ਕੱਲ ਛੁੱਟੀ ਵਾਲੇ ਦਿਨ, ਯੂ ਟਿਊਬ ਫਰੋਲਦਿਆਂ ਅਚਾਨਕ ਹੀ ਮੈਨੂੰ ਨਿਊਜ਼ਨੰਬਰ ਦੇ ਪੰਜਾਬੀ ਗੀਤਕਾਰੀ ਬਾਰੇ ਵੀਡਿਓ ਲੱਭ ਪਏ। ਵੀਡਿਓ ਪੇਸ਼ਕਾਰੀ ਚੰਗੀ ਸੀ ਤੇ ਕੰਮ ਵੀ ਸਾਰਾ ਪਾਏਦਾਰ ਤੇ ਦਸਤਾਵੇਜ਼ੀ ਸੀ। ਸੋ, ਇਕ ਤੋਂ ਬਾਅਦ ਇਕ – ਚੱਲ ਸੋ ਚੱਲ – ਲਗਪਗ ਸਾਰੀ ਦਿਹਾੜੀ ਹੀ ਇਨ੍ਹਾਂ ਵੀਡਿਓਆਂ ਦੇ ਲੇਖੇ ਲਾ ਦਿੱਤੀ। ਪਰ ਫਾਇਦਾ ਇਹ ਹੋਇਆ ਕਿ ਅਜੋਕੀ ਪੰਜਾਬੀ ਗੀਤਕਾਰੀ ਦਾ ਸਾਰਾ ਕੱਚਾ-ਚਿੱਠਾ ਖੁੱਲ ਕੇ ਸਾਹਮਣੇ ਆ ਗਿਆ।
ਮੇਰੇ ਲਈ ਸਭ ਤੋਂ ਪਹਿਲੀ ਬੁਝਾਰਤ ਵਾਰਿਸ ਭਰਾਵਾਂ ਬਾਰੇ ਸੁਲਝੀ। ਵੀਹ ਕੁ ਸਾਲ ਪਹਿਲਾਂ ਮੈਂ ਮਨਮੋਹਨ ਵਾਰਿਸ ਦੇ ਕਈ ਗੀਤ ਸੁਣੇ ਤੇ ਲੱਗਿਆ ਸੀ ਕਿ ਮੈਂ ਚੰਗੀ ਪੰਜਾਬੀ ਗਾਇਕੀ ਸੁਣ ਰਿਹਾਂ ਸਾਂ। ਪਰ ਹੌਲ਼ੀ-ਹੌਲ਼ੀ ਲੰਘਦੇ ਵਰ੍ਹਿਆਂ ਦੌਰਾਨ ਇਹ ਮਹਿਸੂਸ ਹੋਇਆ ਕੇ ਵਾਰਿਸ ਭਰਾ ਗਾਉਂਦੇ-ਗਾਉਂਦੇ ਕਿਤੇ ਗਲਤ ਮੋੜ ਕੱਟ ਗਏ ਤੇ ਸ਼ਾਹ-ਰਾਹ ਤੋਂ ਕੱਚੇ ਲਹਿ ਕੇ ਟੋਟਕੇ ਗਾਉਣ ਜੋਗੇ ਹੀ ਰਹਿ ਗਏ। ਗਾਇਕੀ ਤੋਂ ਹਟ ਕੇ ਉਹ ਮੰਚ-ਕਲਾਕਾਰੀ, ਨੱਚਣ-ਟੱਪਣ ਅਤੇ ਚਮਕੀਲੇ ਕਪੜਿਆਂ ਨੂੰ ਹੀ ਵਧੇਰੇ ਤਰਜੀਹ ਦੇਣ ਲੱਗ ਪਏ। ਸਾਰਿਆਂ ਨੂੰ ਪਤਾ ਹੈ ਕਿ ਚਮਕ-ਦਮਕ ਵੇਖ ਕੇ ਹਰ ਕੋਈ ਪਰਭਾਵਿਤ ਹੋ ਜਾਂਦਾ ਹੈ। ਪਰ ਮੇਰੇ ਲਈ ਨਿਜੀ ਤੌਰ ਤੇ ਮਨਮੋਹਨ ਵਾਰਿਸ, ਪੰਜਾਬੀ ਵਿਰਸੇ ਦੀ ਮਲਕੀਅਤ ਦੀ ਖੁਸ਼ਫਹਿਮੀ ਦਾ ਸ਼ਿਕਾਰ, ਅਰਸ਼ਾਂ ਤੋਂ ਫਰਸ਼ਾਂ ਤੇ ਡਿਗ ਪਿਆ।
ਦੇਵ ਥਰੀਕੇਵਾਲੇ ਨਾਲ ਹੋਈ ਗੱਲਬਾਤ ਨੇ ਪਹਿਲਾਂ ਤਾਂ ਇਹ ਗੁੱਥੀ ਸੁਲਝਾਈ ਕਿ ਹਰਦੇਵ ਦਿਲਗੀਰ ਕਿੱਧਰ ਗਾਇਬ ਹੋ ਗਿਆ ਸੀ। ਸਪਸ਼ਟ ਹੋ ਗਿਆ ਕਿ ਨਾਂ ਦੀ ਬਦਲੀ ਵਾਰਤਕ ਲਿਖਣ ਤੋਂ ਗੀਤ ਲਿਖਣ ਵੱਲ ਮੋੜ ਕੱਟ ਜਾਣ ਕਰਕੇ ਹੋਈ। ਗੀਤਕਾਰ ਵੱਜੋਂ ਮਸ਼ਹੂਰ ਹੋਣ ਦੇ ਬਾਵਜੂਦ ਦੇਵ ਥਰੀਕੇਵਾਲਾ ਇਸ ਗੱਲ ਤੋਂ ਮਾਯੂਸ ਸਨ ਕਿ ਉਹ ਵਾਰਤਕ ਛੱਡ ਕਿ ਕਿੱਧਰ ਗੀਤ ਲਿਖਣ ਵਾਲੇ ਪਾਸੇ ਤੁਰ ਪਏ। ਇਸ ਦਾ ਕਾਰਣ ਸਹਿਜੇ ਹੀ ਸਮਝ ਆ ਜਾਂਦਾ ਹੈ। ਜੇਕਰ ਉਹ ਅੱਜ ਗਿਣਤੀ ਦੇ ਦਸ ਕੁ ਪੰਜਾਬੀ ਗੀਤਕਾਰਾਂ ਵਿੱਚ ਕਿਤੇ ਇਕੱਠੇ ਬੈਠ ਜਾਣ ਤਾਂ ਇਕ-ਅੱਧ ਨੂੰ ਛੱਡ ਕੇ ਕਿਸੇ ਨਾਲ ਹਾਲ-ਚਾਲ ਪੁੱਛਣ ਜੋਗੀ ਵੀ ਗੱਲ ਨਹੀਂ ਕਰ ਸਕਣਗੇ ਕਿਉਂਕਿ ਗੱਲ ਕਰਨ ਤੋਂ ਪਹਿਲਾਂ ਸਾਰੇ ਮਿਆਰ ਛਿੱਕੇ ਟੰਗਣੇ ਪੈਣਗੇ।
ਕੁੰਢਾ ਸਿੰਘ ਧਾਲੀਵਾਲ ਦਾ ਨਾਂ ਮੈਂ ਪਹਿਲਾਂ ਕਦੀ ਨਹੀਂ ਸੀ ਸੁਣਿਆ। ਪਰ ਨਿਊਜ਼ਨੰਬਰ ਦੇ ਵੀਡਿਓ ਦੌਰਾਨ ਉਹ ਆਪਣੇ ਜਿਸ ਵੀ ਮਸ਼ਹੂਰ ਹੋਏ ਗੀਤ ਦੀ ਗੱਲ ਕਰਦੇ ਤਾਂ ਮੈਂ ਨਾਲ ਦੀ ਨਾਲ ਵੀਡਿਓ ਰੋਕ ਕੇ, ਦੂਜੀ ਟੈਬ ਖੋਲ ਕੇ ਯੂ ਟਿਊਬ ਤੇ ਉਹ ਗੀਤ ਸੁਣਦਾ ਰਿਹਾ ਤਾਂ ਜੋ ਸਾਰੀ ਕਹਾਣੀ ਸਮਝ ਸਕਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁੰਢਾ ਸਿੰਘ ਧਾਲੀਵਾਲ ਦੀ ਗੀਤਕਾਰੀ ਚੰਗੀ ਹੈ। ਪਰ ਮਸ਼ਹੂਰੀ ਖੱਟਣ ਦੀ ਇੱਛਾ ਹੋਣ ਕਰਕੇ ਉਨ੍ਹਾਂ ਦੀ ਚੰਗੀ ਗੀਤਕਾਰੀ ਉੱਤੇ ਅਲੰਕਾਰਾਂ ਦੀ ਮੈਲ ਚੜ੍ਹੀ ਹੋਈ ਹੈ।
ਦੇਬੀ ਮਖਸੂਸਪੁਰੀ ਨਾਲ ਹੋਈ ਗੱਲਬਾਤ ਵੀ ਅੱਖਾਂ ਖੋਹਲਣ ਵਾਲੀ ਸੀ। ਮੈਨੂੰ ਲੱਗਿਆ ਕਿ ਉਨ੍ਹਾਂ ਦਾ ਗੀਤਕਾਰੀ ਦਾ ਸਫ਼ਰ ਚੰਡੋਲ ਝੂਟਣ ਵਾਂਙ ਹੋ ਨਿੱਬੜਿਆ ਹੈ। ਗੱਲਬਾਤ ਕਰਦੇ ਦੇਬੀ ਕਈ ਵਾਰ ਮੈਨੂੰ ਮਾਯੂਸ ਲੱਗੇ ਪਰ ਮੈਂ ਤਾਂ ਇਹ ਉਨ੍ਹਾਂ ਸੀ ਸ਼ਾਬਾਸ਼ੀ ਕਹਾਂਗਾ ਕਿ ਉਨ੍ਹਾਂ ਨੇ ਮਿਆਰ ਦਾ ਜਿਹੜਾ ਉਪਰਲਾ ਡੰਡਾ ਫੜਿਆ ਹੋਇਆ ਹੈ ਉਹ ਕਿਸੇ ਕਿਸਮ ਦੇ ਵੀ ਦਬਾਅ ਹੇਠ ਆ ਕੇ ਛੱਡਿਆ ਨਹੀਂ। ਜਿਹੜੇ ਅੱਜ ਦੇ ਕਈ ਗੀਤਕਾਰ ਦੇਬੀ ਨੂੰ ਪਰੇਰਨਾਸ੍ਰੋਤ ਮੰਨ ਕੇ ਲਿਖ ਰਹੇ ਹਨ ਤੇ ਦੇਬੀ ਦੇ ਮਨ ਵਿੱਚ ਗੁੰਝਲਾਂ ਪੈਦਾ ਕਰ ਰਹੇ ਹਨ, ਉਸ ਬਾਰੇ ਮੈਂ ਸਿਰਫ ਦੋ ਕੁ ਹੀ ਗੱਲਾਂ ਕਰਨੀਆਂ ਚਾਹਵਾਂਗਾ। ਛੋਟੇ ਹੁੰਦੇ ਅਸੀਂ ਕਈ ਵਾਰ “ਮਿਆਰਾਂ” ਅਤੇ “ਪੈਮਾਨਿਆਂ” ਬਾਰੇ ਕਿਸੇ ਗੁੰਝਲ ਵਿੱਚ ਫਸ ਜਾਂਦੇ ਸਾਂ ਤਾਂ ਇਕ ਗੱਲ ਕੋਈ ਵੀ ਗੰਢ ਝੱਟ ਦੇਣੇ ਖੋਲ ਦਿੰਦੀ ਸੀ। ਉਹ ਇਹ ਕਿ “ਮਸ਼ਹੂਰ ਤਾਂ ਰੰਡੀ ਤੇ ਬਦਮਾਸ਼ ਵੀ ਬਹੁਤ ਹੁੰਦੇ ਹਨ” ਤੇ ਨਾਲ ਦੀ ਨਾਲ ਇਹ ਗੱਲ ਵੀ ਕਿ ਵੱਡੇ-ਵੱਡੇ ਮੱਜਮੇ ਤਾਂ ਮਦਾਰੀ ਵੀ “ਝੁਰਲੂ-ਫੁਲਤਰੂ” ਦੇ ਨਾਂ ਤੇ ਬਹੁਤ ਲਾ ਲੈਂਦੇ ਹਨ। “ਅਨਪੜ੍ਹਤਾ ਜ਼ਿੰਦਾਬਾਦ” ਕਹਿੰਦਾ ਹੋਇਆ ਕੋਈ ਵੀ ਕਾਫਲਾ ਭਾਵੇਂ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ਉਸ ਦੇ ਮਗਰ ਤੁਰ ਪੈਣ ਦੀ ਕੋਈ ਲੋੜ ਨਹੀਂ।