Posted in ਕਿਤਾਬਾਂ, ਯਾਤਰਾ, ਵਿਚਾਰ

ਪੰਜਾਬੀ ਪ੍ਰਕਾਸ਼ਨ ਦਾ ਸਾਖਿਆਤ ਦਿਲ: ਆੱਟਮ ਆਰਟ

ਆਪਣੀ ਸ਼ਾਹੀ ਵਿਰਾਸਤ ਅਤੇ ਸੱਭਿਆਚਾਰਕ ਥੱਰਾਹਟ ਲਈ ਜਾਣੇ ਜਾਂਦੇ ਸ਼ਹਿਰ ਪਟਿਆਲਾ ਵਿੱਚ ਇੱਕ ਲੁਕਿਆ ਹੋਇਆ ਰਤਨ ਹੈ ਜੋ ਪੰਜਾਬੀ ਸਾਹਿਤਕ ਦ੍ਰਿਸ਼ ਨੂੰ ਨਵਾਂ ਰੂਪ ਦੇ ਰਿਹਾ ਹੈ – ਆੱਟਮ ਆਰਟ। ਮਹਿਲਾ ਉੱਦਮੀ ਪ੍ਰੀਤੀ ਸ਼ੈਲੀ ਅਤੇ ਉਸ ਦੇ ਜੀਵਨ ਸਾਥੀ ਸਤਪਾਲ ਦੁਆਰਾ ਚਲਾਇਆ ਜਾ ਰਿਹਾ ਇਹ ਬੁਟੀਕ ਪ੍ਰਕਾਸ਼ਨ ਘਰ ਪੰਜਾਬੀ ਭਾਸ਼ਾ ਦੇ ਪ੍ਰਕਾਸ਼ਕਾਂ ਦੇ ਖੇਤਰ ਵਿੱਚ ਵੱਖਰਾ ਮੁਕ਼ਾਮ ਹੈ। ਆਪਣੇ ਸਮਕਾਲੀ ਪ੍ਰਕਾਸ਼ਕਾਂ ਦੇ ਉਲਟ, ਆੱਟਮ ਆਰਟ ਦਰਸ਼ਨ ਅਤੇ ਬੌਧਿਕ ਵਿਚਾਰਾਂ ਦੇ ਖੇਤਰਾਂ ਵਿੱਚ ਡੂੰਘਾ ਉਤਰਦਾ ਹੈ ਅਤੇ ਪਾਠਕਾਂ ਨੂੰ ਇੱਕ ਵਿਲੱਖਣ ਅਤੇ ਅਮੀਰ ਅਹਿਸਾਸ ਪ੍ਰਦਾਨ ਕਰਦਾ ਹੈ।

ਇਸ ਸਾਲ ਜਨਵਰੀ ਦੇ ਸ਼ੁਰੂ ਵਿੱਚ ਇੱਕ ਫੇਰੀ ਦੌਰਾਨ, ਮੈਨੂੰ ਅਤੇ ਮੇਰੀ ਪਤਨੀ ਨੂੰ ਆੱਟਮ ਆਰਟ ਦੀ ਦੁਨੀਆਂ ਵਿੱਚ ਕਦਮ ਰੱਖਣ ਦੀ ਖੁਸ਼ੀ ਮਿਲੀ। ਆੱਟਮ ਆਰਟ ਦੀਆਂ ਬਰੂਹਾਂ ਟੱਪਦਿਆਂ ਹੀ, ਤੁਹਾਨੂੰ ਇੱਕ ਅਜਿਹੇ ਵਾਤਾਵਰਣ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਹਰ ਕਿਤਾਬ ਬੌਧਿਕਤਾ ਅਤੇ ਆਤਮ-ਨਿਰੀਖਣ ਦੀਆਂ ਕਹਾਣੀਆਂ ਸੁਣਾਉਂਦੀ ਜਾਪਦੀ ਹੈ। ਇਹ ਤੁਹਾਡੀ ਆਮ ਕਿਤਾਬਾਂ ਦੀ ਦੁਕਾਨ ਨਹੀਂ ਹੈ; ਇਹ ਚਿੰਤਕਾਂ, ਸੁਫ਼ਨੇ ਵੇਖਣ ਵਾਲਿਆਂ ਅਤੇ ਭਾਲਣ ਵਾਲਿਆਂ ਲਈ ਇੱਕ ਪਨਾਹਗਾਹ ਹੈ। ਪ੍ਰੀਤੀ ਸ਼ੈਲੀ ਨੇ ਦਾਰਸ਼ਨਿਕ ਸਾਹਿਤ ਪ੍ਰਤੀ ਆਪਣੇ ਜਨੂੰਨ ਦੇ ਬਲਬੂਤੇ, ਬੜੇ ਧਿਆਨ ਨਾਲ ਇਕ ਸੰਗ੍ਰਹਿ ਤਿਆਰ ਕੀਤਾ ਹੈ ਜੋ ਮਨ ਨੂੰ ਲਲਕਾਰਦਾ ਹੈ ਅਤੇ ਆਤਮਾ ਨੂੰ ਸ਼ਾਂਤ ਕਰਦਾ ਹੈ। ਇਸ ਉੱਦਮ ਵਿੱਚ ਸਤਪਾਲ ਦਾ ਸਮਰਥਨ ਸਪੱਸ਼ਟ ਹੈ, ਜੋ ਆੱਟਮ ਆਰਟ ਨੂੰ ਸਾਂਝੇਦਾਰੀ ਦਾ ਸੰਪੂਰਨ ਰੂਪ ਬਣਾਉਂਦਾ ਹੈ।

ਖੱਬਿਓਂ ਸੱਜੇ – ਸਤਪਾਲ, ਪ੍ਰੀਤੀ, ਅਮਰਜੀਤ ਅਤੇ ਗੁਰਤੇਜ

ਇੱਥੇ ਕਿਤਾਬਾਂ ਖਰੀਦਣ ਦਾ ਤਜਰਬਾ ਕਵਿਤਾ ਦੇ ਵਹਿਣ ਤੋਂ ਘੱਟ ਨਹੀਂ ਹੈ। ਕਿਤਾਬਾਂ ਦਾ ਹਰੇਕ ਅਲਮਾਰੀ ਖ਼ਾਨਾ ਇੱਕ ਖਜ਼ਾਨਾ ਹੈ, ਜੋ ਵਿਚਾਰਾਂ ਨੂੰ ਉਕਸਾਉਣ ਅਤੇ ਬੌਧਿਕਤਾ ਨੂੰ ਉਤਸ਼ਾਹਤ ਕਰਨ ਵਾਲੀਆਂ ਰਚਨਾਵਾਂ ਨਾਲ ਭਰਿਆ ਹੋਇਆ ਹੈ। ਸਮਕਾਲੀ ਬੌਧਿਕ ਬਿਰਤਾਂਤਾਂ ਅਤੇ ਸਿਰਮੌਰ ਸਾਹਿਤ ਦਾ ਪੰਜਾਬੀ ਅਨੁਵਾਦ ਚਮਕਾਂ ਮਾਰ ਰਹੇ ਜਾਪਦੇ ਹਨ। ਇਹ ਮੁਲਾਕਾਤ ਸਿਰਫ ਇੱਕ ਖਰੀਦਦਾਰੀ ਮੁਹਿੰਮ ਹੀ ਨਹੀਂ ਸੀ; ਇਹ ਪੰਜਾਬੀ ਬੌਧਿਕ ਵਿਚਾਰਧਾਰਾ ਦੇ ਗਿਆਨਵਾਨ ਅਤੇ ਭਾਵੁਕ ਆੱਟਮ ਆਰਟ ਦੇ ਉੱਦਮੀਆਂ ਵੱਲੋਂ ਸਿਰਜੀ ਇੱਕ ਨਿਵੇਕਲੀ ਦੁਨੀਆਂ ਦੀ ਗਿਆਨਭਰਪੂਰ ਯਾਤਰਾ ਸੀ।

ਆੱਟਮ ਆਰਟ ਸਿਰਫ ਇੱਕ ਕਿਤਾਬਾਂ ਦੀ ਦੁਕਾਨ ਜਾਂ ਇੱਕ ਪ੍ਰਕਾਸ਼ਨ ਘਰ ਨਹੀਂ ਹੈ; ਇਹ ਬੌਧਿਕ ਤੌਰ ‘ਤੇ ਉਤਸੁਕ ਲੋਕਾਂ ਲਈ ਇੱਕ ਚਾਨਣ ਮੁਨਾਰਾ ਹੈ ਅਤੇ ਉੱਦਮਤਾ ਵਿੱਚ ਔਰਤਾਂ ਦੀ ਤਾਕਤ ਦਾ ਸਬੂਤ ਹੈ। ਪ੍ਰੀਤੀ ਸ਼ੈਲੀ ਦੇ ਦ੍ਰਿਸ਼ਟੀਕੋਣ ਅਤੇ ਸਤਪਾਲ ਦੇ ਸਮਰਥਨ ਨੇ ਇੱਕ ਅਜਿਹੀ ਜਗ੍ਹਾ ਬਣਾਈ ਹੈ ਜੋ ਵਪਾਰ ਤੋਂ ਪਰ੍ਹੇ ਰਹਿ ਕੇ ਪਾਠਕਾਂ ਅਤੇ ਚਿੰਤਕਾਂ ਦੇ ਭਾਈਚਾਰੇ ਨੂੰ ਉਤਸ਼ਾਹਤ ਕਰਦੀ ਹੈ। ਜਿਵੇਂ ਹੀ ਅਸੀਂ ਆੱਟਮ ਆਰਟ ਤੋਂ ਕਿਤਾਬਾਂ ਸਹਿਤ ਵਾਪਸੀ ਕੀਤੀ ਤਾਂ ਇਹ ਸਪੱਸ਼ਟ ਸੀ ਕਿ ਆੱਟਮ ਆਰਟ ਪੰਜਾਬ ਦੀ ਸੱਭਿਆਚਾਰਕ ਅਤੇ ਬੌਧਿਕ ਵਿਰਾਸਤ ਵਿੱਚ ਇੱਕ ਮਹੱਤਵਪੂਰਣ ਯੋਗਦਾਨ ਪਾ ਰਿਹਾ ਹੈ – ਇੱਕ ਅਜਿਹੀ ਜਗ੍ਹਾ ਜਿੱਥੇ ਲਿਖਤੀ ਸ਼ਬਦ ਦੀ ਕਦਰ ਕੀਤੀ ਜਾਂਦੀ ਹੈ ਅਤੇ ਇਸ ਦੇ ਪ੍ਰਕਾਸ਼ਨ ਦਾ ਜਸ਼ਨ ਮਨਾਇਆ ਜਾਂਦਾ ਹੈ। ਪੰਜਾਬੀ ਭਾਸ਼ਾ ਰਾਹੀਂ ਫ਼ਲਸਫ਼ੇ ਦੀ ਡੂੰਘੀ ਸਮਝ ਦੀ ਭਾਲ ਕਰਨ ਵਾਲਿਆਂ ਲਈ ਆੱਟਮ ਆਰਟ ਪਟਿਆਲਾ ਇੱਕ ਲਾਜ਼ਮੀ ਮੰਜ਼ਿਲ ਹੈ।

Posted in ਕਿਤਾਬਾਂ, ਸਾਹਿਤ

ਸ਼ਾਹਮੁਖੀ ਤੋਂ ਗੁਰਮੁਖੀ

ਮੰਗਤ ਰਾਏ ਭਾਰਦ੍ਵਾਜ, ਪੰਜਾਬੀ ਭਾਸ਼ਾ ਅਤੇ ਬੋਲੀ ਉੱਤੇ ਕਈ ਕਿਤਾਬਾਂ ਲਿਖ ਚੁੱਕੇ ਹਨ ਜਿੰਨ੍ਹਾਂ ਵਿੱਚ ਉਨ੍ਹਾਂ ਨੇ ਖ਼ਾਸ ਤੌਰ ਤੇ ਪੰਜਾਬੀ ਉਚਾਰਣ ਅਤੇ ਲਿਪੀ ਦੇ ਉੱਤੇ ਬਹੁਤ ਜ਼ੋਰ ਦਿੱਤਾ ਹੈ। ਭਾਰਦ੍ਵਾਜ ਜੀ ਦੀਆਂ ਇਹ ਕਿਤਾਬਾਂ ਪੀ.ਡੀ.ਐਫ. ਰੂਪ ਵਿੱਚ ਇੱਥੇ ਤੁਹਾਨੂੰ ਜੁਗਸੰਧੀ ਤੇ ਹਾਸਲ ਹੋ ਸਕਦੀਆਂ ਹਨ।

ਹੁਣ ਉਨ੍ਹਾਂ ਨੇ ਸ਼ਾਹਮੁਖੀ ਲਿਪੀ ਦਾ ਗਿਆਨ ਰੱਖਣ ਵਾਲਿਆਂ ਲਈ ਗੁਰਮੁਖੀ ਸਿੱਖਣ ਵਾਸਤੇ ਵੀ ਕਿਤਾਬ ਲਿਖ ਦਿੱਤੀ ਹੈ।

ਮੰਗਤ ਰਾਏ ਭਾਰਦ੍ਵਾਜ ਹੋਰਾਂ ਨੇ ਭਾਸ਼ਾ ਵਿਗਿਆਨ ਦੇ ਵਿਸ਼ੇ ਤੇ ਮਾਨਚੈਸਟਰ ਯੂਨੀਵਰਸਿਟੀ ਤੋਂ ਡਾਕਟਰੇਟ ਕੀਤੀ ਹੋਈ ਹੈ। ਉਨ੍ਹਾਂ ਨੇ ਬੀਤੇ ਕੱਲ ਹੀ ਮੈਨੂੰ ਇਸ ਕਿਤਾਬ ਦੀ ਪੀ.ਡੀ.ਐਫ. ਭੇਜੀ ਹੈ ਜਿਸ ਨੂੰ ਮੈਂ ਜੁਗਸੰਧੀ ਤੇ ਪਾਉਣ ਵਿੱਚ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।

Posted in ਕਿਤਾਬਾਂ

ਪੰਜਾਬ ਦੀ ਇਤਿਹਾਸਕ ਗਾਥਾ

ਹਰ ਇਨਸਾਨ ਦੇ ਨੇਮ ਵਿੱਚ ਇਤਿਹਾਸ ਪੜ੍ਹਨ ਵਿੱਚ ਦਿਲਚਸਪੀ ਰੱਖਣਾ ਬਹੁਤ ਜ਼ਰੂਰੀ ਹੈ। ਇਤਿਹਾਸਕ ਖੋਜ ਕਈ ਸਰੋਤਾਂ ਅਤੇ ਹਵਾਲਿਆਂ ਤੇ ਨਿਰਭਰ ਕਰਦੀ ਹੈ ਅਤੇ ਹਰ ਕਿਤਾਬ ਇੱਕ ਨਵਾਂ ਨਜ਼ਰੀਆ ਪੇਸ਼ ਕਰਦੀ ਹੈ। ਦਰਅਸਲ ਇਹ ਨਜ਼ਰੀਆ, ਲੇਖਕ ਦੇ ਪਿਛੋਕੜ ਨੂੰ ਸਮਝਣ ਵਿੱਚ ਵੀ ਮਦਦ ਕਰਦਾ ਹੈ।

ਪਿੱਛੇ ਜਿਹੇ ਹੀ ਮੈਨੂੰ “ਪੰਜਾਬ ਦੀ ਇਤਿਹਾਸਕ ਗਾਥਾ (1849-2000)” ਪੜ੍ਹਨ ਨੂੰ ਮਿਲੀ। ਜਿਸ ਤਰ੍ਹਾਂ ਕਿ ਮੈਂ ਉੱਪਰ ਨਜ਼ਰੀਏ ਦਾ ਜ਼ਿਕਰ ਕੀਤਾ ਹੈ, ਇਹ ਕਿਤਾਬ ਮੈਨੂੰ ਪੰਜਾਬ ਦੇ ਇਸ ਕਾਲ ਤੇ ਮਲਵਈ ਝਾਤ ਮਰਵਾਉਂਦੀ ਹੈ।

ਲੇਖਕ ਰਾਜਪਾਲ ਸਿੰਘ ਹੋਰਾਂ ਨੇ ਕਿਤਾਬ ਲਿਖਣ ਲਈ ਕਾਫ਼ੀ ਮਿਹਨਤ ਕੀਤੀ ਹੈ। ਲੇਖਕ ਦੇ ਆਪਣੇ ਸ਼ਬਦਾਂ ਵਿੱਚ, “ਇਸ ਪੁਸਤਕ ਵਿੱਚ ਸ਼ਹੀਦੀਆਂ ਦਾ ਮਹਿਮਾਗਾਣ ਕਰਨ ਦੀ ਬਜਾਏ ਉਨ੍ਹਾਂ ਲਹਿਰਾਂ ਵੱਲੋਂ ਚੰਗੇਰਾ ਸਮਾਜ ਸਿਰਜਣ ਵਿੱਚ ਹਾਸਲ ਕੀਤੀ ਸਫਲਤਾ ‘ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।” (ਪੰ: 10)

ਸਿੰਘ ਸਭਾ ਲਹਿਰ ਦਾ ਜ਼ਿਕਰ ਕਰਦਿਆਂ ਲੇਖਕ ਨੇ ਹਰਜੋਤ ਓਬਰਾਏ ਦੀ ਕਿਤਾਬ ਉੱਤੇ ਉਚੇਚਾ ਜ਼ੋਰ ਦਿੱਤਾ ਹੈ। ਭਾਵੇਂ ਕਿ ਹਰਜੋਤ ਓਬਰਾਏ ਦੀ ਕਿਤਾਬ ਉੱਤੇ ਅੱਗੇ ਖੋਜ-ਚਰਚਾ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਤਾਂ ਨਹੀਂ ਚੱਲੀ ਪਰ ਕਈ ਪੰਜਾਬੀ ਉਤਸ਼ਾਹੀ ਖੋਜੀਆਂ ਨੇ ਜੋ ਕਿ ਦੁਨੀਆਂ ਦੀਆਂ ਕਈ ਨੁੱਕਰਾਂ ਵਿੱਚ ਵੱਸਦੇ ਸਨ ਉਨ੍ਹਾਂ ਨੇ ਹਰਜੋਤ ਓਬਰਾਏ ਦੀ ਕਿਤਾਬ ਵਿਚਲੀ ਪਰਿਕਲਪਿਤ ਮਿਥੀ ਸਥਾਪਨਾ ਨੂੰ ਖੱਖੜੀ-ਖੱਖੜੀ ਕਰ ਦਿੱਤਾ ਹੋਇਆ ਹੈ। ਇਸ ਕਰਕੇ ਲੇਖਕ ਰਾਜਪਾਲ ਸਿੰਘ ਨੂੰ ਜਾਂ ਤਾਂ ਹਰਜੋਤ ਓਬਰਾਏ ਦੀ ਕਿਤਾਬ ਉੱਤੇ ਜ਼ੋਰ ਨਹੀਂ ਸੀ ਦੇਣਾ ਚਾਹੀਦਾ ਜਾਂ ਫਿਰ ਉਨ੍ਹਾਂ ਲੇਖਕਾਂ ਦਾ ਹਵਾਲਾ ਦੇਣਾ ਵੀ ਬਣਦਾ ਸੀ ਜਿਨ੍ਹਾਂ ਨੇ ਹਰਜੋਤ ਓਬਰਾਏ ਦੀ ਪਰਿਕਲਪਿਤ ਮਿਥੀ ਸਥਾਪਨਾ ਬਾਰੇ ਲਿਖਿਆ।

ਮੈਂ ਧੰਨਵਾਦ ਕਰਦਾ ਹਾਂ ਰਾਜਪਾਲ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਆਪਣੀ ਕਿਤਾਬ ਦਾ ਪੀ.ਡੀ.ਐਫ. ਜੁਗਸੰਧੀ ਤੇ ਪਾਉਣ ਦੀ ਇਜਾਜ਼ਤ ਦਿੱਤੀ ਹੈ। ਆਸ ਹੈ ਕਿ ਇਹ ਕਿਤਾਬ ਇਤਿਹਾਸਕ ਸੰਵਾਦ ਨੂੰ ਅੱਗੇ ਜਾਰੀ ਰੱਖਣ ਲਈ ਪਾਠਕਾਂ ਅੰਦਰ ਜਿਗਿਆਸਾ ਪੈਦਾ ਕਰੇਗੀ।

Posted in ਕਿਤਾਬਾਂ

ਆਉਣ ਵਾਲ਼ੀਆਂ ਪੀੜ੍ਹੀਆਂ ਅਤੇ ਪੰਜਾਬੀ ਬੋਲੀ

ਪੰਜਾਬੀਆਂ ਦਾ ਪਰਵਾਸ ਦੇ ਨਾਲ ਬਹੁਤ ਗੂੜ੍ਹਾ ਸਬੰਧ ਹੈ। ਇਸੇ ਕਰਕੇ ਹੀ ਦੁਨੀਆਂ ਭਰ ਦੇ ਕੋਨੇ-ਕੋਨੇ ਵਿੱਚ ਪੰਜਾਬੀ ਬੋਲਣ ਵਾਲੇ ਜਾ ਕੇ ਵੱਸੇ ਹੋਏ ਹਨ।

ਆਰਥਿਕ ਖੁਸ਼ਹਾਲੀ ਦੇ ਚੱਲਦੇ, ਇਕ ਮਸਲਾ ਵੀ ਸਾਰਿਆਂ ਨੂੰ ਛੇਤੀ ਹੀ ਦਰਪੇਸ਼ ਆ ਜਾਂਦਾ ਹੈ। ਉਹ ਇਹ ਹੈ ਕਿ ਆਉਣ ਵਾਲੀਆਂ ਪੰਜਾਬੀ ਪੀੜ੍ਹੀਆਂ ਆਪਣੀ ਮਾਂ ਬੋਲੀ ਅਤੇ ਲਿਪੀ ਨੂੰ ਕਿਵੇਂ ਜਿਊਂਦਾ ਰੱਖ ਸਕਣਗੀਆਂ? 

ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੀਆਂ ਆਪੋ ਆਪਣੀਆਂ ਬੋਲੀਆਂ ਹਨ ਅਤੇ ਉਨ੍ਹਾਂ ਦਾ ਪ੍ਰਭਾਵ ਉਥੇ ਵੱਸਣ ਨਾਲੇ ਪੰਜਾਬੀਆਂ ਉੱਤੇ ਪੈਂਦਾ ਹੈ। ਨਿਊਜ਼ੀਲੈਂਡ, ਕਨੇਡਾ, ਸਪੇਨ, ਜਰਮਨੀ, ਫਰਾਂਸ, ਇਟਲੀ, ਬ੍ਰਾਜ਼ੀਲ ਦੇ ਜੰਮ-ਪਲ ਪੰਜਾਬੀ ਬੱਚੇ ਜੇਕਰ ਆਪਸ ਵਿੱਚ ਪੰਜਾਬੀ ਬੋਲਣਗੇ ਤਾਂ ਕਿਸ ਤਰ੍ਹਾਂ ਦੀ ਪੰਜਾਬੀ ਬੋਲਣਗੇ?

ਉਨ੍ਹਾਂ ਉਪਰ ਆਪੋ-ਆਪਣੀ ਸਥਾਨਕ ਬੋਲੀ ਦਾ ਕੀ ਅਸਰ ਹੋਵੇਗਾ? ਇਸ ਸਾਰੇ ਮਾਹੌਲ ਵਿੱਚ ਆਪਣੀ ਪੰਜਾਬੀ ਬੋਲੀ ਅਤੇ ਲਿਪੀ ਨੂੰ ਕਿਸ ਤਰ੍ਹਾਂ ਸਾਂਭ ਕੇ ਰੱਖਣਾ ਹੈ? ਇਹ ਸਭ ਸੋਚ ਮੰਗਤ ਰਾਏ ਭਾਰਦ੍ਵਾਜ ਹੋਰਾਂ ਨੇ ਇਕ ਕਿਤਾਬ ਲਿਖੀ ਹੈ ਜੋ ਕਿ ਹੁਣ ਛਪ ਕੇ ਆ ਚੁੱਕੀ ਹੈ। ਭਾਰਦ੍ਵਾਜ ਹੋਰਾਂ ਨੇ ਇਹ ਵੀ ਸੋਚ ਰੱਖਿਆ ਸੀ ਕਿ ਇਸ ਕਿਤਾਬ ਦੇ ਛਪਣ ਤੋਂ ਕੁਝ ਅਰਸਾ ਬਾਅਦ ਉਹ ਇਸ ਕਿਤਾਬ ਦੀ ਪੀ.ਡੀ.ਐਫ. ਵੀ ਜਾਰੀ ਕਰ ਦੇਣਗੇ।

ਮੰਗਤ ਰਾਏ ਭਾਰਦ੍ਵਾਜ, ਇਸ ਤੋਂ ਪਹਿਲਾਂ ਵੀ ਪੰਜਾਬੀ ਭਾਸ਼ਾ ਅਤੇ ਬੋਲੀ ਉੱਤੇ ਕਈ ਕਿਤਾਬਾਂ ਲਿਖ ਚੁੱਕੇ ਹਨ ਅਤੇ ਇਸ ਕਿਤਾਬ ਵਿੱਚ ਉਨ੍ਹਾਂ ਨੇ ਖ਼ਾਸ ਤੌਰ ਤੇ ਪੰਜਾਬੀ ਉਚਾਰਣ ਅਤੇ ਲਿਪੀ ਦੇ ਉੱਤੇ ਬਹੁਤ ਜ਼ੋਰ ਦਿੱਤਾ ਹੈ।   

ਮੰਗਤ ਰਾਏ ਭਾਰਦ੍ਵਾਜ ਨੇ ਭਾਸ਼ਾ ਵਿਗਿਆਨ ਦੇ ਵਿਸ਼ੇ ਤੇ ਮਾਨਚੈਸਟਰ ਯੂਨੀਵਰਸਿਟੀ ਤੋਂ ਡਾਕਟਰੇਟ ਕੀਤੀ ਹੋਈ ਹੈ। ਉਨ੍ਹਾਂ ਨੇ ਬੀਤੇ ਕੱਲ ਹੀ ਮੈਨੂੰ ਇਸ ਕਿਤਾਬ ਦੀ ਪੀ.ਡੀ.ਐਫ. ਭੇਜੀ ਹੈ ਜਿਸ ਨੂੰ ਮੈਂ ਜੁਗਸੰਧੀ ਤੇ ਪਾਉਣ ਵਿੱਚ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।

ਕਿਤਾਬ ਹਾਸਲ ਕਰਨ ਲਈ ਇਥੇ ਕਲਿੱਕ ਕਰੋ:   



Posted in ਕਿਤਾਬਾਂ, ਸਾਹਿਤ

ਸੂਰਜ ਦੀ ਅੱਖ: ਇੱਕ ਨਜ਼ਰੀਆ

ਕੁਝ ਦਿਨ ਪਹਿਲਾਂ ਬਲਦੇਵ ਸਿੰਘ ਦਾ ਨਾਵਲ ਸੂਰਜ ਦੀ ਅੱਖ ਪੜ੍ਹ ਕੇ ਹਟਿਆ ਹਾਂ।   ਪਹਿਲੀ ਨਜ਼ਰੇ ਵੇਖਣ ਤੇ ਇਹ ਜਾਪਦਾ ਸੀ ਕਿ ਛੇ ਕੁ ਸੌ ਸਫ਼ਿਆਂ ਦਾ ਇਹ ਨਾਵਲ ਕਾਫ਼ੀ ਵਿਸਥਾਰ ਸਹਿਤ ਜਾਣਕਾਰੀ ਦਵੇਗਾ।   

ਇੱਥੇ ਮੈਂ ਇਸ ਨਾਵਲ ਦੀ ਪੜਚੋਲ ਨਹੀਂ ਕਰਾਂਗਾ ਬਲਕਿ ਇਸ ਬਾਰੇ ਆਪਣਾ ਸਿਰਫ਼ ਨਜ਼ਰੀਆ ਹੀ ਸਾਂਝਾ ਕਰਾਂਗਾ। ਕੁਝ ਸਾਲ ਪਹਿਲਾਂ ਜਦ ਇਹ ਨਾਵਲ ਛਪਿਆ ਸੀ ਤਾਂ ਇਹ ਚਰਚਾ ਅਤੇ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਸੀ ਜਿਸ ਬਾਰੇ ਪੜ੍ਹਨ ਲਈ ਇੱਥੇ ਅਤੇ ਇੱਥੇ ਅਤੇ ਇੱਥੇ ਕਲਿੱਕ ਕਰੋ।   

ਇਤਿਹਾਸਕ ਸਾਹਿਤ ਦੇ  ਤੌਰ ਤੇ ਉੱਤੇ ਲਿਖਿਆ ਗਿਆ ਇਹ ਨਾਵਲ ਨਾ ਤਾਂ ਮੈਨੂੰ ਇਤਿਹਾਸਕ ਲੱਗਿਆ ਹੈ ਤੇ ਨਾ ਹੀ ਸਾਹਿਤਕ।   

ਇਤਿਹਾਸਕ ਨਾਵਲ ਲਿਖਣ ਦੇ ਵੀ ਕੁਝ ਵਿਧਾਨ ਹੁੰਦੇ ਹਨ ਜਿਹੜਾ ਕਿ ਲੱਗਦੇ ਹਨ ਕਿ ਇਥੇ ਅੱਖੋਂ ਪਰੋਖੇ ਕਰ ਦਿੱਤੇ ਗਏ ਹਨ। ਇਤਿਹਾਸਕ ਨਾਵਲ ਲਈ ਸਭ ਤੋਂ ਜ਼ਰੂਰੀ ਹੁੰਦੀ ਹੈ ਖੋਜ। ਜੇਕਰ ਖੋਜ ਸਹੀ ਢੰਗ ਨਾਲ਼ ਕੀਤੀ ਜਾਵੇ ਤਾਂ ਆਪੇ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਹੈ। ਇਤਿਹਾਸਕ ਨਾਵਲ ਵਿੱਚ ਘਟਨਾਵਾਂ ਉੱਤੇ ਜ਼ੋਰ ਹੁੰਦਾ ਹੈ ਨਾ ਕਿ ਵਾਰਤਾਲਾਪ ਦੇ ਉੱਤੇ। ਇਸ ਨਾਵਲ ਵਿੱਚ ਸਾਰਾ ਜ਼ੋਰ ਹੀ ਵਾਰਤਾਲਾਪ ਦੇ ਉੱਤੇ ਹੈ। ਇਹ ਨਾਵਲ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਛੁਟਿਆਉਣ ਦੀ ਕੋਸ਼ਿਸ਼ ਹੈ ਇਸ ਕਰਕੇ ਜ਼ਾਹਿਰਾਨਾ ਤੌਰ ਤੇ ਇਸ ਤਰ੍ਹਾਂ ਦੀ ਵਾਰਤਾਲਾਪੀ ਪਹੁੰਚ ਕੀਤੀ ਗਈ ਲੱਗਦੀ ਹੈ।

ਸਾਰੇ ਨਾਵਲ ਦੇ ਵਿੱਚ ਬੇਸ਼ੁਮਾਰ ਪਰੂਫ਼ ਰੀਡਿੰਗ ਦੀਆਂ ਗ਼ਲਤੀਆਂ ਹਨ ਅਤੇ ਹਵਾਲਿਆਂ ਦੇ ਤੌਰ ਤੇ ਜਿੱਥੇ  ਫੁੱਟ ਨੋਟ ਵਰਤੇ ਵੀ ਗਏ ਹਨ ਉਹ ਜ਼ਿਆਦਾ ਜਾਣਕਾਰੀ ਨਹੀਂ ਦਿੰਦੇ। ਕਿਸੇ ਵੀ ਲੇਖਕ ਦੇ ਲਈ ਉਸ ਦੀ ਕੋਈ ਵੀ ਰਚਨਾ ਬਹੁਤ ਮਹੱਤਵਪੂਰਨ ਹੁੰਦੀ ਹੈ। ਜੇਕਰ ਉਹ ਰਚਨਾ ਪਾਠਕਾਂ ਦੇ ਹੱਥ ਗ਼ਲਤੀਆਂ ਨਾਲ਼ ਭਰਪੂਰ ਪਹੁੰਚੇ ਤਾਂ ਇਸ ਤੋਂ ਦੋ ਹੀ ਗੱਲਾਂ ਸਾਫ਼ ਜ਼ਾਹਰ ਹੋ ਸਕਦੀਆਂ ਹਨ। ਜਾਂ ਤਾਂ ਲੇਖਕ ਆਪਣੀ ਰਚਨਾ ਲਈ ਗੰਭੀਰ ਨਹੀਂ ਹੈ ਜਾਂ ਫਿਰ ਇਹ ਰਚਨਾ ਹੋ ਸਕਦਾ ਹੈ ਕਿ ਲਿਖੀ-ਲਿਖਵਾਈ ਆ ਗਈ ਹੋਵੇ ਲੇਖਕ ਦਾ ਠੱਪਾ ਲਾਉਣ ਵਾਸਤੇ। ਇਸ ਗੱਲ ਦਾ ਸ਼ੱਕ ਇੱਥੋਂ ਵੀ ਪੈਂਦਾ ਹੈ ਕਿ ਇਸ ਨਾਵਲ ਦੇ ਵਿੱਚ ਬੁਨਕਰ ਅਤੇ ਸਵਰਨ ਮੰਦਰ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਕੀ ਇਹ ਸ਼ਬਦ ਬਲਦੇਵ ਸਿੰਘ ਦੀ ਸ਼ਬਦਾਵਲੀ ਦਾ ਹਿੱਸਾ ਹਨ?  

ਛੇ ਸੌ ਸਫ਼ਿਆਂ ਦੇ ਨਾਵਲ ਤੋਂ ਇਹੀ ਆਸ ਕੀਤੀ ਜਾਂਦੀ ਹੈ ਕਿ ਇਸਦੇ ਵਿੱਚ ਹਰ ਗੱਲ ਦੀ ਘੋਖ ਕੀਤੀ ਜਾਏਗੀ ਤੇ ਘਟਨਾਵਾਂ ਪੁਣੀਆਂ ਜਾਣਗੀਆਂ ਤਾਂ ਕਿ ਜੋ ਸੱਚ ਹੈ ਉਹ ਸਾਹਮਣੇ ਲਿਆਂਦਾ ਜਾਵੇ। ਪਰ ਜਿਸ ਤਰ੍ਹਾਂ ਦੇ ਇਸ ਨਾਵਲ ਦੇ ਫੁੱਟ ਨੋਟ ਦਿੱਤੇ ਗਏ ਹਨ ਉਸ ਤੋਂ ਇਹੀ ਜ਼ਾਹਿਰ ਹੁੰਦਾ ਹੈ ਕਿ ਇਸ ਨੂੰ ਬਹੁਤਾ ਵਿਅੰਗ ਦੇ ਤੌਰ ਤੇ ਹੀ ਲਿਆ ਗਿਆ ਹੈ ਨਾ ਕਿ ਖੋਜ ਦੇ ਕਿਸੇ ਪੁਖ਼ਤਾ ਢੰਗ ਨਾਲ਼।

ਇਸ ਨਾਵਲ ਵਿਚ ਇਕ ਥਾਂ ਨਹੀਂ ਸਗੋਂ ਕਈ ਥਾਂ ਲੋਕਾਂ ਨੂੰ ਇਹੀ ਗੱਲ ਕਰਦੇ ਵਖਾਇਆ ਗਿਆ ਹੈ ਕਿ ਉਹ ਇਸ ਗੱਲ ਤੋਂ ਨਾਖੁਸ਼ ਹਨ ਕਿ ਮਹਾਰਾਜਾ ਰਣਜੀਤ ਸਿੰਘ ਲੜਾਈਆਂ ਵਿੱਚ ਲੋਕਾਂ ਨੂੰ ਮਾਰਦਾ  ਹੈ ਤੇ ਫਿਰ ਸ਼ਿਕਾਰ ਖੇਡ ਕੇ ਜਾਨਵਰਾਂ ਨੂੰ ਮਾਰਦਾ ਰਹਿੰਦਾ ਹੈ। ਅਜਿਹੀ ਪੇਸ਼ਕਸ਼ ਪਿੱਛੇ ਬਲਦੇਵ ਸਿੰਘ ਦੀ ਕਿਹੜੀ ਸੋਚ ਹੈ?    

ਇਸੇ ਤਰ੍ਹਾਂ ਚੜ੍ਹਦੀਆਂ ਫ਼ੌਜਾਂ ਜਦ ਰਸਤੇ ਵਿੱਚ ਲੋਕਾਂ ਨਾਲ਼ ਗੱਲੀਂਬਾਤੀਂ ਪੈਂਦੀਆਂ ਹਨ ਤਾਂ ਫ਼ੌਜੀ ਇਹੀ ਕਹਿੰਦੇ ਵਖਾਏ ਜਾਂਦੇ ਸਨ ਕਿ ਉਹ ਤਾਂ ਪੰਜ ਰੁਪਏ ਮਹੀਨੇ ਦੀ ਚਾਕਰੀ ਕਰਦੇ ਸਨ ਤੇ ਇਸ ਤਰ੍ਹਾਂ ਜਤਾਇਆ ਜਾਂਦਾ ਸੀ ਕਿ ਜਿਵੇਂ ਉਨ੍ਹਾਂ ਫ਼ੌਜੀਆਂ ਦੀ ਜਾਨ ਦੀ ਕੀਮਤ ਸਿਰਫ ਪੰਜ ਰੁਪਏ ਹੋਵੇ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਸੁਆਰਥ ਦੀ ਖਾਤਰ ਲੁਟਾਈ ਫਿਰਦਾ ਸੀ। ਜਿਸ ਢੰਗ ਨਾਲ਼ ਅਜਿਹਾ ਵਾਰਤਾਲਾਪ ਪੇਸ਼ ਕੀਤਾ ਗਿਆ ਹੈ, ਇਹੀ ਦਰਸਾਉਣ ਦੀ ਕੋਸ਼ਿਸ਼ ਲੱਗਦੀ ਹੈ ਕਿ ਜਿਵੇਂ ਫ਼ੌਜੀ ਹਰ ਥਾਂ ਇਹੀ ਕਹਿੰਦੇ ਫਿਰ ਰਹੇ ਸਨ।    

ਕਈ ਥਾਂ ਤੇ ਅਜਿਹਾ ਵਾਰਤਾਲਾਪ ਵੀ ਪੜ੍ਹਨ ਨੂੰ ਮਿਲਿਆ ਜਿਸ ਵਿੱਚ ਜਿਵੇਂ ਕੋਈ ਕਿਰਦਾਰ ਉਰਦੂ ਬੋਲ ਰਿਹਾ ਹੋਵੇ। ਜਦਕਿ ਸੱਚੀ ਗੱਲ ਤਾਂ ਇਹ ਹੈ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਉਰਦੂ ਤਾਂ ਕਿਤੇ ਹੈ ਹੀ ਨਹੀਂ ਸੀ। 

ਅੰਗਰੇਜ਼ਾਂ ਦੇ ਨਾਵਾਂ ਦੇ ਹਵਾਲੇ ਦਿੰਦਿਆਂ ਵੀ ਕਈ ਗਲਤੀਆਂ ਕੀਤੀਆਂ ਗਈਆਂ ਹਨ। ਇੱਕ ਥਾਂ ਜੈਕਮਾਊਂਟ ਫਰਾਂਸੀਸੀ ਵਖਾਇਆ ਗਿਆ ਤੇ ਫੇਰ ਉਸਨੂੰ ਅੰਗਰੇਜ਼ ਵੀ ਵਖਾਇਆ ਗਿਆ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਅੰਗਰੇਜ਼ ਦੇ ਮੂੰਹੋਂ ਇਜ਼ਰਾਈਲ ਇੱਕ ਬੜੀ ਤਾਕਤਵਰ ਕੌਮ ਵਖਾਈ ਗਈ ਹੈ ਪਰ ਜੇ ਇਤਿਹਾਸ ਘੋਖਿਆ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਵੇਲ਼ੇ ਤਾਂ ਯਹੂਦੀ ਸਾਰੇ ਯੂਰਪ ਵਿੱਚ ਖਿੱਲਰੇ ਪਏ ਸਨ ਤੇ ਉਨ੍ਹਾਂ ਨੂੰ ਯਹੂਦੀ ਵਿਰੋਧੀ ਰਵੱਈਏ ਦਾ ਵੀ ਸ਼ਿਕਾਰ ਹੋਣਾ ਪੈਂਦਾ ਸੀ।  

ਇਸ ਨਾਵਲ ਵਿੱਚ ਹਰੀ ਸਿੰਘ ਨਲਵੇ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਮੂੰਹੋਂ ਇਹ ਵੀ ਕਹਾਇਆ ਗਿਆ ਹੈ ਕਿ ਹਰੀ ਸਿੰਘ ਨਲਵੇ ਨੇ ਬੇਈਮਾਨੀ ਨਾਲ਼ ਜਾਇਦਾਦ ਇਕੱਠੀ ਕੀਤੀ ਸੀ ਅਤੇ ਇਸੇ ਕਰਕੇ ਹੁਕਮ ਦਿੱਤਾ ਕਿ ਨਲਵੇ ਦੀ ਸਾਰੀ ਜਾਇਦਾਦ ਸਰਕਾਰੀ ਖ਼ਜ਼ਾਨੇ ਲਈ ਜ਼ਬਤ ਕਰ ਲਈ ਜਾਵੇ।

ਬਲਦੇਵ ਸਿੰਘ ਨੇ ਇਸ ਗੱਲ ਨੂੰ ਕਹਿਣ ਲਈ ਵੀ ਬਹੁਤ ਜ਼ੋਰ ਲਾਇਆ ਕਿ ਕੋਹਿਨੂਰ ਹੀਰਾ ਪਾਂਡਵਾਂ ਦਾ ਸੀ ਜਦ ਕਿ ਕਿਤੇ ਵੀ ਕੋਈ ਅਜਿਹਾ ਇਤਿਹਾਸਕ ਸਬੂਤ ਨਹੀਂ ਹੈ। ਦੂਜਾ,   ਇਸ ਤਰ੍ਹਾਂ ਭਾਵੇਂ ਕਿ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਰਣਜੀਤ ਸਿੰਘ ਨੇ ਆਪਣੇ ਆਖ਼ਰੀ ਸਾਹਾਂ ਵੇਲੇ ਕੋਹਿਨੂਰ ਹੀਰਾ ਜਗਨਨਾਥਪੁਰੀ ਭੇਜਣ ਲਈ ਕਿਹਾ ਸੀ ਪਰ ਇਸ ਵਖਿਆਨ ਵੇਲੇ ਮੈਂ ਬਲਦੇਵ ਸਿੰਘ ਤੋਂ ਇਸ ਗੱਲ ਦੀ ਆਸ ਰੱਖਦਾ ਸੀ ਕਿ ਉਹ ਫੁੱਟ ਨੋਟ ਪਾ ਕੇ ਜ਼ਰੂਰ ਸੁਆਲ ਖੜ੍ਹਾ ਕਰੇਗਾ ਕਿ ਜਦ ਮਹਾਰਾਜਾ ਰਣਜੀਤ ਸਿੰਘ ਬੋਲਣ ਦੇ ਜੋਗ ਹੀ ਨਹੀਂ ਸੀ ਤਾਂ ਉਸ ਦੇ ਇਸ਼ਾਰਿਆਂ ਤੋਂ ਜਗਨਨਾਥਪੁਰੀ ਦਾ ਤੁਸੀਂ ਕੀ ਸਮਝ ਸਕਦੇ ਹੋ? ਖ਼ਾਸ ਤੌਰ ਤੇ ਉਦੋਂ ਜਦੋਂ ਉਸ ਦੇ ਦੁਆਲੇ ਪੰਡਤਾਂ ਦਾ ਝੁਰਮੁਟ ਇਕੱਠਾ ਕੀਤਾ ਗਿਆ ਹੋਵੇ। ਏਡੇ ਵੱਡੇ ਨਾਵਲ ਵਿੱਚ ਵੀ ਕਿਤੇ ਮਹਾਰਾਜਾ ਰਣਜੀਤ ਸਿੰਘ ਦੀ ਜਗਨਨਾਥ ਪੁਰੀ ਦੇ ਨਾਲ਼ ਕੋਈ ਸਾਂਝ ਨਜ਼ਰ ਨਹੀਂ ਆਈ। ਯਕੀਨਨ ਇਹ ਪੰਡਤਾਂ ਦੇ ਝੁਰਮੁਟ ਦੀ ਸਾਜ਼ਿਸ਼ ਹੋਵੇਗੀ ਇਸੇ ਕਰਕੇ ਤਾਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਹਿੰਦੂ ਦੀਵਾਨ ਕੋਹਿਨੂਰ ਨੂੰ ਜਗਨਨਾਥ ਭੇਜਣ ਦੇ ਖ਼ਿਲਾਫ਼ ਸੀ।

ਨਾਵਲ ਦੇ ਅਖ਼ੀਰ ਵਿੱਚ ਇੱਕ ਥਾਂ ਜਾ ਕੇ ਬਲਦੇਵ ਸਿੰਘ ਪੂਰੀ ਟਿੱਪਣੀ ਕਰਦਾ ਹੈ (ਫੁੱਟ ਨੋਟ) ਤੇ ਆਪਣੀ ਰਾਏ ਵੀ ਦਿੰਦਾ ਹੈ ਤੇ ਵਿਅੰਗਾਤਮਕ ਗੱਲ ਨਹੀਂ ਕਰਦਾ। ਇਸੇ ਨਾਵਲ ਵਿਚ ਇਕ ਸੂਤਰਧਾਰ ਪ੍ਰੋਫੈਸਰ ਕੌਤਕੀ ਵੀ ਹੈ। ਉਹ ਸ਼ੁਰੂ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਹਰ ਚੀਜ਼ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ ਤੇ ਵਾਰ ਵਾਰ ਬਲਦੇਵ ਸਿੰਘ ਦੇ ਉੱਤੇ ਜ਼ੋਰ ਪਾਉਂਦਾ ਰਹਿੰਦਾ ਕਿ ਉਹ ਇਧਰੋਂ-ਉਧਰੋਂ ਹੋਰ [ਵਾਰਤਾਲਾਪੀ] ਗੱਲਾਂ ਘੜੇ।  

ਨਾਵਲ ਦੇ ਅਖ਼ੀਰ ਵਿੱਚ ਪ੍ਰੋਫੈਸਰ ਕੌਤਕੀ ਦੇ ਮੂੰਹੋਂ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਦਾ ਬਿਰਤਾਂਤ ਬੁਲਵਾਇਆ ਜਾਂਦਾ ਹੈ ਜਿਸ ਵਿੱਚ ਪ੍ਰੋਫੈਸਰ ਕੌਤਕੀ  ਇਹ ਕਹਿੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਅਸਲ ਮੌਤ ਉਸ ਦਿਨ ਹੋਈ ਸੀ ਜਦ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ। ਇਹ ਪ੍ਰੋਫੈਸਰ ਕੌਤਕੀ ਆਪਣੇ ਉਸ ਕਿਰਦਾਰ ਨਾਲ਼ੋਂਵੱਖ ਸੀ ਜਿਸ ਤਰ੍ਹਾਂ ਦਾ ਉਸਦਾ ਕਿਰਦਾਰ ਨਾਵਲ ਦੇ ਸ਼ੁਰੂ ਵਿੱਚ ਵਖਾਇਆ ਗਿਆ ਹੈ।  

ਨਾਵਲ ਦੇ ਅਖ਼ੀਰਲੇ ਹਿੱਸੇ ਵਿੱਚ ਪ੍ਰੋਫੈਸਰ ਕੌਤਕੀ ਦੀ ਇਸ ਤਰ੍ਹਾਂ ਦੀ ਪੇਸ਼ਕਾਰੀ ਅਤੇ ਨਾਵਲ ਦੇ ਅਖ਼ੀਰਲੇ ਹਿੱਸੇ ਵਿੱਚ ਬਹੁਤ ਘੱਟ ਗਲਤੀਆਂ ਦਾ ਸਾਹਮਣੇ ਆਉਣਾ ਇਸ ਗੱਲ ਦੀ ਵੀ ਨਿਸ਼ਾਨਦੇਹੀ ਕਰਦੀਆਂ ਹਨ ਕਿ ਹੋ ਸਕਦਾ ਹੈ ਕਿ ਇਸ ਨਾਵਲ ਦੇ ਸ਼ੁਰੂ ਦੇ ਪੰਜ ਸੌ ਸਫ਼ੇ ਕਿਤਿਓਂ ਬਾਹਰੋਂ ਲਿਖਵਾ ਲਏ ਗਏ ਹੋਣ ਖਾਨਾਪੂਰਤੀ ਵਾਸਤੇ। ਇਸੇ ਤਰ੍ਹਾਂ ਨਾਵਲ ਦੇ ਅਖ਼ੀਰ ਵਿੱਚ ਬਲਦੇਵ ਸਿੰਘ ਘੋਖ ਕੇ ਇੱਕੋ-ਇੱਕ ਫੁਟ ਨੋਟ ਰੂਪੀ ਟਿੱਪਣੀ ਕਰਦਾ ਹੈ ਅਤੇ ਨਾਵਲ ਦੀ ਪ੍ਰਸੰਗ ਦਿਸ਼ਾ ਬਦਲਦਾ ਹੈ ਤਾਂ ਇਹ ਸ਼ੱਕ ਉੱਠਦਾ ਹੈ ਕਿ ਆਖ਼ਰ ਪਹਿਲੇ ਪੰਜ ਸੌ ਸਫ਼ਿਆਂ ਦਾ ਮਕਸਦ ਕੀ ਹੈ?

ਜਿਸ ਤਰ੍ਹਾਂ ਨਾਵਲ ਦੀ ਸ਼ੁਰੂਆਤ ਅਤੇ ਸਿਰੇ ਚੜ੍ਹਨ ਦੇ ਪ੍ਰਸੰਗ ਵਿੱਚ ਦਿਸ਼ਾ-ਬਦਲੀ ਕੀਤੀ ਗਈ ਹੈ ਉਸ ਕਰਕੇ ਨਾ ਤਾਂ ਇਹ ਇਤਿਹਾਸਕ ਨਾਵਲ ਹੈ ਤੇ ਨਾ ਹੀ ਕੋਈ ਸਾਹਿਤਿਕ ਨਾਵਲ। 

ਪਿਛਲਿਖਤ: ਨਾਵਲ ਦੇ ਸ਼ੁਰੂ ਵਿੱਚ ਬਲਦੇਵ ਸਿੰਘ ਲਿਖਦਾ ਹੈ ਕਿ “ਇਤਿਹਾਸਕ ਨਾਵਲ ਲਈ ਘੱਟੋ-ਘੱਟ 100 ਪੁਸਤਕਾਂ ਖੰਗਾਲਣੀਆਂ ਪੈਂਦੀਆਂ ਨੇ”। ਪਰ ਇਸ ਨਾਵਲ ਤੋਂ ਇਹ ਨਹੀਂ ਝਲਕਦਾ ਕਿ ਇਸ ਨੂੰ ਲਿਖਣ ਲਈ 100 ਪੁਸਤਕਾਂ ਲੇਖਕ ਨੇ ਪੜ੍ਹੀਆਂ ਹੋਣ। ਘੱਟੋ-ਘੱਟ ਮੈਂ ਤਾਂ ਨਾਵਲ ਪੜ੍ਹ ਕੇ ਇਹੀ ਸਮਝਦਾ ਹਾਂ ਕਿ ਮੈਂ 100 ਪੁਸਤਕਾਂ ਦੇ ਗਿਆਨ ਤੋਂ ਵਾਂਝਾ ਰਹਿ ਗਿਆ ਹਾਂ। ਇਸੇ ਕਰਕੇ ਇਹ ਨਾਵਲ ਚਸਕੇ ਲਈ ਪੜ੍ਹਨ ਵਾਲ਼ੇ ਪਾਠਕ ਨੂੰ ਤਾਂ ਜ਼ਰੂਰ ਜਚੇਗਾ ਪਰ ਕਿਸੇ ਗੰਭੀਰ ਪਾਠਕ ਨੂੰ ਨਹੀਂ।

Processing…
Success! You're on the list.