ਅੱਜ ਛੁੱਟੀ ਦਾ ਦਿਨ ਹੈ। ਦਿਨ ਸ਼ਨਿੱਚਰਵਾਰ। ਅਮੂਮਨ ਸਵੇਰੇ ਉੱਠ ਕੇ ਜਿਵੇਂ ਹੀ ਮੈਂ ਕੰਪਿਊਟਰ ਤੇ ਆ ਕੇ ਬੈਠਿਆ ਤਾਂ ਇੰਗਲੈਂਡ ਵੱਸਦੇ ਪਰਮ ਮਿੱਤਰ ਸ: ਅਰਵਿੰਦਰ ਸਿੰਘ ਸਿਰ੍ਹਾ ਹੋਣਾ ਦਾ ਸੁਨੇਹਾ ਆਇਆ ਪਿਆ ਸੀ ਕਿ ਕੀ ਅਸੀਂ ਗੱਲਬਾਤ ਕਰ ਸਕਦੇ ਹਾਂ?
ਇੱਥੇ ਨਿਊਜ਼ੀਲੈਂਡ ਵਿਚ ਇਸ ਵਕਤ ਸਵੇਰ ਦਾ ਵੇਲਾ ਸੀ ਤੇ ਅਰਵਿੰਦਰ ਸਿੰਘ ਹੁਣੀਂ ਆਪਣੀ ਸ਼ਾਮ ਦੀ ਸੈਰ ਤੇ ਨਿਕਲੇ ਹੋਏ ਸਨ। ਉਹ ਇੰਗਲੈਂਡ ਦੇ ਲੀਡਜ਼ ਸ਼ਹਿਰ ਵਿਚ ਰਹਿੰਦੇ ਹਨ।
ਗੱਲਾਂ ਚੱਲ ਪਈਆਂ ਤੇ ਗੱਲ ਤੁਰੀ ਪੰਜਾਬੀ ਮਾਂ ਬੋਲੀ ਦੇ ਲਹਿਜਿਆਂ ਬਾਰੇ। ਗੱਲੀਂ-ਬਾਤੀਂ ਸਵਾਲ ਉੱਠਿਆ ਕਿ ਅੱਜ ਸਮਾਜਕ ਮਾਧਿਅਮਾਂ ਤੇ ਚੱਲ ਰਹੇ ਚੈਨਲਾਂ ਦੇ ਕਈ ਅੱਥਰੇ ਹੋਏ ਪੇਸ਼ਕਾਰ ਪੰਜਾਬੀ ਬੋਲੀ ਨਾਲੋਂ ਜ਼ਿਆਦਾ ਜ਼ੋਰ ਪੰਜਾਬੀ ਬੋਲੀ ਦੇ ਲਹਿਜਿਆਂ ਦੇ ਉੱਤੇ ਦੇ ਰਹੇ ਸਨ ਜਿਵੇਂ ਕਿ ਪੁਆਧੀ ਜਾਂ ਮਲਵਈ ਬੋਲੀ ਆਦਿ। ਇਹ ਲੋਕ ਆਮ ਤੌਰ ਤੇ ਯੂ ਟਿਊਬ ਜਾਂ ਇੰਟਰਨੈੱਟ ਦੇ ਵਧ ਰਹੇ ਮਾਧਿਅਮਾਂ ਰਾਹੀਂ ਆਪਣਾ ਪ੍ਰਚਾਰ ਕਰਦੇ ਹਨ ਅਤੇ ਜ਼ਿਆਦਾ ਜ਼ੋਰ ਇਨ੍ਹਾਂ ਦਾ ਲਹਿਜੇ ਉੱਤੇ ਹੁੰਦਾ ਹੈ ਨਾ ਕਿ ਪੰਜਾਬੀ ਬੋਲੀ ਉੱਤੇ। ਗੱਲ ਅਸੀਂ ਪੰਜਾਬੀ ਬੋਲੀ ਦੀ ਕਰ ਰਹੇ ਹਾਂ। ਜੇਕਰ ਇਹ ਸਭ ਕਿਸੇ ਖ਼ਾਸ ਸੰਦਰਭ ਵਿੱਚ ਬੰਨ੍ਹ ਕੇ ਕੀਤਾ ਜਾਵੇ ਤਾਂ ਠੀਕ ਹੈ ਪਰ ਲਹਿਜੇ ਨੂੰ ਪੰਜਾਬੀ ਬੋਲੀ ਨਾਲੋਂ ਉੱਚਾ ਰੁਤਬਾ ਦੇਣਾ ਅਹਿਮਕਾਨਾ ਨਾਲਾਇਕੀ ਤੋਂ ਵੱਧ ਕੁਝ ਵੀ ਨਹੀਂ ਹੈ।
ਮਿਸਾਲ ਦੇ ਤੌਰ ਤੇ ਅੰਗਰੇਜ਼ੀ ਭਾਸ਼ਾ ਹੀ ਲੈ ਲਓ। ਜੇਕਰ ਇੰਗਲੈਂਡ ਦੇ ਲੀਡਜ਼ ਸ਼ਹਿਰ ਤੋਂ ਲੰਡਨ ਵੱਲ ਨੂੰ ਚਾਲੇ ਪਾਈਏ ਤਾਂ ਇਹ ਤਿੰਨ ਸੌ ਮੀਲ ਦਾ ਸਫ਼ਰ ਹੈ। ਇਸ ਸਫ਼ਰ ਦੌਰਾਨ ਜੇ ਤੁਸੀਂ ਰਸਤੇ ਵਿਚ ਰੁਕਦੇ ਹੋਏ ਜਾਓ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਅੰਗਰੇਜ਼ੀ ਬੋਲੀ ਦਾ ਲਹਿਜਾ ਬਦਲ ਰਿਹਾ ਹੈ। ਮੋਟੀ ਗੱਲ ਇਹ ਕਿ ਇਸ ਤਿੰਨ ਸੌ ਮੀਲ ਦੇ ਸਫ਼ਰ ਦੇ ਵਿੱਚ ਅੰਗਰੇਜ਼ੀ ਬੋਲੀ ਦਾ ਲਹਿਜਾ ਘੱਟੋ-ਘੱਟ ਛੇ ਕੁ ਵਾਰ ਬਦਲ ਜਾਂਦਾ ਹੈ। ਠੀਕ ਵੀ ਹੈ ਕਿਉਂਕਿ ਸੱਭਿਆਚਾਰ ਦੇ ਨਾਲ ਲਹਿਜਾ ਸਬੰਧਤ ਹੈ ਜੋ ਕਿ ਘਾਟ-ਘਾਟ ਤੇ ਬਦਲ ਸਕਦਾ ਹੈ। ਇਸ ਦੇ ਵਿੱਚ ਕੋਈ ਵੱਡੀ ਗੱਲ ਨਹੀਂ। ਪਰ ਜੇ ਇਸੇ ਤਿੰਨ ਸੌ ਮੀਲ ਦੇ ਸਫ਼ਰ ਦੌਰਾਨ ਤੁਸੀਂ ਕਿਸੇ ਵੀ ਸ਼ਹਿਰ ਜਾਂ ਕਸਬੇ ਵਿੱਚ ਕੋਈ ਅੰਗਰੇਜ਼ੀ ਦੀ ਕਿਤਾਬ ਚੁੱਕੋ ਜਾਂ ਅਖ਼ਬਾਰ ਚੁੱਕੋ ਜਾਂ ਚੱਲਦਾ ਹੋਇਆ ਰੇਡੀਓ ਟੈਲੀਵਿਜ਼ਨ ਸੁਣੋ ਤਾਂ ਉਨ੍ਹਾਂ ਤੇ ਆਮ ਤੌਰ ਤੇ ਅੰਗਰੇਜ਼ੀ ਇੱਕੋ ਜਿਹੀ ਹੀ ਬੋਲੀ ਜਾ ਰਹੀ ਹੁੰਦੀ ਹੈ।

ਇਸ ਤੋਂ ਸਾਨੂੰ ਕੀ ਸਮਝਣ ਨੂੰ ਮਿਲਦਾ ਹੈ? ਇਹੀ ਕਿ ਇਹ ਅੰਗਰੇਜ਼ੀ ਭਾਸ਼ਾ ਦੀ ਸਮਰੱਥਾ ਹੈ ਕਿ ਜਿਹੜੀ ਵੱਡੇ ਰੂਪ ਇਕ ਖ਼ਾਸ ਮਿਆਰੀ ਮਾਪ-ਦੰਡ ਤੇ ਖੜ੍ਹੀ ਹੈ ਅਤੇ ਇੰਗਲੈਂਡ ਤਾਂ ਕੀ ਦੁਨੀਆਂ ਦੀ ਕਿਸੇ ਵੀ ਨੁੱਕਰੇ ਚਲੇ ਜਾਵੋ, ਅੰਗਰੇਜ਼ੀ ਭਾਸ਼ਾ ਦਾ ਅਕਾਦਮਿਕ ਮਿਆਰ ਇੱਕੋ ਹੀ ਹੈ। ਖੇਹ ਉਡਾਉਣ ਵਾਲੇ ਇਹ ਵੀ ਬਹਾਨਾ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਅਮਰੀਕੀ ਅੰਗਰੇਜ਼ੀ ਦੇ ਕੁਝ ਸ਼ਬਦ ਜੋੜ ਵੱਖਰੇ ਹਨ ਪਰ ਇਹ ਸਭ ਅਕਾਦਮਿਕ ਪੱਧਰ ਤੇ ਨਿਗੂਣਾ ਹੀ ਹੈ।
ਜੇਕਰ ਸੱਚ ਪੁੱਛੋ ਤਾਂ ਪੰਜਾਬ ਦੇ ਜਿਹੜੇ ਇਹ ਸਮਾਜਕ ਮਾਧਿਅਮਾਂ ਤੇ ਚੱਲ ਰਹੇ ਚੈਨਲ ਲਹਿਜਿਆਂ ਉਤੇ ਆਧਾਰਤ ਬੋਲੀ ਨੂੰ ਜ਼ਿਆਦਾ ਚੜ੍ਹਤ ਦੇਣ ਵਿੱਚ ਰੁੱਝੇ ਹੋਏ ਹਨ ਉਹ ਪੰਜਾਬੀ ਬੋਲੀ ਨੂੰ ਸੰਨ੍ਹ ਲਾ ਰਹੇ ਹਨ। ਕੀ ਅਸੀਂ ਖੇਤਰੀ ਲਹਿਜੇ ਨੂੰ ਪ੍ਰਧਾਨਗੀ ਦੇ ਕੇ ਕੋਈ ਬਹੁਤ ਵੱਡੀ ਮੱਲ ਮਾਰ ਰਹੇ ਹਾਂ? ਮੈਂ ਇਹਦੇ ਬਾਰੇ ਇੱਕ ਹੋਰ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ।
ਪੰਜ ਛੇ ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਵਾਰ ਤਾਂ ਨਿਊਜ਼ੀਲੈਂਡ ਵਿੱਚ ਹਰ ਪਾਸੇ ਕਬੱਡੀ-ਕਬੱਡੀ ਹੋ ਗਈ। ਨਿਊਜ਼ੀਲੈਂਡ ਸਰਕਾਰ ਨੇ ਸੱਭਿਆਚਾਰ ਦੇ ਨਾਂ ਤੇ ਮਾਇਆ ਦੇ ਗੱਫੇ ਵੰਡੇ ਤਾਂ ਕਬੱਡੀ ਵਾਲਿਆਂ ਨੇ ਤਾਂ ਲੁੱਟ ਹੀ ਪਾ ਦਿੱਤੀ। ਇੱਥੇ ਨਿਊਜ਼ੀਲੈਂਡ ਵਿੱਚ ਦੁਨੀਆਂ ਭਰ ਦੇ ਕਬੱਡੀ ਸੰਸਾਰ ਕੱਪ ਹਰ ਛੋਟੇ ਵੱਡੇ ਸ਼ਹਿਰ ਦੇ ਵਿੱਚ ਹੋ ਰਹੇ ਸਨ।
ਇਸ ਚਲਦੇ ਵਾਵਰੋਲੇ ਵਿੱਚ ਕਿਉਂਕਿ ਪੰਜਾਬੀ ਔਰਤਾਂ ਕਬੱਡੀ ਖੇਡਣ ਲਈ ਨਹੀਂ ਸਨ ਲੱਭ ਰਹੀਆਂ ਤਾਂ ਇੱਥੋਂ ਦੇ ਇਕ ਖੇਡ ਕਲੱਬ ਨੇ ਸਥਾਨਕ ਮੂਲਵਾਸੀ ਮਾਓਰੀ ਜਨਾਨੀਆਂ ਨੂੰ ਲੈ ਕੇ ਕਬੱਡੀ ਦੀ ਟੀਮ ਖੜ੍ਹੀ ਕਰ ਦਿੱਤੀ। ਸਬੱਬ ਨੂੰ ਉਹ ਜਨਾਨੀਆਂ ਦੀ ਕਬੱਡੀ ਟੀਮ ਪੰਜਾਬ ਜਾ ਕੇ ਚੰਗੀ ਵਾਹ-ਵਾਹ ਕਰਵਾ ਕੇ ਮੁੜੀ।
ਨਿਊਜ਼ੀਲੈਂਡ ਵਾਪਸ ਆਉਂਦਿਆਂ ਹੀ ਸਥਾਨਕ ਟੈਲੀਵਿਜ਼ਨ ਦੇ ਇੱਕ ਵੱਡੇ ਚੈਨਲ ਨੇ ਆਪਣੀਆਂ ਖ਼ਬਰਾਂ ਵਿੱਚ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਪੁੱਛਿਆ ਕੀ ਤੁਹਾਨੂੰ ਤਾਂ ਕਬੱਡੀ ਖੇਡਣ ਲਈ ਬਹੁਤ ਸਿਖਲਾਈ ਲੈਣੀ ਪਈ ਹੋਣੀ ਹੈ ਤੇ ਤੁਸੀਂ ਚੰਗੀ ਮਿਹਨਤ ਕੀਤੀ ਹੋਣੀ ਹੈ ਤਾਂ ਉਨ੍ਹਾਂ ਨੇ ਹੱਸ ਕੇ ਕਿਹਾ ਕਿ ਸਾਨੂੰ ਤਾਂ ਇਹੀ ਕਿਹਾ ਗਿਆ ਸੀ ਕਿ ਯੂਟਿਊਬ ਉੱਤੇ ਕਬੱਡੀ ਦੇ ਵੀਡਿਓ ਵੇਖ ਲਵੋ। ਅਸੀਂ ਉਹੀ ਕੀਤਾ ਤੇ ਖੇਡ ਵਿੱਚ ਮੱਲਾਂ ਮਾਰ ਕੇ ਆਈਆਂ ਹਾਂ। ਇਸ ਤੇ ਉਹ ਗੱਲਬਾਤ ਕਰਨ ਵਾਲਾ ਵੀ ਹੈਰਾਨ ਹੋ ਗਿਆ ਕਿ ਫਿਰ ਕਬੱਡੀ ਹੈ ਕੀ ਚੀਜ਼? ਤਾਂ ਉਨ੍ਹਾਂ ਜਨਾਨੀਆਂ ਨੇ ਹੱਸਦਿਆਂ ਹੋਇਆਂ ਕਿਹਾ ਕਿ ਬਸ ਛੂਹਣ-ਛਪਾਈ ਤੋਂ ਵੱਧ ਕਬੱਡੀ ਵਿੱਚ ਕੋਈ ਹੋਰ ਖ਼ਾਸ ਗੱਲ ਨਹੀਂ ਹੈ। ਇਸ ਸਾਰੀ ਗੱਲ ਤੋਂ ਇਹੀ ਪਤਾ ਲੱਗਦਾ ਹੈ ਕਿ ਕਬੱਡੀ ਦਾ ਕਿੱਡਾ ਹੇਠਲੇ ਦਰਜੇ ਦਾ ਮਿਆਰ ਹੈ। ਪੰਜਾਬੀ ਐਵੇਂ ਹੀ ਕਬੱਡੀ ਦੇ ਨਾਂ ਤੇ ਚਾਂਭਲੇ ਫਿਰਦੇ ਹਨ ਕਿਉਂਕਿ ਇਸ ਵਿੱਚ ਬਗਾਨੇ ਪੁੱਤਾਂ ਨਾਲ ਵਾਹ ਨਹੀਂ ਪੈਂਦਾ। ਕਬੱਡੀ ਆਪਣੇ ਹੀ ਢੇਰ ਤੇ ਸ਼ੇਰ ਬਨਣ ਤੋਂ ਵੱਧ ਕੁਝ ਵੀ ਨਹੀਂ ਹੈ।
ਐਵੇਂ ਲਹਿਜਿਆਂ ਤੇ ਕਬੱਡੀਆਂ ਦੇ ਨਾਂ ਝੂਠੀ ਛਾਤੀ ਠੋਕਣ ਨਾਲੋਂ ਮਿਆਰਾਂ ਵੱਲ ਵੱਧ ਧਿਆਨ ਦੇਣ ਦੀ ਲੋੜ ਹੈ।
ਛੋਟੇ ਹੁੰਦੇ ਅਸੀਂ ਇਹ ਗੱਲ ਆਮ ਹੀ ਸੁਣਦੇ ਹੁੰਦੇ ਸੀ ਕਿ ਪੰਜਾਬੀ ਟੀਸੀ ਦਾ ਬੇਰ ਤੋੜ ਕੇ ਖਾਂਦੇ ਹਨ। ਪਰ ਹੁਣ ਇਨ੍ਹਾਂ ਲਹਿਜਿਆਂ ਅਤੇ ਕਬੱਡੀਆਂ ਦੇ ਉੱਤੇ ਹੀ ਜ਼ੋਰ ਹੋ ਗਿਆ ਲੱਗਦਾ ਹੈ ਜੋ ਕਿ ਇਹ ਸਾਬਤ ਕਰਦਾ ਹੈ ਕਿ ਪੰਜਾਬੀ ਟੀਸੀ ਦਾ ਬੇਰ ਖਾਣ ਤੋਂ ਭਟਕ ਕੇ ਹੁਣ ਹੇਠਾਂ ਕਿਰਿਆ ਚੁਗ਼ ਕੇ ਖਾਣ ਨੂੰ ਹੀ ਟੌਹਰ ਸਮਝ ਰਹੇ ਹਨ।