ਅੱਜ ਮੇਰਾ ਮਨ ਬਹੁਤ ਸੰਖੇਪ ਵਿੱਚ ਲਿਖਣ ਵਾਲੇ ਪਾਸੇ ਝੁਕਿਆ ਹੋਇਆ ਹੈ। ਅੱਜ ਦੀ ਸੰਖੇਪ ਲੇਖਣੀ ਦੇ ਅਖ਼ੀਰ ਵਿੱਚ ਮੈਂ ਇਕ ਸੁਆਲ ਪੁੱਛਣ ਬਾਰੇ ਸੋਚ ਰਿਹਾ ਹਾਂ।
ਆਮ ਕਰਕੇ ਲੋਕ ਭਾਵੇਂ ਕਿਸੇ ਥਾਂ ਦੇ ਮੂਲ ਵਾਸੀ ਹੋਣ ਤੇ ਭਾਵੇਂ ਪ੍ਰਵਾਸੀ ਹੋਣ, ਉਹ ਵਰਗਾਂ ਦੇ ਵਿੱਚ, ਸਮੂਹਾਂ ਦੇ ਵਿੱਚ, ਝੁੰਡਾਂ, ਟੋਲੀਆਂ, ਢਾਣੀਆਂ ਦੇ ਵਿੱਚ ਬੱਝੇ ਹੁੰਦੇ ਹਨ। ਅਜਿਹੇ ਸਮੂਹਾਂ ਅਤੇ ਵਰਗਾਂ ਤੋਂ ਹੀ ਉਨ੍ਹਾਂ ਦੀ ਪਛਾਣ ਬਣੀ ਹੁੰਦੀ ਹੈ ਅਤੇ ਇਸ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਪੇਸ਼ ਕਰਨਾ ਚਾਹੁੰਦੇ ਹਨ ਕਿਉਂਕਿ ਇਹ ਪੇਸ਼ਕਸ਼ ਹੀ ਇਹ ਦਰਸਾਉਂਦੀ ਹੈ ਕਿ ਅਜਿਹੇ ਸਮੂਹ ਕਿਸ ਤਰ੍ਹਾਂ ਦੀ ਸਮਾਜਕ ਪਛਾਣ ਨਾਲ ਬੱਝੇ ਹੋਏ ਹਨ।
ਦੁਨੀਆਂ ਦੇ ਹਰ ਵਰਗ ਦੇ ਲੋਕ ਆਪਣੇ ਮਨੋਰੰਜਨ ਦੇ ਲਈ ਦਿਲ ਪ੍ਰਚਾਵੇ ਲਈ, ਸਮਾਜਿਕ ਰੀਤਾਂ-ਰਿਵਾਜ਼ਾ ਕਰਕੇ ਕੋਈ ਨਾ ਕੋਈ ਜੁੜ-ਮਿਲ ਬੈਠਣ ਦਾ ਪ੍ਰੋਗਰਾਮ ਕਰਦੇ ਰਹਿੰਦੇ ਹਨ ਅਤੇ ਅਜਿਹੇ ਪ੍ਰੋਗਰਾਮਾਂ ਦੇ ਦੌਰਾਨ ਉਹ ਆਪਣੇ ਸਮੂਹ ਜਾਂ ਵਰਗ ਦੇ ਪਤਵੰਤੇ ਸੱਜਣਾਂ ਦਾ ਵੀ ਸਨਮਾਨ ਕਰਦੇ ਰਹਿੰਦੇ ਹਨ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਸਮੂਹ ਜਾਂ ਵਰਗ, ਜਿਨ੍ਹਾਂ ਲੋਕਾਂ ਦਾ ਸਨਮਾਨ ਕਰ ਰਿਹਾ ਹੈ ਉਹ ਉਨ੍ਹਾਂ ਨਾਲ ਆਪਣੀ ਸਮਾਜਕ ਪਛਾਣ ਸਾਂਝੀ ਕਰਕੇ ਕਿੰਨਾ ਕੁ ਫਖ਼ਰ ਮਹਿਸੂਸ ਕਰ ਰਹੇ ਹਨ!
ਜਿੱਥੋਂ ਤੱਕ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਸਿੱਖ ਜਾਂ ਪੰਜਾਬੀ ਸਮੂਹ ਵਰਗ ਦਾ ਸਵਾਲ ਹੈ, ਮੇਰਾ ਨਿੱਜੀ ਤਜਰਬਾ ਇਹੀ ਦੱਸਦਾ ਹੈ ਕਿ ਸਨਮਾਨੇ ਜਾਣ ਵਾਲੇ ਜਾਂ ਤਾਂ ਨੇਤਾਗਿਰੀ ਦੇ ਦਾਅਰਿਆਂ ਵਿੱਚੋਂ ਹੁੰਦੇ ਹਨ, ਜਾਂ ਫਿਰ ਪੁਲੀਸ ਵਾਲ਼ੇ ਜਾਂ ਫਿਰ ਸਟੀਰੌਇਡ ਕਬੱਡੀ ਕਲੱਬਾਂ ਵਾਲ਼ੇ। ਪਰਵਾਸੀ ਭਾਈਚਾਰੇ ਦੇ ਤੌਰ ਤੇ ਜੇਕਰ ਸਨਮਾਨੇ ਜਾਣ ਵਾਲੇ ਪਤਵੰਤੇ ਸੱਜਣਾਂ ਦੀ ਪਰਿਭਾਸ਼ਾ ਇਹ ਤਾਂ ਫਿਰ ਇਸ ਗੱਲ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੈ ਕਿ ਅਜਿਹੇ ਸਮੂਹ-ਵਰਗ ਜਿਸ ਮੁਲਕ ਵਿੱਚ ਅਬਾਦ ਹੋਏ ਹਨ ਉਥੋਂ ਦੀ ਸਥਾਨਕ ਜਨਤਾ ਵਿੱਚ ਇਨ੍ਹਾਂ ਲਈ ਕਿੰਨੀ ਕੁ ਇੱਜ਼ਤ ਹੋਵੇਗੀ?