Posted in ਚਰਚਾ, ਮਿਆਰ

ਜਿਹੜੇ ਆਪਣੀ ਮਾਂ-ਬੋਲੀ ਦੇ ਨੀ ਹੋਏ

ਕਿਸੇ ਵੀ ਭਾਸ਼ਾ ਦੀ ਸਮਰੱਥਾ ਉਸ ਦੇ ਸ਼ਬਦ ਭੰਡਾਰ ਤੋਂ ਜ਼ਾਹਰ ਹੁੰਦੀ ਹੈ। ਪੰਜਾਬੀ ਦਾ ਸ਼ਬਦ ਭੰਡਾਰ ਪਿਛਲੇ ਕਈ ਦਹਾਕਿਆਂ ਤੋਂ ਉਥੇ ਦਾ ਉਥੇ ਹੀ ਖੜ੍ਹਾ ਹੈ ਭਾਵੇਂ ਕਿ ਇਸ ਦੌਰਾਨ ਇੰਟਰਨੈੱਟ ਅਤੇ ਸਮਾਜਿਕ ਮਾਧਿਅਮਾਂ ਨੇ ਦੁਨੀਆਂ ਬਦਲ ਕੇ ਰੱਖ ਦਿੱਤੀ ਹੈ। 

ਦੁਨੀਆਂ ਦੀਆਂ ਕਈ ਭਾਸ਼ਾਵਾਂ ਵਿੱਚ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਉਸ ਭਾਸ਼ਾ ਦੇ ਅਖ਼ਬਾਰ ਅਤੇ ਸਾਹਿਤਕਾਰ ਵੀ ਨਿੱਤ ਨਵੇਂ ਸ਼ਬਦ ਘੜ੍ਹਦੇ ਰਹਿੰਦੇ ਹਨ। ਇਸ ਤਰ੍ਹਾਂ ਇਹ ਲੋਕਾਂ ਦੀ ਜ਼ੁਬਾਨ ਉੱਤੇ ਸਹਿਜ ਹੀ ਚੜ੍ਹ ਜਾਂਦੇ ਹਨ। ਪਰ ਪੰਜਾਬੀ ਭਾਸ਼ਾ ਵਿੱਚ ਇਹ ਵੀ ਨਹੀਂ ਹੋ ਰਿਹਾ। 

ਮਾਓਰੀ ਲੋਕ, ਆਓਤਿਆਰੋਆ ਨਿਊਜ਼ੀਲੈਂਡ ਦੇ ਮੂਲ ਬਾਸ਼ਿੰਦੇ ਹਨ। ਮਾਓਰੀ ਭਾਸ਼ਾ ਦੀ ਕੋਈ ਲਿੱਪੀ ਨਾ ਹੋਣ ਕਰਕੇ ਇਹ ਭਾਸ਼ਾ ਜ਼ਬਾਨੀ ਰਿਵਾਇਤ ਉੱਤੇ ਹੀ ਆਧਾਰਿਤ ਸੀ। ਅੰਗਰੇਜ਼ਾਂ ਦੀ ਆਮਦ ਤੋਂ ਬਾਅਦ ਮਾਓਰੀ ਭਾਸ਼ਾ ਵਿੱਚ ਅੰਗਰੇਜ਼ੀ ਤੋਂ ਉਧਾਰੇ ਲੈ ਕੇ ਬਹੁਤ ਸਾਰੇ ਸ਼ਬਦ ਵਰਤੇ ਗਏ ਜਿਵੇਂ ਕਿ ਅਸੀਂ ਪੰਜਾਬੀ ਵਿੱਚ ਜਨਵਰੀ ਫਰਵਰੀ ਕੀਤਾ ਹੋਇਆ ਹੈ।    

ਪਰ ਬੀਤੇ ਕੁਝ ਸਾਲਾਂ ਤੋਂ ਮਾਓਰੀ ਭਾਸ਼ਾ ਨੂੰ ਨਵੇਂ ਸ਼ਬਦ ਭੰਡਾਰ ਅਤੇ ਤਕਨਾਲੋਜੀ ਰਾਹੀਂ ਨਵੀਂ ਸਮਰੱਥਾ ਦੀ ਬੁਲੰਦੀਆਂ ਤਕ ਪਹੁੰਚਾਇਆ ਜਾ ਰਿਹਾ। ਮਾਓਰੀ ਭਾਸ਼ਾ ਵਿੱਚ ਨਿੱਤ ਨਵੇਂ ਸ਼ਬਦ ਘੜ੍ਹੇ ਅਤੇ ਜ਼ੁਬਾਨ ਤੇ ਚੜ੍ਹ ਰਹੇ ਹਨ ਅਤੇ ਅੰਗਰੇਜ਼ੀ ਦੇ ਉਧਾਰੇ ਲਏ ਸ਼ਬਦ ਅਲੋਪ ਹੋਣੇ ਸ਼ੁਰੂ ਹੋ ਗਏ ਹਨ। 

Photo by SHVETS production on Pexels.com

ਇਸ ਦੇ ਮੁਕਾਬਲੇ ਪੰਜਾਬ ਵਿੱਚ ਘਟੀਆ ਗਾਇਕਾਂ ਦੇ ਪੈਦਾ ਕੀਤੇ ਅਖੌਤੀ ਸਭਿਆਚਾਰ ਰਾਹੀਂ ਹਰੇ ਗੁਲਾਬੀ ਰੰਗ ਗਾਣਿਆਂ ਵਿੱਚ ਗਰੀਨ ਪਿੰਕ ਹੋਣ ਲੱਗ ਪਏ ਹਨ। ਕਹਿਣ ਦਾ ਭਾਵ ਇਹ ਕਿ ਨਵੇਂ ਸ਼ਬਦ ਤਾਂ ਕੀ ਘੜ੍ਹਣੇ, ਚੰਗੇ ਭਲੇ ਪੰਜਾਬੀ ਸ਼ਬਦਾਂ ਦੀ ਥਾਂ ਤੇ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਸ਼ੁਰੂ ਹੋ ਗਈ ਹੈ।

ਅੰਗਰੇਜ਼ੀ ਸ਼ਬਦਾਂ ਦੀ ਅਜਿਹੀ ਵਰਤੋਂ ਦਾ ਇਹ ਮਤਲਬ ਨਹੀਂ ਹੈ ਕਿ ਪੰਜਾਬ ਵਿੱਚ ਅੰਗਰੇਜ਼ੀ ਦਾ ਮਿਆਰ ਬਹੁਤ ਉੱਚਾ ਹੋ ਗਿਆ। ਇਹ ਸਭ ਪੰਜਵੇਂ ਬੈਂਡ ਤਕ ਦੀ ਦੌੜ ਦਾ ਨਤੀਜਾ ਹੈ। ਨਾ ਤਾਂ ਚੱਜ ਦੀ ਅੰਗਰੇਜ਼ੀ ਆਉਂਦੀ ਹੈ ਤੇ ਨਾ ਹੀ ਮਾਂ-ਬੋਲੀ ਪੰਜਾਬੀ ਤੇ ਕੋਈ ਮੁਹਾਰਤ ਹੈ। ਨਾ ਘਰ ਦੇ ਤੇ ਨਾ ਹੀ ਘਾਟ ਦੇ। 

ਨਾ ਘਰ ਦੇ ਤੇ ਨਾ ਹੀ ਘਾਟ ਦੇ ਹੋਣ ਬਾਰੇ ਇਸ ਤਰ੍ਹਾਂ ਵੀ ਪਤਾ ਚੱਲਦਾ ਹੈ ਕਿ ਨਿਊਜ਼ੀਲੈਂਡ ਦਾ ਮਾਓਰੀ ਨਾਂ ਆਓਤਿਆਰੋਆ ਹੈ। ਬਹੁਤ ਸੌਖਾ ਉਚਾਰਨ। ਪਰ ਤੁਸੀਂ ਇਥੋਂ ਦੇ ਪੰਜਾਬੀ ਅਖ਼ਬਾਰ ਪੜ੍ਹ ਲਵੋ ਜਾਂ ਰੇਡੀਓ ਸੁਣ ਲਵੋ, ਆਓਤਿਆਰੋਆ ਨੂੰ ਔਟਰੀਆ ਜਾਂ ਓਟਰੀਆ ਹੀ ਦਬੱਲੀ ਫਿਰਦੇ ਹਨ।

ਜਿਹੜੇ ਆਪਣੀ ਮਾਂ-ਬੋਲੀ ਦੇ ਨੀ ਹੋਏ ਉਹ ਕਿਸੇ ਹੋਰ ਦੇ ਕੀ ਹੋਣਗੇ?


Discover more from ਜੁਗਸੰਧੀ

Subscribe to get the latest posts sent to your email.

Unknown's avatar

Author:

ਵੈਲਿੰਗਟਨ, ਨਿਊਜ਼ੀਲੈਂਡ ਦਾ ਵਸਨੀਕ - ਬਲੌਗਿੰਗ, ਪਗਡੰਡੀਆਂ ਮਾਪਣ ਅਤੇ ਜਿਓਸਟ੍ਰੈਟੀਜਿਕ ਖੋਜ ਦਾ ਸ਼ੌਕ।

One thought on “ਜਿਹੜੇ ਆਪਣੀ ਮਾਂ-ਬੋਲੀ ਦੇ ਨੀ ਹੋਏ

  1. ਪੰਜਾਬੀ ਕੋਸ਼ਕਾਰੀ `ਚ ਖੜੋਤ ਸਾਡੀ ਪੰਜਾਬੀ ਬੋਲੀ ਦਾ ਬਹੁਤ ਵੱਡਾ ਦੁਖਾਂਤ ਹੈ। ਇਸ ਦਾ ਕਾਰਨ ਸਾਡੀ ਮਾਨਸਿਕ ਗ਼ੁਲਾਮੀ ਤੇ ਹੀਣ ਭਾਵਨਾ ਗ੍ਰਸਤ ਹੋਣਾ ਹੈ। ਮੁੱਢਲੀ ਸਿੱਖਿਆ ਦਾ ਮਿਆਰ ਦਾ ਬਹੁਤ ਵੱਡਾ ਹੱਥ ਹੈ। ਤੁਹਾਡਾ ਗੌਰ ਏ ਫ਼ਿਕਰ ਵਾਜਵ ਹੈ ਤੇ ਬੰਦੇ ਨੂੰ ਸੋਚਣ `ਤੇ ਮਜਬੂਰ ਕਰਦਾ ਹੈ। ਵੇਲ਼ੇ ਦੇ ਨਾਲ਼-੨ ਬਦਲਾਅ ਜਰੂਰੀ ਹੈ ਪਰ ਆਪਣਾ ਸਿਰ ਮੁੰਨਾ ਕੇ ਨਹੀਂ। ਅੰਗਰੇਜੀ ਸ਼ਬਦਾਂ ਦੀ ਬੇਲੋੜੀ ਵਰਤੋਂ ਪੰਜਾਬੀ ਬੋਲੀ ਨੂੰ ਸਮਰਿਧ ਨਹੀਂ ਬਣਾ ਰਹੀ ਬਲਕਿ ਮੁਹਾਂਦਰਾ ਵਿਗਾੜ ਰਹੀ ਹੈ। ਹੁਣ ਸਵਾਲ ਹੈ ਕਿ ਇਸ ਨੂੰ ਮੋੜਾ ਕਿਵੇਂ ਪਾਇਆ ਜਾਵੇ? ਮੇਰੀ ਜਾਚੇ ਬੁੱਧੀਜੀਵੀਆਂ ਨੂੰ ਆਪਣੀ ਪੂਛ ਨਾਲ਼ ਨਾਲ਼ ਬੱਝੇ ਛੱਜ ਕਾਲਪਨਿਕ ਝੂਠੇ ਮਾਨ ਸਨਮਾਨ ਤੇ ਆਪਣੇ ਐਸ਼ ਓ ਅਰਾਮ ਛੱਡ ਕੇ ਯਥਾਰਥ ਦੀ ਧਰਤ `ਤੇ ਆ ਕੇ ਖੜ੍ਹਨਾ ਪੈਣਾ ਹੈ, ਹੋਰ ਕੋਈ ਦੂਜਾ ਰਾਹ ਨਹੀਂ ਹੈ। ਆਸਮੰਦ ਹਾਂ ਕਿ ਤੁਹਾਡਾ ਲੇਖ ਸ੍ਵੈਮਾਨ ਲਿਖਾਰੀਆਂ ਤੇ ਚਿੰਤਕਾਂ ਨੂੰ ਸੋਚਣ `ਤੇ ਮਜਬੂਰ ਕਰੇਗਾ ਤੇ ਠੋਸ ਪੈਰ ਪੁੱਟਣ ਵੱਲ ਪ੍ਰੇਰਿਤ ਕਰੇਗਾ, ਸ਼ੁਭਮ।

Leave a reply to ਅਰਵਿੰਦਰ ਸਿੰਘ Cancel reply