ਇਕੱਲਿਆਂ ਸਫ਼ਰ ਕਰਦਿਆਂ ਦੌਰਾਨ – ਭਾਵੇਂ ਕਿਤੇ ਘੁੰਮਣ ਜਾ ਰਿਹਾ ਹੋਵਾਂ ਜਾਂ ਕਿਤੇ ਕੰਮ ਤੇ ਜਾ ਰਿਹਾ ਹੋਵਾਂ ਜਾਂ ਮੈਂ ਵੈਲਿੰਗਟਨ ਦੇ ਆਲੇ ਦੁਆਲੇ ਦੀਆਂ ਪਗਡੰਡੀਆਂ ਗਾਹ ਰਿਹਾ ਹੋਵਾਂ, ਮੈਂ ਅਕਸਰ ਹੀ ਔਡੀਬਲ (Audible) ਦੀਆਂ ਕਿਤਾਬਾਂ ਸੁਣਦਾ ਰਹਿੰਦਾ ਹਾਂ।
ਪਰ ਕਦੀ ਕਦੀ ਇਹ ਵੀ ਚਿੱਤ ਕਰ ਉਠਦਾ ਹੈ ਗੀਤ ਵੀ ਸੁਣੇ ਜਾਣ ਤੇ ਅਮੂਮਨ ਮੈਂ ਕਿਸੇ ਨਾ ਕਿਸੇ ਚੰਦਾ ਭਰੀ ਸੇਵਾ ਜਿਵੇਂ ਕਿ ਸਪੌਟੀਫ਼ਾਈ ਉੱਤੇ ਗੀਤਾਂ ਦੀਆਂ ਲੜੀਆਂ ਸੁਣਦਾ ਰਹਿੰਦਾ ਸਾਂ। ਪਰ ਇਸ ਸਾਲ ਦੇ ਸ਼ੁਰੂ ਵਿੱਚ ਮੈਨੂੰ ਇੱਕ ਅਜਿਹਾ ਗੀਤ ਲੱਭਾ ਜਿਹੜਾ ਕਿ ਮੈਂ ਪੱਕੇ ਤੌਰ ਤੇ ਉੱਤੇ ਹੀ ਘੁੰਡੀ (loop) ਵਿੱਚ ਬੰਨ੍ਹ ਕੇ ਸੁਣਨਾ ਸ਼ੁਰੂ ਕਰ ਦਿੱਤਾ ਤੇ ਇਸ ਗੀਤ ਨੂੰ ਮੈਂ ਹੁਣ ਤੱਕ ਦੋ ਸੌ ਵਾਰੀ ਸੁਣ ਚੁੱਕਾ ਹਾਂ।
ਇਹੋ ਜਿਹਾ ਗੀਤ ਭਾਵੇਂ ਤੁਹਾਨੂੰ ਮੁਫ਼ਤ ਦੇ ਵਿੱਚ ਯੂਟਿਊਬ ਜਾਂ ਕਿਤੇ ਹੋਰ ਵੀ ਮਿਲ ਜਾਵੇ ਪਰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਸ ਕਲਾਕਾਰ ਨੂੰ ਬਣਦਾ-ਤਣਦਾ ਮਾਣ ਦਿੱਤਾ ਜਾਵੇ ਤੇ ਮੈਂ ਅਜਿਹਾ ਗੀਤ ਗੂਗਲ ਪਲੇ ਸਟੋਰ ਤੋਂ ਜ਼ਰੂਰ ਖਰੀਦ ਲੈਂਦਾ ਹਾਂ।
ਅਜਿਹੇ ਗਾਣੇ ਨੂੰ ਜਦ ਤੁਸੀਂ ਗੂਗਲ ਸੰਗੀਤ ਦੀ ਐਪ ਦੇ ਉੱਤੇ ਸੁਣਦੇ ਹੋ ਤਾਂ ਉਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਗੀਤ ਦਾ ਮੀਟਰ ਨਾਲ ਨਾਲ ਚੱਲਦਾ ਰਹਿੰਦਾ ਹੈ ਜੋ ਤੁਹਾਨੂੰ ਇਹ ਦੱਸਦਾ ਹੈ ਕਿ ਤੁਸੀਂ ਇਹ ਗੀਤ ਕਿੰਨੀ ਵਾਰ ਸੁਣ ਲਿਆ ਹੈ।
ਜਿਹੜਾ ਗੀਤ ਮੈਂ ਉੱਪਰ ਦੱਸਿਆ ਕਿ ਸਾਲ ਦੇ ਸ਼ੁਰੂ ਵਿੱਚ ਖਰੀਦਿਆ ਉਹ ਗੈਰੀ ਸੰਧੂ ਦਾ “ਦੋ ਗੱਲਾਂ” ਸੀ ਤੇ ਮੈਨੂੰ ਜਾਪਦਾ ਸੀ ਕਿ ਪਤਾ ਨਹੀਂ ਸ਼ਾਇਦ ਕੋਈ ਨਵਾਂ ਗੀਤ ਛੇਤੀ ਹੀ ਇਸਦੀ ਥਾਂ ਲੈ ਸਕੇ ਕਿ ਨਾ!
ਪਰ ਪਿਛਲੇ ਹੀ ਹਫ਼ਤੇ ਮੈਨੂੰ ਸੱਜਾਦ ਅਲੀ ਦਾ ਗਾਇਆ ਗਾਣਾ ਰਾਵੀ ਲੱਭ ਗਿਆ। ਵਾਕਿਆ ਹੀ ਇਹ ਗਾਣਾ ਵੀ ਕਾਫੀ ਭਾਵੁਕ ਕਰਨ ਵਾਲਾ ਹੈ।
ਹੁਣ ਜਦ ਵੀ ਮੈਂ ਜਾਂ ਤਾਂ ਕੋਈ ਔਡੀਬਲ ਦੀ ਕਿਤਾਬ ਸੁਣ ਕੇ ਵਿਹਲਾ ਹੁੰਦਾ ਹਾਂ ਜਾਂ ਵਿੱਚ ਵਿਚਾਲੇ ਕਿਤੇ ਆਪਣਾ ਮਿਜ਼ਾਜ ਬਦਲਣਾ ਚਾਹੁੰਦਾ ਹੁੰਦਾ ਹਾਂ ਤਾਂ ਹੁਣ ਸੱਜਾਦ ਅਲੀ ਦਾ ਰਾਵੀ ਗਾਣਾ ਘੁੰਡੀ ਵਿੱਚ ਬੰਨ੍ਹ ਕੇ ਸੁਣਦਾ ਰਹਿੰਦਾ ਹਾਂ।