Posted in ਚਰਚਾ, ਵਾਰਤਕ

ਸੰਨ 2020 ਦਾ ਸੰਖੇਪ-ਸਾਰ

ਸੰਨ 2020 ਲੰਘ ਚੁੱਕਾ ਹੈ। ਪਰ ਇਸ ਸਾਲ ਦੌਰਾਨ ਜੋ ਵੀ ਵਾਪਰਿਆ ਉਸ ਦੀ ਗੂੰਜ ਵਰ੍ਹਿਆਂ ਤਕ ਸੁਣਦੀ ਰਹੇਗੀ। 2020 ਦੇ ਕਈ ਮਸਲੇ ਤਾਂ ਹਾਲੇ ਤਕ ਨਹੀਂ ਸੁਲਝੇ ਹਨ। ਸਾਡੇ ਵਿੱਚੋਂ ਬਹੁਤੇ ਸੰਨ 2020 ਨੂੰ ਕਰੋਨਾ ਅਤੇ ਪੰਜਾਬ ਦੇ ਕਿਸਾਨ ਸੰਘਰਸ਼ ਦੇ ਤੌਰ ਤੇ ਯਾਦ ਰੱਖਣਗੇ। ਆਓ ਸੰਨ 2020 ਦੀਆਂ ਘਟਨਾਵਾਂ ਤੇ ਇੱਕ ਸੰਖੇਪ ਜਿਹੀ ਝਾਤ ਮਾਰੀਏ। 

ਦੈਵੋਸ, ਸਵਿਟਜ਼ਰਲੈਂਡ ਦਾ ਇੱਕ ਅਜਿਹਾ ਰਮਣੀਕ ਇਲਾਕਾ ਹੈ ਜਿੱਥੇ ਹਰ ਸਾਲ ਦੁਨੀਆਂ ਭਰ ਦੇ ਆਗੂ ਵੱਰਲਡ ਇਕਨੌਮਿਕ ਫੋਰਮ ਦੇ ਲਈ ਇਕੱਠੇ ਹੁੰਦੇ ਹਨ। ਸੰਨ 2020 ਵਿੱਚ ਫੋਰਮ ਦਾ 50ਵਾਂ ਇਕੱਠ ਸੀ ਜੋ 21-24 ਜਨਵਰੀ 2020 ਦੌਰਾਨ ਹੋਇਆ। ਦੱਸਿਆ ਜਾਂਦਾ ਹੈ ਕਿ ਇਸ ਇਕੱਠ ਦੌਰਾਨ ਦੁਨੀਆਂ ਭਰ ਦੇ ਨੇਤਾਵਾਂ ਅਤੇ ਅਮੀਰ ਲੋਕਾਂ ਨੂੰ ਢੋਣ ਲਈ ਅੰਦਾਜ਼ਨ 1500 ਜਹਾਜ਼ ਇਥੇ ਉਤਰੇ। ਪਹਿਲੀ ਵਾਰ ਪੌਣਪਾਣੀ ਬਾਰੇ ਗੰਭੀਰ ਵਿਚਾਰ ਵਟਾਂਦਰਾ ਹੋਇਆ ਅਤੇ ਇਸ ਮਸਲੇ ਬਾਰੇ ਸਰਗਰਮੀ ਗਰੇਟਾ ਤ੍ਹੰਨਬਰਗ ਵੀ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ। 

ਜਨਵਰੀ 2020 ਵਿੱਚ ਬਰਤਾਨਵੀ ਯੁਵਰਾਜ ਹੈਰੀ ਨੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ। ਇਸੇ ਮਹੀਨੇ ਈਰਾਨ ਦੀ ਫ਼ੌਜ ਦਾ ਇੱਕ ਜਰਨੈਲ ਕਾਸਮ ਸੁਲੇਮਾਨੀ ਅਮਰੀਕੀ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ। 

Photo by Wallace Chuck on Pexels.com

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਆਪਣੇ ਉਪਰ ਚੱਲ ਰਹੇ ਮਹਾਂਦੋਸ਼ ਤੋਂ ਫਰਵਰੀ 2020 ਵਿੱਚ ਬਰੀ ਹੋ ਗਿਆ। ਇਸੇ ਮਹੀਨੇ ਫਿਲਮਾਂ ਦੇ ਔਸਕਰ ਇਨਾਮ ਸਮਾਰੋਹ ਦੌਰਾਨ ਸਭ ਤੋਂ ਬੇਹਤਰੀਨ ਫਿਲਮ ਦਾ ਇਨਾਮ ਦੱਖਣੀ ਕੋਰੀਆ ਦੀ ਫਿਲਮ ਪੈਰਾਸਾਈਟ ਨੇ ਜਿੱਤਿਆ।   ਔਸਕਰ ਇਨਾਮ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਬੇਹਤਰੀਨ ਫਿਲਮ ਦਾ ਇਨਾਮ ਕਿਸੇ ਗ਼ੈਰ-ਅੰਗਰੇਜ਼ੀ ਫਿਲਮ ਨੂੰ ਮਿਲਿਆ ਹੋਵੇ। 

ਮਾਰਚ 2020 ਤਕ ਕਰੋਨਾ ਬਾਰੇ ਦੁਨੀਆਂ ਭਰ ਵਿੱਚ ਫ਼ਿਕਰਮੰਦੀ ਪੈਦਾ ਹੋ ਚੁੱਕੀ ਸੀ ਅਤੇ ਨਿਊਜ਼ੀਲੈਂਡ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਚਾਰ ਹਫ਼ਤੇ ਦੀ ਸੰਪੂਰਨ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ। ਇਸ ਤਾਲਾਬੰਦੀ ਦਾ ਉਸ ਵੇਲ਼ੇ ਰਾਜਨੀਤਕ ਵਿਰੋਧੀ ਧਿਰ ਅਤੇ ਵਪਾਰੀਆਂ ਦੇ ਬੁਲਾਰੇ ਤਾਂ ਦੱਬੀ ਜ਼ੁਬਾਨ ਵਿੱਚ ਵਿਰੋਧ ਕਰਦੇ ਰਹੇ ਅਤੇ ਇਹੀ ਕਹਿੰਦੇ ਰਹੇ ਕਿ ਆਸਟ੍ਰੇਲੀਆ ਨੇ ਇੰਝ ਨਹੀਂ ਕੀਤਾ ਜਾਂ ਫਿਰ ਕਈ ਸਵੀਡਨ ਦੀ ਵੀ ਮਿਸਾਲ ਦਿੰਦੇ ਰਹੇ ਪਰ ਅੱਜ ਮੈਂ ਇਸ ਬਾਰੇ ਕੀ ਕਹਾਂ, ਤੁਸੀਂ ਆਪ ਹੀ ਨਿਊਜ਼ੀਲੈਂਡ ਦੇ ਕਰੜੇ ਤਾਲਾਬੰਦੀ ਦੇ ਫ਼ੈਸਲੇ ਬਾਰੇ ਆਪਣਾ ਵਿਚਾਰ ਬਣਾ ਸਕਦੇ ਹੋ।   

ਮਈ-ਜੂਨ ਵਿੱਚ ਲੱਦਾਖ ਖੇਤਰ ਵਿੱਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਤਲਖ਼ੀ ਵਧੀ ਅਤੇ ਜੂਨ ਵਿੱਚ ਇਕ ਲੜਾਈ ਦੌਰਾਨ ਕਈ ਭਾਰਤੀ ਫ਼ੌਜੀ ਮਾਰੇ ਗਏ। ਅਮਰੀਕਾ ਵਿੱਚ ਮਈ 2020 ਦੇ ਅਖੀਰ ਵਿੱਚ ਗ੍ਰਿਫ਼ਤਾਰੀ ਦੌਰਾਨ ਮਾਰੇ ਗਏ ਜੌਰਜ ਫਲੌਇਡ ਦੇ ਹੱਕ ਵਿੱਚ “ਬਲੈਕ ਲਾਈਵਜ਼ ਮੈਟਰ” ਨਾਂ ਦੀ ਇੱਕ ਲੋਕ ਲਹਿਰ ਚੱਲ ਪਈ। ਜੌਰਜ ਫਲੌਇਡ ਦੀ ਸਾਹ ਨਾ ਲੈ ਸਕਨ ਕਰਕੇ ਮੌਤ ਹੋਈ ਸੀ ਕਿਉਂਕਿ ਗ੍ਰਿਫ਼ਤਾਰ ਕਰ ਰਹੇ ਸਿਪਾਹੀ ਨੇ ਉਸ ਨੂੰ ਢਾਹ ਕੇ ਉਸ ਦੀ ਧੌਣ ਤੇ ਗੋਡਾ ਦਿੱਤਾ ਹੋਇਆ ਸੀ। 

“ਬਲੈਕ ਲਾਈਵਜ਼ ਮੈਟਰ” ਨੂੰ ਦੁਨੀਆਂ ਭਰ ਵਿੱਚ ਹੁੰਗਾਰਾ ਮਿਲਿਆ। ਅਮਰੀਕਾ ਹੀ ਨਹੀਂ ਸਗੋਂ ਦੁਨੀਆਂ ਦੇ ਕਈ ਹੋਰ ਮੁਲਕਾਂ ਵਿੱਚ ਵੀ “ਬਲੈਕ ਲਾਈਵਜ਼ ਮੈਟਰ” ਦੇ ਹੱਕ ਵਿੱਚ ਨਿੱਤਰੇ ਗੋਰੇ ਪ੍ਰਦਰਸ਼ਨਕਾਰੀਆਂ ਨੇ ਨਸਲਵਾਦੀ ਨੇਤਾਵਾਂ-ਜਰਨੈਲਾਂ ਦੇ ਕਈ ਇਤਿਹਾਸਕ ਬੁੱਤ ਲਾਹ ਘੜੀਸ ਕੇ ਮੌਕੂਫ਼ ਕਰ ਦਿੱਤੇ।  

ਸੰਨ 2020 ਦੇ ਅਖੀਰ ਵਿੱਚ ਭਾਰਤ ਦੇ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਪੰਜਾਬ ਤੋਂ ਚੱਲ ਕੇ ਸਿਰਫ਼ ਦਿੱਲੀ ਹੀ ਨਹੀਂ ਪਹੁੰਚਿਆ ਸਗੋਂ ਗੁਆਂਢੀ ਰਾਜਾਂ ਤੋਂ ਵੀ ਇਸ ਨੂੰ ਡੱਟਵੀਂ ਹਿਮਾਇਤ ਮਿਲੀ। ਕਿਸਾਨ ਸੰਘਰਸ਼ ਦੇ ਮੌਜੂਦਾ ਹਾਲਾਤ ਤੇ ਟਿੱਪਣੀ ਛੇਤੀ ਹੀ ਇੱਕ ਵੱਖਰੇ ਲੇਖ ਵਿੱਚ ਤੁਹਾਡੇ ਸਾਹਮਣੇ ਆ ਜਾਵੇਗੀ। 

Posted in ਯਾਦਾਂ

ਨਵੇਂ ਦਿਨ ਨਵੇਂ ਰਾਹ

ਨਿਊਜ਼ੀਲੈਂਡ ਖ਼ੂਬਸੂਰਤ ਨਜ਼ਾਰਿਆਂ ਨਾਲ ਭਰਪੂਰ ਇਕ ਦੇਸ਼ ਹੈ। ਕਿਸੇ ਵੀ ਸਫ਼ਰ ਤੇ ਨਿਕਲ ਪਵੋ, ਹਰ ਪਾਸੇ ਨਜ਼ਾਰੇ ਹੀ ਨਜ਼ਾਰੇ। ਜੇਕਰ ਪੈਦਲ ਤੁਰ ਪਏ ਤਾਂ ਲੱਗਦਾ ਹੈ ਕਿ ਜਿਵੇਂ ਪਗਡੰਡੀਆਂ, ਨਾਲੇ, ਝਰਨੇ, ਸਮੁੰਦਰ ਪਹਾੜੀਆਂ ਤੁਹਾਡੇ ਨਾਲ ਗੱਲਾਂ ਕਰ ਰਹੇ ਹੋਣ।   

ਇਸ ਕਰਕੇ, ਇਸ ਸਾਲ ਦੀ ਪਹਿਲੀ ਲਿਖਤ ਵੱਜੋਂ ਮੈਂ ਬੀਤੇ ਵਰ੍ਹੇ ਦੇ ਕੁਝ ਯਾਦਗਾਰ ਪਲ ਤਸਵੀਰਾਂ ਦੇ ਰੂਪ ਵਿੱਚ ਹੇਠਾਂ ਸਾਂਝੇ ਕਰ ਰਿਹਾ ਹਾਂ।  

ਇਸ ਤੋਂ ਇਲਾਵਾ, ਹੁਣ ਤਕ ਤਾਂ ਮੈਂ ਹਰ ਸ਼ਨਿੱਚਰਵਾਰ ਨੂੰ ਨੇਮ ਨਾਲ ਬਲੌਗ ਲਿਖਦਾ ਰਿਹਾ ਹਾਂ ਪਰ ਹੁਣ ਇਸ ਵਿੱਚ ਥੋੜ੍ਹੀ ਤਬਦੀਲੀ ਲਿਆਉਣ ਜਾ ਰਿਹਾ ਹਾਂ।  

ਇਸ ਸਾਲ ਖੋਜ ਅਧਾਰਤ ਕੁਝ ਲੇਖ ਲਿਖਣ ਦੀ ਲੋੜ ਮਹਿਸੂਸ ਕਰ ਰਿਹਾ ਹਾਂ ਇਸ ਲਈ ਜ਼ਰੂਰੀ ਨਹੀਂ ਕਿ ਹਰ ਸ਼ਨਿੱਚਰਵਾਰ ਨੂੰ ਕੋਈ ਲੇਖ ਪੂਰਾ ਹੋ ਸਕੇ ਜਾਂ ਇੱਕ ਹਫ਼ਤੇ ਵਿੱਚ ਕੋਈ ਨਵੀਂ ਲਿਖਤ ਪੂਰੀ ਹੋ ਸਕੇ। ਇਸ ਲਈ ਜਦ ਵੀ ਕੋਈ ਲੇਖ ਪੂਰਾ ਹੋਵੇਗਾ ਉਦੋਂ ਹੀ ਉਹ ਸਾਂਝਾ ਕਰ ਦਿੱਤਾ ਜਾਵੇਗਾ।

ਇਸ ਨਵੇਂ ਰੁਝਾਣ ਦੇ ਕਰਕੇ ਆਉਂਦੇ ਦਿਨਾਂ ਦੇ ਵਿੱਚ ਰਲਵਾਂ-ਮਿਲਵਾਂ ਸੰਚਾਰ ਚਲਦਾ ਰਹੇਗਾ ਜਿਸ ਦੇ ਵਿਚ ਲੇਖ ਤੋਂ ਇਲਾਵਾ ਆਮ ਹਵਾਲੇ ਵੀ ਹੋ ਸਕਦੇ ਨੇ, ਤਸਵੀਰਾਂ ਵੀ ਹੋ ਸਕਦੀਆਂ ਨੇ, ਵੀਡੀਓ ਵੀ ਹੋ ਸਕਦੇ ਨੇ।   

ਆਸ ਹੈ ਕਿ ਤੁਹਾਡਾ ਸਾਰਿਆਂ ਦਾ ਸਾਥ ਉਸੇ ਤਰ੍ਹਾਂ ਬਣਿਆ ਰਹੇਗਾ ਜਿਸ ਤਰ੍ਹਾਂ ਕਿ ਹੁਣ ਤੱਕ ਬਣਿਆ ਹੈ। ਤੁਹਾਡੇ ਕੀਮਤੀ ਸੁਝਾਵਾਂ ਦੀ ਵੀ ਹਮੇਸ਼ਾ ਵਾਂਙ ਉਡੀਕ ਰਹੇਗੀ। 

Processing…
Success! You're on the list.

Posted in ਚਰਚਾ, ਸਮਾਜਕ

ਅਲਵਿਦਾ 2020!

ਅੱਜ 26 ਦਸੰਬਰ 2020 ਹੈ ਜੋ ਕਿ ਸਾਲ ਦਾ ਆਖ਼ਰੀ ਸ਼ਨਿੱਚਰਵਾਰ ਬਣਦਾ ਹੈ। ਸੋ ਇਹ ਇਸ ਸਾਲ ਦਾ ਆਖ਼ਰੀ ਬਲੌਗ ਹੈ।   

ਇਸ ਸਾਲ ਬਹੁਤ ਵੱਡੀਆਂ-ਵੱਡੀਆਂ ਹੋਣੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਕੋਰੋਨਾ ਮੁੱਖ ਹੈ ਪਰ ਸਾਲ ਦੇ ਮੁੱਕਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਖੇਤੀ ਕਨੂੰਨਾਂ ਨੂੰ ਲੈ ਕੇ ਇਕ ਵੱਡੇ ਪੱਧਰ ਉੱਤੇ ਰੋਸ ਸੰਘਰਸ਼ ਸ਼ੁਰੂ ਹੋ ਗਿਆ। ਪਹਿਲਾਂ ਕੁਝ ਦੇਰ ਤਾਂ ਇਹ ਸ਼ੰਭੂ ਰਿਹਾ ਪਰ ਇੱਕ ਮਹੀਨਾ ਪਹਿਲਾਂ ਇਹ ਨਵੀਂ ਦਿੱਲੀ ਦੀ ਸਿੰਘੂ ਅਤੇ ਟਿਕਰੀ ਹੱਦਾਂ ਦੇ ਉੱਤੇ ਆਣ ਪਹੁੰਚਿਆ।   

ਖੇਤੀ ਕਨੂੰਨਾਂ ਦੇ ਖ਼ਿਲਾਫ਼ ਅਜਿਹੇ ਸ਼ਾਂਤਮਈ ਸੰਘਰਸ਼ ਨੇ ਇਸ ਤਰ੍ਹਾਂ ਦੀ ਪ੍ਰੇਰਨਾ ਦਿੱਤੀ ਹੈ ਕਿ ਹੁਣ ਬਹੁਤ ਸਾਰੇ ਲੋਕ ਖ਼ਾਸ ਤੌਰ ਤੇ ਸ਼ਹਿਰੀ ਪੰਜਾਬ ਤੋਂ ਆ ਕੇ ਇਸ ਸੰਘਰਸ਼ ਵਿੱਚ ਇਕ-ਦੋ ਦਿਨ ਦੀ ਹਾਜ਼ਰੀ ਭਰ ਕੇ ਜਾ ਰਹੇ ਹਨ। ਆਪਣੇ ਜੀਵਨ ਕਾਲ ਵਿੱਚ ਉਨ੍ਹਾਂ ਪਹਿਲੀ ਵਾਰ ਅਜਿਹਾ ਸੰਘਰਸ਼ ਵੇਖਿਆ ਹੈ। ਉਹ ਆਪਣੀ ਅੱਖੀਂ ਵੇਖਣਾ ਤੇ ਆਪ ਇਸ ਲੋਕ ਸੰਘਰਸ਼ ਦਾ ਅਹਿਸਾਸ ਅਤੇ ਇਸ ਨੂੰ ਮਹਿਸੂਸ ਕਰਨਾ ਚਾਹੁੰਦੇ ਹਨ। ਇਤਿਹਾਸਕ ਪਲਾਂ ਵਿੱਚ ਆਪ ਸ਼ਾਮਲ ਹੋਣ ਦੀ ਚਾਹਤ।    

Photo by Pixabay on Pexels.com

ਦੂਜੇ ਪਾਸੇ ਭਾਵੇਂ ਇਹ ਕਿਸਾਨ ਸੰਘਰਸ਼ ਸ਼ੰਭੂ ਹੱਦ ਤੇ ਸੀ ਜਾਂ ਫਿਰ ਦਿੱਲੀ ਦੀਆਂ ਹੱਦਾਂ ਉੱਤੇ, ਪੰਜਾਬ ਦੇ ਸੱਭਿਆਚਾਰ ਨੂੰ ਵਿਗਾੜਣ ਵਾਲੇ ਭੰਡ-ਗਵੱਈਏ ਇਹਦੇ ਵਿੱਚ ਲਗਾਤਾਰ ਹਾਜ਼ਰੀ ਭਰਦੇ ਰਹੇ ਹਨ। ਜ਼ਿਆਦਾਤਰ ਉਨ੍ਹਾਂ ਨੇ ਆਪਣੀਆਂ ਤਸਵੀਰਾਂ ਖਿਚਵਾਈਆਂ ਅਤੇ ਇਸ ਤਰ੍ਹਾਂ ਤਕਰੀਰਾਂ ਕੀਤੀਆਂ ਜਿਵੇਂ ਗਵੱਈਆਂ ਨੂੰ ਨੇਤਾਗਿਰੀ ਕਰਨ ਦਾ ਕੋਈ ਜਮਾਂਦਰੂ ਹੱਕ ਮਿਲਿਆ ਹੋਵੇ। ਸਿਰਫ਼ ਇੱਕ ਗਾਇਕ ਖ਼ਾਸ ਤੌਰ ਤੇ ਕੰਵਰ ਗਰੇਵਾਲ ਪੱਕੇ ਤੌਰ ਤੇ ਇਸ ਸੰਘਰਸ਼ ਨਾਲ ਜੁੜਿਆ ਹੋਇਆ ਹੈ ਅਤੇ ਉਹ ਕਿਸਾਨ ਸੰਘਰਸ਼ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ ਜਿਸ ਦੇ ਬਾਰੇ ਗਾਹੇ-ਬਗਾਹੇ ਵੇਖਣ ਨੂੰ ਵੀਡੀਓ ਮਿਲਦੇ ਰਹਿੰਦੇ ਹਨ।   

ਇਸ ਸ਼ਾਂਤਮਈ ਸੰਘਰਸ਼ ਦੇ ਚੱਲਦੇ ਆਮ ਲੋਕਾਂ ਵਿੱਚ ਇਸ ਗੱਲ ਦੀ ਆਸ ਵੀ ਬੱਝ ਰਹੀ ਹੈ ਕਿ ਸੰਘਰਸ਼ ਦੇ ਨਾਲ ਇੱਕ ਨਵਾਂ ਸੱਭਿਆਚਾਰ ਪੈਦਾ ਹੋਵੇਗਾ ਜਿਸ ਦਾ ਜਦ ਕਦੀ ਵੀ ਮੌਜੂਦਾ ਸੰਘਰਸ਼ ਖ਼ਤਮ ਹੁੰਦਾ ਹੈ ਤਾਂ ਉਸ ਦਾ ਪੰਜਾਬ ਦੇ ਉੱਤੇ ਭਾਵੇਂ ਉਹ ਰਾਜਨੀਤਕ ਹੋਵੇ ਤੇ ਭਾਵੇਂ ਸਮਾਜਕ ਹੋਵੇ, ਕੁਝ ਨਾ ਕੁਝ ਅਸਰ ਜ਼ਰੂਰ ਹੋਵੇਗਾ।   

ਇਸੇ ਦੌਰਾਨ ਹਰਿਆਣੇ ਵਿੱਚ ਇਸ ਸੰਘਰਸ਼ ਨੂੰ ਜਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਹੈ ਉਸ ਤੋਂ ਵੀ ਇਹ ਜ਼ਾਹਰ ਹੋ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਆਪਸੀ ਲੋਕ ਸਬੰਧ ਕਾਫ਼ੀ ਨਜ਼ਦੀਕ ਆਏ ਹਨ। ਖ਼ਬਰਾਂ ਵਿੱਚ ਇਹ ਆਮ ਆਉਣਾ ਸ਼ੁਰੂ ਹੋ ਗਿਆ ਹੈ ਕਿ ਪੰਜਾਬ ਹਰਿਆਣਾ ਜੇ ਇਕੱਠੇ ਹੋ ਜਾਂਦੇ ਹਨ ਤਾਂ ਮਾੜਾ ਕੀ ਹੈ? ਇਸ ਦੇ ਪਿੱਛੇ ਇਸ ਮੌਕੇ ਸ਼ਰਧਾ ਭਾਵੁਕਤਾ ਹੀ ਹੈ ਕਿਉਂਕਿ ਇੰਝ ਕਹਿ ਦੇਣਾ ਹੀ ਬਹੁਤ ਸੌਖਾ ਹੈ।  

ਸਮੁੱਚੇ ਰੂਪ ਵਿੱਚ ਇਸ ਗੱਲ ਦੀ ਆਸ ਬੱਝਦੀ ਹੈ ਕਿ ਇਹ ਸੰਘਰਸ਼ ਕਾਮਯਾਬ ਹੋਵੇਗਾ ਅਤੇ ਲੋਕਾਂ ਨੂੰ ਇਕ ਨਵਾਂ ਰਾਹ ਨਜ਼ਰ ਆਵੇਗਾ ਜਿਸ ਦਾ ਪੰਜਾਬ ਉੱਤੇ ਰਾਜਨੀਤਕ ਅਸਰ ਪਵੇਗਾ। 

ਜਦੋਂ ਅਸੀਂ ਸਭ ਕੁਝ ਚੰਗਾ ਵਾਪਰਦਾ ਵੇਖ ਰਹੇ ਹੁੰਦੇ ਹਾਂ ਤਾਂ ਕਈ ਵਾਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਵਰਤਮਾਨ ਨੂੰ ਸੱਚਾਈ ਅਤੇ ਤਰਕ ਦੇ ਨਜ਼ਰੀਏ ਤੋਂ ਵੀ ਵੇਖਣ ਦੀ ਕੋਸ਼ਿਸ਼ ਕਰੀਏ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਸੰਘਰਸ਼ ਕਰਕੇ ਪੰਜਾਬ ਅਤੇ ਹਰਿਆਣਾ ਵਿਚ ਲੋਕ ਨੇੜਤਾ ਵਧੀ ਹੈ ਜੋ ਕਿ ਬਹੁਤ ਹੀ ਸਲਾਹੁਣਯੋਗ ਹੈ। ਪਰ ਇੱਥੇ ਇਹ ਵੀ ਸੋਚਣਾ ਬਣਦਾ ਹੈ ਕਿ ਸਤਲੁਜ ਯਮੁਨਾ ਲਿੰਕ ਨੂੰ ਲੈ ਕੇ ਪਾਣੀਆਂ ਦਾ ਕੋਈ ਵੀ ਮਸਲਾ ਸਿਰਫ਼ ਪੰਜਾਬ ਹਰਿਆਣੇ ਦਾ ਹੱਲ ਨਹੀਂ ਹੋਣਾ ਕਿਉਂਕਿ ਪੁਰਾਣੇ ਪੰਜਾਬ ਵਿੱਚ ਤਾਂ ਹਿਮਾਚਲ ਵੀ ਆਉਂਦਾ ਸੀ।  ਜਿੰਨੇ ਵੀ ਵੱਡੇ ਦਰਿਆ ਹਨ ਉਨ੍ਹਾਂ ਸਾਰਿਆਂ ਤੇ ਡੈਮ ਹਿਮਾਚਲ ਵਿਚ ਹਨ। ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਉਨ੍ਹਾਂ ਡੈਮਾਂ ਤੋਂ ਬਿਜਲੀ ਕਿਵੇਂ ਦਿੱਲੀ ਨੂੰ ਜਾ ਰਹੀ ਹੈ। ਸੋ ਕਿਸੇ ਕਿਸਮ ਦੇ ਪਾਣੀਆਂ ਅਤੇ ਬਿਜਲੀਆਂ ਦੇ ਮਸਲੇ ਨੂੰ ਹੱਲ ਕਰਨ ਲੱਗਿਆ ਹਿਮਾਚਲ ਨੂੰ ਪਾਸੇ ਰੱਖ ਕੇ ਸਿਰਫ਼ ਸਤਲੁਜ ਯਮੁਨਾ ਲਿੰਕ ਪਾਣੀਆਂ ਦੇ ਮਸਲੇ ਦਾ ਹੱਲ ਨਹੀਂ ਹੈ।   

ਪੰਜਾਬ ਵਿੱਚ ਜਿਹੜੇ ਅਸੀਂ ਰਾਜਨੀਤਕ ਬਦਲਾਅ ਆਉਣ ਦੀ ਆਸ ਵਿੱਚ ਬੈਠ ਗਏ ਹਾਂ ਕਿਤੇ ਇਹ ਨਾ ਹੋਵੇ ਕਿ ਬਿਨਾਂ ਕਿਸੇ ਦੂਰਅੰਦੇਸ਼ੀ ਤੋਂ ਪੁਰਾਣੀਆਂ ਗੱਲਾਂ ਮੁੜ-ਦੁਹਰਾਈਆਂ ਜਾਣ।  ਕਿਤੇ ਉਹੀ ਗੱਲ ਨਾ ਹੋਵੇ ਜੋ ਪੰਜਾਬ ‘ਚ ਕੁਝ ਸਾਲ ਪਹਿਲਾਂ ਦੀਆਂ ਚੋਣਾਂ ਵਿੱਚ ਹੋਈ ਸੀ ਕਿ ਇਕ ਪਾਰਟੀ ਦੀ ਪਰਦੇਸਾਂ ਵਿੱਚੋਂ ਜਾ-ਜਾ ਕੇ ਅੰਨ੍ਹੇਵਾਹ ਮਦਦ ਦਿੱਤੀ ਗਈ ਜਦਕਿ ਉਸ ਪਾਰਟੀ ਨੇ ਨਾ ਤਾਂ ਕਦੀ ਪੰਜਾਬ ਦੇ ਪਾਣੀਆਂ ਬਾਰੇ ਗੱਲ ਕੀਤੀ ਹੈ ਅਤੇ ਨਾ ਹੀ ਕਦੀ ਪੰਜਾਬੀ ਭਾਸ਼ਾ ਬਾਰੇ ਗੱਲ ਕੀਤੀ ਹੈ ਤੇ ਨਾ ਹੀ ਕਦੀ ਰਾਜਾਂ ਦੇ ਹੱਕਾਂ ਦੀ ਗੱਲ ਕੀਤੀ ਹੈ।   

ਅਜਿਹੀਆਂ ਗੱਲਾਂ ਦਾ ਇਸ ਕਰਕੇ ਵੀ ਧਿਆਨ ਰੱਖਣਾ ਜ਼ਰੂਰੀ ਬਣਦਾ ਹੈ ਕਿਉਂਕਿ ਇਸ ਵਕਤ ਪੰਜਾਬ ਦੀ ਟੱਕਰ ਆਰ ਐੱਸ ਐੱਸ ਦੇ ਨਾਲ ਹੈ ਜੋ ਕਿ ਇਕ ਬਹੁਤ ਹੀ ਅਨੁਸ਼ਾਸਨ ਅਤੇ ਜ਼ਬਤ ਵਿੱਚ ਰਹਿਣ ਵਾਲਾ ਗੁੱਟ ਹੈ। ਉਨ੍ਹਾਂ ਦੀ ਨਜ਼ਰ ਤਾਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੇ ਲੱਗੀ ਹੋਈ ਹੈ। ਉਹ ਤਾਂ ਉਡੀਕ ਰਹੇ ਹਨ ਕਿ ਕਦ ਕੋਈ ਮੌਕਾ ਬਣੇ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇ।

ਸੋ ਕਿਸਾਨ ਸੰਘਰਸ਼ ਵਿੱਚੋਂ ਨਿਕਲੀ ਲਹਿਰ ਨੂੰ ਆਰ ਐੱਸ ਐੱਸ ਦੇ ਪਰਛਾਂਵੇਂ ਤੋਂ ਬਚਾਅ ਕੇ ਰੱਖਣ ਦੀ ਲੋੜ ਰਹੇਗੀ ਕਿਉਂਕਿ ਭਾਜਪਾ ਤਾਂ ਪਹਿਲਾਂ ਹੀ 2022 ਦੀਆਂ ਪੰਜਾਬ ਚੋਣਾਂ ਵਿੱਚ ਸਾਰੀਆਂ ਸੀਟਾਂ ਲੜਣ ਦਾ ਐਲਾਨ ਕਰ ਚੁੱਕੀ ਹੈ।    

ਇਨ੍ਹਾਂ ਕੁਝ ਗੱਲਾਂ ਦੇ ਨਾਲ ਆਪ ਸਭ ਨੂੰ ਨਵਾਂ ਵਰ੍ਹਾ 2021 ਮੁਬਾਰਕ।

Processing…
Success! You're on the list.
Posted in ਵਿਚਾਰ

ਰੇਲ ਯਾਤਰਾ ਅਤੇ ਪੇਂਡੂ ਮੇਲਾ

ਬੀਤੀ 6 ਦਸੰਬਰ 2020 ਨੂੰ ਇੱਕ ਵਿਲੱਖਣ ਯਾਤਰਾ ਕਰਨ ਦਾ ਮੌਕਾ ਲੱਗਾ। ਇਸ ਯਾਤਰਾ ਦਾ ਨਾਂ ਗ੍ਰੈਂਡ ਸਰਕਲ ਰੇਲ ਕਰੂਜ਼ 2020 ਸੀ। 

ਨਿਊਜ਼ੀਲੈਂਡ ਦੇ ਪਾਇਕਾਕਾਰੀਕੀ ਕਸਬੇ ਵਿੱਚ ਪੁਰਾਣੀਆਂ ਰੇਲ ਗੱਡੀਆਂ ਦਾ ਇੱਕ ਅਜਾਇਬ ਘਰ ਹੈ। ਇਥੇ ਪੁਰਾਣੀਆਂ ਰੇਲ ਗੱਡੀਆਂ ਸਿਰਫ਼ ਸਾਂਭਦੇ ਹੀ ਨਹੀਂ ਸਗੋਂ ਪੁਰਾਣੀਆਂ ਰੇਲ ਗੱਡੀਆਂ ਨੂੰ ਚੱਲਦੀ ਹਾਲਤ ਵਿੱਚ ਵੀ ਰੱਖਦੇ ਹਨ। ਸਾਲ ਵਿੱਚ 5-6 ਇਨ੍ਹਾਂ ਗੱਡੀਆਂ ਨੂੰ ਚਲਾ ਕੇ ਲੋਕਾਂ ਨੂੰ ਸਫਰ ਕਰਨ ਦਾ ਮੌਕਾ ਵੀ ਦਿੰਦੇ ਹਨ। ਉਸ ਸਭ ਦਾ ਉਪਰਾਲਾ, ਸਟੀਮ ਇੰਕ ਨਾਂ ਦੀ ਸੰਸਥਾ ਕਰਦੀ ਹੈ।

ਗ੍ਰੈਂਡ ਸਰਕਲ ਰੇਲ ਕਰੂਜ਼ 2020 ਲਈ ਸੰਨ 1955 ਦੇ ਬਣੇ ਡੀਜ਼ਲ ਇੰਜਨ ਅਤੇ ਸੰਨ 1930 ਦੇ ਬਣੇ ਯਾਤਰੀ ਡੱਬੇ ਸਨ। ਪਾਇਕਾਕਾਰੀਕੀ ਤੋਂ ਚੱਲ ਕੇ ਇਹ ਗੱਡੀ ਪਾਮਰਸਟੱਨ ਨੌਰਥ ਹੁੰਦੀ ਹੋਈ, ਮਾਨਾਵਾਤੂ ਦਰਿਆ ਦੇ ਨਾਲ-ਨਾਲ ਮਨਮੋਹਕ ਨਜ਼ਾਰਿਆਂ ਵਿੱਚ ਵਿੱਚਰਦੀ ਹੋਈ ਵੁੱਡਵਿੱਲ ਪਹੁੰਚੀ ਅਤੇ ਉਥੋਂ ਮਾਸਟਰਟਨ ਅਤੇ ਵੈਲਿੰਗਟਨ ਥਾਣੀਂ ਹੁੰਦੀ ਆਪਣੀ ਗੋਲ-ਚੱਕਰੀ ਯਾਤਰਾ ਪੂਰੀ ਕਰਦੀ ਹੋਈ ਸ਼ਾਮ ਨੂੰ ਵਾਪਸ ਪਾਇਕਾਕਾਰੀਕੀ ਪਹੁੰਚ ਗਈ। 

ਦੁਪਹਿਰੇ ਜਿਹੇ, ਇਹ ਗੱਡੀ ਮਾਸਟਰਟਨ ਤੋਂ ਥੋੜ੍ਹਾ ਪਹਿਲਾਂ ਮੌਰਿਸਵਿੱਲ ਪਿੰਡ ਵਿੱਚ ਰੁਕੀ ਜਿੱਥੇ ਪੇਂਡੂ ਮੇਲਾ ਲੱਗਾ ਹੋਇਆ ਸੀ। ਇਸ ਮੇਲੇ ਵਿੱਚ ਵੀ ਕਈ ਭਾਂਤ-ਸੁ-ਭਾਂਤ ਦੀਆਂ ਚੀਜ਼ਾਂ-ਵਸਤਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ। ਇਨ੍ਹਾਂ ਵਿੱਚ ਸਾਂਭੀਆਂ ਹੋਈਆਂ ਪੁਰਾਣੀਆਂ ਕਾਰਾਂ ਵੀ ਸਨ ਜਿਨ੍ਹਾਂ ਵਿੱਚੋਂ ਕਈ ਸੰਨ 1930 ਦੀਆਂ ਸਨ। ਸੰਨ 1915 ਦਾ ਬਣਿਆ ਇੱਕ ਇੰਜਨ ਵੀ ਚੱਲਦਾ ਹੋਇਆ ਨੁਮਾਇਸ਼ ਤੇ ਲਾਇਆ ਹੋਇਆ ਸੀ।

ਗ੍ਰੈਂਡ ਸਰਕਲ ਰੇਲ ਕਰੂਜ਼ 2020 ਅਤੇ ਮੌਰਿਸਵਿੱਲ ਪੇਂਡੂ ਮੇਲੇ ਦੇ ਵੀਡੀਓ ਮੈਂ ਹੇਠਾਂ ਪਾ ਦਿੱਤੇ ਹਨ। ਯਾਤਰਾ ਅਤੇ ਮੇਲੇ ਬਾਰੇ ਆਪਣੇ ਵਿਚਾਰ ਹੇਠਾਂ ਜ਼ਰੂਰ ਸਾਂਝੇ ਕਰੋ।

ਮੌਰਿਸਵਿੱਲ ਪੇਂਡੂ ਮੇਲਾ

Processing…
Success! You're on the list.
Posted in ਚਰਚਾ

ਕੁਝ ਗੱਲਾਂ ਸੰਖੇਪ ਵਿੱਚ

ਇਸ ਹਫ਼ਤੇ ਬਸ ਦੋ ਤਿੰਨ ਮੁੱਦਿਆਂ ਬਾਰੇ ਸੰਖੇਪ ਵਿੱਚ ਹੀ ਗੱਲ ਕਰਨੀ ਹੈ।

ਸਭ ਤੋਂ ਪਹਿਲਾਂ ਤਾਂ ਇਹ ਕਿ ਬੀਤੇ ਕੁਝ ਦਿਨਾਂ ਦੇ ਦੌਰਾਨ ਪੰਜਾਬ ਦੇ ਬਹੁਤ ਸਾਰੇ ਲੋਕਾਂ ਅਤੇ ਖਿਡਾਰੀਆਂ ਨੇ ਆਪਣੇ ਮਾਨ-ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ ਹੈ। ਨਿੱਜੀ ਤੌਰ ਤੇ ਮੈਂ ਇਸ ਦੇ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਇਹ ਮਾਨ ਤੇ ਸਨਮਾਨ ਮੋਦੀ ਸਰਕਾਰ ਦੇ ਦਿੱਤੇ ਹੋਏ ਨਹੀਂ ਸਨ। ਇਹ ਉਨ੍ਹਾਂ ਦੇ ਆਪਣੇ ਤੇ ਖ਼ਾਸ ਤੌਰ ਤੇ ਖਿਡਾਰੀਆਂ ਦੇ ਕਾਰਨਾਮੇ ਸਖ਼ਤ ਮਿਹਨਤ ਦਾ ਸਿੱਟਾ ਸਨ।

ਪਰ ਕੀ ਭਾਰਤ ਰਤਨ, ਪਦਮ ਵਿਭੂਸ਼ਨ, ਪਦਮ ਭੂਸ਼ਨ ਅਤੇ ਪਦਮ ਸ਼੍ਰੀ ਦੀ ਕੋਈ ਕਨੂੰਨੀ ਮਾਨਤਾ ਹੈ? ਜੇ ਭਾਰਤ ਦੇ ਸਵਿੰਧਾਨ ਦੀ ਧਾਰਾ 18 ਤੇ ਨਜ਼ਰ ਮਾਰੀ ਜਾਵੇ ਤਾਂ ਅਜਿਹੇ ਸਨਮਾਨ ਦਿੱਤੇ ਜਾਣ ਦੀ ਮਨਾਹੀ ਹੈ। ਭਾਰਤ ਰਤਨ ਬਾਰੇ ਲੰਮੀ ਕਨੂੰਨੀ ਲੜਾਈ ਵੀ ਚੱਲਦੀ ਰਹੀ ਤਾਂ ਅਖ਼ੀਰ ਵਿੱਚ ਭਾਰਤੀ ਸੁਪਰੀਮ ਕੋਰਟ ਨੇ 1995 ਵਿੱਚ ਇਹ ਫ਼ੈਸਲਾ ਦਿੱਤਾ ਕਿ ਸਨਮਾਨ ਤਾਂ ਦੇ ਦਿਓ ਪਰ ਇਸ ਜਿਸ ਨੂੰ ਵੀ ਇਹ ਸਨਮਾਨ ਮਿਲੇ ਉਹ ਆਪਣੇ ਨਾਂ ਨਾਲ ਇਸਨੂੰ ਪਦਵੀ ਦੇ ਤੌਰ ਤੇ ਨਾ ਲਾਵੇ।

Law & Justice2.pmd (india.gov.in)

ਜੇਕਰ ਅਜਿਹਾ ਕੀਤਾ ਜਾਂਦਾ ਹੈ ਯਾਨੀ ਨਾਂ ਨਾਲ ਸਨਮਾਨ ਜੋੜ ਕੇ ਪਦਵੀ ਵੱਜੋਂ ਵਰਤਿਆ ਜਾਂਦਾ ਹੈ ਜਿਵੇਂ ਮਿਸਾਲ ਦੇ ਤੌਰ ਤੇ “ਪਦਮ ਸ਼੍ਰੀ ਸੁਰਜੀਤ ਪਾਤਰ” ਤਾਂ ਇਸ ਤਰ੍ਹਾਂ ਦੀ ਗ਼ੈਰ-ਕਨੂੰਨੀ ਵਰਤੋਂ ਹੋਣ ਨਾਲ ਇਹ ਸਨਮਾਨ ਆਪਣੇ ਆਪ ਹੀ ਰੱਦ ਸਮਝਿਆ ਜਾਵੇਗਾ। ਸੋ ਇਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਅਜਿਹੇ ਸਨਮਾਨ ਦਾ ਕੀ ਫ਼ਾਇਦਾ ਜਿਸ ਨੂੰ ਤੁਸੀਂ ਵਰਤ ਹੀ ਨਹੀਂ ਸਕਦੇ। ਰੱਖ ਲਓ ਜਾਂ ਵਾਪਸ ਕਰ ਦਿਓ – ਇੱਕ ਬਰਾਬਰ।   

ਦੂਜੀ ਗੱਲ ਇਹ ਕਿ ਮੌਜੂਦਾ ਕਿਸਾਨ ਸੰਘਰਸ਼ ਕਰਕੇ ਹੁਣ ਪੰਜਾਬ ਦੇ ਵਿੱਚ ਟਵਿੱਟਰ ਦੀ ਬਹੁਤ ਅਹਿਮੀਅਤ ਹੋ ਗਈ ਹੈ। ਟਵਿੱਟਰ ਇੱਕ ਅਜਿਹਾ ਸਮਾਜਿਕ ਮਾਧਿਅਮ ਹੈ ਜਿਹੜਾ ਕਿ ਬਹੁਤ ਵੱਡੇ ਪੱਧਰ ਤੇ ਦੁਨੀਆਂ ਦੇ ਵਿੱਚ  ਪ੍ਰੋਫੈਸ਼ਨਲ ਪੱਧਰ ਤੇ ਪੇਸ਼ਾਵਰ ਲੋਕਾਂ ਵੱਲੋਂ ਵਰਤਿਆ ਜਾਂਦਾ ਹੈ। ਇਹ ਗੱਲ ਵੱਖਰੀ ਹੈ ਕਿ “ਭਗਤ” ਪਿਛਲੇ ਕੁਝ ਕੁ ਸਾਲਾਂ ਤੋਂ ਟਵਿੱਟਰ ਬਹੁਤ ਵਰਤ ਰਹੇ ਹਨ ਜਾਂ ਤਾਂ ਗਾਲਾਂ ਕੱਢਣ ਲਈ ਜਾਂ ਫਿਰ ਘਟੀਆ ਕਿਸਮ ਦੇ ਠਿੱਠ-ਮਜ਼ਾਕ ਲਈ। ਪਰ ਪਤਾ ਨਹੀਂ ਕਿਉਂ ਪੰਜਾਬ ਦੇ ਵਿੱਚ ਹੀ ਇਸ ਦੀ ਬਿਲਕੁਲ ਹੀ ਵਰਤੋਂ ਨਹੀਂ ਸੀ ਹੋ ਰਹੀ। ਚਲੋ ਕਿਸਾਨ ਸੰਘਰਸ਼ ਦੇ ਬਹਾਨੇ ਪੰਜਾਬੀਆਂ ਨੇ ਟਵਿੱਟਰ ਦੀ ਮਹੱਤਤਾ ਸਮਝੀ ਹੈ ਅਤੇ ਇਸ ਨੂੰ ਅਪਨਾਉਣਾ ਸ਼ੁਰੂ ਕਰ ਦਿੱਤਾ ਹੈ।   

ਆਖ਼ਰੀ ਗੱਲ ਇਹ ਕਿ ਬੀਤੇ ਕੁਝ ਦਿਨਾਂ ਵਿੱਚ ਇੱਕ ਹੋਰ ਅਚੰਭਾ ਵੇਖਣ ਨੂੰ ਮਿਲਿਆ। ਵਕ਼ਤ ਬਹੁਤ ਬਲਵਾਨ ਹੁੰਦਾ ਹੈ ਤੇ ਪਾਸੇ ਬਦਲ ਜਾਂਦੇ ਹਨ। ਕੁਝ ਸਾਲ ਪਹਿਲਾਂ ਲੱਕ 28 ਵਰਗਾ ਇੱਕ ਭੱਦਾ ਜਿਹਾ ਗੀਤ ਗਾਉਣ ਵਾਲ਼ਾ ਗਾਇਕ ਹੁਣ ਪਰਿਪੱਕ ਹੋ ਕਿ ਕਿਸਾਨ ਸੰਘਰਸ਼ ਵਿੱਚ ਇਸ ਤਰ੍ਹਾਂ ਸ਼ਿਰਕਤ ਕਰ ਰਿਹਾ ਹੈ ਕਿ ਉਹ ਹਰ ਪਾਸੇ ਵਾਹ-ਵਾਹ ਖੱਟ ਰਿਹਾ ਹੈ। ਜਦਕਿ ਦੂਜੇ ਬੰਨੇ ਸਾਰੀ ਉਮਰ ਮਾਂ ਬੋਲੀ ਪੰਜਾਬੀ ਦੀ ਖੱਟੀ ਖਾਣ ਵਾਲ਼ਾ ਮੰਚ ਤੋਂ ਜਦ ਲੋਕਾਂ ਨੂੰ ਬੱਤੀਆਂ ਦੇਣ ਲੱਗ ਪਿਆ ਤਾਂ ਹੁਣ ਉਸ ਨੂੰ ਕਿਸਾਨ ਸੰਘਰਸ਼ ਵਿੱਚ ਪਹੁੰਚੇ ਨੂੰ ਹਰ ਥਾਂ ਬੱਤੀ ਹੀ ਮਿਲ ਰਹੀ ਹੈ।