Posted in ਵਿਚਾਰ

ਹੱਥੀਂ ਕੰਮ ਦੀ ਬਰਕਤ

ਬੀਤੇ ਦਿਨੀਂ ਬਲੌਗ ਲਿਖਣ ਵਿੱਚ ਘੌਲ਼ ਹੀ ਹੋ ਗਈ। ਕੁਝ ਰੁਝੇਵੇਂ ਵੀ ਵਧ ਗਏ ਅਤੇ ਕੁਝ ਨਵੇਂ ਕੰਮ ਵੀ ਅਜਿਹੇ ਛੇੜ ਲਏ ਜਿਹੜੇ ਬੜੀ ਬਰੀਕੀ ਨਾਲ ਤੁਹਾਡਾ ਧਿਆਨ ਮੰਗਦੇ ਹਨ।  ਉਧਰੋਂ ਬੁੱਧਵਾਰ, 18 ਅਗਸਤ ਤੋਂ ਸਾਰਾ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਆਈ ਲਾਗ ਦੇ ਚੱਲਦੇ ਤਾਲਾ ਬੰਦੀ ਹੇਠ ਆ ਗਿਆ ਹੈ। 

ਤਾਲਾ ਬੰਦੀ ਤੋਂ ਇੱਕ ਦਿਨ ਪਹਿਲਾਂ ਇੱਕ ਖ਼ਬਰ ਪੜ੍ਹਨ ਨੂੰ ਮਿਲੀ ਕਿ ਕੋਈ ਐਮ ਪੀ ਆਪਣੇ ਇਲਾਕੇ ਦਾ ਦਫ਼ਤਰ ਬਦਲ ਕੇ ਦੂਜੀ ਥਾਂ ਲੈ ਕੇ ਜਾ ਰਿਹਾ ਸੀ। ਇਸ ਖ਼ਬਰ ਨਾਲ ਛਪੀ ਤਸਵੀਰ ਵੇਖ ਕੇ ਮੈਨੂੰ ਆਪਣੇ ਹੱਥੀਂ ਕੰਮ ਕਰਨ ਦਾ ਉੱਦਮ ਚੇਤੇ ਆ ਗਿਆ।  ਹੱਥੀਂ ਕੰਮ ਕਰਨ ਦੀ ਨਸੀਹਤ ਹਰ ਸਭਿਆਚਾਰ ਵਿੱਚ ਦਿੱਤੀ ਜਾਂਦੀ ਹੈ ਪਰ ਵੇਖਣਾ ਇਹ ਬਣਦਾ ਹੈ ਕਿ ਕਿਸੇ ਵੀ ਸਭਿਆਚਾਰ ਦੇ ਵਿਚ ਇਸ ਦੇ ਉੱਤੇ ਅਮਲ ਕਿੰਨਾ ਕੁ ਹੋ ਰਿਹਾ ਹੈ।   

Photo by Mister Mister on Pexels.com

ਜਦੋਂ ਇਸ ਦਫ਼ਤਰ ਦੀ ਅਦਲਾ-ਬਦਲੀ ਦਾ ਕੰਮ ਚੱਲ ਰਿਹਾ ਸੀ ਤਾਂ ਕਈ ਸਥਾਨਕ ਪੱਤਰਕਾਰ ਉਸ ਐਮ ਪੀ ਨੂੰ ਇਹ ਪੁੱਛਣ ਲਈ ਉਸਦੇ ਪੁਰਾਣੇ ਦਫ਼ਤਰ ਪਹੁੰਚ ਗਏ ਕਿ ਉਹ ਦਫ਼ਤਰ ਕਿਉਂ ਬਦਲ ਰਿਹਾ ਸੀ। ਉਸ ਐਮ ਪੀ ਨੇ ਇਸ ਸਵਾਲ ਦਾ ਜੁਆਬ ਭਾਵੇਂ ਕੁਝ ਵੀ ਦਿੱਤਾ ਹੋਵੇ ਉਹ ਇਸ ਬਲੌਗ ਦਾ ਵਿਸ਼ਾ ਨਹੀਂ ਹੈ ਤੇ ਨਾ ਹੀ ਇਸ ਖ਼ਬਰ ਵਿਚਲੀ ਕਹਾਣੀ ਦਾ।  ਪਰ ਇਸ ਖ਼ਬਰ ਦੇ ਨਾਲ ਜਿਹੜੀ ਤਸਵੀਰ ਛਪੀ ਉਸ ਨੇ ਕਿਸੇ ਹੋਰ ਸਭਿਆਚਾਰਕ ਨਜ਼ਰੀਏ ਲਈ ਪੂਰੀ ਕਹਾਣੀ ਲਿਖ ਮਾਰੀ। ਖ਼ਬਰ ਵਿੱਚ ਉਹ ਐਮ ਪੀ ਆਪ ਆਪਣੇ ਸਮਾਨ ਦਾ ਡੱਬਾ ਚੁੱਕੀ ਪੱਤਰਕਾਰਾਂ ਨਾਲ ਗੱਲ ਕਰ ਰਿਹਾ ਸੀ। 

ਨਿਊਜ਼ੀਲੈਂਡ ਵਿੱਚ ਤੁਹਾਡਾ ਸਮਾਨ ਅਦਲਾ-ਬਦਲੀ ਕਰਨ ਲਈ ਅਤੇ ਢੋਣ ਲਈ ਪੇਸ਼ੇਵਰ ਲੋਕ ਬੜੇ ਅਰਾਮ ਨਾਲ ਮਿਲਦੇ ਹਨ। ਪਰ ਜ਼ਾਹਰ ਹੈ ਕਿ ਉਹ ਐਮ ਪੀ ਆਪ ਸਮਾਨ ਅਦਲਾ-ਬਦਲੀ ਕਰਨ ਵਿੱਚ ਆਪਣੇ ਮੁਲਾਜ਼ਮਾਂ ਨਾਲ ਹੱਥ ਵਟਾ ਰਿਹਾ ਸੀ।

ਮੈਂ ਸੋਚਣ ਲੱਗ ਪਿਆ ਕਿ ਕਦੀ ਦੁਨੀਆਂ ਦੇ ਉਨ੍ਹਾਂ ਇਲਾਕਿਆਂ ਵਿੱਚ ਜਿਥੇ ਪੰਜਾਬੀ ਬੋਲੀ ਜਾਂਦੀ ਹੈ, ਕਿ ਉਥੇ ਕਦੀ ਕੋਈ ਐਮ ਪੀ ਆਪਣੇ ਇਲਾਕੇ ਦੇ ਦਫ਼ਤਰ ਵਿੱਚੋਂ ਇਸ ਤਰ੍ਹਾਂ ਸਮਾਨ ਚੁੱਕੇਗਾ?

Processing…
Success! You're on the list.