Posted in ਚਰਚਾ

ਪੰਜਾਬ ਚੋਣਾਂ – 2017

ਬੀਤੀ 11 ਮਾਰਚ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਵ੍ਹਾਟਸਐਪ ਅਤੇ ਫੇਸਬੁੱਕ ਤੇ ਚਲ ਰਿਹਾ “ਇਨਕਲਾਬ” ਆਖਿਰ ਥੰਮ੍ਹ ਗਿਆ।  ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਬਹੁਤ ਸਾਰੇ ਲੋਕਾਂ ਨੂੰ ਡਾਢਾ ਮਾਯੂਸ ਕੀਤਾ ਖਾਸ ਤੌਰ ਤੇ ਬਾਹਰਲੇ ਮੁਲਕਾਂ ਵਿੱਚ ਵੱਸਦੇ ਪੰਜਾਬੀਆਂ ਨੂੰ।  ਹਰ ਕੋਈ ਆਮ ਆਦਮੀ ਪਾਰਟੀ ਦੀ “ਸ਼ਾਨਦਾਰ ਜਿੱਤ” ਯਕੀਨੀ ਕਰੀ ਬੈਠਾ ਸੀ।  ਪਰ ਅੱਗੇ ਗੱਲ ਕਰਨ ਤੋਂ ਪਹਿਲਾਂ ਹੇਠਾਂ ਖਾਨੇਵਾਰ ਖਾਕੇ ਤੇ ਥੋੜੀ ਝਾਤ ਮਾਰ ਲਵੋ।   

punjab elections

ਕਾਂਗਰਸ ਦਾ ਵੋਟ ਫ਼ੀਸਦੀ ਘਟ ਰਿਹਾ ਹੈ ਪਰ ਸੀਟਾਂ ਵੇਖੋ ਕਿਵੇਂ ਛਲਾਂਗਾ ਮਾਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀਆਂ ਸੀਟਾਂ ਤੇ ਵੋਟ ਫ਼ੀਸਦੀ ਡਿਗ ਛੜੱਪਾ ਕਰ ਰਿਹਾ ਹੈ। ਭਾਜਪਾ ਦਾ ਵੋਟ ਫ਼ੀਸਦੀ ਥੋੜਾ ਘਟਿਆ ਹੈ ਪਰ ਸੀਟਾਂ ਜ਼ਿਆਦਾ ਹੀ ਖੁੱਸ ਗਈਆਂ ਹਨ। ਮਨਪ੍ਰੀਤ ਬਾਦਲ 2012 ਵਿੱਚ 5.67 ਫ਼ੀਸਦੀ ਵੋਟਾਂ ਲੈ ਕੇ ਇਕ ਵੀ ਸੀਟ ਹਾਸਲ ਨਹੀਂ ਕਰ ਸਕਿਆ ਪਰ ਲੋਕ ਇਨਸਾਫ਼ ਪਾਰਟੀ ਨੇ 2017 ਵਿੱਚ ਸਿਰਫ 1.2 ਫ਼ੀਸਦੀ ਵੋਟਾਂ ਨਾਲ ਮਲਕੜੇ ਜਿਹੇ ਦੋ ਸੀਟਾਂ ਜਿੱਤ ਲਈਆਂ। 

ਆਂਕੜਿਆਂ ਦਾ ਜਮ੍ਹਾ-ਘਟਾਓ ਤਾਂ ਚਲਦਾ ਹੀ ਰਹੇਗਾ ਪਰ ਆਓ ਜ਼ਰਾ ਆਮ ਆਦਮੀ ਪਾਰਟੀ ਬਾਰੇ ਵੀ ਥੋੜੀ ਜਿਹੀ ਗੱਲ ਕਰ ਲਈਏ।  ਜਿੱਤਣ ਤੋਂ ਬਾਅਦ ਇਸ ਨੇ ਸੂਬੇ ਦਾ ਮੁੱਖ ਮੰਤਰੀ ਕਿਸਨੂੰ ਬਣਾਉਣਾ ਸੀ? ਕਿਸੇ ਨੂੰ ਨਹੀਂ ਪਤਾ। ਪੰਜਾਬ ਦੀ ਆਰਥਿਕਤਾ ਅਤੇ ਕਿਸਾਨੀ ਬਾਰੇ ਨੀਤੀ ਪੱਤਰ? ਕੋਈ ਨਹੀਂ। ਪੰਜਾਬ ਵਿੱਚ ਹੋਈਆਂ ਪੁਲਿਸ ਵਧੀਕੀਆਂ ਦੀ ਪੜਤਾਲ ਕਰਵਾਉਣ ਬਾਰੇ ਕੋਈ ਹਾਮੀ? ਕੋਈ ਨਹੀਂ। ਪੰਜਾਬ ਦੇ ਪਾਣੀਆਂ ਬਾਰੇ ਕੋਈ ਬਿਆਨ? ਕੋਈ ਨਹੀਂ।  ਪੰਜਾਬ ਵਿੱਚ ਡਿਗਦੇ ਵਿਦਿਅਕ ਮਿਆਰ ਨੂੰ ਠੱਲ ਪਾਉਣ ਬਾਰੇ ਕੋਈ ਐਲਾਨ ਨਾਮਾ? ਕੋਈ ਨਹੀਂ। ਰੁਲਦੀ ਫਿਰਦੀ ਮਾਂ ਬੋਲੀ ਪੰਜਾਬੀ ਨੂੰ ਬਣਦਾ ਇੱਜ਼ਤ ਮਾਨ ਦੇਣ ਦੀ ਕੋਈ ਸਹੁੰ? ਕੋਈ ਨਹੀਂ। ਤਾਂ ਫਿਰ ਪੂਛ ਨੂੰ ਅੱਗ ਕੀ ਸਿਰਫ ਰਿਸ਼ਵਤਖੋਰੀ ਦੀ ਖਿਲਾਫਵਰਜ਼ੀ ਦੀ ਲੱਗੀ ਹੋਈ ਸੀ? ਉਪਰ ਏਨੇ ਸਾਰੇ “ਕੋਈ ਨਹੀਂ”।  ਚੰਗਾ ਹੋਇਆ ਆਮ ਆਦਮੀ ਪਾਰਟੀ ਵਾਲੇ ਜਿੱਤੇ ਨਹੀਂ।  ਨਹੀਂ ਤਾਂ ਪੰਜਾਬੀ ਦੀ ਉਹ ਕਹਾਵਤ ਸੱਚ ਹੋ ਜਾਣੀ ਸੀ ਕਿ ਬਾਂਦਰਾਂ ਹੱਥ ਟੋਪੀਆਂ ਆ ਗਈਆਂ। 

ਦਿੱਲੀ ਦੀ ਰਾਜਨੀਤੀ ਤੇ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਫਰਕ ਹੈ। ਮੈਨੂੰ ਪੰਜਾਬ ਤੋਂ ਨਿਕਲੇ ਨੂੰ 26 ਸਾਲ ਹੋ ਗਏ ਹਨ।  ਸਾਡੇ ਵੇਲੇ ਤਾਂ ਪੰਜਾਬ ਵਿੱਚ ਐਮ.ਐਲ.ਏ ਦਾ “ਲੋਕ ਰੁਤਬਾ” ਐਮ.ਪੀ. ਨਾਲੋਂ ਵੱਧ ਹੁੰਦਾ ਸੀ।  ਕਈ ਲੋਕ ਐਮ.ਪੀ. ਬਨਣ ਤੋਂ ਬਾਅਦ ਅਗਲੀ ਪੌੜੀ ਐਮ.ਐਲ.ਏ ਦੀ ਚੜ੍ਹਦੇ ਸਨ। ਆਮ ਆਦਮੀ ਪਾਰਟੀ ਨੇ ਭਾਵੇਂ ਪੰਜਾਬ ਵਿੱਚੋਂ ਐਮ. ਪੀ. ਤਾਂ ਪਹਿਲਾਂ ਬਣਾ ਲਏ ਪਰ ਅਸਲੀ ਪੇਚਾ ਤਾਂ ਵਿਧਾਨ ਸਭਾ ਵਿੱਚ ਪੈਣਾ ਹੈ। ਇਸ ਲਿਖਤ ਵਿੱਚ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਰੱਖ ਕੇ ਮੈਂ ਕਿਸੇ ਹੋਰ ਪਾਰਟੀ ਦੀ ਤੂਤੀ ਨਹੀਂ ਵਜਾਉਣ ਲੱਗਾ। ਮੇਰਾ ਨਿਗਾਹ ਤਾਂ ਉਨ੍ਹਾਂ ਮਸਲਿਆਂ ਤੇ ਟਿਕੀ ਹੈ ਜਿਨ੍ਹਾਂ ਬਾਰੇ ਉਪਰ ਕੀਤੇ ਸੁਆਲਾਂ ਦੇ ਜੁਆਬ “ਕੋਈ ਨਹੀਂ” ਹਨ।  ਇਸ ਗੱਲ ਦੀ ਆਸ ਰੱਖਣਾ ਹੀ ਗੁਨਾਹ ਹੈ ਕਿ ਬਾਕੀ ਦੀਆਂ ਪਾਰਟੀਆਂ ਇਨ੍ਹਾਂ ਮਸਲਿਆਂ ਦੇ ਕਿਤੇ ਲਾਗੇ ਵੀ ਢੁੱਕ ਜਾਣ। 

ਅੱਜ ਆਮ ਆਦਮੀ ਪਾਰਟੀ ਪੰਜਾਬ ਦੀ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਬਣ ਗਈ ਹੈ। ਹੁਣ ਆਮ ਆਦਮੀ ਪਾਰਟੀ ਕੋਲ ਪੰਜ ਸਾਲ ਦਾ ਵਕਤ ਹੈ ਕਿ ਉਹ ਸਾਬਿਤ ਕਰਨ ਕਿ ਉਨ੍ਹਾਂ ਕੋਲ ਠੋਸ ਨੀਤੀਆਂ ਅਤੇ ਬੁਲਾਰੇ ਹਨ ਤੇ ਉਹ ਉਪਰ ਲਿਖੇ ਮਸਲਿਆਂ ਉੱਤੇ ਦਲੇਰਾਨਾ ਕਦਮ ਚੁੱਕ ਸਕਦੇ ਹਨ। ਜੇਕਰ ਕਾਮਯਾਬ ਰਹੇ ਤਾਂ ਮੇਰੇ ਵਰਗਿਆਂ ਨੂੰ ਇਕ ਵਾਰ ਫਿਰ ਪੰਜਾਬ ਦੀਆਂ ਚੋਣਾਂ ਵਿੱਚ ਦਿਲਚਸਪੀ ਪੈਦਾ ਹੋਵੇਗੀ। ਨਹੀਂ ਤਾਂ ਇਹੀ ਕਿਹਾ ਕਰਾਂਗੇ ਕਿ ਜੋ ਸੋਚ ਕੇ ਪੰਜਾਬ ਛੱਡਿਆ ਸੀ ਉਹੀ ਸਭ ਕੁਝ ਹੋ ਰਿਹਾ ਹੈ।

Posted in ਚਰਚਾ, ਸਮਾਜਕ

ਵਿਰਸਾ, ਵਿਰਾਸਤ ਅਤੇ ਅਗਵਾਈ—ਸਿੱਖ ਨਜ਼ਰੀਆ

ਸਿੱਖ ਇਤਿਹਾਸ ਸੁਨਹਿਰੇ ਪੰਨਿਆਂ ਨਾਲ ਭਰਿਆ ਪਿਆ ਹੈ। ਇਨ੍ਹਾਂ ਪੰਨਿਆਂ ਵਿੱਚ ਗੁਰੂ ਸਾਹਿਬਾਨ ਦਾ ਵਕਤ ਹੈ ਅਤੇ “ਸਬਦੁ” ਦੀ ਉੱਚਤਾ ਹੈ:

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ  ਹਉਮੈ ਅਗਨਿ ਨਿਵਾਰੀ ॥੪੪॥ ਪੰਨਾ ੯੪੩ ਸਿਧ ਗੋਸਟ

ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਮੁਤਾਬਿਕ ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।  ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ।ਤੇ, ਹੇ ਨਾਨਕ! ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ। ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ, (ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦ-ਗ਼ਰਜ਼ੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ ॥੪੪॥

ਸ਼ਬਦ ਤੋਂ ਬਾਅਦ ਸਿਖ ਇਤਿਹਾਸ ਲਾਸਾਨੀ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਗੁਰੂ ਸਾਹਿਬਾਨ, ਸਾਹਿਬਜ਼ਾਦੇ, ਪਿਆਰੇ, ਮੁਕਤੇ । ਖਾਲਸਾਈ ਸ਼ਾਨੋ ਸ਼ੌਕਤ।  ਤੇ ਫਿਰ ਨਾਨਕ ਸ਼ਾਹੀ ਸਿੱਕਾ:

ਸਿੱਕਾ ਜ਼ਦ ਬਰ ਹਰ ਦੋ ਆਲਮ ਫਜ਼ਲ ਸੱਚਾ ਸਾਹਿਬ ਅਸਤ। ਗੁਰੂ ਗੋਬਿੰਦ ਸਿੰਘ ਸ਼ਾਹ ਏ ਸ਼ਾਹਾਨ ਤੇਗ਼ ਏ ਨਾਨਕ ਵਾਹਿਬ ਅਸਤ
ਪਿਛਲੇ ਪਾਸੇ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਮੁਹਰ।

ਨਾਨਕ ਸ਼ਾਹੀ ਸਿੱਕਾ ਨਾਨਕ ਦੀ ਤੇਗ਼ ਤੋਂ ਚੱਲਿਆ ਸੀ। ਅਸੀਂ ਅੱਜ ਗੁਰੂ ਨਾਨਕ ਸਾਹਿਬ ਦੀ ਤੇਗ਼ ਨੂੰ ਭੁੱਲੇ ਬੈਠੇ ਹਾਂ ਤੇ ਭਟਕੇ ਹੋਏ ਨਾਨਕ ਨੂੰ ਸ਼ਬਦ ਵਿੱਚੋਂ ਨਾ ਲੱਭ ਕੇ, ਅਸੀਂ ਕਦੇ ਕਿਸੇ ਤਸਵੀਰ ਵੱਲ ਝਾਕਦੇ ਹਾਂ ਤੇ ਕਦੀ ਕਿਸੇ ਵੱਲ। ਇਕ ਵੀ ਤਸਵੀਰ ਅਜਿਹੀ ਨਹੀਂ ਜਿਹੜੀ ਨਾਨਕ ਸ਼ਾਹੀ ਸਿੱਕੇ ਵਾਲੇ ਨਾਨਕ ਦੀ ਤਰਜ਼ੁਮਾਨੀ ਕਰਦੀ ਹੋਵੇ। ਨਾਨਕ ਦੀ ਤਲਵਾਰ ਤਾਂ ਸਾਡੀ ਯਾਦਾਸ਼ਤ ਵਿੱਚੋਂ ਗੁੰਮ ਹੀ ਕਰ ਦਿੱਤੀ ਗਈ ਹੈ। ਕਿਸੇ ਤਸਵੀਰ ਵਿੱਚ ਹੱਥੀਂ ਮਾਲਾ ਫੜੀ ਨਜ਼ਰ ਆਉਂਦੀ ਹੈ ਕਿਤੇ ਗੁੱਟ ਤੇ ਰੱਖੜੀ। ਕਾਲੀ ਬੇਈਂ ਵਾਲਾ ਵਾਕਿਆ ਗੁਰੂ ਨਾਨਕ ਸਾਹਿਬ ਦੀ ਉਮਰ ਦੇ ੩੦ਵਿਆਂ ਵਿੱਚ ਅਤੇ ਉਦਾਸੀਆਂ ੫੦ ਸਾਲ ਦੀ ਉਮਰ ਤੋਂ ਪਹਿਲਾਂ-ਪਹਿਲਾਂ ਕਰਣ ਦੇ ਬਾਵਜੂਦ ਵੀ ਤਸਵੀਰਾਂ ਵਾਲਿਆਂ ਦਾ ਸਾਰਾ ਜ਼ੋਰ ਨਾਨਕ ਨੂੰ ਸੱਤਰ ਸਾਲ ਦਾ ਵਖਾਉਣ ਵੱਲ ਹੈ। ਇਹ ਸਾਡੇ ਸਾਰਿਆਂ ਲਈ ਇਕ ਸੋਚਣ ਵਾਲਾ ਸੁਆਲ ਹੈ।

ਨਾਨਕ ਸ਼ਾਹੀ ਸਿੱਕੇ ਤੋਂ ਕੁਝ ਦਹਾਕੇ ਬਾਅਦ ਸ਼ੁਰੂ ਹੋਇਆ ਮਿਸਲਾਂ ਦਾ ਵਕਤ।  ਅੰਦਰੂਨੀ ਝਗੜੇ ਵੀ ਸਨ ਪਰ ਸਿਰਮੌਰਤਾ ਸਿੱਖ ਰਾਜ ਦੀ ਸਥਾਪਨਾ ਨਾਲ ਬੱਝਦੀ ਹੀ ਗਈ। ਇਨ੍ਹਾਂ ਦਹਾਕਿਆਂ ਦੌਰਾਨ ਬੇਅੰਤ ਮਿਸਾਲਾਂ ਇਸ ਗੱਲ ਦੀਆਂ ਮਿਲਦੀਆਂ ਹਨ ਕਿ ਅਗਵਾਈ ਕੀ ਹੁੰਦੀ ਹੈ ਤੇ ਕਿਵੇਂ ਕਰੀਦੀ ਹੈ। ਸਿਖ ਰਾਜ ਦੀਆਂ ਹੱਦਾਂ ਫੈਲਦੀਆਂ ਵੀ ਗਈਆਂ ਤੇ ਮਜ਼ਬੂਤ ਵੀ ਹੁੰਦੀਆਂ ਗਈਆਂ।  ਤੇ ਫੇਰ ਉਹ ਵਕਤ ਵੀ ਆ ਗਿਆ ਜਦ ਈਰਖਾ ਨੇ ਅੰਦਰੋਂ ਅੰਦਰ ਹੀ  ਸਿੱਖ ਸਿਰਮੌਰਤਾ ਨੂੰ ਡੰਗ ਦਿੱਤਾ।

ਦੇਰ ਨਾ ਲੱਗੀ ਉਸ ਵਕਤ ਲਈ ਜਦ ਅਸੀਂ ਆਪਣੇ ਹੀ ਵਿਰਸੇ  ਤੇ ਵਿਰਾਸਤ ਨੂੰ ਭੁੱਲਣ ਲੱਗ ਪਏ। ਕੀ ਗੱਲ ਸੀ ਕਿ ਅਸੀਂ ਆਪਣਾ ਵਿਰਸਾ ਤੇ ਵਿਰਾਸਤ ਹੀ ਸੰਭਾਲਣ ਦੇ ਯੋਗ ਨਹੀਂ ਰਹੇ? ਸਾਰਾ ਜ਼ੋਰ  ਇਤਿਹਾਸ ਦੀ ਬਜਾਏ ਮਨਘੜੰਤ ਕਹਾਣੀਆਂ ਨੂੰ ਯਾਦ ਕਰਣ ਉੱਤੇ ਲਾਉਣ ਲੱਗ ਪਏ। ਅਸੀਂ ਸ਼ਬਦ ਗੁਰੂ ਨੂੰ ਹੀ ਪਿੱਠ ਦੇਣੀ ਸ਼ੁਰੂ ਕਰ ਦਿੱਤੀ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਲੱਭਣ ਲੱਗਿਆਂ ਕਈ ਖ਼ਾਮੀਆਂ ਲੱਭ ਸਕਦੀਆਂ ਹਨ ਪਰ ਪੰਜਾਬ ਫ਼ਤਿਹ ਕਰਣ ਤੋਂ ਬਾਅਦ ਜਦ ਲਾਰਡ ਡਲਹਾਊਜ਼ੀ ਨੇ ਜਦ ਆਪਣੀ ਸਿੱਖਿਆ ਪ੍ਰਣਾਲੀ ਦਾ ਪਸਾਰਾ “ਅਨਪੜ੍ਹ ਪੰਜਾਬੀਆਂ” ਲਈ ਕਰਨ ਵਾਸਤੇ ਈਸਟ ਇੰਡੀਆ ਕੰਪਨੀ ਬੋਰਡ ਨੂੰ ਕਿਹਾ ਤਾਂ ਬੋਰਡ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਲਾਹੌਰ ਸ਼ਹਿਰ ਵਿੱਚ ੮੦ ਫ਼ੀ ਸਦੀ ਲੋਕ ਪੜ੍ਹ ਲਿਖ ਸਕਦੇ ਸਨ ਯਾਨੀ ਚਿੱਠੀ-ਰੁੱਕਾ ਆਦਿ ਲਿਖ ਸਕਦੇ ਸਨ। ਅੱਜ ਦੇ ਪੰਜਾਬ ਵਿੱਚ ਅਨਪੜ੍ਹਤਾ ਦੇ ਬੋਲ ਬਾਲੇ ਤੋਂ ਆਪ ਸਭ ਤਾਂ ਭਲੀ ਭਾਂਤ ਜਾਣੂ ਹੀ ਹੋ। ਕਿਸੇ ਨੂੰ ਕੋਈ ਫਾਰਮ ਭਰਨ ਲਈ ਕਹਿ ਦਿਓ ਤਾਂ ਉਪਰ ਥੱਲੇ ਝਾਕਦੇ ਹਨ। ਗੱਲ ਇਥੇ ਹੀ ਨਹੀਂ ਮੁੱਕਦੀ। ਸੰਨ ੧੮੧੨ ਵਿੱਚ ਕਲਕੱਤੇ ਫ਼ੋਰਟ ਵਿਲਿਅਮ ਵਿਖੇ ਪੰਜਾਬੀ ਵਿਆਕਰਣ ਲਿਖਣ ਵਾਲੇ ਡਾ: ਕੈਰੀ ਨੇ ਇਹ ਵਿਆਕਰਣ ਪੰਜਾਬੀ ਕਾਇਦੇ ਦੀ ਬੁਨਿਆਦ ਤੇ ਲਿਖੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਹਰ ਪਿੰਡ ਦੇ ਲੰਬੜਦਾਰ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਇਹ ਪੰਜਾਬੀ ਕਾਇਦਾ ਹਰ ਪਿੰਡ ਦੇ ਹਰ ਘਰ ਦੀ ਜ਼ਨਾਨੀ ਲਈ ਪੜ੍ਹਨਾ ਲਾਜ਼ਮੀ ਸੀ। ਜੇਕਰ ਪੜ੍ਹੀ ਲਿਖੀ ਜ਼ਨਾਨੀ ਤਾਂ ਫਿਰ ਪੜ੍ਹਿਆ ਲਿਖਿਆ ਸਾਰਾ ਘਰ।

ਅਸੀਂ ਇਹ ਤਾਂ ਬਹੁਤ ਸ਼ਾਨ ਨਾਲ ਦੱਸਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਇਕ ਲੱਖ ਵੀਹ ਹਜ਼ਾਰ ਗੱਡੇ ਭਰ ਕੇ ਹਥਿਆਰ ਜ਼ਬਤ ਕਰ ਲਏ ਪਰ ਪਤਾ ਨਹੀਂ ਕਿਉਂ ਅਸੀਂ ਇਹ ਗੱਲ ਦੱਸਣ ਤੋਂ ਸੰਗ ਜਾਂਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿੱਚੋਂ ਪੰਜਾਬੀ ਕਾਇਦਾ ਵੀ ਗਾਇਬ ਕਰ ਦਿੱਤਾ ਗਿਆ।

ਦੂਜੇ ਪਾਸੇ, ਗੁਰੂ ਸਾਹਿਬਾਨ ਦੇ ਵਕਤ ਤੋਂ ਚੱਲਿਆ ਆ ਰਿਹਾ ਔਰਤ ਦਾ ਉੱਚਾ ਰੁਤਬਾ ਵੀ ਹੇਠਲੇ ਪੌੜੇ ਵੱਲ ਧੱਕ ਦਿੱਤਾ ਗਿਆ ਹੈ। ਅੱਜ ਦੀ ਪੰਜਾਬੀ ਗਾਇਕੀ ਦੇ ਬੋਲ ਇਕ ਆਮ ਮਿਸਾਲ ਹਨ।

ਵਿਰਾਸਤ:

ਵਿਰਾਸਤ ਦੀ ਕੀ ਗੱਲ ਕਰੀਏ ਜਦ ਆਪਣੇ ਇਤਿਹਾਸ ਬਾਰੇ ਹੀ ਸਾਡੀ ਯਾਦਾਸ਼ਤ ਧੁੰਦਲੀ ਹੋਣ ਲੱਗ ਪੈਂਦੀ ਹੈ। ਅੱਜ ਵੀ ਪੰਜਾਬ ਵਿੱਚ ਜੇਕਰ ਕੋਈ ਕਹੇ ਕਿ ਮੈਂ ਬੀ ਏ ਵਿੱਚ ਇਤਿਹਾਸ ਦਾ ਵਿਸ਼ਾ ਪੜ੍ਹਨਾ ਚਾਹੁੰਦਾ ਹਾਂ ਤਾਂ ਉਸ ਨੂੰ ਮਜ਼ਾਹੀਆ ਲਹਿਜੇ ਨਾਲ ਵੇਖਿਆ ਜਾਂਦਾ ਹੈ। ਪਰ ਨਾਲ ਹੀ ਨਾਲ ਅਸੀਂ ਭੁੱਲ ਜਾਂਦੇ ਹਾਂ ਕਿ ਭਾਰਤ ਦੀਆਂ ਚੋਟੀ ਦੀਆਂ ਨੌਕਰੀਆਂ ਲਈ ਜੋ ਇਮਤਿਹਾਨ ਰੱਖੇ ਜਾਂਦੇ ਹਨ ਉਨ੍ਹਾਂ ਵਿੱਚ ਇਤਿਹਾਸ ਦੇ ਪਰਚੇ ਦਾ ਕੀ ਮਹੱਤਵ ਹੈ? ਇਹ ਵੱਖਰੀ ਗੱਲ ਹੈ ਉਸ ਇਤਿਹਾਸ ਦਾ ਪਟਾ ਅੱਜ ਕਿਵੇਂ ਚੜ੍ਹਾਇਆ ਜਾ ਰਿਹਾ ਹੈ ਜੋ ਕਿ ਸਾਡੀ ਅੱਜ ਦੀ ਗੱਲ ਦੇ ਘੇਰੇ ਤੋਂ ਥੋੜ੍ਹਾ ਬਾਹਰ ਹੈ।

ਪੱਛਮੀ ਮੁਲਖਾਂ ਵਿੱਚ ਵੀ ਚੋਟੀ ਦੀਆਂ ਅੰਦਰੂਨੀ ਸੇਵਾਵਾਂ ਵਿੱਚ ਇਤਿਹਾਸ ਦੀ ਪੜ੍ਹਾਈ ਇਕ ਲਾਜ਼ਮੀ ਮਜ਼ਮੂਨ ਹੈ। ਸਾਡਾ ਸਾਰਾ ਜ਼ੋਰ ਲੱਗਦਾ ਹੈ ਇਸ ਗੱਲ ਤੇ ਲੱਗਾ ਹੈ ਕਿ ਇਤਿਹਾਸ ਨੂੰ ਕਿਵੇਂ ਭੁੱਲਣਾ ਹੈ ਖਾਸ ਤੌਰ ਤੇ ਉਸ ਖੇਤਰ ਵਿੱਚ ਜੋ ਸਾਨੂੰ ਸੁਚੱਜੇ ਆਗੂ ਬਣਨ ਵਿੱਚ ਮਦਦ ਕਰਦਾ ਹੋਵੇ।  ਅਸੀਂ ੮੪-੮੪ ਤਾਂ ਬਹੁਤ ਕਰਦੇ ਹਾਂ ਪਰ ਆਪਣੇ ਅੰਦਰ ਝਾਤ ਮਾਰ ਕੇ ਪੱਛੋ ਕਿ ਅਸੀਂ ੮੪ ਬਾਰੇ ਕਿੰਨੀਆਂ ਕੁ ਕਿਤਾਬਾਂ ਪੜ੍ਹੀਆਂ ਹਨ? ਸ਼ਬਦ ਗੁਰੂ ਦੀ ਵਿਰਾਸਤ ਦੇ ਬਾਵਜੂਦ ਮੂੰਹ ਜ਼ੁਬਾਨੀ ਤੋਂ ਵੱਧ ਸਾਡੇ ਪੱਲੇ ਕੁਝ ਨਹੀਂ ਹੈ। ਠੀਕ ਹੈ, ਨੌਕਰੀ ਖਾਤਰ ਪੜ੍ਹਾਈ ਲਈ ਹਰ ਕੋਈ ਇਤਿਹਾਸ ਨਹੀਂ ਪੜ੍ਹ ਸਕਦਾ ਪਰ ਸ਼ੌਕੀਆ ਤੌਰ ਤੇ ਇਤਿਹਾਸ ਪੜ੍ਹਨ ਤੋਂ ਤੁਹਾਨੂੰ ਕੌਣ ਰੋਕਦਾ ਹੈ?

ਹਰਜੀਤ ਸਿੰਘ ਸੱਜਣ ਨੇ ਵੀ ਇਕ ਵਾਰ ਕਿਤੇ ਟਿੱਪਣੀ ਕੀਤੀ ਸੀ ਕਿ ਸਿੱਖ ਘੱਟ ਗਿਣਤੀ ਹੋਣ ਦੇ ਬਾਵਜੂਦ ਬਹੁਗਿਣਤੀ ਹੋਣ ਦਾ ਭਰਮ ਪਾਲ ਕੇ ਰੱਖਦੇ ਹਨ। ਇਸ ਦਾ ਕਾਰਣ ਵੀ ਉਪਰੋਕਤ ਤੋਂ ਸਾਫ਼ ਜ਼ਾਹਰ ਹੈ। ਪਰ ਇਹ ਵੀ ਇਕ ਲੰਮੀ ਚਰਚਾ ਦਾ ਵਿਸ਼ਾ ਹੈ ਜੋ ਸਾਡੀ ਅੱਜ ਦੀ ਗੱਲਬਾਤ ਦੇ ਦਾਇਰੇ ਤੋਂ ਬਾਹਰ ਹੈ।

ਅਗਵਾਈ:

ਅੱਜ ਜੇਕਰ ਅਸੀਂ ਵਿਰਸੇ ਅਤੇ ਵਿਰਾਸਤ ਬਾਰੇ ਘੜ ਮੱਸ ਵਿੱਚ ਪੈ ਗਏ ਹਾਂ ਤਾਂ ਅਗਵਾਈ ਦੀ ਗੱਲ ਕਰਣ ਜੋਗੇ ਵੀ ਨਹੀਂ ਰਹੇ ਹਾਂ। ਮਕਾਨ ਦੀ ਉਪਰਲੀ ਮੰਜ਼ਲ ਤਾਂ ਹੀ ਪੈ ਸਕਦੀ ਹੈ ਜੇਕਰ ਹੇਠਲੀ ਠੋਸ ਅਤੇ ਮਜ਼ਬੂਤ ਹੋਵੇ।  ਪਰ ਹੇਠਲੀ ਮੰਜ਼ਲ ਨੂੰ ਠੋਸ ਕਰਣ ਲਈ ਜਦ ਸ਼ਬਦ ਗੁਰੂ ਦੀ ਗੱਲ ਕਰੀਏ ਤਾਂ ਬਿਪਰਵਾਦੀ ਲੋਕ ਝੱਟ ਕਹਿੰਦੇ ਹਨ ਕਿ ਅਸੀਂ ਪੜ੍ਹਨ-ਪੜ੍ਹਾਉਣ ਤੋਂ ਕੀ ਲੈਣਾ? ਗਲਤ ਹਵਾਲਾ ਦਿੰਦੇ ਹੋਏ ਉਹ ਇਹ ਕਹਿੰਦੇ ਹਨ ਕਿ ਕੀ ਕਰੀਏ ਗੁਰਬਾਣੀ ਵਿੱਚ ਲਿਖਿਆ ਹੈ: ਪੜਿ ਪੜਿ ਗਡੀ ਲਦੀਅਹਿ। ਉਹ ਭੁੱਲ ਜਾਂਦੇ ਹਨ ਕਿ ਇਸ ਸ਼ਬਦ ਵਿੱਚ ਵਿਚਾਰ ਹਉਮੈ ਦੇ ਸੰਦਰਭ ਵਿੱਚ ਹੋ ਰਹੀ ਹੈ ਨਾ ਕਿ ਸ਼ਬਦ ਵੀਚਾਰ ਬਾਰੇ। ਸ਼ਬਦ ਵਿਚਾਰ ਬਾਰੇ ਤਾਂ ਗੁਰਬਾਣੀ ਵਿੱਚ ਬਹੁਤ ਸਪਸ਼ਟ ਲਿਖਿਆ ਹੇ:

  • ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ ॥ ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥ (੧੨੫੫)
  • ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥ (੯੦੪)
  • ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ ਮਃ ੨ ॥ (੧੨੪੫)
  • ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥ ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥ (੫੭)

ਜੇਕਰ ਅਸੀਂ ਸ਼ਬਦ ਗੁਰੂ ਦੇ ਗਾਡੀ ਰਾਹ ਤੋਂ ਨਾ ਭਟਕੀਏ ਤਾਂ ਕੋਈ ਵੀ ਸਾਡਾ ਭਵਿੱਖ ਸਾਡੇ ਕੋਲੋਂ ਖੋਹ ਨਹੀਂ ਸਕਦਾ।

(ਇਹ ਵਿਚਾਰ ਲੇਖਕ ਵੱਲੋਂ ਪਹਿਲੀ ਵਾਰ ੨੮ ਨਵੰਬਰ ੨੦੧੫ ਨੂੰ ਵਰਲਡ ਕਾਊਂਸਲ ਆਫ਼ ਸਿੱਖ ਅਫ਼ੇਅਰਜ਼, ਨਿਊਜ਼ੀਲੈਂਡ ਵੱਲੋਂ ਆਕਲੈਂਡ ਵਿਖੇ ਕਰਵਾਏ ਗਏ “ਸਿੱਖ ਕੌਮ ਦਾ ਭਵਿੱਖ” ਸੈਮੀਨਾਰ ਵਿੱਚ ਪੜ੍ਹੇ ਗਏ)