ਬੀਤੇ ਹਫ਼ਤੇ ਮੈਂ ਪੰਜਾਬ ਵਿੱਚ ਤਿੰਨ ਹਫ਼ਤੇ ਲਾ ਕੇ ਵਾਪਸ ਨਿਊਜ਼ੀਲੈਂਡ ਮੁੜਿਆ ਹਾਂ। ਪੰਜਾਬ ਫੇਰੀ ਦਾ ਇਹ ਸਬੱਬ ਲਗਭਗ ਸੱਤ ਵਰ੍ਹੇ ਬਾਅਦ ਬਣਿਆ। ਗਹੁ ਨਾਲ ਵੇਖਣ-ਸਮਝਣ ਲਈ ਕਈ ਕੁਝ ਮਿਲਿਆ, ਪਰ ਅੱਜ ਮੈਂ ਗੱਲ ਭਾਸ਼ਾ-ਬੋਲੀ ਦੀ ਹੀ ਕਰਾਂਗਾ।
ਸੈਰ ਕਰਨ ਦਾ ਸ਼ੌਕ ਹੋਣ ਕਰਕੇ ਅਕਸਰ ਗਲੀਆਂ ਜਾਂ ਫਿਰ ਸੈਰਗਾਹਾਂ ਵਿੱਚ ਬੱਚੇ ਖੇਡਦੇ ਮਿਲ ਜਾਂਦੇ। ਬੱਚਿਆਂ ਨੂੰ ਅੰਗਰੇਜ਼ੀ ਵਿੱਚ ਗੱਲਾਂ ਕਰਦਿਆਂ ਵੇਖ ਕੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਕੀ ਮੈਂ ਪੰਜਾਬ ਵਿੱਚ ਘੁੰਮ ਰਿਹਾ ਹਾਂ ਕਿ ਕਿਸੇ ਹੋਰ ਮੁਲਕ ਵਿੱਚ?
ਘੋਖ ਕੀਤਿਆਂ ਮੈਨੂੰ ਇਹ ਪਤਾ ਲੱਗਾ ਕਿ ਇਨ੍ਹਾਂ ਝੁੰਡਾਂ ਵਿੱਚ ਅਕਸਰ ਹੀ ਇੱਕ ਦੋ ਪਰਵਾਸੀ ਬੱਚੇ ਹੁੰਦੇ ਜੋ ਆਪਣੇ ਮਾਪਿਆਂ ਨਾਲ ਛੁੱਟੀਆਂ ਕੱਟਣ ਪੰਜਾਬ ਆਏ ਹੁੰਦੇ। ਸਥਾਨਕ ਬੱਚਿਆਂ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਹੁੰਦਾ ਕਿ ਉਹ ਵੀ ਮੌਕਾ ਨਾ ਖੁੰਝਦੇ ਹੋਏ ਵੱਧ ਤੋਂ ਵੱਧ ਅੰਗਰੇਜ਼ੀ ਬੋਲਣ।
ਇਹ ਸਭ ਵੇਖ ਕੇ ਮੈਨੂੰ ਆਪਣਾ 1970ਵਿਆਂ ਦਾ ਬਚਪਨ ਯਾਦ ਆ ਗਿਆ ਜਦ ਸਿਰਫ਼ ਛੁੱਟੀਆਂ ਹੀ ਨਹੀਂ ਸਗੋਂ ਸਕੂਲੇ ਮੇਰੀ ਜਮਾਤ ਵਿੱਚ ਵੀ ਵਲਾਇਤ ਤੋਂ ਆਏ ਬੱਚੇ ਹੁੰਦੇ ਸਨ ਤੇ ਸਾਰਾ ਧਿਆਨ ਪੰਜਾਬੀ ਨਾਲ ਜੁੜੇ ਰਹਿਣ ਵੱਲ ਹੁੰਦਾ ਸੀ।
ਖ਼ੈਰ! ਕਹਿੰਦੇ ਹਨ ਕਿ ਸਭਿਆਚਾਰ ਵਗਦੇ ਪਾਣੀ ਵਾਂਙ ਹੁੰਦਾ ਹੈ ਜੋ ਬਦਲਦਾ ਰਹਿੰਦਾ ਹੈ। ਚਲੋ ਪੰਜਾਬ ਨੂੰ ਇਸ ਦਾ ਬਦਲਦਾ ਸਭਿਆਚਾਰ ਮੁਬਾਰਕ।

ਪਰ ਕੀ ਇਹ ਸਭਿਆਚਾਰਕ ਬਦਲ ਕੁਦਰਤੀ ਹੈ? ਕੀ ਪੰਜਾਬ ਵਿੱਚ ਵਿਦਿਅਕ ਮਿਆਰ ਬਰਕਰਾਰ ਹਨ?
ਅੰਗਰੇਜ਼ੀ ਦਾ ਇੱਕ ਸ਼ਬਦ ਹੈ Asthma ਤੇ ਇਸ ਦਾ ਉਚਾਰਣ ‘ਐਸਮਅ’ ਹੁੰਦਾ ਹੈ। ਸਾਹ ਦੀ ਇਸ ਬਿਮਾਰੀ ਨੂੰ ਪੰਜਾਬੀ ਵਿੱਚ ਦਮਾ ਕਹਿੰਦੇ ਹਨ। ਪਰ ਪੰਜਾਬ ਦੇ ਅੰਗਰੇਜ਼ਾਂ ਨੇ ‘ਅਸਥਮਾ’ ਹੀ ਮਸ਼ਹੂਰ ਕਰ ਰੱਖਿਆ ਹੈ। ਨਾ ਘਰ ਦੇ ਤੇ ਨਾ ਹੀ ਘਾਟ ਦੇ!
ਹੁਣ ਪੰਜਾਬ ਵਿੱਚ ਗ਼ੁਸਲਖਾਨਾ ਜਾਂ ਪਖਾਨਾ ਕਹਿਣ ਵਾਲਾ ਕੋਈ ਨਹੀਂ ਮਿਲਦਾ। ਹਰ ਥਾਂ ਵਾਸ਼ਰੂਮ ਹੀ ਲਿਖਿਆ ਮਿਲਦਾ ਹੈ।
ਗਹਿਣੇ ਰੱਖਣਾ ਜਾਂ ਗਿਰਵੀ ਕਹਿਣ ਵਾਲ਼ਾ ਹੁਣ ਕੋਈ ਨਹੀਂ ਲੱਭਦਾ ਸਭ ਮੌਰਗਿਜ ਨੂੰ ਮੌਰਟਗੇਜ ਹੀ ਕਹਿੰਦੇ ਨਜ਼ਰ ਆ ਰਹੇ ਹਨ।
ਸੂਚੀ ਤਾਂ ਬਹੁਤ ਲੰਮੀ ਹੈ ਪਰ ਤੁਹਾਡਾ ਕੀ ਵਿਚਾਰ ਹੈ? ਹੇਠਾਂ ਆਪਣੀ ਟਿੱਪਣੀ ਜ਼ਰੂਰ ਸਾਂਝੀ ਕਰੋ।