ਚੋਣਾਂ ਵਾਲੇ ਸਾਲ 2022 ਦੀਆਂ ਬਰੂਹਾਂ ਤਕ ਪਹੁੰਚਦਿਆਂ- ਪਹੁੰਚਦਿਆਂ ਪੰਜਾਬ ਵਿੱਚ ਇਸ ਵੇਲ਼ੇ ਚੋਣਾਂ ਦਾ ਮਾਹੌਲ ਭਖਿਆ ਪਿਆ ਹੈ।
ਇਸ ਵੇਲੇ ਜਾਂ ਤਾਂ ਉਹ ਉਮੀਦਵਾਰ ਬਹੁਤ ਰੌਲਾ ਪਾ ਰਹੇ ਹਨ ਜਿਹੜੇ ਕਿ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਅਹੁਦੇ ਦੇ ਦਾਹਵੇਦਾਰ ਸਮਝਦੇ ਹਨ ਅਤੇ ਇਸੇ ਕਰਕੇ ਕਈ ਥਾਂ ਸਿੰਗ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਾਂ ਫਿਰ ਉਹ ਵੀ ਹਨ ਜਿਹੜੇ ਆਪਣੇ ਆਪ ਨੂੰ ਪੰਜਾਬ ਦਾ ਮੁੱਖ ਮੰਤਰੀ ਥਾਪਣ ਦੇ ਸਮਰੱਥ ਸਮਝਦੇ ਹਨ ਅਤੇ ਉਹ ਵੀ ਕਈ ਕਿਸਮ ਦੀਆਂ ਬਿਆਨ ਬਾਜ਼ੀਆਂ ਕਰ ਰਹੇ ਹਨ।
ਇਸ ਸਭ ਦੇ ਚਲਦੇ ਹਾਲ ਵਿਚ ਹੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਦੌਰੇ ਤੋਂ ਬਾਅਦ ਬਿਜਲੀ ਨੂੰ ਲੈ ਕੇ ਕਾਫੀ ਹੰਗਾਮਾ ਖੜ੍ਹਾ ਹੋ ਗਿਆ ਹੈ। ਬਿਜਲੀ ਦੇ ਕੁਝ ਮੁਫ਼ਤ ਯੂਨਿਟਾਂ ਨੂੰ ਲੈ ਕੇ ਵੱਡੀਆਂ-ਵੱਡੀਆਂ ਬਿਆਨ ਬਾਜ਼ੀਆਂ ਹੋ ਰਹੀਆਂ ਹਨ। ਪਰ ਨੁਕ਼ਤਾ ਇਹ ਹੈ ਕਿ ਕੀ ਹੁਣ ਪੰਜਾਬ ਦੀ ਰਾਜਨੀਤੀ ਸਿਰਫ਼ ਬਿਜਲੀ ਦੇ ਕੁਝ ਮੁਫ਼ਤ ਯੂਨਿਟਾਂ ਤੱਕ ਹੀ ਰਹਿ ਗਈ ਹੈ?
ਅੱਜ, ਵ੍ਹੱਟਸਐਪ ਯੂਨੀਵਰਸਿਟੀ ਤੇ ਵਿਦਵਾਨ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ਜੇ ਇਹ ਨਹੀਂ ਤਾਂ ਕਿਹੜੀ ਪਾਰਟੀ? ਆਹ ਨੇਤਾ ਨਹੀਂ ਤਾਂ ਫਿਰ ਕਿਹੜਾ ਨੇਤਾ? ਲੱਗਦਾ ਹੈ ਕਿ ਪੰਜਾਬੀਆਂ ਨੂੰ ਹਾਲੇ ਵੀ ਸਿਆਸਤ ਦੀ ਕੋਈ ਸਮਝ ਨਹੀਂ ਆਈ। ਕਿਸੇ ਵੇਲੇ ਉਹੀ ਪੰਜਾਬੀ ਜੋ ਟੀਸੀ ਦਾ ਬੇਰ ਤੋੜ ਕੇ ਖਾਣ ਦੇ ਲਈ ਮਸ਼ਹੂਰ ਸਨ, ਹੁਣ ਹੇਠਾਂ ਡਿੱਗਿਆ ਚੁਗਿਆ ਹੀ ਖਾ ਕੇ ਬੜਾ ਮਾਣ ਮਹਿਸੂਸ ਕਰ ਰਹੇ ਹਨ।
ਪੰਜਾਬ ਦੇ ਇਤਿਹਾਸ ਨੂੰ ਜੇਕਰ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਤਾਂ ਕੀ ਵਾਕਿਆ ਹੀ ਪੰਜਾਬ ਦੀਆਂ ਚੋਣਾਂ ਬੰਦਿਆਂ ਨਾਲ ਜਾਂ ਪਾਰਟੀਆਂ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ ਹਨ? ਇਤਿਹਾਸ ਗਵਾਹ ਹੈ ਕਿ ਨਾ ਤਾਂ ਬੰਦਿਆਂ ਨੇ ਤੇ ਨਾ ਹੀ ਸਿਆਸੀ ਪਾਰਟੀਆਂ ਨੇ ਪੰਜਾਬ ਦਾ ਕੁਝ ਸੰਵਾਰਿਆ ਹੈ ਅਤੇ ਪੰਜਾਬ ਦੇ ਮੁੱਦੇ ਹਾਲੇ ਵੀ ਉਥੇ ਹੀ ਖੜ੍ਹੇ ਹਨ।
ਜੇਕਰ ਪੰਜਾਬੀ ਵਾਕਿਆ ਹੀ ਇਸ ਘੁੰਮਣਘੇਰੀ ਵਿੱਚੋਂ ਨਿਕਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮੁੱਦਿਆਂ ਦੇ ਉੱਤੇ ਸਿਆਸਤ ਕਰਨੀ ਪਵੇਗੀ ਨਾ ਕਿ ਪਾਰਟੀਆਂ ਜਾਂ ਨੇਤਾਵਾਂ ਦੀਆਂ ਮੋਮੋਠਗਣੀਆਂ ਨੂੰ ਲੈ ਕੇ।
- ਸੂਬਿਆਂ ਦੇ ਹੱਕ
- ਪਾਣੀਆਂ ਦੇ ਮਸਲੇ
- ਕਿਸਾਨੀ ਮਸਲੇ
- ਪੰਜਾਬੀ ਬੋਲੀ ਦੇ ਲਈ ਉੱਦਮ
- ਬੇਰੁਜ਼ਗਾਰੀ
- ਪੰਜਾਬ ਦੀ ਸਨਅਤੀ ਤਰੱਕੀ
ਪੰਜਾਬੀਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹਰ ਪਾਰਟੀ ਨੂੰ ਕਹਿਣ ਕਿ ਤੁਸੀਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੋ ਅਤੇ ਨਾਲੇ ਦੱਸੋ ਕਿ ਕਿਹੜਾ-ਕਿਹੜਾ ਮੁੱਦਾ ਤੁਸੀਂ ਆਪਣੇ ਰਾਜ ਦੇ ਪਹਿਲੇ ਸੌ ਦਿਨਾਂ ਦੇ ਵਿੱਚ ਹੱਲ ਕਰ ਦਿਓਗੇ ਕਿਹੜਾ ਪਹਿਲੇ ਸਾਲ ਕਿਹੜਾ ਦੂਸਰੇ ਸਾਲ ਅਤੇ ਇਸੇ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਇਹ ਮੁੱਦੇ ਸੁਲਝਾਓਗੇ?
ਪੱਛਮੀ ਮੁਲਕਾਂ ਤੋਂ ਚੱਲਿਆ ਇਹ ਵੋਟਾਂ ਦਾ ਲੋਕ ਰਾਜ ਸਹੀ ਮਾਹਨਿਆਂ ਵਿੱਚ ਤਾਂ ਹੀ ਚੱਲ ਸਕਦਾ ਹੈ ਜੇਕਰ ਵੋਟਰ ਆਪਣੀ ਤਾਕਤ ਨੂੰ ਪੰਜ ਸਾਲਾਂ ਵਿੱਚ ਸਿਰਫ ਇੱਕ ਵਾਰ ਵੋਟ ਪਾਉਣਾ ਹੀ ਨਾ ਸਮਝਣ, ਸਗੋਂ ਹਰ ਰੋਜ਼ ਨੇਤਾਵਾਂ ਲਈ ਨਵੇਂ ਸਵਾਲ ਖੜ੍ਹੇ ਕਰਨ ਅਤੇ ਮੁੱਦਿਆਂ ਅਤੇ ਮਸਲਿਆਂ ਦੇ ਹੱਲ ਲਈ ਪੈਰਵਾਈ ਕਰਨ।

ਕਹਿੰਦੇ ਹਨ ਕਿ ਭੂਤਰੇ ਹੋਏ ਸਾਨ੍ਹ ਦੇ ਸਿੰਗ ਫੜ ਕੇ ਹੀ ਉਹਨੂੰ ਡੇਗਣਾ ਪੈਂਦਾ ਹੈ। ਜੇਕਰ ਪੰਜਾਬੀ ਹਾਲੇ ਵੀ ਨਾ ਸਮਝੇ ਅਤੇ ਰਾਜਨੀਤੀ ਨੂੰ ਸਿੰਗਾਂ ਤੋਂ ਨਾ ਫੜਿਆ ਤਾਂ ਇਸੇ ਤਰ੍ਹਾਂ ਹੀ ਘੁੰਮਣਘੇਰੀ ਵਿੱਚ ਫਸੇ ਰਹਿਣਗੇ।