ਬੀਤੇ ਦਿਨੀਂ ਬੀਰ ਸਿੰਘ ਦਾ ਲਿਖਿਆ ਅਤੇ ਰਣਜੀਤ ਬਾਵਾ ਦਾ ਗਾਇਆ ਗਾਣਾ “ਮੇਰਾ ਕੀ ਕਸੂਰ” ਕਾਫ਼ੀ ਚਰਚਾ ਵਿੱਚ ਰਿਹਾ ਅਤੇ ਫਿਰ ਵਿਵਾਦ ਨਾਲ ਖਤਮ ਹੋ ਗਿਆ।
ਇਹ ਵੀ ਪਤਾ ਲੱਗਾ ਕਿ ਕੁਝ ਧਿਰਾਂ ਨੇ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਅਤੇ ਬਾਅਦ ਵਿੱਚ ਇਹ ਗਾਣਾ ਯੂਟਿਊਬ ਤੋਂ ਹਟਾ ਵੀ ਦਿੱਤਾ ਗਿਆ। ਉਸ ਤੋਂ ਬਾਅਦ ਹਰ ਪਾਸੇ ਚਰਚਾ ਸ਼ੁਰੂ ਹੋ ਗਈ। ਸਮਾਜਿਕ ਮਾਧਿਅਮ ਦੇ ਉੱਤੇ ਧਾਰਮਕ ਰੰਗਤ ਵਿੱਚ ਧਿਰਾਂ ਵੰਡੀਆਂ ਗਈਆਂ। ਲੱਗਦਾ ਇਹੀ ਸੀ ਕਿ ਕਿ ਲੋਕੀਂ ਧਰਮ ਦੇ ਨਾਂ ਉੱਤੇ ਵੰਡੇ ਹੋਏ ਜਿੰਨੇ ਮੂੰਹ ਓਨੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸਨ। ਨਵੀਆਂ ਨਵੀਆਂ ਬੇਸਿਰ ਪੈਰ ਦਲੀਲਾਂ – ਵਿੱਚੇ ਹੀ ਬੋਲਣ ਦੀ ਅਜ਼ਾਦੀ ਦਾ ਰੋਲ਼-ਘਚੋਲ਼।
ਇਸ ਦੌਰਾਨ ਕਈ ਤਰ੍ਹਾਂ ਦੇ ਲੇਖ ਵੀ ਪੜ੍ਹਨ ਨੂੰ ਮਿਲੇ ਜਿਨ੍ਹਾਂ ਨੂੰ ਮੈਂ ਇੱਥੇ ਚਰਚਾ ਕਰਨ ਦੇ ਯੋਗ ਨਹੀਂ ਸਮਝਦਾ ਪਰ ਦੋ ਲੇਖਾਂ ਬਾਰੇ ਮੈਂ ਜ਼ਰੂਰ ਗੱਲ ਕਰਾਂਗਾ। ਇੱਕ ਲੇਖ ਲੁਧਿਆਣਾ ਤੋਂ ਮਿੱਤਰ ਸੈਨ ਮੀਤ ਹੋਣਾ ਦਾ ਹੈ ਜਿੰਨਾ ਨੇ ਧਰਮ ਦੀ ਬੇਅਦਬੀ ਦਾ ਮੁੱਦਾ ਕਨੂੰਨੀ ਦਲੀਲ ਦੇ ਨਾਲ ਸਮਝਾਇਆ ਹੈ ਜੋ ਕਿ ਇੱਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ।
ਦੂਜਾ ਲੇਖ ਐਡੀਲੇਡ ਵਾਲੇ ਮਿੰਟੂ ਬਰਾੜ ਹੋਰਾਂ ਦਾ ਲਿਖਿਆ ਹੋਇਆ ਹੈ ਅਤੇ ਉਨ੍ਹਾਂ ਨੇ ਲੋਕ ਗਾਇਕੀ ਤੋਂ ਮੋਕ ਗਾਇਕੀ ਦੀ ਗੱਲ ਕੀਤੀ ਹੈ ਜੋ ਕਿ ਇੱਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ। ਮਿੰਟੂ ਹੋਰਾਂ ਨੇ ਇੱਕ ਵੱਖਰੀ ਕਿਸਮ ਦਾ ਨਜ਼ਰੀਆ ਪੇਸ਼ ਕੀਤਾ ਹੈ ਜੋ ਕਿ ਕਾਬਲੇ ਤਾਰੀਫ਼ ਹੈ ਤੇ ਇਹ ਲੇਖ ਪੜ੍ਹਨਯੋਗ ਹੈ।
ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਅੱਗੇ ਜਾਰੀ ਰੱਖਾਂ, ਮੈਂ ਇੱਥੇ ਇੱਕ ਅਕਾਦਮਕ ਮਿਸਾਲ ਦੇਣੀ ਚਾਹਵਾਂਗਾ। ਨਿਊਜ਼ੀਲੈਂਡ ਮੁਲਕ ਦੇ ਮੂਲ ਵਾਸੀ ਮਾਓਰੀ ਲੋਕ ਹਨ। ਇਨ੍ਹਾਂ ਬਾਰੇ ਯੂਨੀਵਰਸਿਟੀ ਪੱਧਰ ਦੇ ਉੱਤੇ ਕਾਫ਼ੀ ਖੋਜ ਹੁੰਦੀ ਰਹਿੰਦੀ ਹੈ ਤੇ ਕਿਤਾਬਾਂ ਵੀ ਲਿਖੀਆਂ ਜਾਂਦੀਆਂ ਹਨ। ਖੋਜ ਪੱਤਰ ਹਾਲਾਂਕਿ ਯੂਨੀਵਰਸਿਟੀ ਪੱਧਰ ਤੇ ਹੁੰਦੀ ਖੋਜ ਬਾਰੇ ਹੁੰਦੇ ਹਨ ਪਰ ਇਹ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਕਿਸੇ ਵੀ ਕਿਸਮ ਦੀ ਖੋਜ ਵਿੱਚ ਪੱਖਪਾਤ ਨਹੀਂ ਨਜ਼ਰ ਆਉਣਾ ਚਾਹੀਦਾ।
ਪਰ ਇਸ ਸਭ ਦੇ ਬਾਵਜੂਦ ਮਾਓਰੀ ਵਿਦਵਾਨਾਂ ਨੇ ਇਹ ਸਾਬਤ ਕੀਤਾ ਹੈ ਕਿ ਖੋਜ ਪ੍ਰਣਾਲੀ ਵਿੱਚ ਗੋਰਿਆਂ ਨੇ ਜਦ ਵੀ ਮਾਓਰੀ ਵਿਸ਼ੇ ਉੱਤੇ ਕੋਈ ਖੋਜ ਕੀਤੀ ਹੈ ਤਾਂ ਉਹ ਹਮੇਸ਼ਾਂ ਪੱਖਪਾਤੀ ਰਹੇ ਹਨ। ਮਾਓਰੀ ਵਿਦਵਾਨਾਂ ਨੇ ਖੋਜ ਪ੍ਰਣਾਲੀਆਂ ਸੁਧਾਰਣ ਲਈ ਕਈ ਸੁਝਾਅ ਵੀ ਦਿੱਤੇ ਹਨ ਜੋ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਬੜੇ ਕਰੜੇ ਤਰੀਕੇ ਨਾਲ ਲਾਗੂ ਕਰਦੀਆਂ ਹਨ।
ਸੋ ਲੋੜ ਹੈ ਕਿ ਡੈਰੀਡਾ ਦੀ ਡੀਕੰਸਟ੍ਰਕਸ਼ਨ ਥਿਊਰੀ ਮੁਤਾਬਿਕ ਗੀਤ ਦੇ ਬੋਲਾਂ ਦੇ ਮਤਲਬ ਕੱਢੇ ਜਾਣ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੀ ਇਹ ਗੀਤ ਗੰਭੀਰਤਾ ਨਾਲ ਲਿਖਿਆ ਗਿਆ ਹੈ ਜਾਂ ਫਿਰ ਹਵਾ ਵਿੱਚ ਡਾਂਗਾਂ ਚਲਾਈਆਂ ਗਈਆਂ ਹਨ? ਇਸੇ ਅਕਾਦਮਕ ਨਜ਼ਰੀਏ ਨਾਲ ਹੀ ਮੈਂ ਬੀਰ ਸਿੰਘ ਦੇ ਲਿਖੇ ਗੀਤ ਦੇ ਉੱਤੇ ਇੱਕ ਦੋ ਸਵਾਲ ਖੜ੍ਹੇ ਕਰ ਰਿਹਾ ਹਾਂ ਅਤੇ ਕੋਈ ਵੀ ਕਿਸੇ ਕਿਸਮ ਦੀ ਟਿੱਪਣੀ ਦੇਣ ਤੋਂ ਗੁਰੇਜ਼ ਕਰਾਂਗਾ। ਸਭ ਤੋਂ ਪਹਿਲਾ ਸੁਆਲ ਤੇ ਇਹ ਉਠਦਾ ਹੈ ਕਿ ਇਸ ਗੀਤ ਨੂੰ ਲਿਖਿਆ ਕਿਉਂ ਗਿਆ?
ਮੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਬੀਰ ਸਿੰਘ ਬੜੀ ਸਾਫ ਸੁਥਰੇ ਗੀਤ ਲਿਖਦਾ ਹੈ ਅਤੇ ਉਸ ਦੇ ਫਿਲਮਾਂ ਦੇ ਵਿੱਚ ਵੀ ਇਸ਼ਕ ਮਿਜ਼ਾਜੀ ਵਾਲੇ ਕਾਫ਼ੀ ਗੀਤ ਮਸ਼ਹੂਰ ਹੋਏ ਹਨ। ਬੀਰ ਸਿੰਘ “ਜੀਵੇ ਪੰਜਾਬ” ਵਰਗੇ ਉਦਮ ਵਿੱਚ ਵੀ ਕਾਫ਼ੀ ਸਰਗਰਮ ਹੈ।
ਪਰ ਮੈਂ ਆਪਣਾ ਸਾਰਾ ਧਿਆਨ ਇਸੇ ਗੀਤ ਦੇ ਉੱਤੇ ਕੇਂਦਰਤ ਕਰ ਰਿਹਾ ਹਾਂ। ਜਦੋਂ ਬੀਰ ਸਿੰਘ ਇਹ ਲਿਖਦਾ ਹੈ ਕਿ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਹੈ, ਇਸ ਗੀਤ ਦੇ ਵਿੱਚ ਉਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਸ ਮਾੜੇ ਘਰ ਦੀ ਗੱਲ ਕਰ ਰਿਹਾ ਹੈ। ਨਾ ਹੀ ਉਹ ਇਹ ਸਪਸ਼ਟ ਕਰਦਾ ਹੈ ਕਿ ਇਹ ਮਾੜਾ ਘਰ ਪੱਥਰਾਂ ਨੂੰ ਦੁੱਧ ਪਿਆਉਣ ਵਾਲਿਆਂ ਨਾਲੋਂ ਅਤੇ ਗਊ ਦੇ ਮੂਤ ਨੂੰ ਸ਼ੁੱਧ ਮੰਨਣ ਵਾਲਿਆਂ ਨਾਲੋਂ ਵੱਖ ਕਿਵੇਂ ਹੈ? ਕੀ ਮਾੜੇ ਘਰਾਂ ਵਿੱਚ ਜੰਮੇ ਲੋਕ ਪੱਥਰਾਂ ਨੂੰ ਦੁੱਧ ਨਹੀਂ ਪਿਆਉਂਦੇ ਜਾਂ ਗਊ ਦਾ ਮੂਤ ਸ਼ੁੱਧ ਨਹੀਂ ਮੰਨਦੇ? ਇਥੇ ਲੋਕਾਚਾਰੀ ਨੂੰ ਲੈ ਕੇ ਮੈਂ ਗੱਲ ਕੀਤੀ ਹੈ ਤੇ ਕਿਸੇ ਰਾਜਨੀਤੀ ਦੀ ਜੁਆਬ ਰੂਪੀ ਦਲੀਲ ਇਥੇ ਵਾਜਬ ਨਹੀਂ ਗਿਣੀ ਜਾਵੇਗੀ।
ਫਿਰ ਬੀਰ ਸਿੰਘ ਜਾਤਾਂ ਦੇ ਨਾਂਅ ਤੇ ਬਣੇ ਗੁਰਦੁਆਰਿਆਂ ਦੀ ਵੀ ਗੱਲ ਕਰਦਾ ਹੈ। ਪਰ ਉਹ ਇਹ ਵੀ ਨਹੀਂ ਸਪੱਸ਼ਟ ਕਰਦਾ ਕਿ ਜਾਤਾਂ ਦੇ ਨਾਂ ਤੇ ਬਣੇ ਗੁਰਦੁਆਰੇ ਕਿਰਿਆ ਹਨ ਕਿ ਪ੍ਰਤੀਕਿਰਿਆ ਹਨ ਅਤੇ ਕੀ ਜਾਤਾਂ ਦੇ ਨਾਂਅ ਤੇ ਬਣੇ ਗੁਰਦੁਆਰਿਆਂ ਦਾ ਮਾੜੇ ਘਰ ਜੰਮਣ ਦੇ ਨਾਲ ਕੋਈ ਸੰਬੰਧ ਹੈ ਜਿਸ ਨੂੰ ਬੀਰ ਸਿੰਘ ਨੇ ਆਪਣੇ ਗੀਤ ਦਾ ਧੁਰਾ ਬਣਾਇਆ ਹੋਇਆ ਹੈ? ਕਿ ਜਾਂ ਫਿਰ ਜਾਤਾਂ ਦੇ ਨਾਂਅ ਤੇ ਬਣੇ ਗੁਰਦੁਆਰੇ ਤਗੜੇ ਘਰਾਂ ਵਿੱਚ ਜੰਮੇ ਹੋਣ ਦੇ ਸੂਚਕ ਹਨ?
ਖੂਬ ਲਿਖਿਆ 👌👌