
(ਉਪਰੋਕਤ ਤਸਵੀਰ Stuff ਤੋਂ ਧੰਨਵਾਦ ਸਹਿਤ)
ਅੱਜ-ਕੱਲ ਜਪਾਨ ਵਿੱਚ ਰਗਬੀ ਦਾ ਸੰਸਾਰ ਕੱਪ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਵਿੱਚ ਰਗਬੀ ਲਈ ਚਾਅ ਜਨੂੰਨ ਦੀ ਹੱਦ ਵੀ ਪਾਰ ਕਰ ਜਾਂਦਾ ਹੈ।
ਭਾਵੁਕਤਾ, ਜਜ਼ਬਾਤ ਅਤੇ ਸ਼ਰਧਾ ਇਹ ਉਹ ਤਿੰਨ ਲਫ਼ਜ਼ ਹਨ ਜਿਨ੍ਹਾਂ ਦਾ ਵਰਤਾਰਾ ਦੁਨੀਆਂ ਭਰ ਵਿੱਚ ਵੇਖਣ ਨੂੰ ਆਮ ਮਿਲ ਸਕਦਾ ਹੈ ਅਤੇ ਨਿਊਜ਼ੀਲੈਂਡ ਵੀ ਇਸ ਦੁਨੀਆਂ ਤੋਂ ਕਿਧਰੇ ਬਾਹਰ ਨਹੀਂ ਹੈ। ਪਿਛਲੇ ਹਫ਼ਤੇ ਦੀ ਹੀ ਗੱਲ ਕਰਦੇ ਹਾਂ ਜਦੋਂ ਨਿਊਜ਼ੀਲੈਂਡ, ਇੰਗਲੈਂਡ ਦੇ ਹੱਥੋਂ ਰਗਬੀ ਦੇ ਵਰਲਡ ਕੱਪ ਵਿੱਚ ਮਾਤ ਖਾ ਗਿਆ। ਇਹ ਰਗਬੀ ਸੰਸਾਰ ਕੱਪ ਦਾ ਸੈਮੀਫਾਈਨਲ ਮੈਚ ਸੀ ਜਿਸਦੇ ਲਈ ਆਸਾਂ ਬਹੁਤ ਸਨ ਕਿ ਨਿਊਜ਼ੀਲੈਂਡ ਇਹ ਮੈਚ ਜਿੱਤ ਲਵੇਗਾ ਅਤੇ ਲਗਾਤਾਰ ਤੀਜੀ ਵਾਰ ਰਗਬੀ ਸੰਸਾਰ ਕੱਪ ਤੇ ਜੇਤੂ ਹੋਣ ਲਈ ਅਗਾਂਹ ਵਧਦਾ ਜਾਵੇਗਾ।
ਪਰ ਖੇਡ ਦਾ ਨਤੀਜਾ ਤਾਂ ਕੁਝ ਹੋਰ ਹੀ ਨਿਕਲਿਆ ਜਿਹੜਾ ਕਿ ਬਹੁਤਾ ਅਲੋਕਾਰਾ ਨਹੀਂ ਸੀ ਜਾਪਿਆ। ਖੇਡ ਸ਼ੁਰੂ ਹੋਣ ਸਾਰ ਹੀ ਇਹ ਜਾਪਣ ਲੱਗ ਪਿਆ ਸੀ ਕਿ ਇਹ ਮੈਚ ਤਾਂ ਔਲ ਬਲੈਕਸ ਦੇ ਹੱਥੋਂ ਗਿਆ। ਰਵਾਇਤੀ ਤੌਰ ਦੇ ਉੱਤੇ ਹਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਰਗਬੀ ਟੀਮ ਹਾਕਾ ਕਰਦੀ ਹੈ। ਸੈਮੀ ਫਾਈਨਲ ਵਾਲੇ ਦਿਨ ਵੀ ਅਮੂਮਨ ਅਜਿਹਾ ਹੀ ਹੋਇਆ ਪਰ ਆਮ ਤੋਂ ਉਲਟ ਉਸ ਦਿਨ ਇੰਗਲੈਂਡ ਦੀ ਟੀਮ ਨੇ ਤੀਰਨੁਮਾ ਬਣਾਵਟ ਵਾਲਾ ਪੈਂਤੜਾ ਅਖ਼ਤਿਆਰ ਕਰਕੇ ਅਗਾਂਹ ਨੂੰ ਵਧਣਾ ਸ਼ੁਰੂ ਕਰ ਦਿੱਤਾ।
ਇੰਗਲੈਂਡ ਦੀ ਟੀਮ ਨੇ ਅਜਿਹਾ ਇਸ ਕਰਕੇ ਕੀਤਾ ਹੋਵੇਗਾ ਕਿ ਮਾਨਸਿਕ ਤੌਰ ਤੇ ਕਿਸੇ ਤਰ੍ਹਾਂ ਔਲ ਬਲੈਕਸ ਨੂੰ ਪਸਤ ਕੀਤਾ ਜਾਵੇ। ਪਤਾ ਨਹੀਂ ਸ਼ਾਇਦ ਇਹ ਇੰਗਲੈਂਡ ਦੀ ਟੀਮ ਨੇ ਤੀਰਨੁਮਾ ਬਣਾਵਟ ਵਾਲਾ ਪੈਂਤੜਾ ਅਖ਼ਤਿਆਰ ਕਰਨ ਦਾ ਹੀ ਕਾਰਨ ਸੀ ਕਿ ਮੈਚ ਦੇ ਪਹਿਲੇ ਪੰਜ ਮਿੰਟਾਂ ਵਿੱਚ ਹੀ ਇਹ ਸਾਫ ਜ਼ਾਹਿਰ ਹੋ ਗਿਆ ਸੀ ਕਿ ਖੇਡ ਤਾਂ ਔਲ ਬਲੈਕਸ ਦੇ ਹੱਥੋਂ ਨਿਕਲ ਚੁੱਕੀ ਸੀ। ਜੋ ਨਤੀਜਾ ਤੁਸੀਂ ਖੇਡ ਦੇ ਪਹਿਲੇ ਪੰਜ ਮਿੰਟਾਂ ਵਿੱਚ ਹੀ ਕਿਆਸ ਲਿਆ ਸੀ ਉਹ ਖੇਡ ਦੇ ਖਤਮ ਹੋਣ ਤੇ ਉਹੀ ਹੋ ਨਿਕਲਿਆ।
ਪਰ ਜਿਵੇਂ ਕਿ ਅਸੀਂ ਉੱਪਰ ਗੱਲ ਦੀ ਸ਼ੁਰੂਆਤ ਭਾਵੁਕਤਾ, ਜਜ਼ਬਾਤ ਅਤੇ ਸ਼ਰਧਾ ਤੋਂ ਕੀਤੀ ਹੈ, ਅਗਲੇ ਦਿਨ ਅਖ਼ਬਾਰਾਂ ਵਿੱਚ ਭਾਂਤ-ਸੁਭਾਂਤ ਦੇ ਵਿਚਾਰ ਲੱਗਣੇ ਸ਼ੁਰੂ ਹੋ ਗਏ। ਨਿਊਜ਼ੀਲੈਂਡ ਦੇ ਬਹੁਤੇ ਖੇਡ ਪੱਤਰਕਾਰਾਂ ਨੂੰ ਤਾਂ ਇਸ ਗੱਲ ਦੇ ਉੱਤੇ ਇਤਰਾਜ਼ ਸੀ ਕਿ ਇੰਗਲੈਂਡ ਨੇ ਉਹ ਤੀਰਨੁਮਾ ਬਣਾਵਟ ਵਾਲਾ ਪੈਂਤੜਾ ਕਿਉਂ ਅਖਤਿਆਰ ਕੀਤਾ? ਹਾਲਾਂਕਿ ਕੁਝ ਮਾਓਰੀ ਮਾਹਿਰਾਂ ਨੇ ਟਿੱਪਣੀ ਕਰਕੇ ਇਹ ਸਪੱਸ਼ਟ ਕੀਤਾ ਸੀ ਕਿ ਹਾਕਾ ਲਈ ਇਸ ਤਰ੍ਹਾਂ ਦੀ ਮੋੜਵੀਂ ਵੰਗਾਰ ਕੋਈ ਅਨੋਖੀ ਜਾਂ ਗਲਤ ਗੱਲ ਨਹੀਂ ਸੀ। ਪਰ ਜਿਹੜੇ ਬਸਤੀਵਾਦੀ ਲੋਕ ਇਹ ਸੋਚਦੇ ਹਨ ਕਿ ਉਨ੍ਹਾਂ ਦਾ ਹਾਕਾ ਦੇ ਉੱਤੇ ਸਭਿਆਚਾਰਕ ਕਬਜ਼ਾ ਹੈ, ਉਹ ਇਹੋ ਜਿਹੀ ਹੋਣੀ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਕਿਉਂਕਿ ਉਹ ਸੱਭਿਆਚਾਰਕੇ ਕਬਜ਼ੇ ਵਾਲੀ ਮਾਨਸਿਕਤਾ ਵਿੱਚ ਜਕੜੇ ਹੋਏ ਸਨ।
ਅਗਲੇ ਦਿਨ ਇਹ ਵੀ ਪਤਾ ਲੱਗਾ ਕਿ ਇੰਗਲੈਂਡ ਦੀ ਟੀਮ ਨੂੰ ਜ਼ੁਰਮਾਨਾ ਕਰ ਦਿੱਤਾ ਗਿਆ ਸੀ। ਉਹੀ ਭਾਵੁਕ, ਜਜ਼ਬਾਤੀ ਅਤੇ ਸ਼ਰਧਾਵਾਨ ਪੱਤਰਕਾਰਾਂ ਨੇ ਤੁਰਤ ਇਸ ਗੱਲ ਦੀ ਟੈਂਅ-ਟੈਂਅ ਸ਼ੁਰੂ ਕਰ ਦਿੱਤੀ ਕਿ ਵੇਖਿਆ – ਹਾਕਾ ਵੰਗਾਰਣ ਕਰਕੇ ਜ਼ੁਰਮਾਨਾ ਹੋ ਗਿਆ। ਪਰ ਅਸਲੀਅਤ ਤਾਂ ਕੁਝ ਹੋਰ ਹੀ ਸੀ। ਜ਼ੁਰਮਾਨਾ ਤਾਂ ਇਸ ਕਰਕੇ ਹੋਇਆ ਸੀ ਕਿ ਹਾਕਾ ਦੇ ਦੌਰਾਨ ਇੰਗਲੈਂਡ ਦੀ ਟੀਮ ਦੇ ਦੋ-ਤਿੰਨ ਖਿਡਾਰੀ ਤੁਰਦੇ ਤੁਰਦੇ ਵਿਚਕਾਰਲੀ ਲਕੀਰ ਪਾਰ ਕਰ ਗਏ ਸਨ। ਇਹ ਤਾਂ ਰਗਬੀ ਦੇ ਉਸ ਅਸੂਲ ਦੀ ਖਿਲਾਫ਼ਵਰਜ਼ੀ ਸੀ ਕਿ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਦੋਹਾਂ ਟੀਮਾਂ ਨੇ ਆਪੋ-ਆਪਣੇ ਪਾਸੇ ਹੀ ਰਹਿਣਾ ਹੁੰਦਾ ਹੈ।
ਨਿਊਜ਼ੀਲੈਂਡ ਦੇ ਵਿੱਚ ਰਗਬੀ ਦਾ ਮਾਹੌਲ ਵੀ ਕੁਝ ਅਜੀਬ ਹੈ। ਆਮ ਤੌਰ ਤੇ ਪੱਤਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਕਿਸੇ ਵੀ ਮੈਚ ਬਾਰੇ ਪਹਿਲਾਂ ਉਹ ਤੱਥ ਦੇਣ ਕਿ ਮੈਚ ਦਾ ਨਤੀਜਾ ਕੀ ਨਿਕਲਿਆ ਅਤੇ ਕੀ-ਕੀ ਹੋਇਆ। ਟਿੱਪਣੀ ਵਗੈਰਾ ਤਾਂ ਬਾਅਦ ਦੀਆਂ ਗੱਲਾਂ ਹੁੰਦੀਆਂ ਹਨ। ਪਰ ਜਦ ਵੀ ਕੋਈ ਔਲ ਬਲੈਕਸ ਦਾ ਮੈਚ ਹੁੰਦਾ ਹੈ ਤੁਸੀਂ ਅਗਲੇ ਦਿਨ ਅਖ਼ਬਾਰਾਂ ਦੇ ਵਰਕੇ ਫਰੋਲ਼ੋ ਜਾਂ ਇੰਟਰਨੈੱਟ ਦੇ ਉੱਤੇ ਖ਼ਬਰਾਂ ਪੜ੍ਹੋ ਤਾਂ ਹਰ ਥਾਂ ਮੈਚ ਦੇ ਬਾਰੇ ਟਿੱਪਣੀਆਂ ਹੀ ਟਿੱਪਣੀਆਂ ਮਿਲਦੀਆਂ ਹਨ। ਤੱਥ ਤਾਂ ਟੁੱਭੀ ਮਾਰ ਕੇ ਲੱਭਣੇ ਪੈਂਦੇ ਹਨ। ਅਜਿਹਾ ਜਨੂੰਨ ਖੇਡ ਮਾਨਸਿਕਤਾ ਲਈ ਕੋਈ ਬਹੁਤਾ ਉਸਾਰੂ ਸਾਬਤ ਨਹੀਂ ਹੁੰਦਾ ਤੇ ਸ਼ਾਇਦ ਇਸੇ ਕਰਕੇ ਸੰਨੀਂ ਬਿੱਲ ਵਿਲਿਅਮਜ਼ ਇਸ਼ਾਰੇ-ਮਾਤਰ ਨਾਲ ਗੱਲ ਸਮਝਾ ਵੀ ਗਿਆ ਹੈ।