ਸਮਾਜਕ ਮਾਧਿਅਮਾਂ ਦੇ ਆਏ ਹੜ੍ਹ ਕਰਕੇ ਸੰਵਾਦ ਰਚਾਉਣਾ ਅੱਜ ਬਹੁਤ ਸੌਖਾ ਹੋ ਗਿਆ ਹੈ। ਲਿਖਤ-ਪੜ੍ਹਤ ਦੀ ਵੀ ਕੋਈ ਬਹੁਤੀ ਲੋੜ ਨਹੀਂ, ਜਦੋਂ ਮਰਜ਼ੀ “ਲਾਈਵ” ਹੋ ਜਾਓ ਅਤੇ ਕਰ ਦਿਓ ਸ਼ੁਰੂ ਪ੍ਰਵਚਨ ਉਪਦੇਸ਼।
ਇਸੇ ਸਿਲਸਿਲੇ ਵਿੱਚ ਫੇਸਬੁੱਕ ਦੇ ਉੱਤੇ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਅਤੇ ਇਸ ਦੇ ਪਰਚਾਰ ਲਈ ਵੀ ਕਈ ਮੰਚ ਖੁੰਭਾਂ ਵਾਂਙ ਉੱਗ ਖਲੋਤੇ ਹਨ। ਉਥੇ ਅੱਵਲ ਤਾਂ ਗੱਲ ਪੈਂਤੀ ਅਤੇ ਮੁਹਾਰਨੀ ਤੋਂ ਅੱਗੇ ਤੁਰਦੀ ਨਹੀਂ। ਜੇਕਰ ਤੁਰਦੀ ਵੀ ਹੈ ਤਾਂ ਆਪੂੰ ਬਣੇ ਭਾਸ਼ਾ ਵਿਗਿਆਨੀ ਸ਼ਬਦਾਂ ਦੀ ਉਤਪੱਤੀ ਬਾਰੇ ਆਪਣੀ ਨਾਸਮਝੀ ਦਾ ਜਲੂਸ ਕੱਢਦੇ ਫਿਰਦੇ ਹਨ।
ਰੌਲ਼ਾ ਪੰਜਾਬੀ ਵਿੱਚ ਅੰਗਰਜ਼ੀ ਦੇ ਸ਼ਬਦ ਵਰਤਣ ਦਾ ਨਹੀਂ ਹੈ। ਅੰਗਰੇਜ਼ੀ ਭਾਸ਼ਾ ਦਾ ਆਪਣਾ ਅੱਧਾ ਸ਼ਬਦ ਭੰਡਾਰ ਲਾਤੀਨੀ, ਫ੍ਰਾਂਸੀਸੀ, ਜਰਮਨ ਅਤੇ ਪੁਰਤਗਾਲੀ ਭਾਸ਼ਾਵਾਂ ਦਾ ਹੈ। ਅੰਗਰੇਜ਼ੀ ਨੇ ਵੀ ਕਈ ਸ਼ਬਦ ਦੱਖਣੀ ਏਸ਼ੀਆਈ ਖਿੱਤਿਆਂ ਤੋਂ ਅਪਣਾਏ ਹਨ। ਜਿਵੇਂ ਕਿ ਨਿਓਲੇ ਲਈ ਅੰਗਰੇਜ਼ੀ ਸ਼ਬਦ ਮੌਂਗੂਸ ਵਰਤਿਆ ਜਾਂਦਾ ਹੈ। ਮਰਾਠੀ ਭਾਸ਼ਾ ਵਿੱਚ ਨਿਓਲੇ ਲਈ ਮੰਗੂਸ ਸ਼ਬਦ ਹੈ ਜੋ ਕਿ ਪੁਰਾਣੀ ਪ੍ਰਾਕਿਤ ਵਿੱਚੋਂ ਹੈ। ਸਾਰੇ ਅਪਣਾਏ ਗਏ ਸ਼ਬਦ ਜੇਕਰ ਅਪਣਾਉਣ ਵਾਲ਼ੀ ਭਾਸ਼ਾ ਦੇ ਮੁਹਾਂਦਰੇ ਵਿੱਚ ਢਲ ਜਾਂਦੇ ਹਨ ਤਾਂ ਕੁਦਰਤੀ ਵਹਾਅ ਬਣਿਆ ਰਹਿੰਦਾ ਹੈ। ਅੰਗਰੇਜ਼ਾਂ ਤੋਂ ਵੀ ਪਹਿਲਾਂ ਪੁਰਤਗਾਲੀ ਵਪਾਰੀ ਦੱਖਣੀ ਏਸ਼ੀਆ ਪਹੁੰਚ ਗਏ ਸਨ। ਆਹ ਪੁਰਤਗਾਲੀ ਭਾਸ਼ਾ ਤੋਂ ਅਪਣਾਏ ਗਏ ਸ਼ਬਦਾਂ ਦਾ ਨਮੂਨਾ ਵੇਖੋ:
ਕਮਰਾ – camara, ਚਾਬੀ – chave, ਮੇਜ਼ – mez, ਤੌਲੀਆ – toalha, ਗੋਭੀ – couve, ਅਤੇ ਅਲਮਾਰੀ – armario

ਮਸਲਾ ਅੱਜ ਪੰਜਾਬੀ ਭਾਸ਼ਾ ਦਾ ਇਹ ਹੈ ਕਿ ਜਿਹੜੇ ਸ਼ਬਦ ਪੰਜਾਬੀ ਸ਼ਬਦ-ਭੰਡਾਰ ਵਿੱਚ ਨਹੀਂ, ਉੱਥੇ ਨਵੇਂ ਸ਼ਬਦ ਅਪਣਾਉਣ, ਢਾਲਣ ਜਾਂ ਘੜ੍ਹਣ ਦੀ ਬਜਾਏ ਪੰਜਾਬ ਦੀ ਅੱਜ ਦੀ ਮਾਂ-ਬੋਲੀ ਅੰਨਪੜ੍ਹ ਪੀੜੀ “ਆਈ ਲੈੱਟਸ” ਦੇ ਹੱਥੇ ਚੜ੍ਹ ਕੇ ਆਮ ਰੋਜ਼ ਬੋਲਣ ਵਾਲ਼ੇ ਪੰਜਾਬੀ ਸ਼ਬਦਾਂ ਨੂੰ ਨਾ ਵਰਤ ਕੇ ਸਗੋਂ ਸੰਡੇ-ਮੰਡੇ ਕਰ ਰਹੀ ਹੈ। ਯੂ ਟਿਊਬ ਉੱਤੇ ਪੰਜਾਬੀ ਦੇ ਨਾਂ ਤੇ ਚੱਲਦੇ ਬਹੁਤੇ ਚੈਨਲ ਵੀ ਸੰਡੇ-ਮੰਡੇ ਤੋਂ ਵੱਧ ਕੁਝ ਨਹੀਂ ਹਨ।
ਬਾਕੀ ਆਹ ਸਮਾਜਕ ਮਾਧਿਅਮਾਂ ਤੇ ਜਿਹੜੇ ਲੋਕ ਪੰਜਾਬੀ ਵਾਸਤੇ ਕੱਚ-ਘਰੜ ਰੋਮਨ ਟਾਈਪ ਕਰ ਰਹੇ ਹਨ ਉਹ ਰੋਮਨ ਵਿੱਚ ਲਿਖਣ ਦੇ ਅਸੂਲ ਵੀ ਛਿੱਕੇ ਟੰਗੀ ਹਰ ਕੋਈ ਆਪਣੇ ਹੀ ਰੋਮਨ ਸ਼ਬਦ-ਜੋੜ ਬਣਾਈ ਫਿਰ ਰਿਹਾ ਹੈ। ਮੁੱਕਦੀ ਗੱਲ। ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਨੂੰ ਅਮੀਰ ਕਰਨ ਦੀ ਜ਼ਿੰਮੇਵਾਰੀ ਤੋਂ ਬਾਗ਼ੀ ਹੋਈ ਫਿਰਦੀ ਹੈ। ਪੰਜਾਬੀ ਦੀ ਸਾਰ ਵਾਸਤੇ ਹੰਭਲਾ ਪੰਜਾਬੀ ਯੂਨੀਵਰਸਿਟੀ ਤੇ ਸੰਸਥਾਂਵਾਂ ਨੂੰ ਹੀ ਮਾਰਨਾ ਪੈਣਾ ਹੈ। ਢਲਾਣ ਤੇ ਹੇਠਾਂ ਨੂੰ ਰਿੜ੍ਹੀ ਜਾ ਰਹੀ ਪੰਜਾਬੀ ਦਾ ਸੱਚ ਇਹੀ ਹੈ।
Discover more from ਜੁਗਸੰਧੀ
Subscribe to get the latest posts sent to your email.
ਬਹੁਤ ਖੂਬ ਲਿਖਿਆ ਹੈ !ਅਜੋਕੇ ਸਮੇਂ ਵਿੱਚ ਪੰਜਾਬੀ ਮਾਂ ਬੋਲੀ ਬਾਰੇ ਜਿਸ ਤਰੀਕੇ ਨਾਲ ਤੁਸੀਂ ਜਾਗਰੂਕ ਕੀਤਾ ਹੈ ਅੱਜ ਲੋੜ ਹੈ ਬਣਤਰ ਅਤਿ ਤਕਨੀਕੀ ਗ਼ਲਤੀਆਂ ਬਾਅਦ ਵਿੱਚ ਕੱਢ ਸਕਦੇ ਹਾਂ ਜ਼ਰੂਰਤ ਹੈ ਇਸ ਨੂੰ ਲਾਗੂ ਕਿਵੇਂ ਕੀਤਾ ਜਾਵੇ ਕਿ ਅਸੀਂ ਆਪਣਾ ਬਣਦਾ ਫਰਜ਼ ਨਿਭਾ ਰਹੇ ਹਾਂ ? ਜਿਨ੍ਹਾਂ ਤਾਕਤਾਂ ਨੇ ਇਸ ਮਾਂ ਬੋਲੀ ਨੂੰ ਲਾਗੂ ਕਰਨਾ ਸੀ ਉਨ੍ਹਾਂ ਦੀਆਂ ਕੀਤੀਆਂ ਕੁਤਾਹੀਆਂ ਕਰਕੇ ਕਾਨੂੰਨੀ ਚਾਰਾਜੋਈ ਕਰ ਰਹੇ ਹਾਂ ? ਇਹ ਸਾਡੇ ਪੰਜਾਬੀ ਮਾਂ ਬੋਲੀ ਦੇ ਖੁੰਭਾਂ ਵਾਂਗ ਉੱਗੇ ਉਨ੍ਹਾਂ ਅਦਾਰਿਆਂ ਲਈ ਹੈ ਜਿਹੜੇ ਦਾਅਵਾ ਕਰ ਰਹੇ ਨੇ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ ! ਬਹੁਤ ਖ਼ੂਬ ਏਸੇ ਤਰ੍ਹਾਂ ਸੱਚ ਲਿਖਦੇ ਰਹੋ ਇਕ ਦਿਨ ਆਵੇਗਾ ਕੌਮ ਜਾਗੇਗੀ !