ਬੀਤੀ 6 ਦਸੰਬਰ 2020 ਨੂੰ ਇੱਕ ਵਿਲੱਖਣ ਯਾਤਰਾ ਕਰਨ ਦਾ ਮੌਕਾ ਲੱਗਾ। ਇਸ ਯਾਤਰਾ ਦਾ ਨਾਂ ਗ੍ਰੈਂਡ ਸਰਕਲ ਰੇਲ ਕਰੂਜ਼ 2020 ਸੀ।
ਨਿਊਜ਼ੀਲੈਂਡ ਦੇ ਪਾਇਕਾਕਾਰੀਕੀ ਕਸਬੇ ਵਿੱਚ ਪੁਰਾਣੀਆਂ ਰੇਲ ਗੱਡੀਆਂ ਦਾ ਇੱਕ ਅਜਾਇਬ ਘਰ ਹੈ। ਇਥੇ ਪੁਰਾਣੀਆਂ ਰੇਲ ਗੱਡੀਆਂ ਸਿਰਫ਼ ਸਾਂਭਦੇ ਹੀ ਨਹੀਂ ਸਗੋਂ ਪੁਰਾਣੀਆਂ ਰੇਲ ਗੱਡੀਆਂ ਨੂੰ ਚੱਲਦੀ ਹਾਲਤ ਵਿੱਚ ਵੀ ਰੱਖਦੇ ਹਨ। ਸਾਲ ਵਿੱਚ 5-6 ਇਨ੍ਹਾਂ ਗੱਡੀਆਂ ਨੂੰ ਚਲਾ ਕੇ ਲੋਕਾਂ ਨੂੰ ਸਫਰ ਕਰਨ ਦਾ ਮੌਕਾ ਵੀ ਦਿੰਦੇ ਹਨ। ਉਸ ਸਭ ਦਾ ਉਪਰਾਲਾ, ਸਟੀਮ ਇੰਕ ਨਾਂ ਦੀ ਸੰਸਥਾ ਕਰਦੀ ਹੈ।
ਗ੍ਰੈਂਡ ਸਰਕਲ ਰੇਲ ਕਰੂਜ਼ 2020 ਲਈ ਸੰਨ 1955 ਦੇ ਬਣੇ ਡੀਜ਼ਲ ਇੰਜਨ ਅਤੇ ਸੰਨ 1930 ਦੇ ਬਣੇ ਯਾਤਰੀ ਡੱਬੇ ਸਨ। ਪਾਇਕਾਕਾਰੀਕੀ ਤੋਂ ਚੱਲ ਕੇ ਇਹ ਗੱਡੀ ਪਾਮਰਸਟੱਨ ਨੌਰਥ ਹੁੰਦੀ ਹੋਈ, ਮਾਨਾਵਾਤੂ ਦਰਿਆ ਦੇ ਨਾਲ-ਨਾਲ ਮਨਮੋਹਕ ਨਜ਼ਾਰਿਆਂ ਵਿੱਚ ਵਿੱਚਰਦੀ ਹੋਈ ਵੁੱਡਵਿੱਲ ਪਹੁੰਚੀ ਅਤੇ ਉਥੋਂ ਮਾਸਟਰਟਨ ਅਤੇ ਵੈਲਿੰਗਟਨ ਥਾਣੀਂ ਹੁੰਦੀ ਆਪਣੀ ਗੋਲ-ਚੱਕਰੀ ਯਾਤਰਾ ਪੂਰੀ ਕਰਦੀ ਹੋਈ ਸ਼ਾਮ ਨੂੰ ਵਾਪਸ ਪਾਇਕਾਕਾਰੀਕੀ ਪਹੁੰਚ ਗਈ।
ਦੁਪਹਿਰੇ ਜਿਹੇ, ਇਹ ਗੱਡੀ ਮਾਸਟਰਟਨ ਤੋਂ ਥੋੜ੍ਹਾ ਪਹਿਲਾਂ ਮੌਰਿਸਵਿੱਲ ਪਿੰਡ ਵਿੱਚ ਰੁਕੀ ਜਿੱਥੇ ਪੇਂਡੂ ਮੇਲਾ ਲੱਗਾ ਹੋਇਆ ਸੀ। ਇਸ ਮੇਲੇ ਵਿੱਚ ਵੀ ਕਈ ਭਾਂਤ-ਸੁ-ਭਾਂਤ ਦੀਆਂ ਚੀਜ਼ਾਂ-ਵਸਤਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ। ਇਨ੍ਹਾਂ ਵਿੱਚ ਸਾਂਭੀਆਂ ਹੋਈਆਂ ਪੁਰਾਣੀਆਂ ਕਾਰਾਂ ਵੀ ਸਨ ਜਿਨ੍ਹਾਂ ਵਿੱਚੋਂ ਕਈ ਸੰਨ 1930 ਦੀਆਂ ਸਨ। ਸੰਨ 1915 ਦਾ ਬਣਿਆ ਇੱਕ ਇੰਜਨ ਵੀ ਚੱਲਦਾ ਹੋਇਆ ਨੁਮਾਇਸ਼ ਤੇ ਲਾਇਆ ਹੋਇਆ ਸੀ।
ਗ੍ਰੈਂਡ ਸਰਕਲ ਰੇਲ ਕਰੂਜ਼ 2020 ਅਤੇ ਮੌਰਿਸਵਿੱਲ ਪੇਂਡੂ ਮੇਲੇ ਦੇ ਵੀਡੀਓ ਮੈਂ ਹੇਠਾਂ ਪਾ ਦਿੱਤੇ ਹਨ। ਯਾਤਰਾ ਅਤੇ ਮੇਲੇ ਬਾਰੇ ਆਪਣੇ ਵਿਚਾਰ ਹੇਠਾਂ ਜ਼ਰੂਰ ਸਾਂਝੇ ਕਰੋ।
ਮੌਰਿਸਵਿੱਲ ਪੇਂਡੂ ਮੇਲਾ
ਗੁਰ ਫ਼ਤਹਿ ਜੀ
ਬਾ ਕਮਾਲ ਜੀ ਬਹੁਤ ਸ਼ਾਨਦਾਰ ਜੀ। ਫੋਟੋਆਂ ਦੇਖ ਕੇ ਬਹੁਤ ਵਧੀਆ ਲੱਗਾ ਤੇ ਮਨ ਵਿੱਚ ਇਛਾ ਬਣੀ
ਕੇ ਆਪਾਂ ਵੀ ਸਾਰੇ ਇਕ ਵਾਰ ਜਾ ਕੇ ਆਈਏ। ਬਹੁਤ ਧੰਨਵਾਦ ਜੀ ਆਪਣਾ ਤਜਰਬਾ ਸਾਂਝਾ ਕਰਨ ਲਈ ।
ਬਿਲਕੁਲ ਜੀ। ਤੁਹਾਨੂੰ ਵੀ ਜ਼ਰੂਰ ਜਾਣਾ ਚਾਹੀਦਾ ਹੈ।
ਵਧਿਆ ਜਾਣਕਾਰੀ ਭਰਪੂਰ ਵਿਡੀਓ। ਇਕ ਅਹਿਮ ਗੱਲ ਸਮਝ ਵਿੱਚ ਆਉਂਦੀ ਹੈ ਕਿ ਇੰਨਾਂ ਲੋਕਾਂ ਦੀ ਖ਼ੁਸ਼ਹਾਲੀ ਦਾ ਰਹਾਇਸ ਜ਼ਿੰਦਗੀ ਨੂੰ ਜਿਓਂਨ ਦਾ ਸੰਕਪ ਹੈ। ਅਬਾਦੀ ਦਾ ਘੱਟ ਹੋਣਾ ਵੀ ਸੱਬ ਤੋਂ ਇੱਕ ਵੱਡਾ ਕਾਰਨ ਹੈ। ਜਦੋਂ ਸਾਡੀਆਂ ਮੁਢਲੀਆਂ ਲੋੜਾਂ ਪੂਰੀਆਂ ਹੋ ਜਾਣ ਲੱਗ ਪੈਂਣ ਤਾਂ ਮੰਨ ਵਿੱਚ ਖੇੜਾ ਪੁੰਕਰਿਤ ( ਜਨਮ ਲੈਣ) ਹੋਣਾ ਸ਼ੁਰੂ ਹੋ ਜਾਂਦਾ ਹੈ। ਅਗਾਂਹ ਵੀ ਤੁਹਾਡੇ ਕੋਲੋਂ ਗਿਆਨ ਦੀ ਨਦੀ ਦੇ ਵਹਿੰਦੇ ਵਹਿਣ ਵਿੱਚੋਂ ਚੂਲੀਆਂ ਰਾਹੀਂ ਬੋਧਿਕ- ਆਤਮਿਕ ਤ੍ਰਿਪਤੀ ਦੇ ਲਈ ਆਸਵੰਦ ਰਹਾਂਗੇ। ਧੰਨਵਾਦ ਜੀ।