Posted in ਚਰਚਾ, ਸਮਾਜਕ

ਯੂਟਿਊਬ ਅਤੇ ਆਮਦਨ

ਇੰਟਰਨੈੱਟ ਵੀਡੀਓ ਦੀ ਦੁਨੀਆ ਦੇ ਵਿੱਚ ਯੂਟਿਊਬ ਦਾ ਇੱਕ ਬਹੁਤ ਵੱਡਾ ਨਾਂ ਹੈ ਅਤੇ ਇਸ ਦੇ ਮੁਕਾਬਲੇ ਦੇ ਵਿੱਚ ਕੋਈ ਹੋਰ ਮਾਧਿਅਮ ਵੀ ਨਹੀਂ ਹੈ। ਯੂਟਿਊਬ ਆਮ ਵੀਡੀਓ ਬਣਾਉਣ ਵਾਲੇ ਲੋਕਾਂ ਦੇ ਲਈ ਇੱਕ ਚੰਗਾ ਕਮਾਈ ਦਾ ਸਾਧਨ ਵੀ ਬਣ ਸਕਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਯੂਟਿਊਬ ਨੂੰ ਉਨ੍ਹਾਂ ਦੇ ਵੀਡੀਓਜ਼ ਉੱਤੇ ਇਸ਼ਤਿਹਾਰ ਪਾਉਣ ਦੀ ਇਜਾਜ਼ਤ ਦੇਣੀ ਪੈਂਦੀ ਹੈ।

ਦੁਨੀਆਂ ਵਿੱਚ ਬਹੁਤ ਸਾਰੇ ਲੋਕ ਯੂਟਿਊਬ ਦੇ ਵੀਡੀਓ ਬਣਾ ਕੇ ਇਸ ਤੋਂ ਚੰਗੀ ਚੋਖੀ ਕਮਾਈ ਕਰ ਰਹੇ ਹਨ। ਇਸ ਬਾਰੇ ਆਸਟਰੇਲੀਆ ਦਾ ਬਿਜ਼ਨੈੱਸ ਇਨਸਾਈਡਰ ਵੈੱਬਸਾਈਟ ਕਾਫੀ ਚੰਗੀ ਜਾਣਕਾਰੀ ਦਿੰਦਾ ਹੈ। ਇਸ ਵੈੱਬਸਾਈਟ ਦੇ ਮੁਤਾਬਕ ਹਰ ਮਿਲੀਅਨ ਵਿਊਜ਼ ਦੇ ਲਈ ਯੂ ਟਿਊਬ ਤੁਹਾਨੂੰ ਦੋ ਹਜ਼ਾਰ ਅਮਰੀਕੀ ਡਾਲਰ ਦਿੰਦਾ ਹੈ। ਇਸ ਵੈੱਬਸਾਈਟ ਮੁਤਾਬਕ ਇਸ ਕਮਾਈ ਚੋਂ ਯੂਟਿਊਬ ਪੰਤਾਲੀ ਫੀਸਦੀ ਕਾਟ ਲੈ ਲੈਂਦਾ ਹੈ ਤਾਂ ਵੀ ਹਰ ਮਿਲੀਅਨ ਵਿਊਜ਼ ਤੋਂ ਇਹ ਰਕਮ ਹਜ਼ਾਰ ਡਾਲਰ ਤੋਂ ਵੱਧ ਬਣ ਜਾਂਦੀ ਹੈ।

ਆਓ ਹੁਣ ਇੱਕ ਹੋਰ ਪੱਖ ਵੇਖੀਏ। ਪੰਜਾਬ ਦੀ ਆਬਾਦੀ ਤੀਹ ਮਿਲੀਅਨ ਤੋਂ ਵੱਧ ਨਹੀਂ ਹੈ ਤੇ ਦੁਨੀਆਂ ਦੇ ਸਾਰੇ ਪੰਜਾਬੀ ਬੋਲਦੇ ਇਲਾਕੇ (ਸਣੇ ਪਾਕਿਸਤਾਨ) ਲੈ ਲਈਏ ਤਾਂ ਵੀ ਇਹ ਗਿਣਤੀ ਨੱਬੇ ਜਾਂ ਸੌ ਮਿਲੀਅਨ ਤੋਂ ਵੱਧ ਨਹੀਂ ਬਣਦੀ ਪਰ ਯੂਟਿਊਬ ਤੇ ਪਿੱਛੇ ਜਿਹੇ ਇੱਕ ਅਜਿਹਾ ਰੁਝਾਨ ਸ਼ੁਰੂ ਹੋਇਆ ਹੈ ਜਿਸ ਦੇ ਚੱਲਦੇ ਪੰਜਾਬੀ ਗਾਣਿਆਂ ਦੇ ਮਿਲੀਅਨਜ਼ ‘ਚ ਵਿਊਜ਼ ਹੋਣਾ ਤਾਂ ਮਾਮੂਲੀ ਗੱਲ ਹੈ।

ਅਜਿਹੇ ਪੰਜਾਬੀ ਗੀਤਾਂ ਦੇ ਵੀਡੀਓ ਬਾਰੇ ਇੱਕ ਹੋਰ ਵੀ ਗੱਲ ਧਿਆਨ ਗੋਚਰੇ ਹੈ ਉਹ ਇਹ ਕਿ ਇਨ੍ਹਾਂ ਨੇ ਯੂਟਿਊਬ ਉੱਤੇ ਇਸ਼ਤਿਹਾਰਾਂ ਦੀ ਸਹੂਲਤ ਨਹੀਂ ਵਰਤੀ ਹੈ। ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਮਿਲੀਅਨਜ਼ ‘ਚ ਵਿਊਜ਼ ਹੋਣ ਦੇ ਬਾਵਜੂਦ ਵੀ ਇਹ ਇਸ਼ਤਿਹਾਰਾਂ ਦੀ ਸਹੂਲਤ ਕਿਉਂ ਨਹੀਂ ਵਰਤ ਰਹੇ? ਜਦਕਿ ਯੂਟਿਊਬ ਦੀ ਕਾਟ ਦੇਣ ਤੋਂ ਬਾਅਦ ਵੀ ਸਹਿਜੇ ਹੀ ਚੰਗੀ ਆਮਦਨ ਬਣਦੀ ਹੈ। ਜਦਕਿ ਦੂਜੇ ਬੰਨੇ ਬਹੁਤ ਸਾਰੇ ਪੰਜਾਬੀ ਫ਼ਿਲਮਕਾਰ ਆਪਣੀਆਂ ਪੂਰੀਆਂ ਫ਼ਿਲਮਾਂ ਯੂਟਿਊਬ ਉੱਤੇ ਇਸ਼ਤਿਹਾਰਾਂ ਦੀ ਸਹੂਲਤ ਵਰਤ ਕੇ ਪਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਥੋੜੀ ਆਮਦਨ ਹੋ ਜਾਵੇ। ਪਰ ਫ਼ਿਲਮਾਂ ਦੇ ਵਿਊਜ਼ ਮਸੀਂ ਲੱਖਾਂ ਨੂੰ ਪਹੁੰਚਦੇ ਹਨ ਨਾ ਕਿ ਮਿਲੀਅਨਜ਼ ਵਿੱਚ।  ਹੈਰਾਨੀ ਵਾਲੀ ਗੱਲ ਇਹ ਹੈ ਕਿ ਮਿਲੀਅਨਜ਼ ਵਿਊਜ਼ ਵਾਲੇ ਇਹ ਪੰਜਾਬੀ ਗਾਇਕ ਯੂਟਿਊਬ ਆਮਦਨ ਨੂੰ ਠੋਕਰ ਮਾਰ ਰਹੇ ਹਨ। ਇਸਦਾ ਕੀ ਕਾਰਨ ਹੈ?

Posted in ਚਰਚਾ, ਮਿਆਰ

ਕਬੱਡੀ ਦਾ ਮਾਇਆ ਜਾਲ

ਹਾਲ ਵਿੱਚ ਹੀ ੨੦੧੮ ਰਾਸ਼ਟਰਮੰਡਲ ਖੇਡਾਂ ਖਤਮ ਹੋਈਆਂ ਹਨ। ਪੰਜਾਬ ਤਗ਼ਮਿਆਂ ਦੀ ਸੂਚੀ ਵਿੱਚ ਬਹੁਤ ਹੇਠਾਂ ਹੈ। ਜਦਕਿ ਗੁਆਂਢੀ ਰਾਜ ਹਰਿਆਣਾ ਪਹਿਲੇ ਨੰਬਰ ਤੇ ਹੈ। ਕਾਸ਼ ਕਿਤੇ ਪੰਜਾਬ ਦੇ ਲੋਕ ਨਕਲੀ-ਨਸ਼ੇੜੀ-ਕਬੂਤਰਬਾਜ਼ ਕਬੱਡੀ ਦੇ ਮਾਇਆ ਜਾਲ ਵਿੱਚੋਂ ਨਿਕਲ ਕੇ ਅਸਲੀ ਖੇਡਾਂ ਵਿੱਚ ਮੁਕਾਬਲੇ ਲਈ ਉਤਰਨ। ਨਿਊਜ਼ੀਲੈਂਡ ਵਿੱਚ ਕਈ ਲੋਕ ਗਲਤਫ਼ਹਿਮੀ ਵਿੱਚ ਕਬੱਡੀ ਦੀ ਵਡਿਆਈ ਕਰਦਿਆਂ ਇਸ ਨੂੰ ਬਿਨਾਂ ਗੇਂਦ ਦੀ ਰਗਬੀ ਕਹਿੰਦੇ ਹਨ। ਇਹ ਸਰਾਸਰ ਗਲਤ ਹੈ। ਜੇਕਰ ਰਗਬੀ ਦੇ ਮੁਕਾਬਲੇ ਵਿੱਚ ਕਬੱਡੀ ਰੱਖਣੀ ਹੋਵੇ ਤਾਂ ਕਬੱਡੀ ਛੁਹਣ ਛਪਾਈ ਤੋਂ ਵੱਧ ਕੁਝ ਵੀ ਨਹੀਂ ਹੈ। ਬਸ ਇਸ ਛੁਹਣ ਛਪਾਈ ਵਿੱਚ ਜਿਹੜਾ ਤੁਹਾਨੂੰ ਛੂਹ ਲੈਂਦਾ ਹੈ ਉਸ ਨੂੰ ਲਕੀਰ ਪਾਰ ਨਹੀਂ ਜਾਣ ਦੇਣਾ। ਜਿਹੜੀ ਮਾੜੀ-ਮੋਟੀ ਸਾਹ ਦੀ ਕਲਾ ਇਸ ਖੇਡ ਵਿੱਚ ਸੀ ਉਹ ਵੀ ਮੈਨੂੰ ਕਿਸੇ ਦੱਸਿਆ ਕਿ ਖਤਮ ਕਰ ਦਿੱਤੀ ਗਈ ਹੈ।

ਮੈਨੂੰ ੧੯੭੦ਵਿਆਂ ਦਾ ਆਪਣਾ ਬਚਪਨ ਯਾਦ ਆਉਂਦਾ ਹੈ। ਉਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਹਰ ਕਸਬੇ (ਖਾਸ ਤੌਰ ਤੇ ਮਾਝੇ-ਦੁਆਬੇ) ਵਿੱਚ ਅਖਾੜੇ ਚਲਦੇ ਹੁੰਦੇ ਸਨ। ਰੋਜ਼ ਸ਼ਾਮ ਨੂੰ ਭਲਵਾਨੀਆਂ ਆਮ ਚਲਦੀਆਂ ਸਨ। ਚੰਗੀ ਜ਼ੋਰ ਵਰਜ਼ਸ਼ ਹੁੰਦੀ ਸੀ। ਅਖਾੜਿਆਂ ਦਾ ਪ੍ਰਬੰਧ ਪੁਰਾਣੇ ਭਲਵਾਨ ਕਰਦੇ ਹੁੰਦੇ ਸਨ ਤੇ ਇਲਾਕੇ ਦੇ ਕਈ ਪਤਵੰਤੇ ਸੱਜਣ ਇਨ੍ਹਾਂ ਪ੍ਰਬੰਧਕਾਂ ਦੀ ਮਾਲੀ ਮਦਦ ਵੀ ਕਰਦੇ ਸਨ ਕਿ ਭਲਵਾਨੀ ਦਾ ਸ਼ੌਕ ਰੱਖਣ ਵਾਲੇ ਕਿਸੇ ਗਰੀਬ ਭਲਵਾਨ ਦੀ ਖੁਰਾਕ ਵਿੱਚ ਕਿਤੇ ਕੋਈ ਕਮੀ ਨਾ ਰਹਿ ਜਾਵੇ। ਪੰਜਾਬ ਵਿੱਚ ਭਲਵਾਨਾਂ ਦੇ ਪਤਾ ਨਹੀਂ ਕਿੰਨੇ ਹੀ ਨਾਂ ਲੋਕਾਂ ਦੀ ਜ਼ੁਬਾਨ ਤੇ ਆਮ ਹੁੰਦੇ ਸਨ।

ਜਦੋਂ ਕਿਸੇ ਨਵੇਂ ਭਲਵਾਨ ਨੇ ਕਿਸੇ ਸਥਾਪਤ ਅਖਾੜੇ ਵਿੱਚ ਦਾਖ਼ਲਾ ਹਾਸਲ ਕਰਨਾ ਹੁੰਦਾ ਸੀ ਤਾਂ ਪ੍ਰਬੰਧਕ ਉਸ ਨੂੰ “ਕੌਡੀ” ਦੀ ਰੀਤ ਰਾਹੀਂ ਲੰਘਾਉਂਦੇ ਸਨ। ਉਸ ਦਾ ਕਾਰਨ ਇਹ ਸੀ ਕਿ ਸਥਾਪਤ ਅਖਾੜੇ ਦਾ ਦਰਜਾ ਬਹੁਤ ਉੱਚਾ ਗਿਣਿਆਂ ਜਾਂਦਾ ਸੀ ਤੇ ਐਂਵੇਂ ਹੀ ਕਿਸੇ ਹਾਈਂ-ਮਾਈਂ ਨੂੰ ਅਖਾੜੇ ਦੀ ਵੱਟ ਦੇ ਲਾਗੇ ਵੀ ਨਹੀਂ ਸੀ ਢੁੱਕਣ ਦਿੱਤਾ ਜਾਂਦਾ। ਸੋ ਮੈਂ ਬਚਪਨ ਵਿੱਚ ਇਹ ਆਮ ਹੀ ਵੇਖਿਆ ਕਿ ਇਸ “ਕੌਡੀ” ਦੀ ਰੀਤ ਦੌਰਾਨ ਅਖਾੜੇ ਦੇ ਭਲਵਾਨ ਅਜਿਹੇ ਨਵੇਂ ਭਲਵਾਨ ਦਾ ਆਮ ਹੀ ਜੱਫਾ ਮਾਰ ਕੇ ਸਾਹ ਤੁੜਾ ਦਿੰਦੇ ਸਨ ਜਾਂ ਲਕੀਰ ਦੇ ਆਪਣੇ ਪਾਸੇ ਵਿੱਚ ਲਿਆ ਸੁਟਦੇ ਸਨ। ਤੇ ਪ੍ਰਬੰਧਕ ਉਸ ਨਵੇਂ ਭਲਵਾਨ ਨੂੰ ਹਾਲੇ ਹੋਰ ਜ਼ੋਰ-ਵਰਜ਼ਸ਼ ਕਰਨ ਲਈ ਕਹਿੰਦੇ। ਤੇ ਕਦੀਂ-ਕਦਾਈਂ ਜੇਕਰ ਨਵਾਂ ਭਲਵਾਨ “ਕੌਡੀ” ਵਿੱਚ ਸਥਾਪਤ ਭਲਵਾਨ ਨੂੰ ਜੱਫਾ ਪਾਉਣ ਵਿੱਚ ਕਾਮਯਾਬ ਹੋ ਜਾਂਦਾ ਤਾਂ ਅਗਲੇ ਮਿੱਥੇ ਦਿਨ ਉਸ ਨਵੇਂ ਭਲਵਾਨ ਦਾ ਸਥਾਪਤ ਅਖਾੜੇ ਵਿੱਚ ਢੋਲ ਦੀ ਡਗਾ ਉਪਰ ਦਾਖ਼ਲਾ ਹੁੰਦਾ ਤੇ ਸਾਡੇ ਵਰਗਿਆਂ ਨੂੰ ਖਾਣ ਲਈ ਚੰਗੇ ਬਰਫ਼ੀ-ਜਲੇਬ ਮਿਲਦੇ। ਨਵਾਂ ਭਲਵਾਨ ਅਖਾੜੇ ਦੀ ਵੱਟ ਤੇ ਮੱਥਾ ਟੇਕ ਕੇ ਅੱਗੇ ਵੱਧਦਾ ਤੇ ਅਖਾੜੇ ਦੀ ਮਿੱਟੀ ਛਾਤੀ-ਪਿੰਡੇ ਤੇ ਮਲ਼ ਕੇ ਬਾਂਹਾਂ ਚੁੱਕ ਢੋਲ ਦੀ ਤਾਲ ਤੇ ਥਰਥਰਾਉਣ ਲੱਗ ਪੈਂਦਾ।

ਜਿਹੜੇ ਲੋਕ ਹੋਰ ਮੁਲਕਾਂ ਵਿੱਚ ਗੁਰਦੁਆਰਿਆਂ ਦੇ ਮੈਦਾਨਾਂ ਅੰਦਰ ਕਬੱਡੀ ਦੇ ਸਾਂਗ ਰਚਾ ਕੇ ਇਸ ਨੂੰ ਅਖੌਤੀ “ਮਾਂ ਖੇਡ” ਦਾ ਦਰਜਾ ਦਈ ਬੈਠੇ ਹਨ ਉਨ੍ਹਾਂ ਨੂੰ ਸ਼ਾਇਦ ਇਹ ਇਤਿਹਾਸ ਬਾਰੇ ਪਤਾ ਨਹੀਂ ਕਿ ਸਿੱਖੀ ਵਿੱਚ ਪਹਿਲੀ ਖੇਡ ਗੁਰੂ ਅੰਗਦ ਸਾਹਿਬ ਜੀ ਨੇ ਆਪ ਅਖਾੜੇ ਬਣਵਾ ਕੇ ਭਲਵਾਨੀ ਦੀ ਹੀ ਸ਼ੁਰੂ ਕੀਤੀ ਸੀ। ਬਾਕੀ ਜੇਕਰ ਸਿੱਖ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸਿੱਖਾਂ ਨੂੰ ਭਲਵਾਨੀ ਤੋਂ ਇਲਾਵਾ ਤੀਰ-ਅੰਦਾਜ਼ੀ, ਨਿਸ਼ਾਨੇਬਾਜ਼ੀ ਤੇ ਘੋੜ-ਸਵਾਰੀ ਦਾ ਵੀ ਸ਼ੌਕ ਰੱਖਣਾ ਚਾਹੀਦਾ ਹੈ। ਇਹ ਸਾਰੀਆਂ ਹੀ ਕੌਮਾਂਤਰੀ ਮੁਕਾਬਲੇ ਵਾਲੀਆਂ ਖੇਡਾਂ ਹਨ। ਤਲਵਾਰਬਾਜ਼ੀ ਵੀ ਫ਼ੈਂਸਿੰਗ ਦੇ ਰੂਪ ਵਿੱਚ ਮੁਕਾਬਲੇ ਵਾਲੀ ਖੇਡ ਹੈ। ਪਰ ਹੁਣ ਡਿਗਦੇ ਮਿਆਰਾਂ ਦਾ ਹਾਲ ਇਹ ਹੈ ਕਿ ਗਤਕੇ ਅਤੇ ਨਿਹੰਗਾਂ ਦੀ ਘੋੜ-ਸਵਾਰੀ ਨੂੰ ਵੀ ਸਰਕਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਸਿੱਖ, ਡੇਰੇ-ਸਾਧ-ਲਾਣਿਆਂ ਦੇ ਭਰਮਜਾਲ ਵਿੱਚ ਫਸੇ ਹੋਏ ਹਨ ਉਸੇ ਤਰ੍ਹਾਂ ਉਹ ਨਕਲੀ-ਨਸ਼ੇੜੀ-ਕਬੂਤਰਬਾਜ਼ ਕਬੱਡੀ ਦੇ ਮਾਇਆ ਜਾਲ ਵਿੱਚ ਗਲਤਾਨ ਹਨ।

Posted in ਵਿਚਾਰ

ਝੂਠ ਦੀ ਪੰਡ

ਛੋਟੇ ਹੁੰਦਿਆਂ ਦੀ ਗੱਲ ਹੈ, ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਬਾਜ਼ਾਰ ਲੱਗਦਾ ਹੁੰਦਾ ਸੀ। ਇਸ ਬਾਜ਼ਾਰ ਨੂੰ ਲੰਡਾ ਬਾਜ਼ਾਰ ਕਹਿੰਦੇ ਹੁੰਦੇ ਸਨ ਅਤੇ ਇਹਦੇ ਵਿੱਚ ਬਹੁਤਾ ਕਰਕੇ ਬਾਹਰਲੀਆਂ ਵਸਤਾਂ ਦੀ ਵਿਕਰੀ ਹੁੰਦੀ ਸੀ। ਲੋਕਾਂ ਵਿੱਚ ਬਾਹਰਲੀਆਂ ਚੀਜ਼ਾਂ ਦੀ ਖਿੱਚ ਹੋਣ ਕਰਕੇ ਇੱਥੇ ਸਾਮਾਨ ਚੰਗਾ ਵਿਕਦਾ ਹੁੰਦਾ ਸੀ। ਪਰ ਹੌਲ਼ੀ-ਹੌਲ਼ੀ ਮਾਹੌਲ ਬਦਲ ਗਿਆ ਤੇ ਗਾਹਕੀ ਘੱਟ ਗਈ।

ਕਾਰਨ ਇਸ ਦਾ ਇਹ ਸੀ ਕਿ ਜੇ ਕਿਸੇ ਨੇ ਲੰਡੇ ਬਾਜ਼ਾਰ ਦੀ ਖਰੀਦੀ ਹੋਈ ਕੋਈ ਚੀਜ਼ ਜਾਂ ਕੱਪੜੇ ਕਿਸੇ ਦੋਸਤ ਮਿੱਤਰ ਨੂੰ ਬਾਹਰਲੇ ਦੱਸ ਕੇ ਵਖਾਉਣੇ ਤਾਂ ਝੱਟ ਹੀ ਅਗਲਿਆਂ ਟਿੱਚਰ ਕਰ ਦੇਣੀ ਕਿ ਸਮਾਨ ਲੰਡੇ ਬਾਜ਼ਾਰ ਤੋਂ ਖਰੀਦਿਆਂ ਲੱਗਦਾ ਹੈ। ਜਿਸ ਕਿਸੇ ਨੇ ਇਹ ਸ਼ੇਖੀ ਮਾਰੀ ਹੁੰਦੀ ਸੀ ਕਿ ਇਹ ਤਾਂ ਮੇਰੇ ਰਿਸ਼ਤੇਦਾਰਾਂ ਨੇ ਜਾਂ ਦੋਸਤਾਂ ਨੇ ਬਾਹਰੋਂ ਭੇਜੇ ਹਨ, ਉਹ ਅਜਿਹੀ ਟਿੱਚਰ ਸੁਣ ਕੇ ਨਿੰਮੋਝੂਣੇ ਹੋ ਜਾਂਦੇ ਸਨ।

ਪਰ ਸਦਕੇ ਜਾਈਏ ਇਸ ਲੰਡੇ ਬਾਜ਼ਾਰ ਦੇ ਦੁਕਾਨਦਾਰਾਂ ਦੀ ਸੋਚ ਤੇ ਕਿ ਉਨ੍ਹਾਂ ਨੇ ਇੱਕ ਨਵਾਂ ਨੁਸਖਾ ਕੱਢ ਲਿਆ। ਉਨ੍ਹਾਂ ਇਹ ਤਰਕੀਬ ਲਾਈ ਕਿ ਲਓ ਜੀ ਸਮਾਨ ਸਾਥੋਂ ਲੈ ਜਾਓ ਤੇ ਆਪਣਾ ਘਰ ਦਾ ਪਤਾ ਸਾਡੇ ਕੋਲ ਛੱਡ ਜਾਵੋ। ਹਫਤੇ ਤੱਕ ਤੁਹਾਨੂੰ ਬਾਹਰਲੇ ਮੁਲਕ ਤੋਂ ਕਿਸੇ ਦੋਸਤ ਦੀ ਚਿੱਠੀ ਪਹੁੰਚੇਗੀ ਕਿ ਪਿਆਰ ਨਾਲ ਤੁਹਾਨੂੰ ਮੈਂ ਤੋਹਫੇ ਦੇ ਤੌਰ ਤੇ ਸਾਮਾਨ ਭੇਜ ਰਿਹਾ ਹਾਂ ਤੇ ਉਹ ਚਿੱਠੀ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਵਿਖਾ ਕੇ ਇਹ ਰੋਹਬ ਪਾ ਸਕਦੇ ਹੋ ਕਿ ਵੇਖੋ ਮੈਨੂੰ ਬਾਹਰੋਂ ਤੋਹਫ਼ੇ ਆਏ ਹਨ।

ਇਸੇ ਤਰ੍ਹਾਂ ਪੰਜਾਬੀ ਗੀਤਕਾਰੀ ਦੀ ਦੁਨੀਆਂ ਵਿੱਚ ਜਦੋਂ ਇਹ ਪਾਜ ਉੱਘੜ ਗਿਆ ਹੈ ਕਿ ਕਈ ਗੀਤਕਾਰ ਪੈਸੇ ਖਰਚ ਕੇ ਯੂਟਿਊਬ ਦੀਆਂ “ਕਲਿੱਕਸ” ਕਰਵਾ ਰਹੇ ਹਨ ਤਾਂ ਇਹ ਨਵਾਂ ਰੁਝਾਨ ਸ਼ੁਰੂ ਹੋਇਆ ਹੈ ਕਿ ਹੁਣ ਦੋ ਚਾਰ ਬੰਦਿਆਂ ਨੂੰ ਬਿਠਾ ਕੇ ਅਤੇ ਇਹ ਦੱਸ ਕੇ ਕਿ ਉਹ ਬੜੇ ਵੱਡੇ ਪੜਚੋਲਕ ਹਨ (ਗੋਰੇ ਹਨ ਕਾਲੇ ਹਨ) ਅਤੇ ਉਨ੍ਹਾਂ ਨੂੰ ਇਹ ਗਾਣਾ ਬਹੁਤ ਵਧੀਆ ਲੱਗ ਰਿਹਾ ਹੈ। ਕਹਿਣ ਦਾ ਭਾਵ ਇਹ ਕਿ ਕਰੋੜਾਂ ਵਿਚ ਹੁੰਦੀਆਂ “ਕਲਿੱਕਸ” ਤਾਂ ਹੀ ਸੱਚੀਆਂ ਹੋ ਸਕਦੀਆਂ ਹਨ ਜੇ ਸਾਰੀ ਦੁਨੀਆਂ ਸੁਣਦੀ ਹੋਵੇ। ਲੱਗਦਾ ਹੈ ਕਿ ਪੰਜਾਬੀ ਗਾਇਕ ਆਪਣੇ ਗਾਣਿਆਂ ਦੇ ਵੀਡੀਓ ਬਣਾਉਣ ਦੇ ਨਾਲ ਨਾਲ ਇਹੋ ਜਿਹੇ ਝੂਠੇ ਪੜਚੋਲ ਕਰਨ ਦੀ ਵੀਡੀਓ ਵੀ ਨਾਲ ਦੇ ਨਾਲ ਬਣਾ ਕੇ ਯੂਟਿਊਬ ਤੇ ਪਾਉਣ ਲੱਗ ਪਏ ਹਨ। ਲੱਗਦਾ ਹੈ ਝੂਠ ਦੀ ਪੰਡ ਦਿਨ-ਬ-ਦਿਨ ਭਾਰੀ ਹੀ ਹੁੰਦੀ ਜਾ ਰਹੀ ਹੈ।