Posted in ਚਰਚਾ

ਧਰਮ ਪ੍ਰਚਾਰ ਦਾ ਕੰਮ

ਦੋ ਕੁ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਇੱਥੋਂ ਵੈਲਿੰਗਟਨ ਤੋਂ ਮੇਰੇ ਇਕ ਦੋਸਤ ਛੁੱਟੀਆਂ ਵਿੱਚ ਪੰਜਾਬ ਘੁੰਮਣ ਜਾ ਰਹੇ ਸਨ। ਉਨ੍ਹਾਂ ਮੈਨੂੰ ਰਸਮੀ ਤੌਰ ਤੇ ਪੁੱਛਿਆ ਕਿ ਭਾਅ ਜੀ ਕੋਈ ਚੀਜ਼ ਲੈ ਕੇ ਜਾਣੀ ਹੋਵੇ ਜਾਂ ਫਿਰ ਪੰਜਾਬ ਦਾ ਜੇਕਰ ਕੋਈ ਕੰਮ ਹੈ ਤਾਂ ਦੱਸ ਦਿਓ। ਮੈਂ ਫਿਰ ਬੇਨਤੀ ਕਰਦੇ ਹੋਇਆਂ ਕਿਹਾ ਕਿ ਮੇਰਾ ਗੁਰਮਤਿ ਪ੍ਰਕਾਸ਼ ਦਾ ਚੰਦਾ ਮੁੱਕਣ ਹੀ ਵਾਲਾ ਹੈ। ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਤਾਂ ਜਾਓਗੇ ਹੀ, ਜੇਕਰ ਉੱਥੇ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਜਾ ਕੇ ਇਹ ਚੰਦਾ ਭਰ ਦਿਓ ਤਾਂ ਤੁਹਾਡੀ ਬੜੀ ਮੇਹਰਬਾਨੀ ਹੋਵੇਗੀ। ਮੇਰੀ ਇਹ ਬੇਨਤੀ ਉਨ੍ਹਾਂ ਨੇ ਖਿੜੇ ਮੱਥੇ ਪ੍ਰਵਾਨ ਕਰ ਲਈ।  

ਜਦੋਂ ਉਨ੍ਹਾਂ ਨਾਲ ਵਾਪਸੀ ਉੱਤੇ ਮਿਲਾਪ ਹੋਇਆ ਮੈਂ ਚੰਦੇ ਬਾਰੇ ਸੁਭਾਇਕੀ ਪੁੱਛਿਆ ਤਾਂ ਉਹ ਬੜੇ ਹੱਸੇ ਅਤੇ ਉਨ੍ਹਾਂ ਕਿਹਾ ਕਿ ਬੜਾ ਮਜ਼ੇਦਾਰ ਤਜਰਬਾ ਰਿਹਾ। ਆਓ ਤੁਹਾਨੂੰ ਵਿਸਥਾਰ ਨਾਲ ਦੱਸਦਾ ਹਾਂ।  

ਉਨ੍ਹਾਂ ਦੱਸਿਆ ਕਿ ਉਹ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਪੁੱਛ-ਪੁਛਾ ਕੇ ਜਿੱਥੇ ਧਰਮ ਪ੍ਰਚਾਰ ਕੇਂਦਰ ਦਾ ਦਫ਼ਤਰ ਸੀ ਉੱਥੇ ਪਹੁੰਚ ਗਏ ਕਿਉਂਕਿ ਉਥੇ ਹੀ ਗੁਰਮਤਿ ਪ੍ਰਕਾਸ਼ ਦਾ ਚੰਦਾ ਭਰਿਆ ਅਤੇ ਨਵਿਆਇਆ ਜਾਂਦਾ ਸੀ।  

ਉੱਥੇ ਜਿਹੜੇ ਸੱਜਣ ਬੈਠੇ ਸਨ ਉਨ੍ਹਾਂ ਨੇ ਚੰਦੇ ਦੀ ਨਕਦੀ ਫੜ੍ਹ ਲਈ ਅਤੇ ਸਾਹਮਣੇ ਪਿਆ ਰਜਿਸਟਰ ਵੀ ਖੋਲ੍ਹ ਲਿਆ ਜਿਸ ਵਿੱਚ ਉਨ੍ਹਾਂ ਨੇ ਇੰਦਰਾਜ ਕਰਨਾ ਸੀ। ਪਰ ਉਨ੍ਹਾਂ ਨੇ ਕੁਝ ਲਿਖਣ ਦੀ ਬਜਾਏ ਮੇਰੇ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।  

Photo by Tamarcus Brown on Unsplash

ਮੇਰੇ ਦੋਸਤ ਨੇ ਸੋਚਿਆ ਕਿ ਚਲੋ ਇਹ ਗੱਲਬਾਤ ਵੀ ਕਰਦੇ ਰਹਿਣਗੇ ਤੇ ਇੰਦਰਾਜ ਵੀ ਕਰ ਲੈਣਗੇ। ਇਹ ਗੱਲਾਂ ਪੰਦਰਾਂ ਵੀਹ ਮਿੰਟ ਚੱਲਦੀਆਂ ਰਹੀਆਂ ਪਰ ਮੇਰੇ ਦੋਸਤ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਸੱਜਣ ਉਨ੍ਹਾਂ ਨੂੰ ਰਸੀਦ ਕੱਟ ਕੇ ਤੋਰ ਕਿਉਂ ਨਹੀਂ ਰਹੇ ਤੇ ਗੱਲਾਂ ਹੀ ਕਿਉਂ ਮਾਰੇ ਜਾ ਰਹੇ ਹਨ?

ਏਨੀ ਦੇਰ ਵਿੱਚ ਇੱਕ ਨੌਜਵਾਨ ਉਸ ਕਮਰੇ ਵਿੱਚ ਦਾਖਲ ਹੋਇਆ।  ਇਹ ਸੱਜਣ ਉਸ ਨੂੰ ਮੁਖਾਤਬ ਹੋ ਕੇ ਬੋਲੇ, ਕਾਕਾ ਫਟਾ-ਫਟ ਇਨ੍ਹਾਂ ਦੇ ਇਨ੍ਹਾਂ ਤੋਂ ਸਾਰਾ ਵਿਸਥਾਰ ਲੈ ਕੇ ਰਜਿਸਟਰ ਵਿੱਚ ਇੰਦਰਾਜ ਕਰ ਦੇ। ਉਸ ਨੌਜਵਾਨ ਨੇ ਇਵੇਂ ਹੀ ਕੀਤਾ ਤੇ ਫਿਰ ਅਖੀਰ ਦੇ ਵਿੱਚ ਇਨ੍ਹਾਂ ਸੱਜਣ ਨੇ ਜਦੋਂ ਇੰਦਰਾਜ਼ ਹੋ ਗਿਆ ਤਾਂ ਉੱਥੇ ਆਪਣੇ ਦਸਤਖ਼ਤ ਕਰ ਦਿੱਤੇ ਅਤੇ ਨਾਲ ਹੀ ਨਾਲ ਨੌਜਵਾਨ ਨੇ ਰਸੀਦ ਵੀ ਕੱਟ ਦਿੱਤੀ।  

ਮੇਰੇ ਦੋਸਤ ਇਹ ਸਾਰਾ ਮਾਜਰਾ ਵੇਖ ਕੇ ਥੋੜ੍ਹੀ ਸ਼ਸ਼ੋਪੰਜ ਵਿੱਚ ਪੈ ਗਏ ਕਿ ਏਦਾਂ ਹੋਇਆ ਕਿਉਂ? ਉਨ੍ਹਾਂ ਨੇ ਸੋਚਿਆ ਕਿ ਮੈਂ ਵੀ ਪੂਰੀ ਜਾਣਕਾਰੀ ਲਏ ਬਿਨਾ ਨਹੀਂ ਜਾਵਾਂਗਾ। ਉਨ੍ਹਾਂ ਨੇ ਉਸ ਦਫ਼ਤਰ ਵਾਲ਼ੇ ਸੱਜਣ ਨੂੰ ਪੁੱਛਿਆ ਕਿ ਤੁਸੀਂ ਮੇਰੇ ਨਾਲ ਗੱਲਾਂ ਕੀਤੀਆਂ ਪਰ ਤੁਸੀਂ ਪਹਿਲਾਂ ਇੰਦਰਾਜ ਕਿਉਂ ਨਹੀਂ ਦਰਜ ਕੀਤਾ? ਉਹ ਸੱਜਣ ਪਹਿਲਾਂ ਤਾਂ ਗੱਲ ਹਾਸੇ ਵਿੱਚ ਟਾਲ ਗਏ ਪਰ ਜਦੋਂ ਮੇਰੇ ਦੋਸਤ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਤਾਂ ਉਨ੍ਹਾਂ ਨੇ ਫਿਰ ਇਸ ਦੀ ਇਸ ਦਾ ਰਾਜ਼ ਖੋਲ੍ਹ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਮੈਂ ਤਾਂ ਸਿਰਫ ਆਪਣੇ ਦਸਤਖ਼ਤ ਹੀ ਕਰ ਸਕਦਾ ਹਾਂ।  

ਇਹ ਸੁਣ ਕੇ ਮੇਰਾ ਦੋਸਤ ਦੰਗ ਰਹਿ ਗਿਆ ਕਿ ਵੇਖੋ ਧਰਮ ਪ੍ਰਚਾਰ ਦੇ ਕੇਂਦਰ ਵਿੱਚ ਜੇਕਰ ਕਰਮਚਾਰੀ ਨੂੰ ਪੰਜਾਬੀ ਪੜ੍ਹਨੀ ਲਿਖਣੀ ਨਹੀਂ ਆਉਂਦੀ ਤਾਂ ਫਿਰ ਪ੍ਰਚਾਰ ਦਾ ਕੰਮ ਕਿਵੇਂ ਚੱਲੇਗਾ?  


Discover more from ਜੁਗਸੰਧੀ

Subscribe to get the latest posts sent to your email.

Unknown's avatar

Author:

ਵੈਲਿੰਗਟਨ, ਨਿਊਜ਼ੀਲੈਂਡ ਦਾ ਵਸਨੀਕ - ਬਲੌਗਿੰਗ, ਪਗਡੰਡੀਆਂ ਮਾਪਣ ਅਤੇ ਜਿਓਸਟ੍ਰੈਟੀਜਿਕ ਖੋਜ ਦਾ ਸ਼ੌਕ।

2 thoughts on “ਧਰਮ ਪ੍ਰਚਾਰ ਦਾ ਕੰਮ

  1. ਜਦੋਂ ਧਰਮ ਨੂੰ ਚਲਾਉਣ ਵਾਲੇ ਇਸ ਤਰ੍ਹਾਂ ਦੇ ਵਿਅਕਤੀ ਹੋਣ ਤੁਸੀਂ ਉਨ੍ਹਾਂ ਤੋਂ ਕਿਸ ਤਰ੍ਹਾਂ ਦੀ ਆਸ ਜਾਂ ਉਮੀਦ ਰਖ ਸਕਦੇ ਹੋ

  2. ਇਹ ਸਾਡਾ ਦੁਖਾਂਤ ਹੈ ਕਿ ਨਾਨਕ ਪਾਤਸ਼ਾਹ ਜਿੱਥੇ ਸਿੱਖ ਨੂੰ ਲੈ ਕੇ ਜਾਣਾ ਚਾਉਂਦੇ ਸਨ ਉਹ ਰਸਤਾ ਛੱਡਕੇ ਉਸ ਦਾ ਸਿੱਖ ਪੁੱਠੇ ਪਾਸੇ ਤੁਰ ਪਿਆ। ਕਰਮ ਕਾਂਡਾਂ ਨੇ ਸਿੱਖ ਪੂਜਰੀਆਂ ਨੂੰ ਪਰਫੁਲਤ ਕੀਤਾ ਹੈ।

Leave a reply to arvinder singh Cancel reply