Posted in ਚਰਚਾ

ਸਾਡੀ ਸੋਚਣੀ

ਅੱਜ ਤੋਂ ਦੋ ਦਹਾਕੇ ਪਹਿਲਾਂ ਤਕ ਜਦ ਵੀ ਜਨ ਸੰਚਾਰ ਦੀ ਕੋਈ ਗੱਲ ਚੱਲਦੀ ਸੀ ਤਾਂ ਜਨ ਸੰਚਾਰ ਦਾ ਮੰਤਵ ਇਹੀ ਦੱਸਿਆ ਜਾਂਦਾ ਸੀ ਕਿ ਇਸ ਦਾ ਕੰਮ ਜਾਣਕਾਰੀ-ਖਬਰਾਂ ਦੇਣਾ, ਮਨੋਰੰਜਨ ਕਰਨਾ ਅਤੇ ਸਿੱਖਿਆ ਦੇਣਾ ਹੈ। ਬੀਤੇ ਕੁਝ ਸਾਲਾਂ ਤੋਂ ਸਮਾਜਕ ਮਾਧਿਅਮ ਦੇ ਵਧਦੇ ਰੁਝਾਨ ਕਰਕੇ ਇਹ ਮੰਤਵ ਆਪਸ ਵਿੱਚ ਕਾਫੀ ਹੱਦ ਤੱਕ ਧੁੰਦਲਾ ਹੋ ਗਿਆ ਹੈ।

ਇੱਕ ਹੋਰ ਵੱਡਾ ਫ਼ਰਕ ਇਹ ਪਿਆ ਹੈ ਕਿ ਪਹਿਲਾਂ ਤਾਂ ਅਖ਼ਬਾਰਾਂ ਰੇਡੀਓ ਟੈਲੀਵਿਜ਼ਨ ਦੇ ਸੰਪਾਦਕਾਂ ਅਤੇ ਪੱਤਰਕਾਰਾਂ ਦੇ ਹੱਥ ਵਿੱਚ ਕਾਫੀ ਹੱਦ ਤੱਕ ਜ਼ਬਤ ਸੀ ਪਰ ਸਮਾਜਕ ਮਾਧਿਅਮ ਉੱਤੇ ਹਰ ਖਪਤਕਾਰ ਦਾ ਹੱਥ ਇੰਨਾ ਤਾਕਤਵਰ ਹੋ ਚੁੱਕਾ ਹੈ ਕਿ ਉਹ ਕੋਈ ਵੀ ਚੀਜ਼ ਅੱਗੇ ਤੋਂ ਅੱਗੇ ਚੱਲਦੀ ਕਰ ਸਕਦੇ ਹਨ ਅਤੇ ਲੋੜ ਪੈਣ ਤੇ ਆਪੋ-ਆਪਣੇ ਵੀਡੀਓ ਵੀ ਚਲਾ ਸਕਦੇ ਹਨ।  

ਜ਼ਾਹਰ ਹੈ ਜਦ ਅਸੀਂ ਪੁਰਾਣੇ ਜਨ ਸੰਚਾਰ ਦਾ ਟਾਕਰਾ ਸਮਾਜਕ ਮਾਧਿਅਮ ਨਾਲ ਕਰਦੇ ਹਾਂ ਤਾਂ ਸਮਾਜਕ ਮਾਧਿਅਮ ਦੇ ਉੱਤੇ ਇਹ ਚੀਜ਼ਾਂ ਭਾਰੂ ਨਜ਼ਰ ਆਉਂਦੀਆਂ ਹਨ ਜਿਸ ਦੀ ਸੂਚੀ ਵਿੱਚ ਧੱਕੇਸ਼ਾਹੀ ਅਤੇ ਸ਼ਰਧਾ ਦਾ ਵਗਦਾ ਹੜ੍ਹ ਸ਼ਾਮਲ ਹਨ।  

ਸਮਾਜਕ ਮਾਧਿਅਮ ਉੱਤੇ ਚੱਲਦੇ ਵੱਟੇ-ਸੱਟੇ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਹਰ ਕੋਈ ਇਨਸਾਨ ਆਪਣੀ ਸੋਚ ਦੇ ਮੁਤਾਬਕ ਹੀ ਚੀਜ਼ ਅੱਗੇ ਸਾਂਝੀ ਕਰਦਾ ਹੈ ਨਾ ਕਿ ਉਹ ਜਾਣਕਾਰੀ ਜਿਹਦੇ ਵਿੱਚ ਕੋਈ ਲੋਕ ਹਿੱਤ ਲਈ ਜਾਣਕਾਰੀ ਹੋਵੇ ਜਾਂ ਫਿਰ ਤਰਕ ਜਾਂ ਸੱਚਾਈ ਹੋਵੇ। ਪੁਸ਼ਟੀਕਰਨ ਜੋਗੇ ਹਵਾਲੇ ਤਾਂ ਸਮਾਜਕ ਮਾਧਿਅਮ ਉੱਤੇ ਕਿਤੇ ਵਿਰਲੇ ਟਾਂਵੇਂ ਹੀ ਲੱਭਦੇ ਹਨ।  

Photo by Dollar Gill on Unsplash

ਮੌਜੂਦਾ ਹਾਲਾਤ ਵਿੱਚ ਬਿਨਾਂ ਕਿਸੇ ਘਟਨਾ ਦਾ ਜ਼ਿਕਰ ਕੀਤਿਆਂ ਮੈਂ ਇੱਥੇ ਦੋ ਮਿਸਾਲਾਂ ਦੇਣੀਆਂ ਚਾਹੁੰਦਾ ਹਾਂ ਜਿਸ ਤੋਂ ਇਹ ਪਤਾ ਲੱਗੇਗਾ ਕਿ ਸਾਡੀ ਸਮਝ ਅਤੇ ਕਾਰਵਾਈ ਕਿੱਥੋਂ ਤਕ ਧੱਕੇਸ਼ਾਹੀ ਜਾਂ ਫਿਰ ਸ਼ਰਧਾ ਭਾਵਨਾ ਵਿੱਚ ਗੜੁੱਚ ਰਹਿੰਦੀ ਹੈ।  

1970ਵਿਆਂ ਦੀ ਗੱਲ ਹੈ ਕਿ ਕਿਸੇ ਪਿੰਡ ਦੇ ਹਾਈ ਸਕੂਲ ਦੇ ਵਿੱਚ ਇੱਕ ਨਵਾਂ-ਨਵਾਂ ਖੇਡਾਂ ਦਾ ਅਧਿਆਪਕ ਗਿਆ। ਉਸ ਦੀ ਇਹ ਬਹੁਤ ਦਿਲੀ ਇੱਛਾ ਸੀ ਕਿ ਉਸ ਦੇ ਸਕੂਲ ਦੀ ਵੀ ਕੋਈ ਟੀਮ ਅੱਗੇ ਜ਼ਿਲ੍ਹਾ ਪੱਧਰ ਤੱਕ ਦੇ ਟੂਰਨਾਮੈਂਟ ਖੇਡੇ ਪਰ ਉਸ ਪਿੰਡ ਦੇ ਸਕੂਲ ਦੇ ਵਿੱਚ ਖੇਡਾਂ ਵਾਲੇ ਪਾਸੇ ਕੋਈ ਖ਼ਾਸ ਰੁਝਾਨ ਨਹੀਂ ਸੀ। ਉਸ ਅਧਿਆਪਕ ਨੇ ਆਪਣੀ ਅੜੀ ਤੇ ਆਏ ਹੋਏ ਨੇ ਹਾਕੀ ਦੀ ਇੱਕ ਟੀਮ ਖੜ੍ਹੀ ਕਰ ਹੀ ਦਿੱਤੀ।

ਉਸ ਨੇ ਦਸਵੀਂ ਜਮਾਤ ਵਿੱਚੋਂ ਲੰਮੇ-ਤਕੜੇ ਮੁੰਡੇ ਚੁਣੇ ਅਤੇ ਉਨ੍ਹਾਂ ਦੇ ਹੱਥ ਹਾਕੀਆਂ ਫੜਾ ਕੇ ਅਤੇ ਥੋੜ੍ਹੀ ਬਹੁਤ ਮਸ਼ਕ ਅਤੇ ਖੇਡ ਦੀ ਜਾਣਕਾਰੀ ਦੇ ਕੇ ਇੱਕ ਨਵੀਂ ਟੀਮ ਖੜ੍ਹੀ ਕਰ ਦਿੱਤੀ। ਸਕੂਲ ਦੇ ਹੈੱਡਮਾਸਟਰ ਨੇ ਉਸ ਅਧਿਆਪਕ ਨੂੰ ਕਾਫੀ ਸਮਝਾਇਆ ਕਿ ਭਾਈ ਇਹ ਗੱਲ ਕਿਤੇ ਸਿਰੇ ਨਹੀਂ ਚੜ੍ਹਣੀ ਪਰ ਉਹ ਖੇਡਾਂ ਦਾ ਅਧਿਆਪਕ ਨਾ ਮੰਨਿਆ।  

ਸੋ ਵਕਤ ਆਉਣ ਤੇ ਸਭ ਤੋਂ ਪਹਿਲਾਂ ਬਲਾਕ ਪੱਧਰ ਦੇ ਖੇਡਾਂ ਦੇ ਮੁਕਾਬਲੇ ਸ਼ੁਰੂ ਹੋਏ। ਜਿੱਦਾਂ ਕਿ ਇਸ ਖੇਡਾਂ ਦੇ ਅਧਿਆਪਕ ਨੇ ਸੋਚਿਆ ਸੀ, ਲੰਮੇ-ਤਕੜੇ ਜੁੱਸੇ ਵਾਲੇ ਮੁੰਡਿਆਂ ਨੂੰ ਵੇਖ ਕੇ ਵਿਰੋਧੀ ਟੀਮ ਦਾ ਦਿਲ ਪਹਿਲਾਂ ਹੀ ਹੌਲ਼ ਜਾਂਦਾ ਸੀ ਅਤੇ ਇਸ ਤਰ੍ਹਾਂ ਧੱਕੇ ਦੇ ਨਾਲ ਇਸ ਸਕੂਲ ਦੀ ਟੀਮ ਬਲਾਕ ਪੱਧਰ ਦੇ ਸਾਰੇ ਮੈਚ ਜਿੱਤ ਗਈ।  

ਇਹ ਟੀਮ ਅੱਗੇ ਚੱਲ ਤਹਿਸੀਲ ਪੱਧਰ ਦੇ ਉੱਤੇ ਹੋਏ ਮੁਕਾਬਲਿਆਂ ਚ ਵੀ ਕਿਸੇ ਤਰ੍ਹਾਂ ਔਖੀ-ਸੌਖੀ ਮੈਚ ਜਿੱਤਦੀ ਗਈ ਤੇ ਅਖੀਰ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਪਹੁੰਚ ਗਈ। ਜ਼ਿਲ੍ਹਾ ਪੱਧਰ ਦੇ ਮੈਚ ਖੇਡਣ ਦੇ ਲਈ ਜਦ ਇਹ ਪਿੰਡ ਦੇ ਸਕੂਲ ਦੀ ਟੀਮ ਜਲੰਧਰ ਪਹੁੰਚੀ ਤਾਂ ਉੱਥੇ ਪਹਿਲੇ ਮੈਚ ਦੇ ਵਿੱਚ ਵਿਰੋਧੀ ਟੀਮ ਨੇ ਬੜੇ ਤਰੀਕੇ ਦੇ ਨਾਲ ਪਾਸਾਂ ਦੇ ਸਿਰ ਤੇ ਖੇਡ ਖੇਡੀ ਅਤੇ ਮੈਚ ਦੇ ਪਹਿਲੇ ਅੱਧ ਵਿੱਚ ਹੀ ਦਸ ਗੋਲ ਦਾਗ ਦਿੱਤੇ।

ਪਿੰਡ ਦੇ ਸਕੂਲ ਦੀ ਟੀਮ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਝੁੰਡ ਬਣਾ ਕੇ ਆਪਣੇ ਲੰਮੇ-ਤਕੜੇ ਜੁੱਸੇ ਦੇ ਨਾਲ ਦੂਜੀ ਟੀਮ ਦੇ ਉੱਪਰ ਕੋਈ ਜ਼ੋਰ ਪਾ ਲੈਣ ਪਰ ਉਨ੍ਹਾਂ ਦੀ ਵਿਰੋਧੀ ਟੀਮ ਸਾਹਮਣੇ ਕੁਝ ਨਾ ਚੱਲੀ ਅਤੇ ਇੱਕ ਤੋਂ ਬਾਅਦ ਇੱਕ ਗੋਲ ਹੁੰਦੇ ਹੀ ਰਹੇ। ਹੋਇਆ ਕੀ ਕਿ ਵਿਰੋਧੀ ਟੀਮ ਨੂੰ ਛੇਤੀ ਹੀ ਇਸ ਗੱਲ ਦੀ ਸਮਝ ਆ ਗਈ ਸੀ ਕਿ ਪਿੰਡ ਦੇ ਸਕੂਲ ਦੀ ਟੀਮ ਦੇ ਲੰਮੇ-ਤਕੜੇ ਜੁੱਸੇ ਵਾਲੇ ਖਿਡਾਰੀ ਕਿੰਨੇ ਕੁ ਜੋਗੇ ਹਨ।

ਪਹਿਲੇ ਅੱਧ ਦੀ ਖੇਡ ਤੋਂ ਬਾਅਦ ਪਿੰਡ ਦੇ ਸਕੂਲ ਦੀ ਟੀਮ ਨੇ ਫੈਸਲਾ ਲਿਆ ਕਿ ਉਹ ਦੂਸਰਾ ਅੱਧ ਨਹੀਂ ਖੇਡਣਗੇ ਅਤੇ ਉਹ ਮੈਚ ਸਪੁਰਦਗੀ ਕਰ ਕੇ ਟੂਰਨਾਮੈਂਟ ਚੋਂ ਬਾਹਰ ਹੋ ਗਏ। ਜਦ ਉਹ ਟੀਮ ਵਾਪਸ ਪਿੰਡ ਪਹੁੰਚੀ ਤਾਂ ਉਹ ਖੇਡਾਂ ਦਾ ਅਧਿਆਪਕ ਹੈੱਡਮਾਸਟਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੀ ਨਾ ਵੇਖ ਸਕਿਆ।   

ਦੂਜੀ ਮਿਸਾਲ ਦੇ ਤੌਰ ਤੇ ਅਸੀਂ ਆਮ ਵੇਖਦੇ ਹਾਂ ਕਿ ਅੰਗਰੇਜ਼ੀ ਬੋਲਣ ਵਾਲੇ ਮੁਲਕਾਂ ਦੇ ਵਿੱਚ ਅਦਾਲਤਾਂ ਦੇ ਕਈ ਫੈਸਲੇ ਜਿਊਰੀ ਰਾਹੀਂ ਹੁੰਦੇ ਹਨ। ਇਸ ਜਿਊਰੀ ਤੋਂ ਇਹੀ ਆਸ ਰੱਖੀ ਜਾਂਦੀ ਹੈ ਕਿ ਉਹ ਇਨਸਾਫ਼ ਕਰੇਗੀ ਅਤੇ ਇਨਸਾਫ਼ ਪ੍ਰਤੱਖ ਕਰਨ ਲਈ ਜਿਊਰੀ ਦੇ ਨਾਂ ਦੇ ਉੱਤੇ ਉਸ ਦੇ ਮੈਂਬਰ ਵੀ ਬੜੇ ਤਰੀਕੇ ਦੇ ਨਾਲ ਚੁਣੇ ਜਾਂਦੇ ਹਨ।

ਪਰ ਅੱਜ ਦੇ ਲੇਖ ਦੇ ਨਾਲ ਸਬੰਧਤ ਜਿਊਰੀ ਦੀ ਮੁੱਖ ਗੱਲ ਇਹ ਹੁੰਦੀ ਹੈ ਕਿ ਉਸ ਨੂੰ ਮੁਜਰਮ ਦੇ ਉਸੇ ਦੋਸ਼ ਬਾਰੇ ਹੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਦਾ ਮੁਕੱਦਮਾ ਚੱਲ ਰਿਹਾ ਹੁੰਦਾ ਹੈ। ਉਨ੍ਹਾਂ ਨੂੰ ਮੁਜਰਮ ਦੇ ਪਿਛੋਕੜ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਜੋ ਉਨ੍ਹਾਂ ਜਿਊਰੀ ਕਿਤੇ ਇਨਸਾਫ਼ ਦਿੰਦੀ-ਦਿੰਦੀ ਪੱਖ-ਪਾਤੀ ਨਾ ਹੋ ਜਾਵੇ। ਭਾਵ ਇਹ ਕਿ ਪੱਖ-ਪਾਤ ਤਾਂ ਇਨਸਾਫ਼ ਦੇ ਕਿੱਧਰੇ ਲਾਗੇ ਵੀ ਨਹੀਂ ਢੁਕ ਸਕਦਾ।

ਜੇ ਅਸੀਂ ਸਮਾਜਕ ਮਾਧਿਅਮ, ਖ਼ਾਸ ਤੌਰ ਤੇ ਵ੍ਹਾਟਸਐਪ ਦੇ ਗਰੁੱਪਾਂ ਦੇ ਉੱਤੇ ਝਾਤ ਮਾਰੀਏ ਤਾਂ ਇਹੀ ਪਤਾ ਲੱਗਦਾ ਹੈ ਕਿ ਬਹੁਤਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਧੱਕੇ ਨਾਲ ਜਾਂ ਸ਼ਰਧਾ ਨਾਲ ਜਾਂ ਫਿਰ ਮਨ ਦੀ ਪਹਿਲੀ ਹੀ ਪੱਖ-ਪਾਤੀ ਸੋਚ ਦੇ ਨਾਲ ਕਿਸੇ ਵੀ ਵਿਸ਼ੇ ਉਪਰ ਆਪਣਾ “ਆਖਰੀ ਫੈਸਲਾ” ਸੁਨਾਉਣ ਲਈ ਕਾਹਲ਼ੇ ਪੈ ਜਾਂਦੇ ਹਾਂ। ਭਾਵੇਂ ਕਿ ਇਸ ਆਖਰੀ ਫੈਸਲੇ ਵਿੱਚ ਕੋਈ ਤਰਕ ਜਾਂ ਸੱਚਾਈ ਨਾ ਵੀ ਹੋਵੇ। ਅਜਿਹਾ ਵਤੀਰਾ ਕੀ ਲੰਮੇ ਪੈਂਡੇ ਪੂਰੇ ਕਰ ਸਕਦਾ ਹੈ? ਇਨ੍ਹਾਂ ਸਮਾਜਕ ਮਾਧਿਅਮ ਦੇ ਗਰੁੱਪਾਂ ਦੇ ਮਾਇਆ ਜਾਲ ਵਿੱਚੋਂ ਨਿਕਲ ਕੇ ਜੇ ਤੁਸੀਂ ਇਹੀ ਗੱਲਾਂ ਬਾਹਰ ਦੁਨੀਆਂ ਵਿੱਚ ਕਰੀਏ ਤਾਂ ਸਾਡੀ ਗੱਲ ਨੂੰ ਕਿੰਨੀ ਗੰਭੀਰਤਾ ਨਾਲ ਲਿਆ ਜਾਏਗਾ ਅਤੇ ਜੱਗ ਹੱਸਾਈ ਕਿੰਨੀ ਕੁ ਹੋਵੇਗੀ?

ਇਸ ਸਭ ਦਾ ਫੈਸਲਾ ਹੁਣ ਤੁਸੀਂ ਆਪ ਹੀ ਕਰੋ!

Posted in ਵਿਚਾਰ

ਕੋਵਿਡ-19 ਅਤੇ ਸਾਡੀ ਮਾਨਸਿਕਤਾ

ਨਿਊਜ਼ੀਲੈਂਡ ਵਿੱਚ ਕੋਵਿਡ-19 ਤਾਲਾਬੰਦੀ ਦੋ ਹਫ਼ਤੇ ਪੂਰੀ ਕਰ ਚੁੱਕੀ ਹੈ। ਚਾਰ ਹਫ਼ਤਿਆਂ ਦੀ ਇਹ ਤਾਲਾਬੰਦੀ ਹੁਣ ਤੀਜੇ ਹਫ਼ਤੇ ਵਿੱਚ ਹੈ। ਲੋਕਾਂ ਦਾ ਘਰ ਵਿੱਚ ਇਕਾਂਤਵਾਸ ਹੋਣ ਕਰਕੇ ਮੈਂ ਇਹ ਸੋਚਿਆ ਸੀ ਕਿ ਇਸ ਵੇਲ਼ੇ ਖਾਸ ਤੌਰ ਤੇ ਸਮਾਜਿਕ ਮਾਧਿਅਮ ਜਿਸਦੇ ਵਿੱਚ ਫੇਸਬੁੱਕ ਅਤੇ ਵ੍ਹਾਟਸਐਪ ਸ਼ਾਮਿਲ ਹੈ ਇਸ ਦੇ ਉੱਪਰ ਕਾਫੀ ਲੋਕ ਆਪਣੇ ਮੌਲਿਕ ਵਿਚਾਰ ਅਤੇ ਤਾਲਾਬੰਦੀ ਦੇ ਤਜਰਬੇ ਸਾਂਝੇ ਕਰਨਗੇ ਜਾਂ ਫਿਰ ਕੋਈ ਫ਼ਨ ਜਾਂ ਕਲਾਕਾਰੀ ਦਾ ਇਜ਼ਹਾਰ ਕਰਨਗੇ। ਪਰ ਜਿਵੇਂ ਜਿਵੇਂ ਵਕਤ ਬੀਤਦਾ ਗਿਆ ਮੈਂ ਇਹ ਵੇਖਿਆ ਕਿ ਲੋਕਾਂ ਦੀ ਹਾਜ਼ਰੀ ਫੇਸਬੁੱਕ ਅਤੇ ਵ੍ਹਾਟਸਐਪ ਉੱਤੇ ਘਟਦੀ ਹੀ ਗਈ।  

ਇਹ ਸਮਾਜਿਕ ਮਾਧਿਅਮ ਆਪਸ ਵਿੱਚ ਜਾਣਕਾਰੀ ਸਾਂਝੀ ਕਰਨ ਲਈ ਜਾਂ ਵਿਚਾਰਾਂ ਦੇ ਆਦਾਨ ਪ੍ਰਦਾਨ ਅਤੇ ਸਮਾਜਿਕ ਸਾਂਝ ਬਣਾਉਣ ਲਈ ਹੀ ਬਣੇ ਦੱਸੇ ਜਾਂਦੇ ਸਨ। ਪਰ ਅੱਜ ਜਦ ਇਸ ਦੀ ਭਰਪੂਰ ਲੋੜ ਹੈ ਅਤੇ ਇਮਤਿਹਾਨ ਦੀ ਘੜ੍ਹੀ ਦਰ ਖੜਕਾ ਰਹੀ ਹੈ ਤਾਂ ਵੇਖਿਆ ਕਿ ਇਹ ਸਮਾਜਿਕ ਮਾਧਿਅਮ ਆਪਣੇ ਟੀਚੇ ਤੇ ਪੂਰੇ ਨਹੀਂ ਸਨ ਉੱਤਰ ਰਹੇ।

ਟਾਵਾਂ ਟਾਵਾਂ ਕੋਈ ਨਾ ਕੋਈ ਕੋਈ ਸੁਨੇਹਾ ਜ਼ਰੂਰ ਛੱਡ ਦਿੰਦਾ ਸੀ ਪਰ ਉਹ ਵੀ ਅਜਿਹੇ ਸੁਨੇਹੇ ਜਿਹਦੇ ਵਿੱਚ ਕੋਈ ਸਥਾਨਕ ਸਮਾਜਿਕ ਸਾਂਝ ਬਣਾਉਣ ਦਾ ਕੋਈ ਵੀ ਉਪਰਾਲਾ ਨਹੀਂ। ਜ਼ਾਹਰ ਹੈ ਕਿ ਜਦ ਅਜਿਹੇ ਤਾਲਾਬੰਦੀ ਦੇ ਹਾਲਾਤ ਬਣੇ ਹੋਣ ਤਾਂ ਲੋਕਾਂ ਦੇ ਉੱਤੇ ਮਾਨਸਿਕ ਦਬਾਅ ਵੀ ਵਧਦਾ ਹੈ। ਪਰ ਜੋ ਵੀ ਅੱਜ ਸਮਾਜਿਕ ਮਾਧਿਅਮਾਂ ਦੇ ਉੱਤੇ ਚੱਲ ਰਿਹਾ ਹੈ ਉਸ ਤੋਂ ਕਿਤੇ ਵੀ ਇਹ ਜ਼ਾਹਰ ਨਹੀਂ ਹੁੰਦਾ ਕਿ ਮਾਨਸਿਕ ਸਿਹਤ ਨੂੰ ਨਰੋਇਆ ਰੱਖਣ ਲਈ ਇਹ ਸਮਾਜਿਕ ਮਾਧਿਅਮ ਕਿਸੇ ਕਿਸਮ ਦਾ ਯੋਗਦਾਨ ਦੇ ਰਹੇ ਹੋਣ।

Photo by Dan Burton on Unsplash

ਇਸ ਤੋਂ ਸਾਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਜਦੋਂ ਸਭ ਕੁਝ ਖੁੱਲ੍ਹਾ ਹੁੰਦਾ ਹੈ ਤਾਂ ਸਮਾਜਿਕ ਮਾਧਿਅਮ ਉੱਤੇ ਮੱਖੀ ਤੇ ਮੱਖੀ ਮਾਰੀ ਜਾ ਰਹੀ ਹੁੰਦੀ ਹੈ। ਕੀ ਵਾਕਿਆ ਹੀ ਇਸ ਵਤੀਰੇ ਨਾਲ ਅਸੀਂ ਆਪਣੇ ਸਮਾਜ ਨੂੰ ਕੋਈ ਸੁਚਾਰੂ ਅਤੇ ਸੁਚੱਜਾ ਯੋਗਦਾਨ ਦੇ ਰਹੇ ਹੁੰਦੇ ਹਾਂ? ਇਹ ਸਾਡੀਆਂ ਮਾਨਸਿਕ ਕਿਰਿਆਵਾਂ ਨੂੰ ਜ਼ਾਹਰ ਕਰਦਾ ਹੈ ਕਿ ਅਸੀਂ ਕਿੱਥੇ ਅਤੇ ਕੀ ਸੋਚ ਰਹੇ ਹੁੰਦੇ ਹਾਂ? ਇਸੇ ਕਰਕੇ ਹਾਲ ਵਿੱਚ ਹੀ ਚੰਗੇ ਪਾਸੇ ਵੱਲੋਂ ਇਕ ਦੋ ਪੰਜਾਬੀ ਕਵਿਤਾਵਾਂ-ਗਾਣੇ ਵੀ ਆ ਗਏ ਜਿੰਨ੍ਹਾਂ ਵਿੱਚ ਇਹ ਸੁਆਲ ਖੜ੍ਹਾ ਕੀਤਾ ਗਿਆ ਹੈ ਕਿ ਹੁਣ ਵੀ ਤਾਂ ਦੁਨੀਆਂ ਖੜ੍ਹ ਹੀ ਗਈ ਹੈ – ਪਤਾ ਨਹੀਂ ਪਹਿਲਾਂ ਸਮਾਜਿਕ ਮਾਧਿਅਮ ਉੱਤੇ ਵਿਚਰਦਾ ਇਨਸਾਨ ਇਹ ਕਿਉਂ ਸੋਚਣ ਲੱਗ ਪੈਂਦਾ ਸੀ ਕਿ ਖੌਰੇ ਧਰਤੀ ਹੇਠਲਾ ਬਲਦ ਉਹ ਆਪ ਹੀ ਹੈ।

ਮਾਨਸਿਕਤਾ ਦੀ ਇੱਕ ਮਿਸਾਲ ਮੈਨੂੰ ਕੱਲ੍ਹ ਹੀ ਮਿਲੀ ਜਦ ਮੈਂ ਇੱਕ ਸੱਜਣ ਨਾਲ ਆਕਲੈਂਡ ਫ਼ੋਨ ਤੇ ਗੱਲ ਕਰ ਰਿਹਾ ਸੀ। ਚੰਗੀ ਕਿਸਮਤ ਨੂੰ ਇਹ ਸੱਜਣ ਤਾਲਾਬੰਦੀ ਦੇ ਦੌਰਾਨ ਵੀ ਕੰਮ ਤੋਂ ਬਾਹਰੇ ਕਈ ਕਿਸਮ ਦੇ ਸ਼ੌਕ ਹੋਣ ਕਰਕੇ, ਕਈ ਤਰ੍ਹਾਂ ਦੇ ਭਾਈਚਾਰਿਆਂ ਜਾਂ ਜੁੱਟਾਂ ਨਾਲ ਆਨਲਾਈਨ ਮਿਲਾਪ ਵਿੱਚ ਹਨ। ਪਰ ਇਕ ਖਾਸ ਸਲਾਹ-ਮਸ਼ਵਰਾ ਜੋ ਇਨ੍ਹਾਂ ਨੂੰ ਆਪਣੇ ਭਾਈਚਾਰੇ ਦੇ ਲੋਕ ਦੇ ਰਹੇ ਹਨ ਉਹ ਇਨ੍ਹਾਂ ਨੂੰ ਕਿਤਿਓਂ ਹੋਰੋਂ ਨਹੀਂ ਮਿਲਿਆ। ਉਹ ਇਹ ਸੀ ਕਿ ਹਾਲ-ਦੁਹਾਈ ਪਾ ਦਿਓ। ਆਪਣੇ ਮਕਾਨ ਮਾਲਕ ਨੂੰ ਕਹੋ ਕਿ ਮੇਰੇ ਕੋਲ ਕਿਰਾਇਆ ਦੇਣ ਜੋਗਾ ਕੁਝ ਵੀ ਨਹੀਂ ਹੈ ਅਤੇ ਹਰ ਹੀਲਾ ਵਸੀਲਾ ਕਰੋ ਕਿ ਸਰਕਾਰੇ-ਦਰਬਾਰੇ ਤੋਂ ਜੋ ਵੀ ਮਿਲ ਸਕਦਾ ਹੈ ਉਹ ਝਾੜੀ ਚੱਲੋ।

ਇਨ੍ਹਾਂ ਸੱਜਣ ਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਬੱਸ ਏਡੀ ਛੇਤੀ ਦਮ ਖੁਸ਼ਕ ਹੋ ਗਿਆ! ਉਹ ਦਿਨ ਕਿੱਥੇ ਗਏ ਜਦੋਂ ਬੜੀ ਆਕੜ ਨਾਲ ਇਹ ਗਾਣੇ ਗਾਉਂਦੇ ਤੇ ਕਾਰਾਂ ਵਿੱਚ ਵਜਾਉਂਦੇ ਸਨ ਕਿ ਪਹਿਲਾਂ ਗੋਲੀ ਮਾਰੀ ਦੀ ਹੈ ਪਿੱਛੋਂ ਨਾਂ ਪੁੱਛੀ ਦਾ ਹੈ? ਜਾਂ ਫਿਰ ਕੱਲ ਤਕ ਤਾਂ ਬੜੇ ਸੁਆਦ ਲੈ ਲੈ ਕੇ ਕਿੱਸੇ ਸੁਣਾਉਂਦੇ ਸਨ ਕਿ ਕਿਵੇਂ ਪੰਜਾਬ ਗਿਆਂ ਤੇ ਨਵੇਂ ਰਵਾਜ਼ ਮੁਤਾਬਕ ਯਾਰਾਂ ਦੋਸਤਾਂ ਨੂੰ ਆਪਣੇ ਖਰਚੇ ਤੇ ਗੋਆ ਜਾਂ ਥਾਈਲੈਂਡ ਲਿਜਾ ਕੇ ਅੱਇਆਸ਼ੀ ਕਰਵਾਈ ਸੀ।

ਕੀ ਫਲੈਟ ਦਾ ਕਰਾਇਆ ਅੱਇਆਸ਼ੀ ਤੇ ਕੀਤੇ ਖਰਚੇ ਨਾਲੋਂ ਵੀ ਵੱਧ ਹੈ?

Posted in ਯਾਦਾਂ

ਜ਼ਿੰਦਗੀ ਦਾ ਨਜ਼ਰੀਆ

ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ। ਕਈ ਵਾਰੀ ਅਸੀਂ ਆਮ ਗੱਲਾਂ ਤਾਂ ਕਰ ਜਾਂਦੇ ਹਾਂ ਪਰ ਉਹ ਗੱਲਾਂ ਜ਼ਿੰਦਗੀ ਦੀ ਅਸਲ ਸੱਚਾਈ ਤੋਂ ਬਹੁਤ ਦੂਰ ਹੁੰਦੀਆਂ ਹਨ। ਜਾਂ ਫਿਰ ਉਸ ਵਿੱਚ ਜ਼ਿੰਦਗੀ ਦਾ ਕੋਈ ਤਜ਼ਰਬਾ ਸ਼ਾਮਲ ਨਹੀਂ ਹੁੰਦਾ। ਅਚਾਨਕ ਕੋਈ ਘਟਣਾ ਤੁਹਾਡਾ ਸਾਰਾ ਨਜ਼ਰੀਆ ਬਦਲ ਕੇ ਰੱਖ ਦਿੰਦੀ ਹੈ।  

ਅੱਜ ਮੈਨੂੰ ਅਜਿਹੀ ਹੀ ਇੱਕ ਗੱਲ ਯਾਦ ਆ ਗਈ ਜੋ ਕਿ ਸੰਨ 1980ਵਿਆਂ ਦੀ ਹੈ।  ਯੂਨੀਵਰਸਿਟੀ ਵਿੱਚ ਮੇਰੇ ਇੱਕ ਦੋਸਤ ਦੀ ਭੈਣ ਦਾ ਵਿਆਹ ਕੈਨੇਡਾ ਹੋ ਗਿਆ ਅਤੇ ਉਸ ਤੋਂ ਬਾਅਦ ਛੇਤੀ ਹੀ ਉਸ ਦੇ ਮਾਤਾ ਪਿਤਾ ਵੀ ਕੈਨੇਡਾ ਪੱਕੇ ਤੌਰ ਤੇ ਪਰਵਾਸ ਕਰ ਗਏ।  

ਮੇਰੇ ਦੋਸਤ ਦੇ ਪਿਤਾ ਜੀ ਰਿਟਾਇਰਡ ਸਕੂਲ ਹੈੱਡਮਾਸਟਰ ਸਨ ਤੇ ਜ਼ਾਹਿਰ ਹੈ ਉਨ੍ਹਾਂ ਨੂੰ ਆਪਣੇ ਸੁਭਾਅ ਦੇ ਮੁਤਾਬਕ ਉੱਥੇ ਸਾਥ ਨਾ ਮਿਲਣ ਕਰਕੇ ਕੈਨੇਡਾ ਵਿੱਚ ਰਹਿਣ ਤੋਂ ਉਨ੍ਹਾਂ ਦਾ ਮਨ ਛੇਤੀ ਹੀ ਉਚਾਟ ਹੋ ਗਿਆ ਸੀ। ਉਹ ਵਾਰ ਵਾਰ ਕਹਿੰਦੇ ਸਨ ਕਿ ਮੈਂ ਵਾਪਸ ਪੰਜਾਬ ਪਰਤਣਾ ਚਾਹੁੰਦਾ ਹਾਂ ਜਿੱਥੇ ਉਹ ਆਪਣੇ ਦੋਸਤਾਂ ਮਿੱਤਰਾਂ ਦੇ ਮਿਲਾਪ ਵਿੱਚ ਰਹਿ ਕੇ ਆਪਣਾ ਰਿਟਾਇਰਡ ਜੀਵਨ ਬਿਤਾਉਣਾ ਚਾਹੁੰਦੇ ਸਨ।  

ਮੇਰੇ ਦੋਸਤ ਨੇ ਕਈ ਵਾਰ ਮੈਨੂੰ ਇਹ ਵੀ ਦੱਸਣਾ ਕਿ ਉਥੇ ਜਦੋਂ ਬਰਫ ਪੈਂਦੀ ਸੀ ਤਾਂ ਘਰੋਂ ਬਾਹਰ ਨਾ ਜਾਣ ਦਾ ਮੌਕਾ ਲੱਗਣ ਕਰਕੇ ਉਸ ਦੇ ਪਿਤਾ ਜੀ ਖਿੜਕੀ ਚੋਂ ਬਾਹਰ ਡਿੱਗਦੀ ਬਰਫ਼ ਵੇਖ ਕੇ ਅਕਸਰ ਹੀ ਅੱਥਰੂ ਕੇਰਦੇ ਰਹਿੰਦੇ ਸਨ ਅਤੇ ਭਾਵੁਕ ਹੋ ਕੇ ਇਹੀ ਕਹਿੰਦੇ ਸਨ ਕਿ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਵਾਪਸ ਪੰਜਾਬ ਜਾ ਕੇ ਰਹਿਣਾ ਨਸੀਬ ਹੋਵੇਗਾ ਕਿ ਨਹੀਂ?

Photo by Owen Woodhouse on Unsplash

ਇੱਕ ਦਿਨ ਛੁੱਟੀ ਵਾਲੇ ਦਿਨ ਜਦ ਉਹ ਆਪਣੇ ਧੀ ਜਵਾਈ ਦੇ ਨਾਲ ਮਾਲ ਦੇ ਵਿੱਚ ਸ਼ਾਪਿੰਗ ਕਰਨ ਗਏ ਹੋਏ ਸਨ ਤਾਂ ਉੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਮਾਲ ਵਿੱਚ ਫੌਰੀ ਮੁੱਢਲੀ ਸਹਾਇਤਾ ਮਿਲੀ ਅਤੇ ਛੇਤੀ ਹੀ ਐਂਬੂਲੈਂਸ ਉਨ੍ਹਾਂ ਨੂੰ ਹਸਪਤਾਲ ਲੈ ਗਈ ਜਿੱਥੇ ਉਨ੍ਹਾਂ ਦਾ ਆਪ੍ਰੇਸ਼ਨ ਵੀ ਹੋ ਗਿਆ। ਜਿਸ ਦਿਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਹਸਪਤਾਲ ਵੱਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦਿੱਤਾ ਗਿਆ ਅਤੇ ਨਰਸ ਉਚੇਚੇ ਤੌਰ ਤੇ ਉਨ੍ਹਾਂ ਨੂੰ ਕਾਰ ਤੱਕ ਛੱਡਣ ਆਈ। ਉਸ ਤੋਂ ਬਾਅਦ ਘਰੇ ਵੀ ਉਨ੍ਹਾਂ ਨੂੰ ਹਸਪਤਾਲੋਂ ਨੇਮ ਨਾਲ ਫੋਨ ਆਉਂਦਾ ਜਿਸ ਵਿੱਚ ਉਨ੍ਹਾਂ ਦੀ ਸਿਹਤ ਬਾਰੇ ਗੱਲ ਕੀਤੀ ਜਾਂਦੀ। 

ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਇਸ ਘਟਨਾਂ ਤੋਂ ਬਾਅਦ ਉਸ ਦੇ ਪਿਤਾ ਜੀ ਦਾ ਸਾਰਾ ਨਜ਼ਰੀਆ ਹੀ ਬਦਲ ਗਿਆ। ਜਿੱਥੇ ਉਹ ਪਹਿਲਾਂ ਪੰਜਾਬ ਵਾਪਸ ਜਾਣ ਦੀ ਰਟ ਲਾਈ ਰੱਖਦੇ ਸਨ ਹੁਣ ਅਕਸਰ ਆਖ ਦਿੰਦੇ ਸਨ ਕਿ ਜੇ ਮੈਂ ਅਜਿਹੇ ਹਾਲਾਤ ਵਿੱਚ ਕਿਤੇ ਪੰਜਾਬ ਵਿੱਚ ਹੁੰਦਾ ਤਾਂ ਖੌਰੇ ਕਿਤੇ ਸੜਕ ਤੇ ਹੀ ਮਰ ਖਪ ਜਾਣਾ ਸੀ। ਉਹ ਅੱਗੇ ਕਹਿੰਦੇ ਕਿ ਚੰਗਾ ਹੋਇਆ ਕਿ ਮੈਂ ਕੈਨੇਡਾ ਵਿੱਚ ਸਾਂ ਜਿੱਥੇ ਮੇਰੀ ਸਿਹਤ ਸੰਭਾਲ ਹੋ ਗਈ ਤੇ ਮੈਂ ਅੱਜ ਵੀ ਜਿਉਂਦਾ ਵੱਸਦਾ ਹਾਂ।   ਇੱਕ ਦਿਲ ਦੇ ਦੌਰੇ ਨੇ ਮੇਰੇ ਦੋਸਤ ਦੇ ਪਿਤਾ ਜੀ ਦਾ ਸਾਰਾ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ।  ਜੇਕਰ ਉਨ੍ਹਾਂ ਨਾਲ ਇਸ ਤਰ੍ਹਾਂ ਨਾ ਹੋਇਆ ਹੁੰਦਾ ਤਾਂ ਪਤਾ ਨਹੀਂ ਸ਼ਾਇਦ ਉਹ ਹੋਰ ਕਿੰਨੇ ਸਾਲ ਕੈਨੇਡਾ ਵਿੱਚ ਡਿੱਗਦੀ ਬਰਫ਼ ਵੇਖ ਵੇਖ ਕੇ ਅੱਥਰੂ ਕੇਰਦੇ ਰਹਿੰਦੇ ਤੇ ਸ਼ਾਇਦ ਮਾਨਸਕ ਤੌਰ ਤੇ ਦਿਲਗੀਰੀ ਵਿੱਚ ਚਲੇ ਜਾਂਦੇ। 

Posted in ਚਰਚਾ

ਕੋਵਿਡ-19 ਤਾਲਾਬੰਦੀ

ਦਿਨ ਬੁੱਧਵਾਰ, 25 ਮਾਰਚ 2020 ਦੀ ਅੱਧੀ ਰਾਤੀਂ ਨਿਊਜ਼ੀਲੈਂਡ ਦੇ ਵਿੱਚ ਕੋਵਿਡ-19 ਦੇ ਚੱਲਦੇ ਚਾਰ ਹਫ਼ਤੇ ਦੀ ਤਾਲਾਬੰਦੀ ਸ਼ੁਰੂ ਹੋ ਗਈ। ਇਸ ਤਾਲਾਬੰਦੀ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਲੱਗਭਗ ਹਰ ਅਦਾਰਾ, ਹਰ ਵਪਾਰ ਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ। ਵਪਾਰਕ ਨੁਕਸਾਨ ਅਤੇ ਰੁਜ਼ਗਾਰ ਪੱਖੋਂ ਸਰਕਾਰੀ ਸਹੂਲਤ ਫੌਰੀ ਤੌਰ ਤੇ ਬਾਰਾਂ ਹਫਤਿਆਂ ਲਈ ਭੱਤੇ ਦੇ ਰੂਪ ਵਿੱਚ ਇਕਮੁਸ਼ਤ ਰਕਮ ਦੇ ਤੌਰ ਤੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਚੁੱਕੀ ਹੈ। ਜਿਸ ਕਰਕੇ ਜਿੰਨ੍ਹਾਂ ਦਾ ਦਿਲ ਤਲਾਬੰਦੀ ਦੇ ਨਾਂ ਤੇ ਦਹਿਲਣ ਲੱਗ ਪਿਆ ਸੀ, ਉਹ ਥੋੜ੍ਹੇ ਸ਼ਾਂਤ ਜਿਹੇ ਹੋ ਗਏ।

ਨਿਊਜ਼ੀਲੈਂਡ ਦੇ ਹਵਾਈ ਅੱਡੇ ਅਤੇ ਬੰਦਰਗਾਹਾਂ ਵੀ ਜ਼ਰੂਰੀ ਸੇਵਾਵਾਂ ਲਈ ਚੱਲਣਗੀਆਂ ਜਿਸ ਵਿੱਚ ਮਾਲ ਢੁਆਈ ਵੀ ਸ਼ਾਮਲ ਹੈ ਪਰ ਆਮ ਸਵਾਰੀਆਂ ਦਾ ਕੰਮ ਠੱਪ ਹੈ।

ਵਿਅੰਗ ਵਾਲੇ ਪਾਸੇ ਵੇਖੀਏ ਤਾਂ ਕਈ ਥਾਂ ਇਹ ਗੱਲ ਉਭਰ ਰਹੀ ਹੈ ਕਿ ਹੁਣ ਵ੍ਹਾਟਸਐਪ ਯੂਨੀਵਰਸਿਟੀ ਧੜਾਧੜ ਡਿਗਰੀਆਂ ਛਾਪ ਰਹੀ ਹੈ ਕਿਉਂਕਿ ਇਸ ਤਾਲਾਬੰਦੀ ਤੋਂ ਬਾਅਦ ਲੋਕਾਂ ਨੂੰ ਪੀਐੱਚਡੀ ਦੀਆਂ ਡਿਗਰੀਆਂ ਦੇਣੀਆਂ ਪੈਣੀਆਂ ਹਨ। ਕਰੋਨਾ ਵਾਇਰਸ ਦੇ ਮਾਹਰ ਬਣ ਕੇ ਹਰੇਕ ਨੇ ਇੰਨੇ ਸੁਨੇਹੇ ਸਾਂਝੇ ਕੀਤੇ ਹਨ ਕਿ ਬਸ ਪੁੱਛੋ ਨਾ। ਬਹੁਤਿਆਂ ਨੇ ਤਾਂ ਉੱਚ ਮੁਹਾਰਤ ਦਿਨ ਵਿੱਚ ਚਾਰ ਵਾਰ ਭਾਫ਼ ਲੈਣ ਜਾਂ ਲੂਣ ਵਾਲੇ ਗਰਾਰਿਆਂ ਦੀ ਹਾਸਲ ਕੀਤੀ ਹੋਈ ਹੈ।

ਨਿਊਜ਼ੀਲੈਂਡ ਵਿੱਚ ਹਮੇਸ਼ਾਂ ਹੀ ਕਿਰਾਏ ਤੇ ਮਿਲਣ ਵਾਲੇ ਘਰਾਂ ਦੀ ਘਾਟ ਰਹਿੰਦੀ ਸੀ। ਪਰ ਹੁਣ ਜਦ ਦਾ ਯਾਤਰੂਆਂ ਦਾ ਕੰਮ ਠੱਪ ਹੋਇਆ ਹੈ ਤਾਂ ਬਹੁਤ ਸਾਰੇ ਘਰ ਜੋ ਕਿ ਏਅਰ ਬੀ ਐੱਨ ਬੀ ਦੇ ਲਈ ਕਮਰੇ ਆਦਿ ਕਿਰਾਏ ਤੇ ਦਿੰਦੇ ਸਨ ਉਨ੍ਹਾਂ ਲਈ ਹੁਣ ਆਮਦਨ ਦਾ ਠਾਠਾਂ ਮਾਰਦਾ ਦਰਿਆ ਸੁੱਕ ਚੁੱਕਾ ਹੈ। ਉਨ੍ਹਾਂ ਮਕਾਨ ਮਾਲਕਾਂ ਨੇ ਆਪਣੇ ਘਰ ਕਿਰਾਏ ਤੇ ਦੇਣ ਲਈ ਆਨਲਾਈਨ ਇਸ਼ਤਿਹਾਰਬਾਜ਼ੀ ਸ਼ੁਰੂ ਕਰ ਦਿੱਤੀ ਹੈ। ਪਰ ਜਦੋਂ ਚਾਰ ਹਫ਼ਤੇ ਦੀ ਤਾਲਾਬੰਦੀ ਹੋ ਚੁੱਕੀ ਹੋਵੇ ਤਾਂ ਕੌਣ ਨਿਕਲੇਗਾ ਕਿਰਾਏ ਦੇ ਉੱਤੇ ਘਰ ਲੈਣ ਦੇ ਲਈ?

ਇੱਕ ਹੋਰ ਚੰਗਾ ਪੱਖ ਜਿਹੜਾ ਕਿ ਨਿਊਜ਼ੀਲੈਂਡ ਤੇ ਬਹੁਤਾ ਲਾਗੂ ਨਹੀਂ ਹੁੰਦਾ ਪਰ ਜਿਸ ਦੇ ਬਾਰੇ ਦੁਨੀਆਂ ਭਰ ਵਿੱਚ ਕਈ ਥਾਵਾਂ ਤੋਂ ਚੰਗੀਆਂ ਖਬਰਾਂ ਮਿਲ ਰਹੀਆਂ ਹਨ ਉਹ ਇਹ ਕਿ ਪ੍ਰਦੂਸ਼ਣ ਬਹੁਤ ਘੱਟ ਗਿਆ ਹੈ। ਕਈ ਪੰਛੀ ਅਤੇ ਹੋਰ ਜੀਵਾਂ ਨੇ ਉੱਥੇ ਵਿਚਰਨਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਪਹਿਲਾਂ ਉਹ ਇਨਸਾਨ ਤੋਂ ਡਰ ਕੇ ਨਹੀਂ ਸਨ ਜਾਂਦੇ।

ਹੁਣ ਵੀ ਤਾਂ ਦੁਨੀਆਂ ਦੇ ਰੁਝੇਵੇਂ ਮੁੱਕੇ ਹਨ। ਇਸ ਕਰਕੇ ਜਦ ਵੀ ਇਹ ਤਾਲਾਬੰਦੀ ਖਤਮ ਹੁੰਦੀ ਹੈ ਤਾਂ ਸਾਨੂੰ ਹਰੇਕ ਨੂੰ ਆਪੋ-ਆਪਣੇ ਪੱਧਰ ਤੇ ਸੋਚ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਕਿ ਅਸੀਂ ਪ੍ਰਦੂਸ਼ਣ ਘਟਾਉਣ ਵਿੱਚ ਨਿਜੀ ਤੌਰ ਤੇ ਕਿਵੇਂ ਸਹਾਈ ਹੋ ਸਕਦੇ ਹਾਂ? ਦੂਜਾ ਇਹ ਕਿ ਰੋਜ਼ ਦਿਹਾੜੇ ਹੁੰਦਾ ਆਮ ਵਰਤੋਂ ਵਾਲੀਆਂ ਚੀਜ਼ਾਂ ਦਾ ਉਜਾੜਾ ਅਸੀਂ ਕਿਵੇਂ ਘਟਾ ਸਕਦੇ ਹਾਂ?

Posted in ਚਰਚਾ

ਕੋਵਿਡ-19

ਅੱਜ ਦੇ ਦਿਨ ਮੈਂ ਆਕਲੈਂਡ ਵਿਖੇ ਇਕ ਸੰਮੇਲਨ ਨੂੰ ਸੰਬੋਧਨ ਕਰਨਾ ਸੀ ਅਤੇ ਉਸੇ ਬਾਰੇ ਇਥੇ ਲਿਖਣਾ ਵੀ ਸੀ। ਪਰ ਕੋਵਿਡ-19 ਕਰਕੇ ਇਹ ਸੰਮੇਲਨ ਮੁਲਤਵੀ ਹੋ ਗਿਆ ਹੈ। ਸੰਮੇਲਨ ਦੇ ਪ੍ਰਬੰਧਕ ਚਾਹੁੰਦੇ ਹਨ ਕਿ ਮੈਂ ਆਪਣੀ ਯਾਤਰਾ ਰੱਦ ਨਾ ਕਰਾਂ ਤਾਂ ਜੋ ਆਕਲੈਂਡ ਮਿਲ-ਬੈਠ ਕੇ ਕੁਝ ਮੁੱਦਿਆਂ ਤੇ ਵਿਚਾਰ ਕੀਤੀ ਜਾਵੇ।

ਸੋ ਕੁਝ ਕੁ ਦੇਰ ਤਕ ਮੈਂ ਵੈਲਿੰਗਟਨ ਹਵਾਈ ਅੱਡੇ ਲਈ ਰਵਾਨਾ ਹੋ ਜਾਵਾਂਗਾ।