ਸੰਨ 1987: ਪੰਜਾਬ ਦੀ ਇੱਕ ਯੂਨੀਵਰਸਿਟੀ ਦਾ ਹੋਸਟਲ। ਆਮ ਤੌਰ ਤੇ ਸ਼ਨਿੱਚਰ-ਐਤਵਾਰ ਨੂੰ ਬਹੁਤੇ ਵਿਦਿਆਰਥੀ ਘਰੋਂ-ਘਰੀ ਜਾਂ ਕਿਧਰੇ ਹੋਰ ਨਿਕਲ ਜਾਂਦੇ ਸੀ। ਹੋਸਟਲ ਵਿੱਚ ਸ਼ਨਿੱਚਰਵਾਰ ਨੂੰ ਰਹਿ ਗਏ ਵਿਦਿਆਰਥੀ ਅਕਸਰ ਦਿਨ ਦੇ ਵੇਲੇ ਕਈ ਵਾਰ ਲਾਇਬ੍ਰੇਰੀ ਵਿੱਚ ਪੜ੍ਹਦਿਆਂ ਸਮਾਂ ਬਿਤਾਉਂਦੇ ਤੇ ਫਿਰ ਮੁੜ ਕੇ ਸ਼ਾਮ ਨੂੰ ਭੋਜਨ ਤੋਂ ਪਹਿਲਾਂ ਹੋਸਟਲ ਦੇ ਟੀ.ਵੀ. ਵਾਲੇ ਕਮਰੇ ਵਿੱਚ ਬੈਠ ਕੇ ਅਖ਼ਬਾਰਾਂ ਪੜ੍ਹਦਿਆਂ ਅਤੇ ਟੀ.ਵੀ. ਵੇਖਦਿਆਂ ਵਿਚਾਰ ਵਟਾਂਦਰਾ ਕਰਨ ਦੇ ਵਿੱਚ ਰੁੱਝੇ ਰਹਿੰਦੇ।
ਇਹ ਵਿਚਾਰ ਵਟਾਂਦਰਾ ਅਮੂਮਨ ਤਰਕ-ਦਲੀਲ ਦੇ ਉੱਤੇ ਆਧਾਰਿਤ ਹੁੰਦਾ ਸੀ ਅਤੇ ਸਾਰੇ ਇੱਕ ਦੂਜੇ ਨਾਲ ਬੜੇ ਹੀ ਸੁਹਿਰਦ ਮਾਹੌਲ ਦੇ ਵਿੱਚ ਗੱਲ ਕਰਦੇ ਸਨ। ਮੈਨੂੰ ਯਾਦ ਆ ਗਿਆ ਕਿ ਇਸ ਤਰ੍ਹਾਂ ਇੱਕ ਦਿਨ ਸ਼ਾਮ ਨੂੰ ਜੁੜੀ ਬੈਠੀ ਇਕ ਮਹਿਫ਼ਲ ਦੇ ਵਿੱਚ ਇੱਕ ਨਵੇਂ ਸ਼ਾਮਲ ਹੋਏ ਵਿਦਿਆਰਥੀ ਨੇ ਜਦ ਕਾਫੀ ਦੇਰ ਤੱਕ ਵਿਚਾਰ ਵਟਾਂਦਰੇ ਵਿੱਚ ਕੋਈ ਹਿੱਸਾ ਨਾ ਲਿਆ ਤਾਂ ਉਸ ਨੂੰ ਇੱਕ ਜਣੇ ਨੇ ਪੁੱਛਿਆ, “ਬਈ ਤੂੰ ਕਿਉਂ ਹਾਲੇ ਤੱਕ ਚੁੱਪ ਬੈਠਾ ਹੈਂ? ਤਾਂ ਉਸ ਨੇ ਅੱਗੋਂ ਬੜੇ ਪਿਆਰ ਨਾਲ ਕਿਹਾ ਕਿ ਮੇਰੀ ਮਾਂ ਨੇ ਇੱਕ ਵਾਰੀ ਸਿੱਖਿਆ ਦਿੱਤੀ ਸੀ ਕਿ ਪੁੱਤ ਸਿਆਣਿਆਂ ਵਿੱਚ ਬੈਠ ਕੇ ਜ਼ਿਆਦਾ ਮੂੰਹ ਨਹੀਂ ਖੋਲ੍ਹੀ ਦਾ ਨਹੀਂ ਤਾਂ ਮੂੰਹ ਵਿੱਚ ਮੱਖੀ ਪੈ ਜਾਂਦੀ ਹੈ। ਉਸ ਵਿਦਿਆਰਥੀ ਨੇ ਜਿਸ ਸੁਚੱਜੇ ਢੰਗ ਨਾਲ ਇਹ ਗੱਲ ਕਹੀ ਉਸ ਤੋਂ ਸਾਰੇ ਦੰਗ ਰਹਿ ਗਏ ਪਰ ਛੇਤੀ ਹੀ ਉਹ ਵਿਦਿਆਰਥੀ ਵੀ ਵਿਚਾਰ ਵਟਾਂਦਰੇ ਵਿੱਚ ਖੁੱਲ੍ਹ ਕੇ ਹਿੱਸਾ ਲੈਣ ਲੱਗਾ।
ਸੰਨ 2000: ਇਨ੍ਹਾਂ ਦਿਨਾਂ ਦੇ ਵਿੱਚ ਇੰਟਰਨੈੱਟ ਫੈਲਣਾ ਸ਼ੁਰੂ ਹੋ ਚੁੱਕਾ ਸੀ ਤੇ ਇੰਟਰਨੈੱਟ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਸਭ ਤੋਂ ਪਹਿਲਾਂ ਯਾਹੂ ਗਰੁੱਪ ਬਹੁਤ ਮਸ਼ਹੂਰ ਹੋ ਗਿਆ ਸੀ। ਯਾਹੂ ਗਰੁੱਪ ਦੇ ਉੱਤੇ ਵਿਚਾਰ ਵਟਾਂਦਰਾ ਈ-ਮੇਲਾਂ ਰਾਹੀਂ ਚਲਦਾ ਸੀ ਤਾਂ ਇਹ ਵਿਚਾਰ ਵਟਾਂਦਰਾ ਵੀ ਜਿਵੇਂ ਕਿ ਉੱਪਰ ਲਿਖਿਆ ਗਿਆ ਹੈ ਬੜਾ ਤਰਕ-ਦਲੀਲ ਦੇ ਨਾਲ ਚਲਦਾ ਸੀ ਤੇ ਕਾਫੀ ਵਾਰ ਸੁਹਿਰਦ ਮਾਹੌਲ ਦੇ ਵਿੱਚ ਹੀ ਰਹਿੰਦਾ ਸੀ।
ਸੰਨ 2020: ਵਿਚਾਰ ਵਟਾਂਦਰੇ ਦਾ ਸਾਰਾ ਮਾਹੌਲ ਹੀ ਬਦਲ ਚੁੱਕਾ ਹੈ ਕਿਉਂਕਿ ਪਿਛਲੇ ਦਸ ਸਾਲਾਂ ਤੋਂ ਸਮਾਜਿਕ ਮਾਧਿਅਮ ਜਿਸਨੂੰ ਅੰਗਰੇਜ਼ੀ ਵਿੱਚ ਸੋਸ਼ਲ ਮੀਡੀਆ ਕਹਿੰਦੇ ਹਨ ਹਰ ਪਾਸੇ ਛਾਅ ਚੁੱਕਾ ਹੈ। ਪਹਿਲਾਂ ਪਹਿਲ ਤਾਂ ਵਿਚਾਰ ਵਟਾਂਦਰਾ ਕੁਝ ਚੋਣਵੇਂ ਲੋਕਾਂ ਦੇ ਵਿੱਚ ਹੀ ਹੁੰਦਾ ਸੀ ਪਰ ਸਮਾਜਿਕ ਮਾਧਿਅਮ ਉੱਤੇ ਲੱਗਦਾ ਹੈ ਕਿ ਵਿਚਾਰ ਵਟਾਂਦਰਾ ਹੁਣ ਸਿਰਫ਼ ਸ਼ੇਅਰ ਕਰਨਾ ਜਾਂ ਸਾਂਝਾ ਕਰਨ ਦੇ ਕੰਮ ਦੇ ਤੌਰ ਤੇ ਖਾਸ ਤੌਰ ਤੇ ਵ੍ਹਾਟਸਐਪ ਤੇ ਟਿੱਕਟਾਕ ਤੇ ਤਾਂ ਬੇਹੱਦ ਹੀ ਆਮ ਹੋ ਗਿਆ ਹੈ। ਹਰ ਕੋਈ ਆਪਣੇ ਸੁਆਦ ਅਨੁਸਾਰ ਘਟੀਆ ਕਿਸਮ ਦੇ ਚੁਟਕਲੇ, ਠਿੱਠ, ਮਸ਼ਕਰੀ, ਔਰਤਾਂ ਬਾਰੇ ਘਟੀਆ ਮਜ਼ਾਕ, ਆਡੀਓ, ਵੀਡਿਓ ਪਾਈ ਜਾ ਰਿਹਾ ਹੈ। ਫੇਸਬੁੱਕ ਤੇ ਵੀ ਸੈਲਫੀ ਮੋਡ ਦੇ ਵਿੱਚ ਲਾਈਵ ਹੋ ਜਾਣਾ ਹੁਣ ਆਮ ਹੀ ਹੋ ਗਿਆ। ਅਜਿਹੇ ਲਾਈਵ ਵੀਡਿਓ ਦੇ ਵਿੱਚ ਕੁਝ ਗਿਣਵੇਂ-ਚੁਣਵੇਂ ਛੱਡ ਕੇ ਬਾਕੀ ਸਭ ਕੜ੍ਹੀ ਘੋਲਣ ਵਿੱਚ ਰੁਝੇ ਹੋਏ ਹਨ। ਇਹ ਵੀ ਨਹੀਂ ਵੇਖਦੇ ਕਿ ਗੱਲ ਦਾ ਸਿਰ ਪੈਰ ਕੀ ਹੈ? ਕਿਸ ਨੂੰ ਕੀ ਗੱਲ ਕਹਿਣੀ ਹੈ ਤੇ ਕਿੱਥੇ ਕਹਿਣੀ ਹੈ?
ਸਮਾਜਿਕ ਮਾਧਿਅਮ ਦੇ ਇਸ ਮਾਹੌਲ ਵਿੱਚ ਗੱਲ ਕਰਨ ਲੱਗਿਆਂ ਆਮ ਤੌਰ ਤੇ ਬਹੁਤੇ ਲੋਕ ਹਮਾਤੜ ਹੋਣ ਦਾ ਪ੍ਰਭਾਵ ਪਾਉਂਦੇ ਹਨ ਜਿਵੇਂ ਕਿ ਪੰਜਾਬੀ ਸਭਿਆਚਾਰ ਵਿੱਚ ਆਮ ਰਿਵਾਜ਼ ਹੈ। ਪਰ ਇਹ ਹਮਾਤੜੀ, ਹੰਕਾਰ ਨਾਲ ਭਰੀ ਹੁੰਦੀ ਹੈ। ਜੇਕਰ ਕਿਸੇ ਨੂੰ ਵਿਰੋਧੀ ਤਰਕ-ਦਲੀਲ ਦੇ ਦਿਓ ਜਾਂ ਕਿਸੇ ਨੂੰ ਕੋਈ ਸੁਆਲ ਪੁੱਛ ਲਓ ਤਾਂ ਅੱਗੋਂ ਹਰ ਕੋਈ ਔਖਾ ਹੋ ਜਾਂਦਾ ਹੈ। ਹਰ ਕੋਈ ਇਹੀ ਪਰਭਾਵ ਦਿੰਦਾ ਹੈ ਕਿ ਉਸਦੇ ਵਾਸਤੇ ਸਿੱਖਣ ਲਈ ਹੋਰ ਕੁਝ ਨਹੀਂ ਬਚਿਆ। ਵਿਚਾਰ ਵਟਾਂਦਰੇ ਦੀ ਥਾਂ ਤੇ ਪੱਖਪਾਤੀ ਪੁਸ਼ਟੀਆਂ ਵਿੱਚ ਲੋਕ ਵੱਧ ਰੁੱਝ ਜਾਂਦੇ ਹਨ।
ਇਸ ਸਭ ਦੇ ਚਲਦੇ, ਪਿੱਛੇ ਜਿਹੇ ਜਾਪਾਨੀ ਭਾਸ਼ਾ ਦੇ ਇੱਕ ਸ਼ਬਦ ਨਾਲ ਮੇਰਾ ਵਾਹ ਪਿਆ ਜੋ ਕਿ ਸਿੱਖਿਆ ਅਤੇ ਗਿਆਨ ਦੇ ਖੇਤਰ ਵਿੱਚ ਜਾਪਾਨੀ ਸਭਿਆਚਾਰ ਦੀ ਸੁਹਜ ਨੂੰ ਉਘਾੜਦਾ ਹੈ। ਇਹ ਸ਼ਬਦ ਹੈ “ਸ਼ੋਸ਼ਿਨ”। ਜਾਪਾਨੀ ਭਾਸ਼ਾ ਦੇ ਵਿੱਚ ਇਸ ਦਾ ਮਤਲਬ-ਭਾਵ ਇਹ ਹੈ ਕਿ ਸਿਖਾਂਦਰੂ ਦਾ ਮਨ। ਸ਼ੋਸ਼ਿਨ ਮੁਤਾਬਕ ਇਨਸਾਨ ਭਾਵੇਂ ਕਿੰਨਾ ਵੀ ਸਿਆਣਾ ਹੋ ਜਾਵੇ ਪਰ ਮਨ ਦੇ ਦੁਆਲੇ ਕੰਧਾਂ ਨਾ ਉਸਾਰ ਕੇ ਇਸ ਨੂੰ ਸਿਖਾਂਦਰੂ ਰੂਪ ਵਿੱਚ ਹੀ ਰੱਖਣਾ ਚਾਹੀਦਾ ਹੈ। ਸ਼ੋਸ਼ਿਨ ਦੇ ਚਾਰ ਬੁਨਿਆਦੀ ਥੰਮ੍ਹ ਇਹ ਹਨ:
ਆਪਣੇ ਆਪ ਨਾਲ ਜਾਂ ਕਿਸੇ ਹੋਰ ਨਾਲ਼ ਕਿਸੇ ਸਿਧਾਂਤ ਜਾਂ ਵਿਚਾਰ ਦਾ ਵਟਾਂਦਰਾ ਕਰੋ: ਆਪਣੇ ਗਿਆਨ ਅਤੇ ਮੁਹਾਰਤ ਵਿੱਚ ਹੱਦੋਂ ਵੱਧ ਵਿਸ਼ਵਾਸ ਬੰਦ-ਦਿਮਾਗ਼ ਨੂੰ ਤਾਕਤ ਦਿੰਦਾ ਹੈ। ਕਿਸੇ ਹੋਰ ਨੂੰ ਕਿਸੇ ਵਿਚਾਰ ਜਾਂ ਦਲੀਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਨਾਲ ਤੁਹਾਨੂੰ ਉਸ ਚੀਜ਼ ਦਾ ਵਧੇਰੇ ਯਥਾਰਥਕ ਅਹਿਸਾਸ ਹੋਵੇਗਾ ਜੋ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਤੁਹਾਨੂੰ ਕਿਸ ਚੀਜ਼ ਦਾ ਪਤਾ ਹੈ ਅਤੇ ਕਿਸਦਾ ਪਤਾ ਨਹੀਂਂ।
ਆਪਣੇ ਆਪ ਨਾਲ ਬਹਿਸ ਕਰੋ: ਮਨੁੱਖੀ ਮਨੋਵਿਗਿਆਨ ਦਾ ਇੱਕ ਜ਼ਰੂਰੀ ਹਿੱਸਾ ਇਹ ਹੈ ਕਿ ਅਸੀਂ ਗਿਆਨ ਅਤੇ ਜਾਣਕਾਰੀ ਦੀ ਖੋਜ ਕਰਨ ਵੱਲ ਆਪਣਾ ਝੁਕਾਅ ਰੱਖੀਏ। ਸਾਡੇ ਵਰਤਮਾਨ ਵਿਚਾਰਾਂ ਅਤੇ ਵਿਸ਼ਵਾਸਾਂ ਨੂੰ ਇਹ ਖੋਜ ਖੁਰਾਕ ਦੇ ਰੂਪ ਵਿੱਚ ਲੱਗੇਗੀ। ਅਸੀਂ “ਪੱਖਪਾਤੀ ਪੁਸ਼ਟੀਆਂ” ਤੋਂ ਵਧੇਰੇ ਸੁਚੇਤ ਹੋਣ ਦੀ ਕੋਸ਼ਿਸ਼ ਕਰੀਏ ਅਤੇ ਆਪਣੇ-ਆਪ ਨਾਲ ਬਹਿਸ ਕਰਕੇ ਇਸਨੂੰ ਵਿਰੋਧੀ ਵਿਚਾਰਾਂ ਨੂੰ ਵੀ ਨਾਲ ਰੱਖ ਕੇ ਤੋਲੀਏ – ਅਜਿਹੇ ਸਬੂਤਾਂ ਜਾਂ ਦਲੀਲਾਂ ਦੀ ਖੋਜ ਕਰੀਏ ਜੋ ਸਾਡੇ ਵਰਤਮਾਨ ਦ੍ਰਿਸ਼ਟੀਕੋਣ ਨੂੰ ਲਲਕਾਰਨ।
ਇਹ ਸਮਝ ਲੈਣਾ ਕਿ ਬੁੱਧੀ ਨਿਸਚਿਤ ਨਹੀਂ ਹੈ, ਸਗੋਂ ਗਿਆਨ ਦੀ ਖੋਜ ਰਾਹੀਂ ਹਾਸਲ ਹੁੰਦੀ ਹੈ: ਜੇ ਤੁਸੀਂ ਬੁੱਧੀ ਦੀ ਲਚਕਤਾ ਵਿੱਚ ਵਿਸ਼ਵਾਸ ਕਰਦੇ ਹੋ, ਤਾਂ ਇਸ ਨੂੰ ‘ਵਿਕਾਸਵਾਦੀ ਮਾਨਸਿਕਤਾ’ ਕਿਹਾ ਜਾਂਦਾ ਹੈ (ਇਸ ਦੇ ਉਲਟ, ਜੇ ਤੁਸੀਂ ਲੋਕਾਂ ਨੂੰ ਮੂਲ ਰੂਪ ਵਿੱਚ ਚੁਸਤ ਜਾਂ ਅਗਿਆਨੀ ਦੇ ਤੌਰ ‘ਤੇ ਦੇਖਦੇ ਹੋ, ਤਾਂ ਇਹ ਤੁਹਾਡੀ ‘ਸਥਿਰ ਮਾਨਸਿਕਤਾ’ ਹੈ।)। ਹਰ ਵੇਲ਼ੇ ਇਹ ਯਾਦ ਰੱਖੋ ਕਿ ਕੋਈ ਵੀ ਮੁਹਾਰਤ ਅਧਿਐਨ ਅਤੇ ਕੋਸ਼ਿਸ਼ ਰਾਹੀਂ ਹੀ ਹਾਸਲ ਹੁੰਦੀ ਹੈ। ਇਸ ਤਰ੍ਹਾਂ ਤੁਹਾਡੇ ਵਿੱਚ ਵਿਕਾਸਵਾਦੀ ਮਾਨਸਿਕਤਾ ਪੁੰਗਰਨ ਦੀ ਸੰਭਾਵਨਾ ਵਧੇਰੇ ਰਹੇਗੀ ਅਤੇ ਬਦਲੇ ਵਿੱਚ ਤੁਹਾਨੂੰ ਖੁੱਲ੍ਹੇ ਦਿਮਾਗ਼ ਨਾਲ ਜਿਊਣ ਦਾ ਮਜ਼ਾ ਆਵੇਗਾ।
ਤਾਰਿਆਂ ਵੱਲ ਵੇਖੋ: ਰਾਤ ਦੇ ਅਸਮਾਨ ਵੱਲ ਨਜ਼ਰ ਮਾਰੋ, ਕੁਦਰਤ ਦੇ ਮਾਹੌਲ ਵਿੱਚ ਸੈਰ ਕਰੋ, ਜਾਂ ਕਿਸੇ ਤੇਜ਼ ਲੈਅ ਵਾਲ਼ੇ ਸੰਗੀਤ ਨੂੰ ਸੁਣੋ। ਕੋਈ ਵੀ ਅਜਿਹਾ ਕੰਮ ਕਰੋ ਜੋ ਤੁਹਾਡੇ ਅੰਦਰ ਹੈਰਾਨ ਕਰਨ ਵਾਲੀਆਂ ਅਤੇ ਜਿਗਿਆਸਾ ਭਰਣ ਵਾਲ਼ੀਆਂ ਭਾਵਨਾਵਾਂ ਨੂੰ ਉਤੇਜਿਤ ਕਰੇ। ਤੁਸੀਂ ਮਹਿਸੂਸ ਕਰੋਗੇ ਕਿ ਸ੍ਰਿਸ਼ਟੀ ਦੀ ਸੁੰਦਰਤਾ ਨੂੰ ਮਾਣਦਿਆਂ ਤੁਹਾਡਾ ਮਨ ਹਲੀਮੀ ਅਤੇ ਨਿਮਰਤਾ ਨਾਲ ਭਰ ਜਾਵੇਗਾ ਅਤੇ ਵਧੇਰੇ ਖੁੱਲ੍ਹੀ ਸੋਚ ਦੇ ਨਜ਼ਰੀਏ ਨੂੰ ਹਾਸਲ ਕਰਨ ਵਾਲੇ ਜੋਸ਼ ਨਾਲ ਭਰਿਆ ਰਹੇਗਾ।
