ਲਤੀਆਂ ਬਾਰੇ ਖ਼ਬਰਾਂ ਪੜ੍ਹਣ ਨੂੰ ਮਿਲਦੀਆਂ ਹਨ।    

ਜੇਕਰ ਅਸੀਂ ਇਤਿਹਾਸ ਪੜ੍ਹਾਂਗੇ ਹੀ ਨਹੀਂ ਤਾਂ ਇਤਿਹਾਸ ਲਿਖਾਂਗੇ ਕਿਵੇਂ? ਅਸੀਂ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਕਰਦੇ ਕਿ ਸਰਦਾਰ ਕਰਮ ਸਿੰਘ ਜੋ ਕਿ ਸੰਨ 1884 ਦੇ ਵਿੱਚ ਪੈਦਾ ਹੋਏ ਸਨ, ਜੇਕਰ ਉਨ੍ਹਾਂ ਨੇ ਆਪਣੇ ਵੇਲੇ ਪੰਜਾਬ ਦੇ ਪਿੰਡ-ਪਿੰਡ ਜਾ ਕੇ ਸਿੱਖ ਇਤਿਹਾਸ ਦੇ ਸਰੋਤ ਨਾ ਇਕੱਠੇ ਕੀਤੇ ਹੁੰਦੇ ਤਾਂ ਸਾਡੇ ਕੋਲ ਜੋ ਅੱਜ ਦਾ ਸਿੱਖ ਇਤਿਹਾਸ ਲਿਖਿਆ ਪਿਆ ਹੈ ਸ਼ਾਇਦ ਉਹ ਵੀ ਨਹੀਂ ਹੋਣਾ ਸੀ।   

ਬਜ਼ੁਰਗ ਸੱਜਣਾਂ ਤੋਂ ਸਿੱਖ ਰਾਜ ਦੇ ਹਾਲ ਪੁੱਛਣ ਦੀ ਸਖ਼ਤ ਮਿਹਨਤ ਕਰ ਕੇ ਸਰਦਾਰ ਕਰਮ ਸਿੰਘ ਨੇ ਸਿਰਫ਼ ਇਹ ਕੰਮ ਸਿਰੇ ਹੀ ਨਹੀਂ ਚਾੜ੍ਹਿਆ ਸਗੋਂ ਆਪ ਬਗ਼ਦਾਦ ਵੀ ਗਏ ਤਾਂ ਕਿ ਉਥੋਂ ਗੁਰੂ ਨਾਨਕ ਸਾਹਿਬ ਜੀ ਦੀਆਂ ਪੱਛਮ ਯਾਤਰਾਵਾਂ ਦੇ ਸਿਲਸਿਲੇ ਵਿਚ ਇਤਿਹਾਸਕ ਜਾਣਕਾਰੀ ਇਕੱਠੀ ਕਰ ਸਕਣ।   

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਕਿਤਾਬਾਂ ਵਿੱਚ ਗ਼ਲਤੀਆਂ ਤਾਂ ਇੱਕ ਪਾਸੇ, ਅਜੋਕੀ ਭਾਰਤ ਸਰਕਾਰ ਸਾਰਾ ਇਤਿਹਾਸ ਹੀ ਪੁੱਠਾ ਲਿਖਣ ਤੇ ਲੱਗੀ ਹੋਈ ਹੈ। ਸਕੂਲੀ ਕਿਤਾਬਾਂ ਵਿੱਚ ਫੇਰ-ਬਦਲ ਕਰਕੇ ਇਤਿਹਾਸ ਗ਼ਲਤ-ਮਲਤ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ।

ਜੇਕਰ ਅਸੀਂ ਇਤਿਹਾਸ ਦੇ ਲਈ ਅਵੇਸਲੇ ਹੀ ਪਏ ਰਹੇ ਤਾਂ ਸਰਦਾਰ ਕਰਮ ਸਿੰਘ ਤੋਂ ਬਾਅਦ ਡਾ. ਗੰਡਾ ਸਿੰਘ ਦੀ ਕੀਤੀ ਅਣਥੱਕ ਮਿਹਨਤ ਨੂੰ ਕਿਤੇ ਗੁਆ ਹੀ ਨਾ ਲਈਏ। 

ਦੁਨੀਆਂ ਭਰ ਦੇ ਲੋਕ ਜਿਹੜੇ ਬਸਤੀਵਾਦ ਅਤੇ ਨਸਲਵਾਦ ਦਾ ਸ਼ਿਕਾਰ ਹੋਏ ਹਨ ਉਹ ਅੱਜ ਇਤਿਹਾਸਕ ਖੋਜਾਂ ਕਰਨ ਵਿੱਚ ਬੇਮਿਸਾਲ ਮਿਹਨਤ ਕਰ ਰਹੇ ਹਨ। ਸਿੱਖ ਅਤੇ ਪੰਜਾਬ ਇਤਿਹਾਸ ਲਈ ਵੀ ਅਜਿਹੀ ਮਿਹਨਤ ਕਰਨ ਦੀ ਲੋੜ ਹੈ।

ਹਾਲ ਵਿਚ ਹੀ ਮੈਨੂੰ ਰਾਊਲ ਪੈੱਕ ਵੱਲੋਂ ਨਿਰਦੇਸ਼ਿਤ ਕੀਤੀ ਗਈ ਇੱਕ ਦਸਤਾਵੇਜ਼ੀ ਫ਼ਿਲਮ ਲੜੀ ਬਾਰੇ ਪੜ੍ਹਣ ਦਾ ਮੌਕਾ ਲੱਗਾ ਹੈ। ਇਸ ਲੜੀ ਦੀਆਂ ਚਾਰ ਕਿਸ਼ਤਾਂ ਵਿੱਚ ਰਾਊਲ ਪੈੱਕ ਨੇ ਬਸਤੀਵਾਦ ਦਾ ਸ਼ਿਕਾਰ ਹੋਏ ਲੋਕਾਂ ਦੇ ਨਜ਼ਰੀਏ ਤੋਂ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਰਾਊਲ ਪੈੱਕ ਦੇ ਇਸ ਉੱਦਮ ਬਾਰੇ ਜਾਣਕਾਰੀ ਇਸ ਲਿੰਕ ਤੋਂ ਮਿਲ ਸਕਦੀ ਹੈ। ਉਨ੍ਹਾਂ ਨਾਲ ‘ਡਿਮੋਕਰੇਸੀ ਨਾਓ’ ਪ੍ਰੋਗਰਾਮ ਵੱਲੋਂ ਵਿਸਥਾਰ ਵਿੱਚ ਕੀਤੀ ਗੱਲਬਾਤ ਯੂਟਿਊਬ ਤੇ ਵੇਖੀ ਜਾ ਸਕਦੀ ਹੈ ਜੋ ਕਿ ਮੈਂ ਹੇਠਾਂ ਪਾ ਦਿੱਤੀ ਹੈ। 

ਰਾਊਲ ਪੈੱਕ ਨੇ ਇਸ ਦਸਤਾਵੇਜ਼ੀ ਲੜੀ ਦਾ ਆਧਾਰ ਸ੍ਵੇਨ ਲਿੰਡਕ੍ਵਿਸਟ ਦੀ ਲਿਖੀ ਹੋਈ ਕਿਤਾਬ ਨੂੰ ਬਣਾਇਆ ਹੈ। ਸ੍ਵੇਨ ਲਿੰਡਕ੍ਵਿਸਟ ਲਿਖਦੇ ਹਨ ਕਿ ਕਈ ਵਾਰ ਸਾਡੇ ਕੋਲ ਜਾਣਕਾਰੀ ਤਾਂ ਜ਼ਰੂਰ ਹੁੰਦੀ ਹੈ ਪਰ ਇਸ ਗੱਲ ਦੀ ਜੁਰਅਤ ਨਹੀਂ ਹੁੰਦੀ ਕਿ ਅਸੀਂ ਜਾਣਕਾਰੀ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਅਤੇ ਆਪਣੀ ਸੋਚ ਮੁਤਾਬਕ ਇਸ ਜਾਣਕਾਰੀ ਦਾ ਨਿਚੋੜ ਕੱਢ ਸਕੀਏ ਜਾਂ ਪੇਸ਼ ਕਰ ਸਕੀਏ।

ਸੋ ਜੇ ਕਰ ਅਸੀਂ ਆਪ ਇਤਿਹਾਸ ਬਾਰੇ ਇਹ ਜੁਰਅਤ ਨਹੀਂ ਕਰਾਂਗੇ ਤਾਂ ਸਾਡੇ ਉੱਤੇ ਕੋਈ ਵੀ ਕੁਝ ਵੀ ਥੋਪ ਸਕਦਾ ਹੈ। ਕਿ ਨਹੀਂ?