ਇੰਟਰਨੈੱਟ ਵੀਡੀਓ ਦੀ ਦੁਨੀਆ ਦੇ ਵਿੱਚ ਯੂਟਿਊਬ ਦਾ ਇੱਕ ਬਹੁਤ ਵੱਡਾ ਨਾਂ ਹੈ ਅਤੇ ਇਸ ਦੇ ਮੁਕਾਬਲੇ ਦੇ ਵਿੱਚ ਕੋਈ ਹੋਰ ਮਾਧਿਅਮ ਵੀ ਨਹੀਂ ਹੈ। ਯੂਟਿਊਬ ਆਮ ਵੀਡੀਓ ਬਣਾਉਣ ਵਾਲੇ ਲੋਕਾਂ ਦੇ ਲਈ ਇੱਕ ਚੰਗਾ ਕਮਾਈ ਦਾ ਸਾਧਨ ਵੀ ਬਣ ਸਕਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਯੂਟਿਊਬ ਨੂੰ ਉਨ੍ਹਾਂ ਦੇ ਵੀਡੀਓਜ਼ ਉੱਤੇ ਇਸ਼ਤਿਹਾਰ ਪਾਉਣ ਦੀ ਇਜਾਜ਼ਤ ਦੇਣੀ ਪੈਂਦੀ ਹੈ।
ਦੁਨੀਆਂ ਵਿੱਚ ਬਹੁਤ ਸਾਰੇ ਲੋਕ ਯੂਟਿਊਬ ਦੇ ਵੀਡੀਓ ਬਣਾ ਕੇ ਇਸ ਤੋਂ ਚੰਗੀ ਚੋਖੀ ਕਮਾਈ ਕਰ ਰਹੇ ਹਨ। ਇਸ ਬਾਰੇ ਆਸਟਰੇਲੀਆ ਦਾ ਬਿਜ਼ਨੈੱਸ ਇਨਸਾਈਡਰ ਵੈੱਬਸਾਈਟ ਕਾਫੀ ਚੰਗੀ ਜਾਣਕਾਰੀ ਦਿੰਦਾ ਹੈ। ਇਸ ਵੈੱਬਸਾਈਟ ਦੇ ਮੁਤਾਬਕ ਹਰ ਮਿਲੀਅਨ ਵਿਊਜ਼ ਦੇ ਲਈ ਯੂ ਟਿਊਬ ਤੁਹਾਨੂੰ ਦੋ ਹਜ਼ਾਰ ਅਮਰੀਕੀ ਡਾਲਰ ਦਿੰਦਾ ਹੈ। ਇਸ ਵੈੱਬਸਾਈਟ ਮੁਤਾਬਕ ਇਸ ਕਮਾਈ ਚੋਂ ਯੂਟਿਊਬ ਪੰਤਾਲੀ ਫੀਸਦੀ ਕਾਟ ਲੈ ਲੈਂਦਾ ਹੈ ਤਾਂ ਵੀ ਹਰ ਮਿਲੀਅਨ ਵਿਊਜ਼ ਤੋਂ ਇਹ ਰਕਮ ਹਜ਼ਾਰ ਡਾਲਰ ਤੋਂ ਵੱਧ ਬਣ ਜਾਂਦੀ ਹੈ।
ਆਓ ਹੁਣ ਇੱਕ ਹੋਰ ਪੱਖ ਵੇਖੀਏ। ਪੰਜਾਬ ਦੀ ਆਬਾਦੀ ਤੀਹ ਮਿਲੀਅਨ ਤੋਂ ਵੱਧ ਨਹੀਂ ਹੈ ਤੇ ਦੁਨੀਆਂ ਦੇ ਸਾਰੇ ਪੰਜਾਬੀ ਬੋਲਦੇ ਇਲਾਕੇ (ਸਣੇ ਪਾਕਿਸਤਾਨ) ਲੈ ਲਈਏ ਤਾਂ ਵੀ ਇਹ ਗਿਣਤੀ ਨੱਬੇ ਜਾਂ ਸੌ ਮਿਲੀਅਨ ਤੋਂ ਵੱਧ ਨਹੀਂ ਬਣਦੀ ਪਰ ਯੂਟਿਊਬ ਤੇ ਪਿੱਛੇ ਜਿਹੇ ਇੱਕ ਅਜਿਹਾ ਰੁਝਾਨ ਸ਼ੁਰੂ ਹੋਇਆ ਹੈ ਜਿਸ ਦੇ ਚੱਲਦੇ ਪੰਜਾਬੀ ਗਾਣਿਆਂ ਦੇ ਮਿਲੀਅਨਜ਼ ‘ਚ ਵਿਊਜ਼ ਹੋਣਾ ਤਾਂ ਮਾਮੂਲੀ ਗੱਲ ਹੈ।
ਅਜਿਹੇ ਪੰਜਾਬੀ ਗੀਤਾਂ ਦੇ ਵੀਡੀਓ ਬਾਰੇ ਇੱਕ ਹੋਰ ਵੀ ਗੱਲ ਧਿਆਨ ਗੋਚਰੇ ਹੈ ਉਹ ਇਹ ਕਿ ਇਨ੍ਹਾਂ ਨੇ ਯੂਟਿਊਬ ਉੱਤੇ ਇਸ਼ਤਿਹਾਰਾਂ ਦੀ ਸਹੂਲਤ ਨਹੀਂ ਵਰਤੀ ਹੈ। ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਮਿਲੀਅਨਜ਼ ‘ਚ ਵਿਊਜ਼ ਹੋਣ ਦੇ ਬਾਵਜੂਦ ਵੀ ਇਹ ਇਸ਼ਤਿਹਾਰਾਂ ਦੀ ਸਹੂਲਤ ਕਿਉਂ ਨਹੀਂ ਵਰਤ ਰਹੇ? ਜਦਕਿ ਯੂਟਿਊਬ ਦੀ ਕਾਟ ਦੇਣ ਤੋਂ ਬਾਅਦ ਵੀ ਸਹਿਜੇ ਹੀ ਚੰਗੀ ਆਮਦਨ ਬਣਦੀ ਹੈ। ਜਦਕਿ ਦੂਜੇ ਬੰਨੇ ਬਹੁਤ ਸਾਰੇ ਪੰਜਾਬੀ ਫ਼ਿਲਮਕਾਰ ਆਪਣੀਆਂ ਪੂਰੀਆਂ ਫ਼ਿਲਮਾਂ ਯੂਟਿਊਬ ਉੱਤੇ ਇਸ਼ਤਿਹਾਰਾਂ ਦੀ ਸਹੂਲਤ ਵਰਤ ਕੇ ਪਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਥੋੜੀ ਆਮਦਨ ਹੋ ਜਾਵੇ। ਪਰ ਫ਼ਿਲਮਾਂ ਦੇ ਵਿਊਜ਼ ਮਸੀਂ ਲੱਖਾਂ ਨੂੰ ਪਹੁੰਚਦੇ ਹਨ ਨਾ ਕਿ ਮਿਲੀਅਨਜ਼ ਵਿੱਚ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮਿਲੀਅਨਜ਼ ਵਿਊਜ਼ ਵਾਲੇ ਇਹ ਪੰਜਾਬੀ ਗਾਇਕ ਯੂਟਿਊਬ ਆਮਦਨ ਨੂੰ ਠੋਕਰ ਮਾਰ ਰਹੇ ਹਨ। ਇਸਦਾ ਕੀ ਕਾਰਨ ਹੈ?