ਇਸ ਹਫ਼ਤੇ ਬਸ ਦੋ ਤਿੰਨ ਮੁੱਦਿਆਂ ਬਾਰੇ ਸੰਖੇਪ ਵਿੱਚ ਹੀ ਗੱਲ ਕਰਨੀ ਹੈ।
ਸਭ ਤੋਂ ਪਹਿਲਾਂ ਤਾਂ ਇਹ ਕਿ ਬੀਤੇ ਕੁਝ ਦਿਨਾਂ ਦੇ ਦੌਰਾਨ ਪੰਜਾਬ ਦੇ ਬਹੁਤ ਸਾਰੇ ਲੋਕਾਂ ਅਤੇ ਖਿਡਾਰੀਆਂ ਨੇ ਆਪਣੇ ਮਾਨ-ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ ਹੈ। ਨਿੱਜੀ ਤੌਰ ਤੇ ਮੈਂ ਇਸ ਦੇ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਇਹ ਮਾਨ ਤੇ ਸਨਮਾਨ ਮੋਦੀ ਸਰਕਾਰ ਦੇ ਦਿੱਤੇ ਹੋਏ ਨਹੀਂ ਸਨ। ਇਹ ਉਨ੍ਹਾਂ ਦੇ ਆਪਣੇ ਤੇ ਖ਼ਾਸ ਤੌਰ ਤੇ ਖਿਡਾਰੀਆਂ ਦੇ ਕਾਰਨਾਮੇ ਸਖ਼ਤ ਮਿਹਨਤ ਦਾ ਸਿੱਟਾ ਸਨ।
ਪਰ ਕੀ ਭਾਰਤ ਰਤਨ, ਪਦਮ ਵਿਭੂਸ਼ਨ, ਪਦਮ ਭੂਸ਼ਨ ਅਤੇ ਪਦਮ ਸ਼੍ਰੀ ਦੀ ਕੋਈ ਕਨੂੰਨੀ ਮਾਨਤਾ ਹੈ? ਜੇ ਭਾਰਤ ਦੇ ਸਵਿੰਧਾਨ ਦੀ ਧਾਰਾ 18 ਤੇ ਨਜ਼ਰ ਮਾਰੀ ਜਾਵੇ ਤਾਂ ਅਜਿਹੇ ਸਨਮਾਨ ਦਿੱਤੇ ਜਾਣ ਦੀ ਮਨਾਹੀ ਹੈ। ਭਾਰਤ ਰਤਨ ਬਾਰੇ ਲੰਮੀ ਕਨੂੰਨੀ ਲੜਾਈ ਵੀ ਚੱਲਦੀ ਰਹੀ ਤਾਂ ਅਖ਼ੀਰ ਵਿੱਚ ਭਾਰਤੀ ਸੁਪਰੀਮ ਕੋਰਟ ਨੇ 1995 ਵਿੱਚ ਇਹ ਫ਼ੈਸਲਾ ਦਿੱਤਾ ਕਿ ਸਨਮਾਨ ਤਾਂ ਦੇ ਦਿਓ ਪਰ ਇਸ ਜਿਸ ਨੂੰ ਵੀ ਇਹ ਸਨਮਾਨ ਮਿਲੇ ਉਹ ਆਪਣੇ ਨਾਂ ਨਾਲ ਇਸਨੂੰ ਪਦਵੀ ਦੇ ਤੌਰ ਤੇ ਨਾ ਲਾਵੇ।

ਜੇਕਰ ਅਜਿਹਾ ਕੀਤਾ ਜਾਂਦਾ ਹੈ ਯਾਨੀ ਨਾਂ ਨਾਲ ਸਨਮਾਨ ਜੋੜ ਕੇ ਪਦਵੀ ਵੱਜੋਂ ਵਰਤਿਆ ਜਾਂਦਾ ਹੈ ਜਿਵੇਂ ਮਿਸਾਲ ਦੇ ਤੌਰ ਤੇ “ਪਦਮ ਸ਼੍ਰੀ ਸੁਰਜੀਤ ਪਾਤਰ” ਤਾਂ ਇਸ ਤਰ੍ਹਾਂ ਦੀ ਗ਼ੈਰ-ਕਨੂੰਨੀ ਵਰਤੋਂ ਹੋਣ ਨਾਲ ਇਹ ਸਨਮਾਨ ਆਪਣੇ ਆਪ ਹੀ ਰੱਦ ਸਮਝਿਆ ਜਾਵੇਗਾ। ਸੋ ਇਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਅਜਿਹੇ ਸਨਮਾਨ ਦਾ ਕੀ ਫ਼ਾਇਦਾ ਜਿਸ ਨੂੰ ਤੁਸੀਂ ਵਰਤ ਹੀ ਨਹੀਂ ਸਕਦੇ। ਰੱਖ ਲਓ ਜਾਂ ਵਾਪਸ ਕਰ ਦਿਓ – ਇੱਕ ਬਰਾਬਰ।
ਦੂਜੀ ਗੱਲ ਇਹ ਕਿ ਮੌਜੂਦਾ ਕਿਸਾਨ ਸੰਘਰਸ਼ ਕਰਕੇ ਹੁਣ ਪੰਜਾਬ ਦੇ ਵਿੱਚ ਟਵਿੱਟਰ ਦੀ ਬਹੁਤ ਅਹਿਮੀਅਤ ਹੋ ਗਈ ਹੈ। ਟਵਿੱਟਰ ਇੱਕ ਅਜਿਹਾ ਸਮਾਜਿਕ ਮਾਧਿਅਮ ਹੈ ਜਿਹੜਾ ਕਿ ਬਹੁਤ ਵੱਡੇ ਪੱਧਰ ਤੇ ਦੁਨੀਆਂ ਦੇ ਵਿੱਚ ਪ੍ਰੋਫੈਸ਼ਨਲ ਪੱਧਰ ਤੇ ਪੇਸ਼ਾਵਰ ਲੋਕਾਂ ਵੱਲੋਂ ਵਰਤਿਆ ਜਾਂਦਾ ਹੈ। ਇਹ ਗੱਲ ਵੱਖਰੀ ਹੈ ਕਿ “ਭਗਤ” ਪਿਛਲੇ ਕੁਝ ਕੁ ਸਾਲਾਂ ਤੋਂ ਟਵਿੱਟਰ ਬਹੁਤ ਵਰਤ ਰਹੇ ਹਨ ਜਾਂ ਤਾਂ ਗਾਲਾਂ ਕੱਢਣ ਲਈ ਜਾਂ ਫਿਰ ਘਟੀਆ ਕਿਸਮ ਦੇ ਠਿੱਠ-ਮਜ਼ਾਕ ਲਈ। ਪਰ ਪਤਾ ਨਹੀਂ ਕਿਉਂ ਪੰਜਾਬ ਦੇ ਵਿੱਚ ਹੀ ਇਸ ਦੀ ਬਿਲਕੁਲ ਹੀ ਵਰਤੋਂ ਨਹੀਂ ਸੀ ਹੋ ਰਹੀ। ਚਲੋ ਕਿਸਾਨ ਸੰਘਰਸ਼ ਦੇ ਬਹਾਨੇ ਪੰਜਾਬੀਆਂ ਨੇ ਟਵਿੱਟਰ ਦੀ ਮਹੱਤਤਾ ਸਮਝੀ ਹੈ ਅਤੇ ਇਸ ਨੂੰ ਅਪਨਾਉਣਾ ਸ਼ੁਰੂ ਕਰ ਦਿੱਤਾ ਹੈ।
ਆਖ਼ਰੀ ਗੱਲ ਇਹ ਕਿ ਬੀਤੇ ਕੁਝ ਦਿਨਾਂ ਵਿੱਚ ਇੱਕ ਹੋਰ ਅਚੰਭਾ ਵੇਖਣ ਨੂੰ ਮਿਲਿਆ। ਵਕ਼ਤ ਬਹੁਤ ਬਲਵਾਨ ਹੁੰਦਾ ਹੈ ਤੇ ਪਾਸੇ ਬਦਲ ਜਾਂਦੇ ਹਨ। ਕੁਝ ਸਾਲ ਪਹਿਲਾਂ ਲੱਕ 28 ਵਰਗਾ ਇੱਕ ਭੱਦਾ ਜਿਹਾ ਗੀਤ ਗਾਉਣ ਵਾਲ਼ਾ ਗਾਇਕ ਹੁਣ ਪਰਿਪੱਕ ਹੋ ਕਿ ਕਿਸਾਨ ਸੰਘਰਸ਼ ਵਿੱਚ ਇਸ ਤਰ੍ਹਾਂ ਸ਼ਿਰਕਤ ਕਰ ਰਿਹਾ ਹੈ ਕਿ ਉਹ ਹਰ ਪਾਸੇ ਵਾਹ-ਵਾਹ ਖੱਟ ਰਿਹਾ ਹੈ। ਜਦਕਿ ਦੂਜੇ ਬੰਨੇ ਸਾਰੀ ਉਮਰ ਮਾਂ ਬੋਲੀ ਪੰਜਾਬੀ ਦੀ ਖੱਟੀ ਖਾਣ ਵਾਲ਼ਾ ਮੰਚ ਤੋਂ ਜਦ ਲੋਕਾਂ ਨੂੰ ਬੱਤੀਆਂ ਦੇਣ ਲੱਗ ਪਿਆ ਤਾਂ ਹੁਣ ਉਸ ਨੂੰ ਕਿਸਾਨ ਸੰਘਰਸ਼ ਵਿੱਚ ਪਹੁੰਚੇ ਨੂੰ ਹਰ ਥਾਂ ਬੱਤੀ ਹੀ ਮਿਲ ਰਹੀ ਹੈ।