Posted in ਚਰਚਾ

ਖੱਟੇ-ਮਿੱਠੇ ਤਜਰਬੇ

ਸੰਨ 2003 ਦੀ ਗੱਲ ਹੈ, ਵੈਲਿੰਗਟਨ ਦੀਆਂ ਰਾਜਨੀਤਕ ਸਫ਼ਾਂ ਵਿੱਚ ਵਿਚਰਦਿਆਂ ਇੱਕ ਛੋਟੀ ਰਾਜਨੀਤਕ ਪਾਰਟੀ ਦੇ ਐੱਮ.ਪੀ ਦੇ ਨਾਲ ਜਾਣ ਪਛਾਣ ਹੋਈ।  ਇਸ ਐੱਮ.ਪੀ ਦਾ ਆਕਲੈਂਡ ਵੱਸਦੇ ਸਿੱਖ ਭਾਈਚਾਰੇ ਨਾਲ ਕਾਫੀ ਗੂੜ੍ਹਾ ਸੰਬੰਧ ਸੀ। ਉਨ੍ਹਾਂ ਦਿਨਾਂ ਦੇ ਵਿੱਚ ਇਨਸਾਨੀ ਹੱਕਾਂ ਨੂੰ ਲੈ ਕੇ ਇਸ ਐੱਮ.ਪੀ ਨੇ ਨਿਊਜ਼ੀਲੈਂਡ ਵੱਸਦੇ ਸਿੱਖ ਭਾਈਚਾਰੇ ਦੇ ਵੱਲੋਂ ਭਾਰਤੀ ਮੰਤਰੀਆਂ ਨੂੰ ਕੁਝ ਚਿੱਠੀਆਂ ਵੀ ਲਿਖੀਆਂ ਸਨ। ਇਸ ਐੱਮ.ਪੀ ਦੇ ਅਜਿਹੇ ਸ਼ਲਾਘਾਯੋਗ ਕਦਮ ਅੱਜ ਵੀ ਜਾਰੀ ਹਨ ਤੇ ਅੱਜ ਜਦੋਂ ਉਹ ਬਤੌਰ ਵਕੀਲ ਦੇ ਕਿਰਤ ਕਰ ਰਿਹਾ ਹੈ ਤਾਂ ਮੌਕਾ ਮਿਲਣ ਤੇ ਭਾਈਚਾਰੇ ਦੇ ਨਾਲ ਖੜ੍ਹਦਾ ਹੈ। ਅੱਜ ਵੀ ਪਰਵਾਸ ਦੇ ਨਵੇਂ ਕਾਨੂੰਨਾਂ ਖਿਲਾਫ਼ ਲੜ ਰਹੇ ਭਾਈਚਾਰੇ ਦੀ ਪ੍ਰਤਿਨਿਧਤਾ ਕਰ ਰਿਹਾ ਹੈ।

ਉਨ੍ਹਾਂ ਦਿਨਾਂ ਵਿੱਚ ਇਹ ਐੱਮ.ਪੀ ਵੈਲਿੰਗਟਨ ਦੇ ਕਿਸੇ ਨਾ ਕਿਸੇ ਸਮਾਰੋਹ ਵਿੱਚ ਅਕਸਰ ਹੀ ਮੈਨੂੰ ਟੱਕਰ ਜਾਂਦਾ ਸੀ ਅਤੇ ਸਾਡੀ ਕਈ ਵਾਰ ਪੰਜਾਬ ਦੀ ਰਾਜਨੀਤੀ ਅਤੇ ਪੰਜਾਬ ਦੇ ਅਰਥਚਾਰੇ ਬਾਰੇ ਗੱਲ ਛਿੜ ਪੈਂਦੀ। ਇੱਕ ਦਿਨ ਉਸ ਨੇ ਗੱਲਾਂ-ਗੱਲਾਂ ਵਿੱਚ ਮੈਨੂੰ ਦੱਸਿਆ ਕਿ ਛੇਤੀ ਹੀ ਆਕਲੈਂਡ ਸਿੱਖਾਂ ਦਾ ਵਫ਼ਦ ਪਾਰਲੀਮੈਂਟ ਵੇਖਣ ਦੇ ਲਈ ਵੈਲਿੰਗਟਨ ਆ ਰਿਹਾ ਸੀ। ਉਸ ਨੇ ਕਿਹਾ ਕਿ ਉਨ੍ਹਾਂ ਦੀ ਆਓ-ਭਗਤ ਦੀ ਤਾਂ ਉਸ ਨੂੰ ਕੋਈ ਫਿਕਰ ਨਹੀਂ ਹੈ ਪਰ ਉਨ੍ਹਾਂ ਨੂੰ ਉਹ ਥੋੜ੍ਹਾ ਜਿਹਾ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਮੇਰੇ ਕੋਲੋਂ ਸਿੱਖੀ ਬਾਰੇ ਦੋ ਕਿਤਾਬਾਂ ਦੇ ਨਾਂ ਮੰਗੇ ਤਾਂ ਜੋ ਉਹ ਸਿੱਖ ਇਤਿਹਾਸ ਬਾਰੇ ਜਾਣੂ ਹੋ ਸਕੇ। ਮੈਂ ਉਸ ਨੂੰ ਦੋ ਕਿਤਾਬਾਂ ਪੜ੍ਹਨ ਦਾ ਸੁਝਾਅ ਦੇ ਦਿੱਤਾ ਅਤੇ ਇਹ ਵੀ ਦੱਸ ਦਿੱਤਾ ਕਿ ਉਹ ਕਿਤਾਬਾਂ ਵੈਲਿੰਗਟਨ ਦੀ ਕਿਹੜੇ ਕਿਤਾਬਖਾਨੇ ਵਿੱਚੋਂ ਕਢਵਾਈਆਂ ਜਾ ਸਕਦੀਆਂ ਸਨ।  

ਮਹੀਨੇ ਕੁ ਬਾਅਦ ਇਸ ਐੱਮ.ਪੀ ਨਾਲ ਫਿਰ ਕਿਸੇ ਸਮਾਰੋਹ ਤੇ ਮੇਲ ਹੋਇਆ ਤਾਂ ਉਸ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਬੜਾ ਅਜੀਬ ਕਿੱਸਾ ਹੋ ਗਿਆ! ਮੈਂ ਵੀ ਉਸ ਨੂੰ ਸੁਭਾਇਕੀ ਮੋੜਵਾਂ ਪੁੱਛ ਲਿਆ ਕਿ ਕੀ ਗੱਲ ਹੋ ਗਈ? ਉਸ ਐੱਮ.ਪੀ ਨੇ ਮੀਸਣੀ ਜਿਹੀ ਮੁਸਕਾਨ ਨਾਲ ਮੇਰੇ ਨਾਲ ਸਿੱਖ ਇਤਿਹਾਸ ਦੀ ਇੱਕ ਘਟਨਾ ਦਾ ਜ਼ਿਕਰ ਛੇੜ ਲਿਆ। ਉਸ ਘਟਨਾ ਬਾਰੇ ਸਾਡੀ ਵਾਹਵਾ ਦਸ ਕੁ ਮਿੰਟ ਗੱਲ ਚਲਦੀ ਰਹੀ। ਉਸ ਦੀ ਤਸੱਲੀ ਜਿਹੀ ਹੋ ਗਈ।  

Photo credits: Historic Places Aotearoa

ਫਿਰ ਉਸ ਨੇ ਹੱਸਦਿਆਂ ਕਿਹਾ ਕਿ ਦੱਸਦਾ ਹਾਂ ਕਿ ਅਜੀਬ ਕਿੱਸਾ ਕੀ ਹੋ ਗਿਆ ਸੀ। ਉਹ ਬੋਲਿਆ ਕਿ ਉਸ ਨੇ ਬੜੇ ਰੁਝੇਵਿਆਂ ਦੇ ਵਿਚੋਂ ਵਕ਼ਤ ਕੱਢ ਕੇ ਦੋਵੇਂ ਕਿਤਾਬਾਂ ਤਾਂ ਵੇਲ਼ੇ ਸਿਰ ਪੜ੍ਹ ਲਈਆਂ ਸਨ। ਪਰ ਜਦੋਂ ਉਹ ਸਿੱਖਾਂ ਦਾ ਵਫ਼ਦ ਵੈਲਿੰਗਟਨ ਆਇਆ ਤਾਂ ਗੱਲਾਂ ਬਾਤਾਂ ਦੇ ਵਿੱਚ ਉਸ ਨੇ ਦੋ-ਚਾਰ ਵਾਰੀ ਸਿੱਖ ਇਤਿਹਾਸ ਬਾਰੇ ਗੱਲ ਛੇੜਨ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਬੈਠੇ ਵਫ਼ਦ ਵਿੱਚ ਸਾਰੇ ਮੁਸਕਰਾ ਕੇ ਚੁੱਪ ਜਿਹੇ ਹੋ ਜਾਂਦੇ ਸਨ।

ਉਸ ਨੇ ਅੱਗੇ ਦੱਸਿਆ ਕਿ ਪਹਿਲਾਂ-ਪਹਿਲ ਤਾਂ ਉਸ ਨੂੰ ਸਮਝ ਨਾ ਆਵੇ ਕਿ ਹੋ ਕੀ ਰਿਹਾ ਸੀ। ਪਰ ਛੇਤੀ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਸਾਮਣੇ ਬੈਠੇ ਵਫ਼ਦ ਨੂੰ ਸਿੱਖ ਇਤਿਹਾਸ ਬਾਰੇ ਥਹੁ-ਪਤਾ ਹੀ ਨਹੀਂ ਸੀ। ਇਸੇ ਕਰਕੇ ਉਸ ਨੇ ਗੱਲ ਦਾ ਪਾਸਾ ਬਦਲ ਕੇ ਆਕਲੈਂਡ ਦੇ ਗੱਪ-ਗਪੌੜ ਤੇ ਇਕਾਗਰਚਿੱਤ ਕਰ ਦਿੱਤਾ। 

ਇਹ ਉਹੀ ਐੱਮ.ਪੀ ਸੀ ਜਿਹੜਾ ਬਾਅਦ ਵਿੱਚ ਜਦ ਆਕਲੈਂਡ ਵਿੱਚ ਸੰਨ 2005 ਦੇ ਲਾਗੇ-ਚਾਗੇ ਇੱਕ ਬਹੁਤ ਵੱਡਾ ਗੁਰਦੁਆਰਾ ਬਣਿਆ ਤਾਂ ਇਹ ਉੱਥੇ ਅਕਸਰ ਪੱਗ ਬੰਨ ਕੇ ਪਹੁੰਚ ਜਾਂਦਾ ਸੀ।  ਉਸ ਦੀਆਂ ਪੱਗ ਵਾਲੀਆਂ ਤਸਵੀਰਾਂ ਕਾਫੀ ਮਸ਼ਹੂਰ ਵੀ ਹੋਈਆਂ ਸਨ।

ਸੰਨ 2005 ਦੇ ਵਿੱਚ ਨਿਊਜ਼ੀਲੈਂਡ ਦੀਆਂ ਚੋਣਾਂ ਵੀ ਹੋਈਆਂ ਸਨ। ਇਸ ਐੱਮ.ਪੀ ਨੇ ਰੋਣਾ ਰੋਇਆ ਕਿ ਉਸ ਨੇ ਆਕਲੈਂਡ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਸੀ ਕਿ ਉਹ ਥੋੜ੍ਹੇ ਬਹੁਤ ਪਾਰਟੀ ਮੈਂਬਰ ਬਣਾਉਣ ਦੇ ਵਿੱਚ ਮਦਦ ਕਰਨ ਤਾਂ ਜੋ ਪਾਰਟੀ ਨੂੰ ਮਾਇਕ ਤੌਰ ਦੇ ਉੱਤੇ ਸਰਕਾਰ ਵੱਲੋਂ ਚੋਣ-ਪਰਚਾਰ ਲਈ ਵੱਧ ਡਾਲਰ ਮਿਲ ਸਕਣ। ਪਰ ਇੰਝ ਨਹੀਂ ਹੋਇਆ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਚੋਣ ਪਰਚਾਰ ਵਿੱਚ ਮਦਦ ਕਰਨ ਤੇ ਉਥੋਂ ਆਕਲੈਂਡ ਤੋਂ ਉਸ ਨੂੰ ਇਹ ਵਾਅਦਾ ਮਿਲਿਆ ਸੀ ਕਿ ਉਹ ਜ਼ਰੂਰ ਵੈਲਿੰਗਟਨ ਆਉਣਗੇ ਪਰ ਆਇਆ ਕੋਈ ਨਹੀਂ। ਮੈਂ ਵੀ ਗੱਲ ਖਤਮ ਕਰਨ ਲਈ ਇਹ ਕਹਿ ਦਿੱਤਾ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਕਸੂਰ ਸਾਰਾ ਅੰਗਰੇਜ਼ੀ ਦਾ ਹੋਵੇਗਾ।

ਬਾਅਦ ਵਿੱਚ ਸੰਨ 2005 ਦੀਆਂ ਚੋਣਾਂ ਤੋਂ ਪਹਿਲਾਂ ਮੈਂ ਕੁਝ ਦਿਨ ਇਸ ਐੱਮ.ਪੀ ਦੀ ਸਥਾਨਕ ਵੈਲਿੰਗਟਨ ਚੋਣ-ਪਰਚਾਰ ਵਿੱਚ ਕਾਫੀ ਮਦਦ ਕੀਤੀ। ਸਾਈਨਬੋਰਡ ਲਾਉਂਦੇ-ਲਾਉਂਦੇ ਮੀਰਾਮਾਰ ਤੋਂ ਓਰੀਐਂਟਲ ਪਰੇਡ ਤਕ ਪਹੁੰਚ ਗਏ ਅਤੇ ਫਿਰ ਇੱਕ ਦੋ ਮੁਹੱਲਿਆਂ ਦੇ ਵਿੱਚ ਵੀ ਸਾਈਨਬੋਰਡ ਲਾਏ। 

ਇਸ ਸਭ ਦੇ ਚੱਲਦੇ, ਚੋਣਾਂ ਤੋਂ ਪਹਿਲਾਂ ਇੱਕ ਹੋਰ ਬੜਾ ਦਿਲਚਸਪ ਵਾਕਿਆ ਐੱਮ.ਪੀ ਦੇ ਦਫ਼ਤਰ ਵਿੱਚ ਹੋਇਆ। ਹੋਇਆ ਇੰਝ ਕਿ ਉਸਨੇ ਮੈਨੂੰ ਇੱਕ ਪਾਰਟੀ ਬੈਠਕ ਵਿੱਚ ਬੁਲਾਇਆ ਹੋਇਆ ਸੀ। ਉਸ ਦੀ ਇਹ ਬੈਠਕ ਤਿੰਨ ਚਾਰ ਗੋਰੀਆਂ ਬੀਬੀਆਂ ਨਾਲ ਸੀ ਜੋ ਕਿ ਪਾਰਟੀ ਦੀ ਨਾਮਜ਼ਦਗੀ ਦੀਆਂ ਚਾਹਵਾਨ ਸਨ ਤੇ ਚੋਣਾਂ ਲੜਨੀਆਂ ਚਾਹੁੰਦੀਆਂ ਸਨ। ਉਨ੍ਹਾਂ ਵਿੱਚੋਂ ਇੱਕ ਗੋਰੀ ਬੀਬੀ ਬੜੀ ਰਵਾਇਤੀ ਕਿਸਮ ਦੀ ਸੀ ਤੇ ਉਸ ਨੇ ਗੱਲਾਂ-ਗੱਲਾਂ ਵਿੱਚ ਦੱਸਿਆ ਕਿ ਛੇਤੀ ਹੀ ਉਸ ਦੇ ਪਿਤਾ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਆਉਣ ਵਾਲੇ ਸਨ।

ਐੱਮ.ਪੀ ਇਨ੍ਹਾਂ ਬੀਬੀਆਂ ਦੇ ਨਾਲ ਰਸਮੀ ਗੱਲਬਾਤ ਕਰ ਰਿਹਾ ਸੀ ਤੇ ਮੈਂ ਥੋੜ੍ਹਾ ਜਿਹਾ ਪਿੱਛੇ ਹਟਵਾਂ ਹੋ ਕੇ ਬੈਠਿਆ ਹੋਇਆ ਸੀ। ਜਦ ਉਸ ਬੀਬੀ ਦਾ ਪਿਤਾ ਆਇਆ ਤਾਂ ਉਸ ਨੇ ਆਉਂਦੇ ਸਾਰ ਹੀ ਦੋ ਕੁ ਮਜ਼ਾਕੀਆ ਕਿਸਮ ਦੇ ਪੱਖਪਾਤੀ ਜਿਹੇ ਟੋਟਕੇ ਸੁੱਟੇ ਅਤੇ ਉਸ ਨੇ ਟੇਢੀ ਅੱਖੀਂ ਇਹ ਵੀ ਤਾੜ ਲਿਆ ਕਿ ਮੈਂ ਵੀ ਇਕ ਪਾਸੇ ਬੈਠਾ ਹੋਇਆ ਸਾਂ। ਆਪਣੀ ਗੱਲ ਖਤਮ ਕਰਨ ਤੋਂ ਬਾਅਦ ਉਹ ਮੇਰੇ ਵਲ ਆਇਆ ਤੇ ਮੈਨੂੰ ਕਿਹਾ ਕਿ ਮੁੰਡੂ ਚਾਹ ਲਿਆ ਮੇਰੇ ਲਈ। ਇਹ ਸੁਣਦੇ ਸਾਰ ਹੀ ਐੱਮ.ਪੀ ਛੜੱਪਾ ਮਾਰ ਕੇ ਸੋਫੇ ਤੋਂ ਉੱਠਿਆ ਅਤੇ ਬਜ਼ੁਰਗ ਦਾ ਮੋਢਾ ਫੜ੍ਹ ਕਿ ਕਿਹਾ ਕਿ ਇਹ ਸਾਡੇ ਮਾਣਯੋਗ ਮਹਿਮਾਨ ਹਨ ਅਤੇ ਉਸ ਨੂੰ ਦੂਜੇ ਕਮਰੇ ਦੇ ਵੱਲ ਲੈ ਗਿਆ ਜਿੱਥੇ ਚਾਹ ਬਨਾਉਣ ਵਾਲੀ ਕੇਤਲੀ ਪਈ ਸੀ। ਐੱਮ.ਪੀ ਨੇ ਉਸ ਬਜ਼ੁਰਗ ਨੂੰ ਕਿਹਾ ਕਿ ਇੱਥੇ ਆਪ ਹੀ ਚਾਹ ਬਣਾਉਂਦੇ ਹਾਂ। ਜ਼ਾਹਿਰ ਹੈ ਕਿ ਇਸ ਬਜ਼ੁਰਗ ਨੂੰ ਭਾਵੇਂ ਇਸ ਗੱਲ ਦਾ ਅਹਿਸਾਸ ਨਾ ਹੋਵੇ ਪਰ ਉਸ ਦੇ ਇਸ ਵਤੀਰੇ ਵਿੱਚੋਂ ਨਸਲਵਾਦ ਬਿਲਕੁਲ ਸਪੱਸ਼ਟ ਝਲਕਦਾ ਸੀ।   

Posted in ਚਰਚਾ

ਭਾਸ਼ਾ ਦੀ ਪੁਰਾਤਨਤਾ

ਅੱਜ ਤੋਂ ਤੇਰਾਂ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਅਰਵਿੰਦ ਮੰਡੇਰ ਦਾ ਮੈਂ ਇੱਕ ਅਕਾਦਮਿਕ ਲੇਖ ਪੜ੍ਹਿਆ ਸੀ ਜਿਸਦੇ ਵਿੱਚ ਉਸ ਨੇ ਧਰਮ, ਭਾਸ਼ਾ ਅਤੇ ਭਾਰਤੀ ਪਛਾਣ ਦੇ ਬਾਰੇ ਗੱਲ ਕੀਤੀ ਸੀ।  

ਇਸ ਲੇਖ ਦੇ ਵਿੱਚ ਅਰਵਿੰਦ ਮੰਡੇਰ ਨੇ ਜ਼ਿਆਦਾਤਰ ਯੱਕ ਦੈਰੀਦਾ ਦੇ ਦਾਰਸ਼ਨਿਕ ਨਜ਼ਰੀਏ ਰਾਹੀਂ ਗੱਲ ਕਰਦਿਆਂ ਭਾਰਤੀ ਧਰਮਾਂ ਅਤੇ ਭਾਸ਼ਾਵਾਂ ਦੀ ਗੱਲ ਕੀਤੀ ਸੀ। ਉਸ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਭਾਸ਼ਾਵਾਂ ਦੇ ਨਾਂ ਦੇ ਉੱਤੇ ਹਿੰਦੀ, ਪੰਜਾਬੀ ਅਤੇ ਉਰਦੂ ਨੂੰ ਕਰਮਵਾਰ ਹਿੰਦੂ, ਸਿੱਖ ਅਤੇ ਮੁਸਲਿਮ ਪਛਾਣ ਦੇ ਨਾਲ ਜੋੜਿਆ ਗਿਆ। ਮੰਡੇਰ ਨੇ ਆਪਣੇ ਲੇਖ ਵਿੱਚ ਇੱਕ ਥਾਈਂ ਇਹ ਵੀ ਜ਼ਿਕਰ ਕੀਤਾ ਕਿ ਕਿਵੇਂ ਹਿੰਦੀ ਭਾਸ਼ਾ ਕੋਈ ਬਹੁਤੀ ਪੁਰਾਣੀ ਭਾਸ਼ਾ ਨਹੀਂ ਹੈ।

ਹਿੰਦੀ ਭਾਸ਼ਾ ਦਾ ਜਨਮ ਅਤੇ ਵਿਕਾਸ ਆਮ ਕਰਕੇ ਅੰਗਰੇਜ਼ਾਂ ਦੇ ਆਉਣ ਦੇ ਨਾਲ ਹੀ ਜੁੜਿਆ ਹੋਇਆ ਹੈ ਪਰ ਉਸ ਵਕਤ ਮੈਂ ਜ਼ਿਆਦਾ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਅਚਾਨਕ ਪਿੱਛੇ ਜਿਹੇ ਕਿਤੇ ਗੱਲਬਾਤ ਹੋਈ ਜਿਸ ਵਿੱਚ ਭਾਸ਼ਾਵਾਂ ਦੀ ਪੁਰਾਤਨਤਾ ਦੀ ਗੱਲ ਚੱਲੀ ਤਾਂ ਫਿਰ ਇਹੀ ਜ਼ਿਕਰ ਹੋਇਆ। ਮੈਂ ਸੋਚਿਆ ਕਿ ਚਲੋ ਥੋੜ੍ਹੀ ਹੋਰ ਖੋਜ ਕੀਤੀ ਜਾਵੇ।  

ਇਥੇ ਮੈਂ ਤੁਹਾਡੇ ਨਾਲ ਇਹ ਗੱਲ ਵੀ ਸਾਂਝੀ ਕਰਣੀ ਚਾਹੁੰਦਾ ਹਾਂ ਕਿ ਕਿਵੇਂ ਰਵਾਇਤਾਂ ਈਜਾਦ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਫਿਰ ਇਵੇਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਕਿ ਉਹ ਬਹੁਤ ਪੁਰਾਣੀਆਂ ਹੋਣ। ਇਸ ਦੇ ਬਾਰੇ ਐਰਿਕ ਹੌਬਸਬੌਮ ਦੀ ਕਿਤਾਬ “ਇਨਵੈਨਸ਼ਨ ਆਫ ਟਰੇਡੀਸ਼ਨ” ਪੜ੍ਹਨ ਲਾਇਕ ਹੈ। ਇਸ ਕਿਤਾਬ ਵਿੱਚ ਭਾਰਤ ਵਿੱਚ ਅੰਗਰੇਜ਼ਾਂ ਵੱਲੋਂ ਭਾਰਤ ਵਿੱਚ ਈਜਾਦ ਕੀਤੀਆਂ ਅਖੌਤੀ ਪੁਰਾਤਨ ਰਵਾਇਤਾਂ ਬਾਰੇ ਵੀ ਕਈ ਕੁਝ ਲਿਖਿਆ ਹੋਇਆ ਹੈ।

ਗੱਲ ਹਿੰਦੀ ਦੀ ਚੱਲ ਰਹੀ ਸੀ, ਜਿਸਦੇ ਸਿਲਸਿਲੇ ਵਿੱਚ ਮੈਨੂੰ ਪਿੱਛੇ ਜਿਹੇ ਦੇਵਦਨ ਚੌਧਰੀ ਦਾ ਵੀ ਇੱਕ ਲੇਖ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਉਸ ਨੇ ਸਪੱਸ਼ਟ ਕੀਤਾ ਸੀ ਕਿ ਕਿਵੇਂ ਹਿੰਦੀ ਦਾ ਜਨਮਦਾਤਾ ਜੌਨ ਗਿਲਕ੍ਰਿਸਟ ਹੈ। ਇਹ ਸਕੌਟ ਮੂਲ ਦਾ ਇੱਕ ਸਰਜਨ ਸੀ ਜੋ ਈਸਟ ਇੰਡੀਆ ਕੰਪਨੀ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਪਰ ਉਹਨੂੰ ਭਾਸ਼ਾਵਾਂ ਦੇ ਵਿੱਚ ਬਹੁਤ ਦਿਲਚਸਪੀ ਸੀ।  ਅਠਾਰ੍ਹਵੀਂ ਸਦੀ ਦੇ ਅਖੀਰ ਤੇ ਉਨ੍ਹੀਵੀਂ ਸਦੀ ਦੇ ਸ਼ੁਰੂ ਵਿੱਚ ਇਹ ਕਲਕੱਤੇ ਸਥਾਪਤ ਰਿਹਾ।  

ਚੌਧਰੀ ਮੁਤਾਬਕ ਇਸ ਨੇ ਮੱਧ ਭਾਰਤੀ ਖੜ੍ਹੀ ਬੋਲੀ ਅਤੇ ਉਸ ਦੇ ਉੱਤੇ ਫ਼ਾਰਸੀ ਉਰਦੂ ਦੇ ਪ੍ਰਭਾਵ ਨੂੰ ਖਤਮ ਕਰਨ ਦੇ ਲਈ ਇੱਕ ਨਵੀਂ ਭਾਸ਼ਾ ਹਿੰਦੀ ਨੂੰ ਜਨਮ ਦਿੱਤਾ। ਉਂਝ ਵੀ ਹਿੰਦੀ ਭਾਸ਼ਾ ਦੇ ਇਤਿਹਾਸਕਾਰ ਕੇ.ਬੀ ਜਿੰਦਲ ਅਤੇ ਸੰਤੋਸ਼ ਖਾਰੇ ਨੇ ਆਪਣੇ ਲੇਖ ਜਾਂ ਕਿਤਾਬਾਂ ਵਿੱਚ ਇਹੀ ਲਿਖਿਆ ਹੈ ਕਿ ਹਿੰਦੀ ਦਾ ਜਨਮ ਉਨ੍ਹੀਵੀਂ ਸਦੀ ਵਿੱਚ ਕਲਕੱਤਾ ਵਿਖੇ ਹੋਇਆ ਹੈ।  ਕਲਕੱਤਾ ਉਸ ਵੇਲ਼ੇ ਅੰਗਰੇਜ਼ੀ ਰਾਜ ਦੀ ਰਾਜਧਾਨੀ ਸੀ।

ਜਦੋਂ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਆਈ ਅਤੇ ਅੰਗਰੇਜ਼ਾਂ ਦਾ ਰਾਜ ਸਥਾਪਿਤ ਹੋਇਆ ਸੀ ਤਾਂ ਉਨ੍ਹਾਂ ਦਾ ਟਾਕਰਾ ਤਿੰਨ ਮੁੱਖ ਰਾਜਾਂ ਨਾਲ ਹੋਇਆ। ਮੁਗ਼ਲ ਰਾਜ, ਮਰਾਠਾ ਰਾਜ ਅਤੇ ਸਿੱਖ ਰਾਜ। ਬਾਕੀ ਛੋਟੇ ਮੋਟੇ ਜਗੀਰਦਾਰ ਰਾਜੇ ਤਾਂ ਹੋਰ ਵੀ ਬਹੁਤ ਹਨ ਪਰ ਇਹ ਸਾਰੇ ਮੁੱਖ ਤੌਰ ਤੇ ਉਪਰੋਕਤ ਤਿੰਨਾਂ ਰਾਜਾਂ ਨੂੰ ਹੀ ਵਕ਼ਤ ਦਰ ਵਕ਼ਤ ਆਪਣਾ ਨਜ਼ਰਾਨਾ ਭੇਟ ਕਰਦੇ ਸਨ।  

1947 ਵਿੱਚ ਜਦ ਅੰਗਰੇਜ਼ ਦੱਖਣੀ ਏਸ਼ੀਆਈ ਖਿੱਤਾ ਛੱਡ ਕੇ ਗਏ ਤਾਂ ਦੋ ਮੁਲਕ ਭਾਰਤ ਅਤੇ ਪਾਕਿਸਤਾਨ ਪੈਦਾ ਕਰ ਕੇ ਚਲੇ ਗਏ। ਸੋ ਇਸ ਤਰ੍ਹਾਂ ਹਾਕਮਾਂ ਦੇ ਤੌਰ ਤੇ ਮੁਗ਼ਲ, ਮਰਾਠਾ ਅਤੇ ਸਿੱਖ ਪਛਾਣ ਦੱਖਣੀ ਏਸ਼ੀਆਈ ਖਿੱਤੇ ਵਿੱਚੋਂ ਖ਼ਤਮ ਹੋ ਗਈ। ਮੱਧ-ਭਾਰਤੀ ਬਹੁਮਤ ਵਾਲਾ ਨਵ-ਜਨਮੀ ਹਿੰਦੀ ਭਾਸ਼ੀ ਪ੍ਰਭਾਵ ਹੇਠ ਭਾਰਤ ਇਕ ਨਵੇਂ ਲੋਕਤਾਂਤਰਿਕ ਮੁਲਕ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ। ਉਹੀ ਹਿੰਦੀ ਭਾਸ਼ਾ ਜਿਸਦਾ ਉਸ ਵੇਲੇ ਜਨਮ ਹੋਏ ਨੂੰ ਹਾਲੇ ਸੌ ਕੁ ਸਾਲ ਹੀ ਹੋਏ ਸਨ। ਸੋ ਜ਼ਾਹਰ ਹੈ ਕਿ ਨਵੇਂ-ਨਵੇਂ ਰਾਜਪਾਟ ਤੇ ਕਾਬਜ਼ ਹੋਏ ਲੋਕਤਾਂਤਰਿਕ ਬਹੁਮਤ ਨੇ ਸਾਰਾ ਜ਼ੋਰ ਆਪਣਾ ਵੱਝਕਾ ਸਥਾਪਤ ਕਰਨ ਉੱਤੇ ਲਾਇਆ ਹੋਇਆ ਸੀ।   

ਇਸੇ ਕਰਕੇ 1950ਵਿਆਂ ਦੇ ਵਿੱਚ ਭਾਰਤ ਵਿੱਚ ਜਦ ਰਾਜਾਂ ਦਾ ਪੁਨਰਗਠਨ ਹੋਇਆ ਤਾਂ ਸੰਘੀ ਢਾਂਚੇ (ਫੈਡਰਲ ਢਾਂਚੇ) ਦੇ ਹੇਠ ਰਾਜਾਂ ਨੇ ਹੋਰ ਹੱਕ ਵੀ ਮੰਗੇ ਅਤੇ ਇਨ੍ਹਾਂ ਹੱਕਾਂ ਦੀ ਮੰਗ ਦਾ ਵਰਨਣ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਮਿਲਦਾ ਹੈ। ਪਰ ਉਨ੍ਹਾਂ ਦਿਨਾਂ ਵਿੱਚ ਇਹ ਸਭ ਕੁਝ ਸਖ਼ਤੀ ਦੇ ਨਾਲ ਕੁਚਲ ਦਿੱਤਾ ਗਿਆ।  ਜੇਕਰ ਉਹ ਵੇਲ਼ਾ ਸਿੱਕੇ ਦਾ ਇੱਕ ਪਹਿਲੂ ਸੀ ਤਾਂ ਅੱਜ ਦਾ ਰਾਸ਼ਟਰੀਆ ਸਵੈਮ ਸੇਵਕ ਸੰਘ (ਆਰ.ਐਸ.ਐਸ.) ਭਾਰਤੀ ਰਾਜ ਸਿੱਕੇ ਦਾ ਦੂਜਾ ਪਹਿਲੂ ਹੈ। ਅੱਜ ਸੰਪੂਰਨ ਤੌਰ ਦੇ ਉੱਤੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਕੁਚਲ ਕੇ ਜੋ ਇੱਕ ਬਹੁਮਤ ਵਾਦੀ ਰਾਸ਼ਟਰਵਾਦ ਹਿੰਦੀ ਭਾਸ਼ਾ ਦੇ ਨਾਂਅ ਹੇਠ ਉਸਾਰਿਆ ਜਾ ਰਿਹਾ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਇਸ ਦੇ ਬਾਰੇ ਅੱਗੇ ਚਰਚਾ ਫਿਰ ਕਿਸੇ ਦਿਨ ਸਹੀ।   

ਸਮਾਜਕ ਪਛਾਣ

ਅੱਜ ਮੇਰਾ ਮਨ ਬਹੁਤ ਸੰਖੇਪ ਵਿੱਚ ਲਿਖਣ ਵਾਲੇ ਪਾਸੇ ਝੁਕਿਆ ਹੋਇਆ ਹੈ। ਅੱਜ ਦੀ ਸੰਖੇਪ ਲੇਖਣੀ ਦੇ ਅਖ਼ੀਰ ਵਿੱਚ ਮੈਂ ਇਕ ਸੁਆਲ ਪੁੱਛਣ ਬਾਰੇ ਸੋਚ ਰਿਹਾ ਹਾਂ।  

ਆਮ ਕਰਕੇ ਲੋਕ ਭਾਵੇਂ ਕਿਸੇ ਥਾਂ ਦੇ ਮੂਲ ਵਾਸੀ ਹੋਣ ਤੇ ਭਾਵੇਂ ਪ੍ਰਵਾਸੀ ਹੋਣ, ਉਹ ਵਰਗਾਂ ਦੇ ਵਿੱਚ, ਸਮੂਹਾਂ ਦੇ ਵਿੱਚ, ਝੁੰਡਾਂ, ਟੋਲੀਆਂ, ਢਾਣੀਆਂ ਦੇ ਵਿੱਚ ਬੱਝੇ ਹੁੰਦੇ ਹਨ। ਅਜਿਹੇ ਸਮੂਹਾਂ ਅਤੇ ਵਰਗਾਂ ਤੋਂ ਹੀ ਉਨ੍ਹਾਂ ਦੀ ਪਛਾਣ ਬਣੀ ਹੁੰਦੀ ਹੈ ਅਤੇ ਇਸ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਪੇਸ਼ ਕਰਨਾ ਚਾਹੁੰਦੇ ਹਨ ਕਿਉਂਕਿ ਇਹ ਪੇਸ਼ਕਸ਼ ਹੀ ਇਹ ਦਰਸਾਉਂਦੀ ਹੈ ਕਿ ਅਜਿਹੇ ਸਮੂਹ ਕਿਸ ਤਰ੍ਹਾਂ ਦੀ ਸਮਾਜਕ ਪਛਾਣ ਨਾਲ ਬੱਝੇ ਹੋਏ ਹਨ।   

ਦੁਨੀਆਂ ਦੇ ਹਰ ਵਰਗ ਦੇ ਲੋਕ ਆਪਣੇ ਮਨੋਰੰਜਨ ਦੇ ਲਈ ਦਿਲ ਪ੍ਰਚਾਵੇ ਲਈ, ਸਮਾਜਿਕ ਰੀਤਾਂ-ਰਿਵਾਜ਼ਾ ਕਰਕੇ ਕੋਈ ਨਾ ਕੋਈ ਜੁੜ-ਮਿਲ ਬੈਠਣ ਦਾ ਪ੍ਰੋਗਰਾਮ ਕਰਦੇ ਰਹਿੰਦੇ ਹਨ ਅਤੇ ਅਜਿਹੇ ਪ੍ਰੋਗਰਾਮਾਂ ਦੇ ਦੌਰਾਨ ਉਹ ਆਪਣੇ ਸਮੂਹ ਜਾਂ ਵਰਗ ਦੇ ਪਤਵੰਤੇ ਸੱਜਣਾਂ ਦਾ ਵੀ ਸਨਮਾਨ ਕਰਦੇ ਰਹਿੰਦੇ ਹਨ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਸਮੂਹ ਜਾਂ ਵਰਗ, ਜਿਨ੍ਹਾਂ ਲੋਕਾਂ ਦਾ ਸਨਮਾਨ ਕਰ ਰਿਹਾ ਹੈ ਉਹ ਉਨ੍ਹਾਂ ਨਾਲ ਆਪਣੀ ਸਮਾਜਕ ਪਛਾਣ ਸਾਂਝੀ  ਕਰਕੇ ਕਿੰਨਾ ਕੁ ਫਖ਼ਰ ਮਹਿਸੂਸ ਕਰ ਰਹੇ ਹਨ!  

ਜਿੱਥੋਂ ਤੱਕ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਸਿੱਖ ਜਾਂ ਪੰਜਾਬੀ ਸਮੂਹ ਵਰਗ ਦਾ ਸਵਾਲ ਹੈ, ਮੇਰਾ ਨਿੱਜੀ ਤਜਰਬਾ ਇਹੀ ਦੱਸਦਾ ਹੈ ਕਿ ਸਨਮਾਨੇ ਜਾਣ ਵਾਲੇ ਜਾਂ ਤਾਂ ਨੇਤਾਗਿਰੀ ਦੇ ਦਾਅਰਿਆਂ ਵਿੱਚੋਂ ਹੁੰਦੇ ਹਨ, ਜਾਂ ਫਿਰ ਪੁਲੀਸ ਵਾਲ਼ੇ ਜਾਂ ਫਿਰ ਸਟੀਰੌਇਡ ਕਬੱਡੀ ਕਲੱਬਾਂ ਵਾਲ਼ੇ। ਪਰਵਾਸੀ ਭਾਈਚਾਰੇ ਦੇ ਤੌਰ ਤੇ ਜੇਕਰ ਸਨਮਾਨੇ ਜਾਣ ਵਾਲੇ ਪਤਵੰਤੇ ਸੱਜਣਾਂ ਦੀ ਪਰਿਭਾਸ਼ਾ ਇਹ ਤਾਂ ਫਿਰ ਇਸ ਗੱਲ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੈ ਕਿ ਅਜਿਹੇ ਸਮੂਹ-ਵਰਗ ਜਿਸ ਮੁਲਕ ਵਿੱਚ ਅਬਾਦ ਹੋਏ ਹਨ ਉਥੋਂ ਦੀ ਸਥਾਨਕ ਜਨਤਾ ਵਿੱਚ ਇਨ੍ਹਾਂ ਲਈ ਕਿੰਨੀ ਕੁ ਇੱਜ਼ਤ ਹੋਵੇਗੀ?

Posted in ਚਰਚਾ

ਗਿਆਨ ਦੇ ਪੜਾਅ

ਸੰਨ 1987: ਪੰਜਾਬ ਦੀ ਇੱਕ ਯੂਨੀਵਰਸਿਟੀ ਦਾ ਹੋਸਟਲ। ਆਮ ਤੌਰ ਤੇ ਸ਼ਨਿੱਚਰ-ਐਤਵਾਰ ਨੂੰ ਬਹੁਤੇ ਵਿਦਿਆਰਥੀ ਘਰੋਂ-ਘਰੀ ਜਾਂ ਕਿਧਰੇ ਹੋਰ ਨਿਕਲ ਜਾਂਦੇ ਸੀ। ਹੋਸਟਲ ਵਿੱਚ ਸ਼ਨਿੱਚਰਵਾਰ ਨੂੰ ਰਹਿ ਗਏ ਵਿਦਿਆਰਥੀ ਅਕਸਰ ਦਿਨ ਦੇ ਵੇਲੇ ਕਈ ਵਾਰ ਲਾਇਬ੍ਰੇਰੀ ਵਿੱਚ ਪੜ੍ਹਦਿਆਂ ਸਮਾਂ ਬਿਤਾਉਂਦੇ ਤੇ ਫਿਰ ਮੁੜ ਕੇ ਸ਼ਾਮ ਨੂੰ ਭੋਜਨ ਤੋਂ ਪਹਿਲਾਂ ਹੋਸਟਲ ਦੇ ਟੀ.ਵੀ. ਵਾਲੇ ਕਮਰੇ ਵਿੱਚ ਬੈਠ ਕੇ ਅਖ਼ਬਾਰਾਂ ਪੜ੍ਹਦਿਆਂ ਅਤੇ ਟੀ.ਵੀ. ਵੇਖਦਿਆਂ ਵਿਚਾਰ ਵਟਾਂਦਰਾ ਕਰਨ ਦੇ ਵਿੱਚ ਰੁੱਝੇ ਰਹਿੰਦੇ।  

ਇਹ ਵਿਚਾਰ ਵਟਾਂਦਰਾ ਅਮੂਮਨ ਤਰਕ-ਦਲੀਲ ਦੇ ਉੱਤੇ ਆਧਾਰਿਤ ਹੁੰਦਾ ਸੀ ਅਤੇ ਸਾਰੇ ਇੱਕ ਦੂਜੇ ਨਾਲ ਬੜੇ ਹੀ ਸੁਹਿਰਦ ਮਾਹੌਲ ਦੇ ਵਿੱਚ ਗੱਲ ਕਰਦੇ ਸਨ। ਮੈਨੂੰ ਯਾਦ ਆ ਗਿਆ ਕਿ ਇਸ ਤਰ੍ਹਾਂ ਇੱਕ ਦਿਨ ਸ਼ਾਮ ਨੂੰ ਜੁੜੀ ਬੈਠੀ ਇਕ ਮਹਿਫ਼ਲ ਦੇ ਵਿੱਚ ਇੱਕ ਨਵੇਂ ਸ਼ਾਮਲ ਹੋਏ ਵਿਦਿਆਰਥੀ ਨੇ ਜਦ ਕਾਫੀ ਦੇਰ ਤੱਕ ਵਿਚਾਰ ਵਟਾਂਦਰੇ ਵਿੱਚ ਕੋਈ ਹਿੱਸਾ ਨਾ ਲਿਆ ਤਾਂ ਉਸ ਨੂੰ ਇੱਕ ਜਣੇ ਨੇ ਪੁੱਛਿਆ, “ਬਈ ਤੂੰ ਕਿਉਂ ਹਾਲੇ ਤੱਕ ਚੁੱਪ ਬੈਠਾ ਹੈਂ? ਤਾਂ ਉਸ ਨੇ ਅੱਗੋਂ ਬੜੇ ਪਿਆਰ ਨਾਲ ਕਿਹਾ ਕਿ ਮੇਰੀ ਮਾਂ ਨੇ ਇੱਕ ਵਾਰੀ ਸਿੱਖਿਆ ਦਿੱਤੀ ਸੀ ਕਿ ਪੁੱਤ ਸਿਆਣਿਆਂ ਵਿੱਚ ਬੈਠ ਕੇ ਜ਼ਿਆਦਾ ਮੂੰਹ ਨਹੀਂ ਖੋਲ੍ਹੀ ਦਾ ਨਹੀਂ ਤਾਂ ਮੂੰਹ ਵਿੱਚ ਮੱਖੀ ਪੈ ਜਾਂਦੀ ਹੈ। ਉਸ ਵਿਦਿਆਰਥੀ ਨੇ ਜਿਸ ਸੁਚੱਜੇ ਢੰਗ ਨਾਲ ਇਹ ਗੱਲ ਕਹੀ ਉਸ ਤੋਂ ਸਾਰੇ ਦੰਗ ਰਹਿ ਗਏ ਪਰ ਛੇਤੀ ਹੀ ਉਹ ਵਿਦਿਆਰਥੀ ਵੀ ਵਿਚਾਰ ਵਟਾਂਦਰੇ ਵਿੱਚ ਖੁੱਲ੍ਹ ਕੇ ਹਿੱਸਾ ਲੈਣ ਲੱਗਾ।  

ਸੰਨ 2000: ਇਨ੍ਹਾਂ ਦਿਨਾਂ ਦੇ ਵਿੱਚ ਇੰਟਰਨੈੱਟ ਫੈਲਣਾ ਸ਼ੁਰੂ ਹੋ ਚੁੱਕਾ ਸੀ ਤੇ ਇੰਟਰਨੈੱਟ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਸਭ ਤੋਂ ਪਹਿਲਾਂ ਯਾਹੂ ਗਰੁੱਪ ਬਹੁਤ ਮਸ਼ਹੂਰ ਹੋ ਗਿਆ ਸੀ। ਯਾਹੂ ਗਰੁੱਪ ਦੇ ਉੱਤੇ ਵਿਚਾਰ ਵਟਾਂਦਰਾ ਈ-ਮੇਲਾਂ ਰਾਹੀਂ ਚਲਦਾ ਸੀ ਤਾਂ ਇਹ  ਵਿਚਾਰ ਵਟਾਂਦਰਾ ਵੀ ਜਿਵੇਂ ਕਿ ਉੱਪਰ ਲਿਖਿਆ ਗਿਆ ਹੈ ਬੜਾ ਤਰਕ-ਦਲੀਲ ਦੇ ਨਾਲ ਚਲਦਾ ਸੀ ਤੇ ਕਾਫੀ ਵਾਰ ਸੁਹਿਰਦ ਮਾਹੌਲ ਦੇ ਵਿੱਚ ਹੀ ਰਹਿੰਦਾ ਸੀ।  

ਸੰਨ 2020: ਵਿਚਾਰ ਵਟਾਂਦਰੇ ਦਾ ਸਾਰਾ ਮਾਹੌਲ ਹੀ ਬਦਲ ਚੁੱਕਾ ਹੈ ਕਿਉਂਕਿ ਪਿਛਲੇ ਦਸ ਸਾਲਾਂ ਤੋਂ ਸਮਾਜਿਕ ਮਾਧਿਅਮ ਜਿਸਨੂੰ ਅੰਗਰੇਜ਼ੀ ਵਿੱਚ ਸੋਸ਼ਲ ਮੀਡੀਆ ਕਹਿੰਦੇ ਹਨ ਹਰ ਪਾਸੇ ਛਾਅ ਚੁੱਕਾ ਹੈ। ਪਹਿਲਾਂ ਪਹਿਲ ਤਾਂ ਵਿਚਾਰ ਵਟਾਂਦਰਾ ਕੁਝ ਚੋਣਵੇਂ ਲੋਕਾਂ ਦੇ ਵਿੱਚ ਹੀ ਹੁੰਦਾ ਸੀ ਪਰ ਸਮਾਜਿਕ ਮਾਧਿਅਮ ਉੱਤੇ ਲੱਗਦਾ ਹੈ ਕਿ ਵਿਚਾਰ ਵਟਾਂਦਰਾ ਹੁਣ ਸਿਰਫ਼ ਸ਼ੇਅਰ ਕਰਨਾ ਜਾਂ ਸਾਂਝਾ ਕਰਨ ਦੇ ਕੰਮ ਦੇ ਤੌਰ ਤੇ ਖਾਸ ਤੌਰ ਤੇ ਵ੍ਹਾਟਸਐਪ ਤੇ ਟਿੱਕਟਾਕ ਤੇ ਤਾਂ ਬੇਹੱਦ ਹੀ ਆਮ ਹੋ ਗਿਆ ਹੈ। ਹਰ ਕੋਈ ਆਪਣੇ ਸੁਆਦ ਅਨੁਸਾਰ ਘਟੀਆ ਕਿਸਮ ਦੇ ਚੁਟਕਲੇ, ਠਿੱਠ, ਮਸ਼ਕਰੀ, ਔਰਤਾਂ ਬਾਰੇ ਘਟੀਆ ਮਜ਼ਾਕ, ਆਡੀਓ, ਵੀਡਿਓ ਪਾਈ ਜਾ ਰਿਹਾ ਹੈ। ਫੇਸਬੁੱਕ ਤੇ ਵੀ ਸੈਲਫੀ ਮੋਡ ਦੇ ਵਿੱਚ ਲਾਈਵ ਹੋ ਜਾਣਾ ਹੁਣ ਆਮ ਹੀ ਹੋ ਗਿਆ। ਅਜਿਹੇ ਲਾਈਵ ਵੀਡਿਓ ਦੇ ਵਿੱਚ ਕੁਝ ਗਿਣਵੇਂ-ਚੁਣਵੇਂ ਛੱਡ ਕੇ ਬਾਕੀ ਸਭ ਕੜ੍ਹੀ ਘੋਲਣ ਵਿੱਚ ਰੁਝੇ ਹੋਏ ਹਨ। ਇਹ ਵੀ ਨਹੀਂ ਵੇਖਦੇ ਕਿ ਗੱਲ ਦਾ ਸਿਰ ਪੈਰ ਕੀ ਹੈ? ਕਿਸ ਨੂੰ ਕੀ ਗੱਲ ਕਹਿਣੀ ਹੈ ਤੇ ਕਿੱਥੇ ਕਹਿਣੀ ਹੈ? 

ਸਮਾਜਿਕ ਮਾਧਿਅਮ ਦੇ ਇਸ ਮਾਹੌਲ ਵਿੱਚ ਗੱਲ ਕਰਨ ਲੱਗਿਆਂ ਆਮ ਤੌਰ ਤੇ ਬਹੁਤੇ ਲੋਕ ਹਮਾਤੜ ਹੋਣ ਦਾ ਪ੍ਰਭਾਵ ਪਾਉਂਦੇ ਹਨ ਜਿਵੇਂ ਕਿ ਪੰਜਾਬੀ ਸਭਿਆਚਾਰ ਵਿੱਚ ਆਮ ਰਿਵਾਜ਼ ਹੈ। ਪਰ ਇਹ ਹਮਾਤੜੀ, ਹੰਕਾਰ ਨਾਲ ਭਰੀ ਹੁੰਦੀ ਹੈ। ਜੇਕਰ ਕਿਸੇ ਨੂੰ ਵਿਰੋਧੀ ਤਰਕ-ਦਲੀਲ ਦੇ ਦਿਓ ਜਾਂ ਕਿਸੇ ਨੂੰ ਕੋਈ ਸੁਆਲ ਪੁੱਛ ਲਓ ਤਾਂ ਅੱਗੋਂ ਹਰ ਕੋਈ ਔਖਾ ਹੋ ਜਾਂਦਾ ਹੈ। ਹਰ ਕੋਈ ਇਹੀ ਪਰਭਾਵ ਦਿੰਦਾ ਹੈ ਕਿ ਉਸਦੇ ਵਾਸਤੇ ਸਿੱਖਣ ਲਈ ਹੋਰ ਕੁਝ ਨਹੀਂ ਬਚਿਆ। ਵਿਚਾਰ ਵਟਾਂਦਰੇ ਦੀ ਥਾਂ ਤੇ ਪੱਖਪਾਤੀ ਪੁਸ਼ਟੀਆਂ ਵਿੱਚ ਲੋਕ ਵੱਧ ਰੁੱਝ ਜਾਂਦੇ ਹਨ।

ਇਸ ਸਭ ਦੇ ਚਲਦੇ, ਪਿੱਛੇ ਜਿਹੇ ਜਾਪਾਨੀ ਭਾਸ਼ਾ ਦੇ ਇੱਕ ਸ਼ਬਦ ਨਾਲ ਮੇਰਾ ਵਾਹ ਪਿਆ ਜੋ ਕਿ ਸਿੱਖਿਆ ਅਤੇ ਗਿਆਨ ਦੇ ਖੇਤਰ ਵਿੱਚ ਜਾਪਾਨੀ ਸਭਿਆਚਾਰ ਦੀ ਸੁਹਜ ਨੂੰ ਉਘਾੜਦਾ ਹੈ। ਇਹ ਸ਼ਬਦ ਹੈ “ਸ਼ੋਸ਼ਿਨ”। ਜਾਪਾਨੀ ਭਾਸ਼ਾ ਦੇ ਵਿੱਚ ਇਸ ਦਾ ਮਤਲਬ-ਭਾਵ ਇਹ ਹੈ ਕਿ ਸਿਖਾਂਦਰੂ ਦਾ ਮਨ। ਸ਼ੋਸ਼ਿਨ ਮੁਤਾਬਕ ਇਨਸਾਨ ਭਾਵੇਂ ਕਿੰਨਾ ਵੀ ਸਿਆਣਾ ਹੋ ਜਾਵੇ ਪਰ ਮਨ ਦੇ ਦੁਆਲੇ ਕੰਧਾਂ ਨਾ ਉਸਾਰ ਕੇ ਇਸ ਨੂੰ ਸਿਖਾਂਦਰੂ ਰੂਪ ਵਿੱਚ ਹੀ ਰੱਖਣਾ ਚਾਹੀਦਾ ਹੈ। ਸ਼ੋਸ਼ਿਨ ਦੇ ਚਾਰ ਬੁਨਿਆਦੀ ਥੰਮ੍ਹ ਇਹ ਹਨ: 

ਆਪਣੇ ਆਪ ਨਾਲ ਜਾਂ ਕਿਸੇ ਹੋਰ ਨਾਲ਼ ਕਿਸੇ ਸਿਧਾਂਤ ਜਾਂ ਵਿਚਾਰ ਦਾ ਵਟਾਂਦਰਾ ਕਰੋ: ਆਪਣੇ ਗਿਆਨ ਅਤੇ ਮੁਹਾਰਤ ਵਿੱਚ ਹੱਦੋਂ ਵੱਧ ਵਿਸ਼ਵਾਸ ਬੰਦ-ਦਿਮਾਗ਼ ਨੂੰ ਤਾਕਤ ਦਿੰਦਾ ਹੈ। ਕਿਸੇ ਹੋਰ ਨੂੰ ਕਿਸੇ ਵਿਚਾਰ ਜਾਂ ਦਲੀਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਨਾਲ ਤੁਹਾਨੂੰ ਉਸ ਚੀਜ਼ ਦਾ ਵਧੇਰੇ ਯਥਾਰਥਕ ਅਹਿਸਾਸ ਹੋਵੇਗਾ ਜੋ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਤੁਹਾਨੂੰ ਕਿਸ ਚੀਜ਼ ਦਾ ਪਤਾ ਹੈ ਅਤੇ ਕਿਸਦਾ ਪਤਾ ਨਹੀਂਂ।

ਆਪਣੇ ਆਪ ਨਾਲ ਬਹਿਸ ਕਰੋ: ਮਨੁੱਖੀ ਮਨੋਵਿਗਿਆਨ ਦਾ ਇੱਕ ਜ਼ਰੂਰੀ ਹਿੱਸਾ ਇਹ ਹੈ ਕਿ ਅਸੀਂ ਗਿਆਨ ਅਤੇ ਜਾਣਕਾਰੀ ਦੀ ਖੋਜ ਕਰਨ ਵੱਲ ਆਪਣਾ ਝੁਕਾਅ ਰੱਖੀਏ। ਸਾਡੇ ਵਰਤਮਾਨ ਵਿਚਾਰਾਂ ਅਤੇ ਵਿਸ਼ਵਾਸਾਂ ਨੂੰ ਇਹ ਖੋਜ ਖੁਰਾਕ ਦੇ ਰੂਪ ਵਿੱਚ ਲੱਗੇਗੀ। ਅਸੀਂ “ਪੱਖਪਾਤੀ ਪੁਸ਼ਟੀਆਂ” ਤੋਂ ਵਧੇਰੇ ਸੁਚੇਤ ਹੋਣ ਦੀ ਕੋਸ਼ਿਸ਼ ਕਰੀਏ ਅਤੇ ਆਪਣੇ-ਆਪ ਨਾਲ ਬਹਿਸ ਕਰਕੇ ਇਸਨੂੰ ਵਿਰੋਧੀ ਵਿਚਾਰਾਂ ਨੂੰ ਵੀ ਨਾਲ ਰੱਖ ਕੇ ਤੋਲੀਏ – ਅਜਿਹੇ ਸਬੂਤਾਂ ਜਾਂ ਦਲੀਲਾਂ ਦੀ ਖੋਜ ਕਰੀਏ ਜੋ ਸਾਡੇ ਵਰਤਮਾਨ ਦ੍ਰਿਸ਼ਟੀਕੋਣ ਨੂੰ ਲਲਕਾਰਨ। 

ਇਹ ਸਮਝ ਲੈਣਾ ਕਿ ਬੁੱਧੀ ਨਿਸਚਿਤ ਨਹੀਂ ਹੈ, ਸਗੋਂ ਗਿਆਨ ਦੀ ਖੋਜ ਰਾਹੀਂ ਹਾਸਲ ਹੁੰਦੀ ਹੈ: ਜੇ ਤੁਸੀਂ ਬੁੱਧੀ ਦੀ ਲਚਕਤਾ ਵਿੱਚ ਵਿਸ਼ਵਾਸ ਕਰਦੇ ਹੋ, ਤਾਂ ਇਸ ਨੂੰ ‘ਵਿਕਾਸਵਾਦੀ ਮਾਨਸਿਕਤਾ’ ਕਿਹਾ ਜਾਂਦਾ ਹੈ (ਇਸ ਦੇ ਉਲਟ, ਜੇ ਤੁਸੀਂ ਲੋਕਾਂ ਨੂੰ ਮੂਲ ਰੂਪ ਵਿੱਚ ਚੁਸਤ ਜਾਂ ਅਗਿਆਨੀ ਦੇ ਤੌਰ ‘ਤੇ ਦੇਖਦੇ ਹੋ, ਤਾਂ ਇਹ ਤੁਹਾਡੀ ‘ਸਥਿਰ ਮਾਨਸਿਕਤਾ’ ਹੈ।)। ਹਰ ਵੇਲ਼ੇ ਇਹ ਯਾਦ ਰੱਖੋ ਕਿ ਕੋਈ ਵੀ ਮੁਹਾਰਤ ਅਧਿਐਨ ਅਤੇ ਕੋਸ਼ਿਸ਼ ਰਾਹੀਂ ਹੀ ਹਾਸਲ ਹੁੰਦੀ ਹੈ। ਇਸ ਤਰ੍ਹਾਂ ਤੁਹਾਡੇ ਵਿੱਚ ਵਿਕਾਸਵਾਦੀ ਮਾਨਸਿਕਤਾ ਪੁੰਗਰਨ ਦੀ ਸੰਭਾਵਨਾ ਵਧੇਰੇ ਰਹੇਗੀ ਅਤੇ ਬਦਲੇ ਵਿੱਚ ਤੁਹਾਨੂੰ ਖੁੱਲ੍ਹੇ ਦਿਮਾਗ਼ ਨਾਲ ਜਿਊਣ ਦਾ ਮਜ਼ਾ ਆਵੇਗਾ। 

ਤਾਰਿਆਂ ਵੱਲ ਵੇਖੋ: ਰਾਤ ਦੇ ਅਸਮਾਨ ਵੱਲ ਨਜ਼ਰ ਮਾਰੋ, ਕੁਦਰਤ ਦੇ ਮਾਹੌਲ ਵਿੱਚ ਸੈਰ ਕਰੋ, ਜਾਂ ਕਿਸੇ ਤੇਜ਼ ਲੈਅ ਵਾਲ਼ੇ ਸੰਗੀਤ ਨੂੰ ਸੁਣੋ। ਕੋਈ ਵੀ ਅਜਿਹਾ ਕੰਮ ਕਰੋ ਜੋ ਤੁਹਾਡੇ ਅੰਦਰ ਹੈਰਾਨ ਕਰਨ ਵਾਲੀਆਂ ਅਤੇ ਜਿਗਿਆਸਾ ਭਰਣ ਵਾਲ਼ੀਆਂ ਭਾਵਨਾਵਾਂ ਨੂੰ ਉਤੇਜਿਤ ਕਰੇ। ਤੁਸੀਂ ਮਹਿਸੂਸ ਕਰੋਗੇ ਕਿ ਸ੍ਰਿਸ਼ਟੀ ਦੀ ਸੁੰਦਰਤਾ ਨੂੰ ਮਾਣਦਿਆਂ ਤੁਹਾਡਾ ਮਨ ਹਲੀਮੀ ਅਤੇ ਨਿਮਰਤਾ ਨਾਲ ਭਰ ਜਾਵੇਗਾ ਅਤੇ ਵਧੇਰੇ ਖੁੱਲ੍ਹੀ ਸੋਚ ਦੇ ਨਜ਼ਰੀਏ ਨੂੰ ਹਾਸਲ ਕਰਨ ਵਾਲੇ ਜੋਸ਼ ਨਾਲ ਭਰਿਆ ਰਹੇਗਾ।  

Posted in ਚਰਚਾ

ਪੰਜਾਬੀ ਭਾਸ਼ਾ ਅਤੇ ਅਦਾਲਤਾਂ

ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਬਾਰੇ ਮੈਂ ਸਮੇਂ-ਸਮੇਂ ਸਿਰ ਲਿਖਦਾ ਰਹਿੰਦਾ ਹਾਂ। ਅੱਜ ਵੀ ਮੈਂ ਪੰਜਾਬੀ ਭਾਸ਼ਾ ਦੇ ਪਸਾਰ ਦੇ ਮੁੱਦੇ ਬਾਰੇ ਕੁਝ ਲਿਖਣ ਜਾ ਰਿਹਾ ਹਾਂ।  

ਬੀਤੇ ਹਫ਼ਤੇ ਦੌਰਾਨ ਭਾਈਚਾਰੇ ਦੇ ਸਹਿ-ਸੰਚਾਲਕ ਉੱਘੇ ਵਕੀਲ ਮਿੱਤਰ ਸੈਨ ਮੀਤ ਹੋਰਾਂ ਨਾਲ ਮੇਰੀ ਫ਼ੋਨ ਤੇ ਕਾਫ਼ੀ ਲੰਮੀ ਚੌੜੀ ਗੱਲਬਾਤ ਹੋਈ।  

ਸੰਖੇਪ ਰੂਪ ਵਿੱਚ ਉਸ ਗੱਲ ਦਾ ਨਿਚੋੜ ਇਹ ਹੈ ਕਿ ਬੀਤੇ ਦਿਨੀਂ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਰਾਜ ਦੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਹਿੰਦੀ ਵਿੱਚ ਕੰਮ ਕਰਨ ਦਾ ਹੁਕਮ ਲਾਗੂ ਹੋ ਗਿਆ। ਇਸ ਹੁਕਮ ਦੇ ਖਿਲਾਫ਼ ਜਦ ਕੁਝ ਵਕੀਲਾਂ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਜਨਹਿਤ ਅਰਜ਼ੀ ਦਾਿਅਰ ਕਰ ਦਿੱਤੀ ਗਈ। 

ਇਸ ਅਰਜ਼ੀ ਨੂੰ ਸੁਪਰੀਮ ਕੋਰਟ ਦੇ ਜੱਜਾਂ ਨੇ ਖ਼ਾਰਜ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਹਰਿਆਣਾ ਵੱਲੋਂ ਹਿੰਦੀ ਭਾਸ਼ਾ ਲਈ ਲਿਆ ਗਿਆ ਇਹ ਫੈਸਲਾ ਕੋਈ ਗਲਤ ਨਹੀਂ ਹੈ। ਜੱਜਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇ ਇਸ ਬਾਰੇ ਕੋਈ ਹੋਰ ਕਾਰਵਾਈ ਕਰਨੀ ਹੋਵੇ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਕੀਤੀ ਜਾਵੇ।  

ਮਿੱਤਰ ਸੈਨ ਮੀਤ ਹੋਰਾਂ ਦਾ ਕਹਿਣਾ ਹੈ ਕਿ ਜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਅਰਜ਼ੀ ਖ਼ਾਰਜ ਕਰ ਦਿੱਤੀ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਸੁਤੇ-ਸਿੱਧ ਹਿੰਦੀ ਵਿੱਚ ਕੰਮ ਸ਼ੁਰੂ ਹੋ ਜਾਏਗਾ।  ਲੰਮੀ ਸੋਚ ਨਾਲ ਵੇਖੀਏ ਤਾਂ ਇਸ ਦਾ ਸਿੱਧਾ ਨੁਕਸਾਨ ਪੰਜਾਬੀ ਨੂੰ ਹੋਵੇਗਾ ਕਿਉਂਕਿ ਪੰਜਾਬੀ ਭਾਸ਼ਾ ਨੂੰ ਜੋ ਅਦਾਲਤਾਂ ਵਿੱਚ ਲਾਗੂ ਕਰਵਾਉਣ ਲਈ ਜੋ ਮੁਹਿੰਮ ਚੱਲ ਰਹੀ ਹੈ ਬਿਲਕੁਲ ਹੀ ਠੱਪ ਹੋ ਜਾਵੇਗੀ।  

ਮਿੱਤਰ ਸੈਨ ਮੀਤ ਹੋਰਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਾਂ ਪਹਿਲਾਂ ਹੀ ਕਹਿ ਰਹੀ ਹੈ ਉਨ੍ਹਾਂ ਨੂੰ ਪੰਜਾਬੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਦਿਓ ਪਰ ਪੰਜਾਬ ਦੀ ਕੋਈ ਵੀ ਸਰਕਾਰ ਪੰਜਾਬੀ ਵਿੱਚ ਕੰਮ ਕਰਨ ਵਾਲਾ ਅਮਲਾ ਮੁਹੱਈਆ ਨਹੀਂ ਕਰਵਾ ਰਹੀ ਹੈ। ਇਹਦੇ ਵਿੱਚ ਕਿਸੇ ਇੱਕ ਸਰਕਾਰ ਦਾ ਕਸੂਰ ਨਹੀਂ ਹੈ ਕਿਉਂਕਿ ਇਸਦੇ ਬਾਰੇ ਤਾਂ ਸੰਨ 2008 ਦਾ ਫੈਸਲਾ ਹੋਇਆ ਪਿਆ ਹੈ ਜਿਸ ਨੂੰ ਕਿ ਕਿਸੇ ਵੀ ਸਰਕਾਰ ਨੇ ਲਾਗੂ ਨਹੀਂ ਕੀਤਾ।  

ਅਜਿਹਾ ਹੋਣ ਦੀ ਸੂਰਤ ਵਿੱਚ ਪੰਜਾਬੀ ਲਾਗੂ ਕਰਨ ਦੇ ਉੱਤੇ ਬਹੁਤ ਹੀ ਮਾੜਾ ਅਸਰ ਪਏਗਾ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜੇਕਰ ਹਿੰਦੀ ਵਿੱਚ ਕੰਮ ਕਰਨ ਵਾਲ਼ਾ ਅਮਲਾ ਮੰਗਿਆ ਤਾਂ ਹਰਿਆਣਾ ਸਰਕਾਰ ਪਲ ਭਰ ਦੀ ਵੀ ਦੇਰ ਨਹੀਂ ਲਾਉਣੀ ਤੇ ਹਿੰਦੀ ਵਿੱਚ ਕੰਮ ਸ਼ੁਰੂ ਹੋ ਜਾਵੇਗਾ ਤੇ ਪੰਜਾਬੀ ਭਾਸ਼ਾ ਵਾਲ਼ਾ ਮਸਲਾ ਉਵੇਂ ਦਾ ਉਵੇਂ ਹੀ ਲਟਕਿਆ ਰਹੇਗਾ।  

ਇਥੇ ਪਾਠਕਾਂ ਨੂੰ ਇਹ ਵੀ ਯਾਦ ਕਰਵਾਇਆ ਜਾਂਦਾ ਹੈ ਕਿ ਪੰਜਾਬ ਤੇ ਹਕੂਮਤ ਕਰਨ ਵਾਲੀਆਂ ਪਾਰਟੀਆਂ ਤਾਂ ਕੀ ਮੌਜੂਦਾ ਵਿਰੋਧੀ ਧਿਰ ਆਪ ਨੇ ਵੀ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਕਦੀ ਕੋਈ ਗੱਲ ਨਹੀਂ ਕੀਤੀ।  

ਮਿੱਤਰ ਸੈਨ ਮੀਤ

ਮਿੱਤਰ ਸੈਨ ਮੀਤ ਨੇ ਉੱਚ ਅਦਾਲਤਾਂ ਅਤੇ ਜ਼ਿਲ੍ਹਾ ਪੱਧਰ ਦੀਆਂ ਅਦਾਲਤਾਂ ਵਿੱਚ ਪੰਜਾਬੀ ਵਿੱਚ ਕੰਮ ਕਰਨ ਬਾਰੇ ਬਹੁਤ ਸਰਲ ਭਾਸ਼ਾ ਵਿੱਚ ਦੋ ਲੇਖ ਵੀ ਲਿਖੇ ਹਨ ਜੋ ਕਿ ਹੇਠਾਂ ਪਾ ਦਿੱਤੇ ਗਏ ਹਨ।