ਕੰਮਾਂ-ਕਾਰਾਂ ਦੀਆਂ ਬੈਠਕਾਂ ਦੌਰਾਨ ਅਸੀਂ ਅਕਸਰ ਹੀ ਵੇਖਿਆ ਹੋਵੇਗਾ ਕਿ ਜਦੋਂ ਕਿਸੇ ਮਸਲੇ ਬਾਰੇ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਕਮਰੇ ਦੇ ਵਿੱਚ ਉਸ ਹਾਥੀ ਦੀ ਗੱਲ ਕਰਦੇ ਹਾਂ ਜਿਸ ਨੂੰ ਅਸੀਂ ਆਪੋ-ਆਪਣੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ। ਪੱਛਮੀ ਮੁਲਕਾਂ ਦੇ ਵਿੱਚ ਕਮਰੇ ਵਿਚਲੇ ਹਾਥੀ ਨੂੰ ਥੋੜ੍ਹੇ ਜਿਹੇ ਵੱਖਰੇ ਸੰਦਰਭ ਵਿੱਚ ਲਿਆ ਜਾਂਦਾ ਹੈ ਪਰ ਮੂ਼ਲ-ਰੂਪ ਉਹੀ ਹੈ। ਛੋਟੇ ਹੁੰਦਿਆਂ ਅਸੀਂ ਇੱਕ ਕਹਾਣੀ ਆਮ ਹੀ ਸੁਣਦੇ ਹੁੰਦੇ ਸੀ ਕਿ ਕੁੱਝ ਲੋਕਾਂ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਉਨ੍ਹਾਂ ਨੂੰ ਹਾਥੀ ਦੇ ਕੋਲ ਲਿਜਾਇਆ ਗਿਆ। ਜਿਸਦੇ ਹੱਥ ਵਿੱਚ ਹਾਥੀ ਦੀ ਸੁੰਢ ਆਈ ਉਹਨੇ ਸੋਚਿਆ ਏ ਕਿ ਸ਼ਾਇਦ ਇਹ ਕੋਈ ਸੱਪ ਹੈ। ਜਿਹਦੇ ਹੱਥ ਵਿੱਚ ਹਾਥੀ ਦਾ ਕੰਨ ਆਇਆ ਉਹਨੇ ਸੋਚਿਆ ਇਹ ਕੋਈ ਪੱਖੀ ਹੈ ਤੇ ਜਿਹਨੇ ਹਾਥੀ ਦੀ ਲੱਤ ਨੂੰ ਛੂਹਿਆ ਉਹਨੇ ਸੋਚਿਆ ਕਿ ਇਹ ਕੋਈ ਥੰਮ ਹੈ। ਜਿਹਦੇ ਹੱਥ ਪੂਛ ਲੱਗੀ ਉਹਨੇ ਸੋਚਿਆ ਕਿ ਸ਼ਾਇਦ ਇਹ ਕੋਈ ਰੱਸੀ ਹੈ।
ਕਹਿਣ ਦਾ ਭਾਵ ਇਹ ਕਿ ਜਿਸ ਨੂੰ ਸੀਮਤ ਰੂਪ ਵਿੱਚ ਹਾਥੀ ਨੂੰ ਛੂਹਣ ਦਾ ਜੋ ਵੀ ਮੌਕਾ ਲੱਗਾ ਉਹਨੇ ਹਾਥੀ ਨੂੰ ਆਪਣੀ ਸੋਚ ਮੁਤਾਬਿਕ ਸਮਝ ਲਿਆ। ਅਸੀਂ ਵੀ ਆਪਣੀ ਰੋਜ਼ਮਰ੍ਹਾ ਜ਼ਿੰਦਗੀ ਦੇ ਵਿੱਚ ਕੁਝ ਇਸ ਤਰ੍ਹਾਂ ਹੀ ਕਰਦੇ ਹਾਂ। ਬਜਾਏ ਇਸ ਦੇ ਕਿ ਕਿਸੇ ਮਸਲੇ ਦਾ ਸਮੁੱਚਾ ਰੂਪ ਵੇਖਿਆ ਜਾਵੇ ਅਸੀਂ ਆਪਣੀ ਸਮਝ ਮੁਤਾਬਕ ਉਸ ਮਸਲੇ ਨੂੰ ਆਪਣੇ ਤੌਰ ਤੇ ਢਾਲਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਇਸ ਦੇ ਬਾਰੇ ਦੋ-ਤਿੰਨ ਮਿਸਾਲਾਂ ਦੇ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ।
ਸਭ ਤੋਂ ਪਹਿਲਾਂ ਮੈਂ ਗੱਲ ਰਵੀ ਸਿੰਘ ਦੇ ਨਾਲ ਸ਼ੁਰੂ ਕਰੂੰਗਾ ਜਿਸ ਦੇ ਬਾਰੇ ਪਿੱਛੇ ਜਿਹੇ ਕਾਫੀ ਰੌਲਾ ਪੈ ਗਿਆ ਸੀ ਕਿ ਉਸਦੀ ਐਨਜੀਓ ਕਿਵੇਂ ਕੰਮ ਕਰਦੀ ਹੈ ਤੇ ਉਹ ਕਿਵੇਂ ਬਿਜ਼ਨਸ ਕਲਾਸ ਵਿੱਚ ਸਫ਼ਰ ਕਰਦਾ ਹੈ ਤੇ ਤਨਖ਼ਾਹ ਲੈਂਦਾ ਹੈ। ਇੱਥੇ ਅਸੀਂ ਇਹ ਵੀ ਭੁੱਲ ਕਰ ਜਾਂਦੇ ਹਾਂ ਕਿ ਅਸੀਂ ਹਰ ਚੀਜ਼ ਨੂੰ ਸੇਵਾ ਦੇ ਸੰਕਲਪ ਦੇ ਨਾਲ ਜੋੜਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਹ ਨਹੀਂ ਸੋਚਦੇ ਕਿ ਇਹ ਸੰਸਥਾਵਾਂ ਕਿਵੇਂ ਚੱਲਦੀਆਂ ਹਨ। ਫਿਰ ਅਸੀਂ ਇਹ ਵੀ ਨਹੀਂ ਸੋਚਦੇ ਕਿ ਰਵੀ ਸਿੰਘ ਦੀ ਸੰਸਥਾ ਜਦੋਂ ਅੱਜ ਤੋਂ ਕੋਈ ਸੱਤ-ਅੱਠ ਸਾਲ ਪਹਿਲਾਂ ਹੋਂਦ ਵਿੱਚ ਆਈ ਸੀ ਤਾਂ ਉਹ ਸੀਰੀਆ ਵਿੱਚ ਹੀ ਕਿਉਂ ਕੰਮ ਕਰ ਰਹੀ ਸੀ? ਫਿਰ ਇਹ ਵੀ ਜਾਨਣ ਦੀ ਕੋਸ਼ਿਸ਼ ਕਰੋ ਕਿ ਸੀਰੀਆ ਵਿੱਚ ਪਿੱਛੇ ਜਿਹੇ ਕੀ ਹੋਇਆ? ਅਮਰੀਕਨ ਫੌਜਾਂ ਕਿਉਂ ਹਟੀਆਂ? ਟਰਕੀ ਨੇ ਫੌਜੀ ਦਖ਼ਲ ਕਿਉਂ ਸ਼ੁਰੂ ਕਰ ਦਿੱਤਾ? ਜੇ ਕੁਝ ਤੁਸੀਂ ਹੋਰ ਖੋਜ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਬਹੁਤ ਸਾਰੀਆਂ ਗੱਲਾਂ ਆਪੇ ਹੀ ਸਪੱਸ਼ਟ ਹੋ ਜਾਣਗੀਆਂ ਜਿਨ੍ਹਾਂ ਦਾ ਮੈਂ ਇੱਥੇ ਵਿਸਥਾਰ ਵਿਚ ਵਰਣਨ ਨਹੀਂ ਕਰਨਾ ਚਾਹੁੰਦਾ।
ਦੂਜੀ ਗੱਲ ਨਿਊਜ਼ੀਲੈਂਡ ਵਿੱਚ ਅੱਜ ਕੱਲ੍ਹ ਚਰਚਾ ਦਾ ਵਿਸ਼ੇ ਬਣੇ ਵੀਜ਼ੇ ਹਨ। ਇੱਕ ਤਾਂ ਮਾਪਿਆਂ ਦਾ ਵੀਜ਼ਾ ਜਿਸ ਵਿੱਚ ਰਾਹਦਾਰੀ ਦਾ ਆਰਥਕ ਮਿਆਰ ਬਹੁਤ ਉੱਚਾ ਕਰ ਦਿੱਤਾ ਗਿਆ ਹੈ। ਦੂਜਾ, ਵਿਆਹਿਆਂ ਜੋੜਿਆਂ ਦੇ ਵੀਜ਼ੇ ਲਈ ਹੁਣ ਨਵੀਂ ਅਪ੍ਰੋਚ ਲਾ ਰਹੀ ਹੈ ਇਮੀਗਰੇਸ਼ਨ ਨਿਊਜ਼ੀਲੈਂਡ। ਇਨ੍ਹਾਂ ਦੋਹਾਂ ਨੂੰ ਸਮਝਣਾ ਹੋਵੇ ਤਾਂ ਸਾਨੂੰ ਦੋ-ਢਾਈ ਸਾਲ ਪਹਿਲਾਂ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਦੇ ਵੈਸਟਪੈਕ ਸਟੇਡੀਅਮ ਦੇ ਵਿੱਚ ਹੋਏ ਬਹੁਤ ਵੱਡੇ “ਪੌਪੂਲੇਸ਼ਨ ਸਟੱਡੀ” ਸੈਮੀਨਾਰ ਵੱਲ ਜਾਣਾ ਪਵੇਗਾ। ਇਸ ਸੈਮੀਨਾਰ ਦੇ ਵਿੱਚ ਇਹ ਗੱਲ ਬੜੀ ਸਪੱਸ਼ਟ ਤੌਰ ਤੇ ਸਾਹਮਣੇ ਆਈ ਸੀ ਕਿ ਸੰਨ 2018 ਤੋਂ ਬਾਅਦ ਇਮੀਗ੍ਰੇਸ਼ਨ ਦੀ ਦਰ ਨੂੰ ਪਰਵਾਸ ਲੋੜਾਂ ਪੂਰੀਆਂ ਹੁੰਦੀਆਂ ਨਜ਼ਰ ਆਉਣ ਕਰਕੇ ਬਹੁਤ ਘਟਾ ਦਿੱਤਾ ਜਾਵੇਗਾ। ਇਹ ਸਾਰਾ ਕੁਝ ਯੂਨੀਵਰਸਿਟੀਆਂ ਦੀ ਪੌਪੂਲੇਸ਼ਨ ਸਟੱਡੀ ਦੀ ਖੋਜ ਦੇ ਉੱਤੇ ਆਧਾਰਤ ਸੀ ਤੇ ਸਹਿਯੋਗ ਇਮੀਗਰੇਸ਼ਨ ਨਿਊਜ਼ੀਲੈਂਡ ਦੇ ਨੀਤੀ ਵਿਭਾਗ ਦਾ ਸੀ। ਇਸ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਕੋਈ ਦਖਲ ਅੰਦਾਜ਼ੀ ਨਹੀਂ ਸੀ। ਪਰ ਛੋਟੇ ਪੱਧਰ ਤੇ ਸੋਚ ਕੇ ਅਸੀਂ ਇੱਥੇ ਹੀ ਕੁੜ੍ਹੀ ਜਾਂਦੇ ਹਾਂ ਕਿ ਪਤਾ ਨਹੀਂ ਫਲਾਣੀ ਰਾਜਨੀਤਿਕ ਪਾਰਟੀ ਨੇ ਇਸ ਤਰ੍ਹਾਂ ਕਰ ਦਿੱਤਾ, ਪਤਾ ਨਹੀਂ ਆਹ ਐੱਮਪੀ ਸਾਡਾ ਮਸਲਾ ਹੱਲ ਕਰ ਦੇਵੇਗਾ। ਪਰ ਇਹ ਤਾਂ ਪਰਵਾਸ ਨੀਤੀ ਹੈ ਅਤੇ ਕਿਸੇ ਵੀ ਨੀਤੀ ਨੂੰ ਟੱਕਰ ਖੋਜ ਅਧਾਰਿਤ ਨੀਤੀ ਦੇ ਨਾਲ ਦਿੱਤੀ ਜਾ ਸਕਦੀ ਹੈ ਥੁੱਕ ਨਾਲ ਵੜੇ ਪਕਾ ਕੇ ਨਹੀਂ।
ਇੱਥੇ ਸਾਨੂੰ ਇਹ ਵੀ ਵੇਖਣਾ ਪਵੇਗਾ ਕਿ ਪੱਛਮੀ ਮੁਲਕਾਂ ਵਿੱਚ ਪਰਵਾਸ, ਖਾਸ ਕਰ ਕੇ ਅੰਗਰੇਜ਼ੀ ਬੋਲਣ ਵਾਲੇ ਮੁਲਕਾਂ ਵਿੱਚ 1990 ਤੋਂ ਬਾਅਦ ਆਮ ਕਰਕੇ ਖੋਲ੍ਹ ਦਿੱਤਾ ਗਿਆ। ਇਸ ਤੋਂ ਪਹਿਲਾਂ ਜਾਂ ਤਾਂ ਕੁਝ ਖਾਸ ਮਨਸੂਬੇ ਹੇਠ ਪਰਵਾਸ ਹੋਏ ਜਾਂ ਫਿਰ ਰਾਜਸੀ ਪਨਾਹ ਨਾਲ। ਪਰ ਅੰਗਰੇਜ਼ੀ ਬੋਲਣ ਵਾਲੇ ਮੁਲਕਾਂ ਵਿੱਚ ਘਟਦੇ ਲਿਬਰਲ ਢਾਂਚੇ ਕਰਕੇ ਅਤੇ ਟਰੰਪ-ਬਰੈਗ਼ਜ਼ਿਟ ਵਰਗਾ ਵਰਤਾਰਾ ਹੋਣ ਕਰਕੇ ਪਰਵਾਸ ਦਾ ਕਾਬਲਾ ਕੱਸਿਆ ਜਾ ਰਿਹਾ ਹੈ। ਵ੍ਹਾਟਸਐਪ ਵਿੱਚ ਗੋਤੇ ਖਾਣ ਦੀ ਥਾਂ ਜੇਕਰ ਥੋੜ੍ਹੀ ਜਿਹੀ ਵੀ ਖੋਜ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਸ ਸਭ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਵੇਗਾ।
ਤੀਜੀ ਮਿਸਾਲ ਮੈਂ ਕੈਨੇਡਾ ਦੀ ਐੱਨ ਡੀ ਪੀ ਪਾਰਟੀ ਦੇ ਨੇਤਾ ਜਗਮੀਤ ਸਿੰਘ ਦੀ ਦਵਾਂਗਾ। ਸਭ ਤੋਂ ਪਹਿਲਾਂ ਤਾਂ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜਗਮੀਤ ਸਿੰਘ ਨੇ ਬਹੁਤ ਵਧੀਆ ਕੰਮ ਕੀਤਾ ਹੈ। ਸਿੱਖੀ ਦੀ ਪਛਾਣ ਵੀ ਵਧਾਈ ਹੈ ਤੇ ਕਾਫ਼ੀ ਪ੍ਰਭਾਵਿਤ ਕਰਨ ਵਾਲੇ ਲੋਕ ਸੰਮੇਲਨ ਕੀਤੇ ਹਨ। ਪਰ ਇਸ ਚੀਜ਼ ਦਾ ਵੀ ਸਾਨੂੰ ਧਿਆਨ ਰੱਖਣਾ ਪਵੇਗਾ ਕਿ ਇਨ੍ਹਾਂ ਚੋਣਾਂ ਦੇ ਵਿੱਚ ਜਗਮੀਤ ਸਿੰਘ ਆਪਣੇ 44 ਐੱਮ ਪੀਆਂ ਨਾਲ ਗਿਆ ਸੀ ਜੋ ਕਿ ਘੱਟ ਕੇ ਹੁਣ ਸਿਰਫ਼ 24 ਰਹਿ ਗਏ ਹਨ। ਉਸ ਤੋਂ ਵੀ ਪਿਛਲੀਆਂ ਚੋਣਾਂ ਵਿੱਚ ਐਨ ਡੀ ਪੀ ਪਾਰਟੀ ਦੇ 103 ਐੱਮ ਪੀ ਸਨ ਅਤੇ ਇਹ ਕੈਨੇਡਾ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਸੀ। ਇਸ ਸਭ ਪਿੱਛੇ ਕੀ ਰਾਜਨੀਤਿਕ ਪੜਚੋਲ ਹੈ ਮੈਂ ਉਸ ਵਿੱਚ ਪੈਣਾ ਨਹੀਂ ਚਾਹੁੰਦਾ ਅਤੇ ਉਹ ਇੱਕ ਵੱਖਰਾ ਹੀ ਚਰਚਾ ਦਾ ਮੁੱਦਾ ਹੈ।
ਹਾਂ ਇੱਕ ਚੀਜ਼ ਬਾਰੇ ਮੈਂ ਹੋਰ ਗੱਲ ਕਰਨੀ ਚਾਹੁੰਦਾ ਹਾਂ। ਉਹ ਸਾਡੇ ਕੈਨੇਡਾ ਦੇ ਪੰਜਾਬੀ ਪੱਤਰਕਾਰ ਹਨ ਜੋ ਬਿਨਾਂ ਸੋਚੇ-ਸਮਝੇ ਟਿੱਪਣੀ ਤੇ ਟਿੱਪਣੀ ਸੁੱਟੀ ਜਾਂਦੇ ਹਨ। ਸ਼ਰਧਾ ਦੇ ਫੁੱਲ ਕੇਰਦਿਆਂ ਇਕ ਪੱਤਰਕਾਰ ਨੇ ਬੜੇ ਭਾਵੁਕ ਹੋ ਕੇ ਕਿਹਾ ਕਿ ਜਗਮੀਤ ਸਿੰਘ ਕੋਈ ਜੈਗ ਧਾਲੀਵਾਲ ਨਹੀਂ ਬਣ ਗਿਆ ਤੇ ਜਗਮੀਤ ਸਿੰਘ ਰਿਹਾ। ਪਰ ਉਸ ਪੱਤਰਕਾਰ ਨੇ ਜੇਕਰ ਥੋੜ੍ਹੀ ਜਿਹੀ ਵੀ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜੇਕਰ ਕੀਤੀ ਹੁੰਦੀ ਤਾਂ ਉਸ ਨੂੰ ਇਹ ਸਹਿਜੇ ਹੀ ਪਤਾ ਲੱਗ ਜਾਣਾ ਸੀ ਕਿ ਰਾਜਨੀਤੀ ਵਿੱਚ ਸਰਗਰਮ ਹੋਣ ਤੋਂ ਪਹਿਲਾਂ ਜਗਮੀਤ ਸਿੰਘ ਆਮ ਕਰਕੇ ਜਿੰਮੀ ਧਾਲੀਵਾਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਪਰ ਇਹ ਤੱਥ ਮੈਂ ਜਗਮੀਤ ਸਿੰਘ ਦੀ ਆਲੋਚਨਾ ਦੇ ਤੌਰ ਤੇ ਨਹੀਂ ਦੇ ਰਿਹਾ ਸਿਰਫ ਇੱਕ ਤੱਥ ਦੇ ਤੌਰ ਤੇ ਦੇ ਰਿਹਾ ਹਾਂ।
ਫਿਰ ਜਿਵੇਂ ਕਿ ਆਮ ਹੁੰਦਾ ਹੀ ਹੈ ਜਿੰਨ੍ਹਾਂ ਲੋਕਾਂ ਦੇ ਲਈ ਵ੍ਹਾਟਸਐਪ ਤੋਂ ਬਾਹਰ ਕੋਈ ਦੁਨੀਆਂ ਹੀ ਨਹੀਂ ਵੱਸਦੀ ਹੈ ਉਨ੍ਹਾਂ ਨੇ ਸ਼ੁਰਲੀਆਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਕਿ ਜਗਮੀਤ ਸਿੰਘ ਕੈਨੇਡਾ ਦਾ ਡਿਪਟੀ ਪ੍ਰਧਾਨ ਮੰਤਰੀ ਬਣ ਗਿਆ ਹੈ। ਕਿਸੇ ਨੇ ਵੀ ਕੋਈ ਤੱਥ ਪੜਚੋਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜੇਕਰ ਕੀਤੀ ਹੁੰਦੀ ਤਾਂ ਸਹਿਜੇ ਹੀ ਪਤਾ ਲੱਗ ਜਾਣਾ ਸੀ ਕਿ ਟਰੂਡੋ ਨੇ ਕਿਸੇ ਕਿਸਮ ਦੀ ਵੀ ਰਾਜਨੀਤਕ ਭਿਆਲ਼ੀ ਤੋਂ ਨਾਂਹ ਕਰ ਦਿੱਤੀ ਹੈ ਤੇ ਇਸ ਭਿਆਲ਼ੀ ਤੋਂ ਬਿਨਾਂ ਜਗਮੀਤ ਸਿੰਘ ਡਿਪਟੀ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਹੈ।
ਸਮੁੱਚੇ ਤੌਰ ਤੇ ਉੱਤੇ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਹਾਥੀ ਨੂੰ ਹਾਥੀ ਦੇ ਤੌਰ ਤੇ ਹੀ ਵੇਖੀਏ ਨਾ ਕਿ ਸੁੰਢ, ਲੱਤ, ਪੂੰਛ ਜਾਂ ਕੰਨ ਫੜ੍ਹ ਕੇ ਆਪਣੇ ਹੀ ਜੱਕੜ ਛੱਡਣੇ ਸ਼ੁਰੂ ਕਰ ਦੇਈਏ।
ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਭਾਜੀ, ਇਮੀਗ੍ਰੇਸ਼ਨ ਬਾਰੇ ਹੋਰ ਖ਼ੁਲਾਸਾ ਕਰੋ।