Posted in ਯਾਦਾਂ, ਖ਼ਬਰਾਂ, NZ News

ਹਰਭਜਨ ਮਾਨ ਦਾ ਅਖਾੜਾ

ਬੀਤੀ 26 ਜੁਲਾਈ 2019 ਦੀ ਰਾਤ ਨੂੰ ਸ਼ਹਿਰ ਵੈਲਿੰਗਟਨ, ਨਿਊਜ਼ੀਲੈਂਡ ਦੇ ਸੈਕਰਡ ਹਾਰਟ ਕਾਲਜ ਲੋਅਰ ਹੱਟ ਵਿੱਚ ਹਰਭਜਨ ਮਾਨ ਦਾ ਅਖਾੜਾ ਲੱਗਿਆ। ਅਖਾੜਾ ਹਰਭਜਨ ਮਾਨ ਦਾ ਹੋਵੇ ਅਤੇ ਕਾਮਯਾਬੀ ਦਾ ਸਿਹਰਾ ਨਾ ਬੱਝੇ, ਇਹ ਕਿਵੇਂ ਹੋ ਸਕਦਾ ਹੈ? ਬਹੁਤ ਮਿਹਨਤ ਕੀਤੀ ਹੈ ਵੈਲਿੰਗਟਨ ਪੰਜਾਬੀ ਸਪੋਰਟਜ਼ ਐਂਡ ਕਲਚਲਰ ਕਲੱਬ ਵੱਲੋਂ ਬਲਵਿੰਦਰ, ਗੁਰਪ੍ਰੀਤ, ਦਲੇਰ ਅਤੇ ਹਰਜੀਤ ਨੇ ਅਤੇ ਇਨ੍ਹਾਂ ਸਾਰਿਆਂ ਨੂੰ ਵਧਾਈ ਦੇਣੀ ਬਣਦੀ ਹੈ – ਖਾਸ ਤੌਰ ਤੇ ਚੰਗੇ ਪ੍ਰਬੰਧ ਅਤੇ ਚੰਗੀ ਪੇਸ਼ਕਾਰੀ ਦੇ ਲਈ। ਗੱਲ ਇਕੱਲੀ ਅਖਾੜੇ ਤੇ ਹੀ ਨਹੀਂ ਮੁੱਕਦੀ, ਸਗੋਂ ਬੀਤੇ ਦੋ ਦਿਨਾਂ ਦੇ ਦੌਰਾਨ ਹਰਭਜਨ ਮਾਨ ਦੇ ਨਾਲ ਲੌਢੇ ਵੇਲੇ ਦਾ ਖਾਣਾ ਖਾਣ, ਨਿਊਜ਼ੀਲੈਂਡ ਪਾਰਲੀਮੈਂਟ ਵਿੱਚ ਸਨਮਾਨ ਅਤੇ ਹੋਰ ਮੁਲਾਕਾਤਾਂ ਦੌਰਾਨ ਜੋ ਵੀ ਗੱਲਬਾਤ ਕਰਨ ਦਾ ਮੌਕਾ ਲੱਗਾ ਉਸ ਨਾਲ ਬੀਤੇ ਦੋ ਦਹਾਕਿਆਂ ਦੀਆਂ ਯਾਦਾਂ ਅਤੇ ਗੱਲਾਂ ਜੁੜੀਆਂ ਹੋਈਆਂ ਸਨ।

ਬੀਤੀ ਰਾਤ ਅਖਾੜੇ ਦੌਰਾਨ, ਹਰਭਜਨ ਮਾਨ ਨੇ ਜਦ ਆਪਣੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਤਾਂ ਇਸ ਨੂੰ ਰੇਤ ਵਿੱਚ ਲਕੀਰ ਵਾਹੁਣ ਵਾਲਾ ਕਦਮ ਦੱਸਿਆ। ਇਹ ਗੱਲ ਸੌ ਫ਼ੀਸਦੀ ਠੀਕ ਵੀ ਹੈ। ਮੈਂ ਇੰਨਾ ਹੀ ਦੋ ਦਹਾਕਿਆਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦ ਸੰਨ 2001 ਵਿੱਚ ਮੈਂ ਪ੍ਰਵਾਸ ਕਰਕੇ ਇੱਥੇ ਵੈਲਿੰਗਟਨ ਪਹੁੰਚਿਆ ਸੀ। ਸਭਿਆਚਾਰ ਦੇ ਨਾਂ ਉੱਤੇ ਬਹੁਤ ਘੱਟ ਹੀ ਵੇਖਣ ਨੂੰ ਮਿਲਦਾ ਸੀ। ਮਨੋਰੰਜਨ ਦਾ ਸਮਾਨ ਲੈਣ ਲਈ ਦੁਕਾਨਾਂ ਤੇ ਜਾਣਾ ਪੈਂਦਾ ਸੀ। ਇੰਟਰਨੈਟ ਉਨ੍ਹਾਂ ਦਿਨਾਂ ਵਿੱਚ ਜੂੰ ਦੀ ਚਾਲ ਚਲਦਾ ਸੀ। ਜਿਹੜੀਆਂ ਦੁਕਾਨਾਂ ਇਥੇ ਡੀਵੀਡੀ ਅਤੇ ਸੀਡੀ ਰੱਖਦੀਆਂ ਹੁੰਦੀਆਂ ਸਨ, ਡੀਵੀਡੀ ਜ਼ਿਆਦਾ ਬਾਲੀਵੁੱਡ ਦੀਆਂ ਹੁੰਦੀਆਂ ਸਨ ਅਤੇ ਪੰਜਾਬੀ ਦੀਆਂ ਸਿਰਫ ਸੀਡੀ ਜਾਂ ਵੱਧ ਤੋਂ ਵੱਧ ਕੋਈ ਵੀਸੀਡੀ ਹੀ ਹੁੰਦੀਆਂ ਸਨ। ਉਨ੍ਹਾਂ ਦਿਨਾਂ ਵਿੱਚ ਪੰਜਾਬੀ ਫ਼ਿਲਮ “ਜੀ ਆਇਆਂ ਨੂੰ” ਆਈ ਤੇ ਲੱਗਾ ਜਿਵੇਂ ਕੋਈ ਠੰਢੀ ਹਵਾ ਦਾ ਬੁੱਲਾ ਆਇਆ ਹੋਵੇ। ਵੇਖਣ ਨੂੰ ਇਹ ਫ਼ਿਲਮ ਬਹੁਤ ਵਧੀਆ ਲੱਗੀ ਅਤੇ ਉਸ ਤੋਂ ਬਾਅਦ ਦੇ ਚਾਰ-ਪੰਜ ਸਾਲਾਂ ਦੇ ਵਿੱਚ ਹਰਭਜਨ ਮਾਨ ਵੱਲੋਂ ਜੋ ਹੋਰ ਫ਼ਿਲਮਾਂ ਪੇਸ਼ ਕੀਤੀਆਂ ਗਈਆਂ, ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਲਈ ਇੱਕ ਚੰਗੇ ਮਿਆਰ ਦਾ ਮੁੱਢ ਬੰਨ੍ਹ ਦਿੱਤਾ। ਜਿਵੇਂ ਕਿ ਸਥਾਨਕ ਰਵਾਇਤ ਹੈ, ਜਦੋਂ ਵੀ ਤੁਹਾਨੂੰ ਕੋਈ ਰਾਤ ਦੇ ਖਾਣੇ ਦੀ ਦਾਅਵਤ ਦਿੰਦਾ ਹੈ ਤਾਂ ਆਮ ਤੌਰ ਤੇ ਅੰਗੂਰੀ ਤੇ ਚਾਕਲੇਟ ਲੈ ਕੇ ਪਹੁੰਚੀਦਾ ਹੈ। ਮੈਨੂੰ ਯਾਦ ਹੈ ਉਨ੍ਹਾਂ ਦਿਨਾਂ ਦੇ ਵਿੱਚ ਮੈਂ ਉਚੇਚੇ ਤੌਰ ਤੇ ਹਰਭਜਨ ਮਾਨ ਦੀਆਂ ਫ਼ਿਲਮਾਂ ਦੀਆਂ ਵੀਸੀਡੀਜ਼ ਪੰਜਾਬ ਤੋਂ ਮੰਗਵਾ ਕੇ ਰੱਖਦਾ ਹੁੰਦਾ ਸੀ ਤਾਂ ਕਿ ਜਦੋਂ ਵੀ ਕੋਈ ਖਾਣੇ ਦੀ ਦਾਅਵਤ ਆਵੇ ਤਾਂ ਹੋਰ ਸਮਾਨ ਦੇ ਨਾਲ ਹਰਭਜਨ ਮਾਨ ਦੀਆਂ ਫ਼ਿਲਮਾਂ ਵੀ ਸੌਗ਼ਾਤ ਵੱਜੋਂ ਦਿੱਤੀਆਂ ਜਾਣ।

ਇੱਕ ਹੋਰ ਗੱਲ ਇਹ ਵੀ ਕਿ ਮੇਰੇ ਪੰਜਾਬੀ ਯੂਨੀਵਰਸਿਟੀ (1987-89) ਪਟਿਆਲਾ ਦੇ ਦਿਨਾਂ ਦੇ ਬਹੁਤ ਸਾਰੇ ਮਿੱਤਰ ਟੋਰਾਂਟੋ ਅਤੇ ਵੈਨਕੂਵਰ ਜਾ ਵੱਸੇ ਹੋਏ ਸਨ ਅਤੇ ਉਨ੍ਹਾਂ ਨਾਲ ਫੋਨ ਦੇ ਉੱਤੇ ਆਮ ਰਾਬਤਾ ਰਹਿੰਦਾ ਸੀ। ਸਾਹਿਤ ਪੜ੍ਹਦਿਆਂ ਸਬੱਬੀ ਟੋਰਾਂਟੋ ਵਾਲੇ ਇਕਬਾਲ ਰਾਮੂਵਾਲੀਆ ਹੋਣਾਂ ਨਾਲ ਵੀ ਫੋਨ ਦੇ ਉੱਤੇ ਮਿਲਾਪ ਹੋ ਗਿਆ। ਗੱਲੀਬਾਤੀਂ ਇਹ ਵੀ ਪਤਾ ਲੱਗਾ ਕਿ ਉਨ੍ਹਾਂ ਦੀ ਹਰਭਜਨ ਮਾਨ ਦੇ ਨਾਲ ਰਿਸ਼ਤੇਦਾਰੀ ਸੀ। ਪੰਜਾਬੀ ਸਿਨਮੇ ਬਾਰੇ ਗੱਲਬਾਤ ਕਰਦਿਆਂ ਇਕਬਾਲ ਹੋਣਾਂ ਕਿਹਾ ਕਿ ਇਹ ਹਰਭਜਨ ਮਾਨ ਦਾ ਮੋਬਾਈਲ ਨੰਬਰ ਤੇ ਉਸ ਨਾਲ ਸਿੱਧੀ ਗੱਲ ਕਰੋ। ਮੈਂ ਸੋਚਿਆ ਕਿ ਸਿੱਧੀ ਗੱਲਬਾਤ ਕਰਨ ਨਾਲੋਂ ਚੰਗਾ ਹੈ ਕਿ ਕੋਈ ਚੀਜ਼ ਚਰਚਾ ਦਾ ਵਿਸ਼ਾ ਬਣ ਕੇ ਹੀ ਨੇਪਰੇ ਚੜ੍ਹੇ ਇਸ ਕਰਕੇ ਹਰਭਜਨ ਮਾਨ ਨਾਲ ਕਦੀ ਸਿੱਧੀ ਗੱਲ ਦਾ ਸਬੱਬ ਨਾ ਬਣਿਆ। ਬੀਤੇ ਦੋ ਦਿਨਾਂ ਦੌਰਾਨ ਜਦ ਹਰਭਜਨ ਨਾਲ ਇਸ ਤਰ੍ਹਾਂ ਪਹਿਲੀ ਵਾਰ ਮੇਲ ਹੋਇਆ ਤਾਂ ਵਾਕਿਆ ਹੀ ਬੀਤੇ ਦੋ ਦਹਾਕਿਆਂ ਦੇ ਚੱਲ ਰਹੇ ਖ਼ਿਆਲ ਇੱਕ ਵਾਰ ਬਹੁਤ ਖੁਸ਼ਨੁਮਾ ਤੌਰ ਦੇ ਉੱਤੇ ਥੰਮ ਗਏ।

ਬੀਤੀ ਰਾਤ ਚਲਦੇ ਅਖਾੜੇ ਦੇ ਵਿੱਚ ਜਦੋਂ ਵਕ਼ਫ਼ਾ ਪਾਉਣ ਦਾ ਮੌਕਾ ਆਇਆ ਤਾਂ ਹਰਭਜਨ ਮਾਨ ਨੇ ਛੋਟੇ ਵੀਰ ਗੁਰਪ੍ਰੀਤ ਨੂੰ ਇਹ ਜ਼ਰੂਰੀ ਬੇਨਤੀ ਕੀਤੀ ਕਿ ਵਕ਼ਤ ਦੀ ਪਾਬੰਦੀ ਰੱਖਿਓ। ਪਰ ਜਿਵੇਂ ਕਿ ਆਮ ਹੁੰਦਾ ਹੀ ਹੈ, ਇਸ਼ਤਿਹਾਰ ਦੇਣ ਵਾਲੇ ਸਰਪ੍ਰਸਤਾਂ ਨੂੰ ਸਨਮਾਨ ਦਿੰਦੇ ਹੋਇਆਂ ਘੜ੍ਹੀ ਨੇ ਜ਼ਿਆਦਾ ਵਕ਼ਤ ਲੈ ਹੀ ਲਿਆ। ਅਖਾੜਾ ਮੁੜ ਸ਼ੁਰੂ ਕਰਦਿਆਂ ਹਰਭਜਨ ਮਾਨ ਨੇ ਕਿਹਾ ਕਿ ਉਹੀ ਗੱਲ ਹੋ ਜਾਂਦੀ ਹੈ ਕਿ ਗੱਡੀ ਪਹਿਲੇ ਗੇੜ ਚ ਫਿਰ ਪਾਉਣੀ ਪੈਂਦੀ ਹੈ। ਭਾਵੇਂ ਕਿ ਇਸ਼ਤਿਹਾਰ ਦੇਣ ਵਾਲੇ ਸਰਪ੍ਰਸਤਾਂ ਨੂੰ ਸਨਮਾਨ ਦੇਣਾ ਬਹੁਤ ਜ਼ਰੂਰੀ ਹੈ ਪਰ ਮੇਰੀ ਜਾਚੇ ਕਿਸੇ ਵੀ ਅਖਾੜੇ ਦੇ ਸ਼ੁਰੂ ਹੋਣ ਤੋਂ ਠੀਕ ਪੰਦਰਾਂ ਮਿੰਟ ਪਹਿਲਾਂ ਹੀ ਇਹ ਦੇ ਦੇਣਾ ਚਾਹੀਦਾ ਹੈ ਅਤੇ ਜਦੋਂ ਵਕ਼ਫ਼ਾ ਲੈਣ ਦਾ ਵਕਤ ਆਵੇ ਉਦੋਂ ਬਿਲਕੁਲ ਥੋੜ੍ਹੇ ਜਿਹੇ ਵਕ਼ਤ ਵਿੱਚ ਹੀ ਇਨ੍ਹਾਂ ਸਾਰਿਆਂ ਸਰਪ੍ਰਸਤਾਂ ਨੂੰ ਫਟਾ-ਫੱਟ ਇਕੱਠਿਆਂ ਮੰਚ ਦੇ ਉੱਤੇ ਬੁਲਾ ਕੇ ਤਸਵੀਰ ਅੰਦਾਜ਼ੀ ਕਰ ਲੈਣੀ ਚਾਹੀਦੀ ਹੈ।

ਅੱਜ ਜਦ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਹਰਭਜਨ ਮਾਨ ਹੋਰਾਂ ਦੀ ਵੈਲਿੰਗਟਨ ਤੋਂ ਆਕਲੈਂਡ ਦੇ ਲਈ ਰੁਖ਼ਸਤੀ ਹੈ ਤੇ ਪ੍ਰਬੰਧਕ ਖੁਸ਼ਨੁਮਾ ਯਾਦਾਂ ਨਾਲ ਲਬਰੇਜ਼ ਉਨ੍ਹਾਂ ਨੂੰ ਚਾਈਂ-ਚਾਈਂ ਹਵਾਈ ਅੱਡੇ ਛੱਡਣ ਜਾਣਗੇ। ਪ੍ਰਬੰਧਕ ਹਰਭਜਨ ਮਾਨ ਹੋਰਾਂ ਦੀ ਵੈਲਿੰਗਟਨ ਆਮਦ ਵੇਲੇ ਉਨ੍ਹਾਂ ਨੂੰ ਸਿੱਧਾ ਮਾਉਂਟ ਵਿਕਟੋਰੀਆ ਲੈ ਗਏ ਜਿੱਥੇ ਸਾਰੇ ਵੈਲਿੰਗਟਨ ਸ਼ਹਿਰ ਦੇ ਤਿੰਨ ਸੌ ਸੱਠ ਡਿਗਰੀ ਨਜ਼ਾਰੇ ਆਉਂਦੇ ਹਨ। ਵੈਲਿੰਗਟਨ ਨਾ ਸਿਰਫ ਨਿਊਜ਼ੀਲੈਂਡ ਦੀ ਰਾਜਧਾਨੀ ਹੈ ਸਗੋਂ ਇਹ ਨਿਊਜ਼ੀਲੈਂਡ ਦੀ ਸਭਿਆਚਾਰਕ ਰਾਜਧਾਨੀ ਵੀ ਹੈ। ਵੈਲਿੰਗਟਨ ਦਾ ਕੈਫ਼ੈ ਕਲਚਰ ਵੀ ਬਹੁਤ ਮਸ਼ਹੂਰ ਹੈ। ਅਮੂਮਨ ਅਸੀਂ ਜਦ ਆਪਣੇ ਪ੍ਰਾਹੁਣਿਆਂ ਨੂੰ ਵੈਲਿੰਗਟਨ ਹਵਾਈ ਅੱਡੇ ਜਹਾਜ਼ ਚੜ੍ਹਾਉਣ ਜਾਂਦੇ ਹਾਂ ਤਾਂ ਉਨ੍ਹਾਂ ਨੂੰ ਰਸਤੇ ਦੇ ਵਿੱਚ ਟੋਰੀ ਸਟ੍ਰੀਟ ਦੇ ਉੱਤੇ ਹਵਾਨਾ ਕੌਫ਼ੀ ਜ਼ਰੂਰ ਪਿਆ ਕਿ ਲਿਜਾਈ ਦਾ ਹੈ। ਵੇਖੋ ਹਰਭਜਨ ਮਾਨ ਨੂੰ ਇਹ ਕੌਫ਼ੀ ਨਸੀਬ ਹੁੰਦੀ ਹੈ ਕਿ ਨਹੀਂ!!

ਪਿਛਲਿਖਤ:
ਹਰਭਜਨ ਮਾਨ ਦੀ ਵੈਲਿੰਗਟਨ ਫੇਰੀ ਬਾਰੇ ਤਸਵੀਰਾਂ ਇਥੇ, ਇਥੇ ਅਤੇ ਇਥੇ ਵੇਖੀਆਂ ਜਾ ਸਕਦੀਆਂ ਹਨ।

Posted in ਚਰਚਾ

ਪੰਜਾਬੀ ਲਈ ਹੇਜ?

ਹਾਲ ਵਿੱਚ ਹੀ ਇੱਕ ਖਬਰ ਇਹ ਪਤਾ ਲੱਗੀ ਹੈ ਕਿ ਪੰਜਾਬ ਦੇ ਕੁਝ ਰਾਜਨੇਤਾਵਾਂ ਨੇ ਪੰਜਾਬ ਦੀ ਵਿਧਾਨ ਸਭਾ ਚੋਂ ਵਾਕਆਊਟ ਕੀਤਾ ਹੈ। ਉਨ੍ਹਾਂ ਦੀ ਮੰਗ ਸੀ ਕਿ ਰਾਜਪਾਲ ਆਪਣਾ ਭਾਸ਼ਣ ਪੰਜਾਬੀ ਵਿੱਚ ਪੜ੍ਹੇ। ਗੱਲ ਤਾਂ ਬਹੁਤ ਵਧੀਆ ਕੀਤੀ।  ਵਾਕਿਆ ਹੀ ਪੰਜਾਬੀ ਦੀ ਪ੍ਰੋੜਤਾ ਕਰਨੀ ਚਾਹੀਦੀ ਹੈ। ਪਰ ਜਿਵੇਂ ਹੀ ਇਸ ਤੋਂ ਇੱਕ ਕਦਮ ਅੱਗੇ ਵਧਦੇ ਹਾਂ ਜਾਂ ਖ਼ਬਰ ਦਾ ਅਗਲਾ ਹਿੱਸਾ ਸੁਣਦੇ ਹਾਂ ਤਾਂ ਹੈਰਾਨ ਹੋ ਜਾਂਦੇ ਹਾਂ ਬੌਧਿਕ ਹੀਣ ਭਾਵ ਕਿਵੇਂ ਮਾਨਸਿਕਤਾ ਵਿੱਚ ਖੁੱਭਿਆ ਹੋਇਆ ਹੈ। ਇਸ ਦਾ ਪਤਾ ਇਥੋਂ ਲੱਗਦਾ ਹੈ ਜਦ ਇਨ੍ਹਾਂ ਹੀ ਰਾਜਨੇਤਾਵਾਂ ਨੇ ਇਹ ਮੰਗ ਕੀਤੀ ਕਿ ਜੇ ਪੰਜਾਬੀ ਵਿੱਚ ਭਾਸ਼ਣ ਨਹੀਂ ਪੜ੍ਹਨਾ ਤਾਂ ਹਿੰਦੀ ਵਿੱਚ ਪੜ੍ਹਿਆ ਜਾਵੇ।  

ਸ਼ਾਇਦ ਇਨ੍ਹਾਂ ਰਾਜਨੇਤਾਵਾਂ ਨੂੰ ਇਹ ਨਹੀਂ ਪਤਾ ਕਿ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਹਿੰਦੀ ਨੂੰ ਭਾਰਤ ਦੀ ਕਿਸੇ ਹੋਰ ਭਾਸ਼ਾ ਤੇ ਉਪਰਲੀ ਥਾਂ ਹਾਸਲ ਨਹੀਂ ਹੈ। ਸੰਵਿਧਾਨਕ ਤੌਰ ਤੇ ਸਾਰੀਆਂ ਭਾਸ਼ਾਵਾਂ ਰਾਜ ਭਾਸ਼ਾਵਾਂ ਹਨ। ਹਿੰਦੀ ਸਾਰੀਆਂ ਕੌਮੀਅਤਾਂ ਦੀਆਂ ਜੜ੍ਹਾਂ ਵੱਢਣ ਤੇ ਲੱਗੀ ਹੋਈ ਹੈ। ਪਹਿਲਾਂ ਤਾਂ ਇਸ ਦੇ ਹਥਿਆਰ ਬਾਲੀਵੁੱਡ ਅਤੇ ਦੂਰਦਰਸ਼ਨ ਸਨ ਪਰ ਹੁਣ ਤਾਂ ਰਾਜਨੀਤੀ ਵਿੱਚ ਰਸਸ ਪੂਰੀ ਤਰ੍ਹਾਂ ਦਖ਼ਲਅੰਦਾਜ਼ ਹੋ ਚੁੱਕੀ ਹੈ। ਅਸਿੱਧੇ ਰੂਪ ਵਿੱਚ ਹਿੰਦੀ-ਰਸਸ ਅਜਾਰੇਦਾਰਾਂ ਦੀ ਭਿਆਲ ਹੈ। ਹਾਂ ਜੇਕਰ ਇਸ ਦੀ ਬਜਾਏ ਇਹ ਰਾਜਨੇਤਾ ਇਹ ਕਹਿੰਦੇ ਕਿ ਰਾਜਪਾਲ ਇਸ ਭਾਸ਼ਣ ਦਾ ਮੁੱਖ ਅੰਸ਼ ਆਪਣੀ ਮਾਤ ਬੋਲੀ ਵਿੱਚ ਬੋਲ ਦੇਵੇ ਤਾਂ ਇਹ ਜ਼ਿਆਦਾ ਵਧੀਆ ਰਹਿਣਾ ਸੀ। ਰਾਜਨੇਤਾਵਾਂ ਦਾ ਇਹ ਕਹਿਣਾ ਕਿ ਉਨ੍ਹਾਂ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ ਉਨ੍ਹਾਂ ਦਾ ਨਿਜੀ ਮਸਲਾ ਹੈ ਜੋ ਕਾਵਾਂਰੌਲ਼ੀ ਤੋਂ ਵੱਧ ਕੁਝ ਨਹੀਂ।    

ਇਸ ਤੋਂ ਅੱਗੇ ਬੌਧਿਕ ਕੰਗਾਲੀ ਵਾਲੀ ਵੀ ਗੱਲ ਆਉਂਦੀ ਹੈ। ਪੰਜਾਬ ਦੇ ਵਿੱਚ ਇਹ ਵੀ ਇੱਕ ਆਮ ਹੀ ਫੈਸ਼ਨ ਪ੍ਰਚੱਲਿਤ ਹੋ ਗਿਆ ਹੈ ਕਿ ਅੰਗਰੇਜ਼ੀ ਦਾ ਵਿਰੋਧ ਕਰੀ ਜਾਓ। ਦੂਜੇ ਪਾਸੇ ਭੇਡ ਚਾਲ ਇਹ ਵੀ ਹੈ ਕਿ ਧੜਾ ਧੜ ਪਿੰਡਾਂ ਵਿੱਚ ਵੀ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਖੁੱਲ੍ਹ ਰਹੇ ਹਨ ਜਿੱਥੇ ਪੰਜਾਬੀ ਬੋਲਣ ਦੀ ਮਨਾਹੀ ਹੁੰਦੀ। ਇਸ ਸਭ ਕਾਸੇ ਦੇ ਬਾਵਜੂਦ ਇਹ ਨਹੀਂ ਸਮਝ ਆਉਂਦਾ ਕਿ ਜਦ ਦੱਖਣੀ ਏਸ਼ੀਆ ਦੇ ਹੋਰ ਖਿੱਤਿਆਂ ਵਿੱਚੋਂ ਅੰਗਰੇਜ਼ੀ ਦੇ ਵਧੀਆ ਲੇਖਕ, ਪੱਤਰਕਾਰ ਅਤੇ ਕਵੀ ਪੈਦਾ ਹੋ ਰਹੇ ਹਨ ਤਾਂ ਇਸੇ ਭੇਡ-ਚਾਲੇ ਪਏ ਪੰਜਾਬ ਨੇ ਖ਼ਾਸ ਤੌਰ ਪਿਛਲੇ ਚਾਲ੍ਹੀ ਕੁ ਸਾਲਾਂ ਦੌਰਾਨ ਕੋਈ ਮਾਰਕੇ ਦਾ ਅੰਗਰੇਜ਼ੀ ਲੇਖਕ, ਪੱਤਰਕਾਰ ਜਾਂ ਕੋਈ ਕਵੀ ਕਿਉਂ ਨਹੀਂ ਪੈਦਾ ਕੀਤਾ ਜੋ ਅੰਗਰੇਜ਼ੀ ਵਿੱਚ ਬਹੁਤ ਵਧੀਆ ਲਿਖਦਾ ਹੋਵੇ?

Posted in ਖੋਜ, ਚਰਚਾ, ਮਿਆਰ

ਉਚੇਰੀ ਪੜ੍ਹਾਈ ਅਤੇ ਖੋਜ

ਅੱਜ ਐਵੇਂ ਬੈਠੇ ਬੈਠੇ ਖਿਆਲ ਆਇਆ ਕਿ ਕਿਉਂ ਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਵਿਕਟੋਰੀਆ ਯੂਨੀਵਰਸਿਟੀ ਵੈਲਿੰਗਟਨ ਦੀਆਂ ਸਾਹਿਤ ਦੀਆਂ ਮਾਸਟਰ ਡਿਗਰੀਆਂ ਦੀ ਪ੍ਰੀਖਿਆ ਪ੍ਰਣਾਲੀਆਂ ਦਾ ਆਪਸੀ ਵਿਸ਼ਲੇਸ਼ਣ ਕੀਤਾ ਜਾਵੇ।

ਵਿਕਟੋਰੀਆ ਯੂਨੀਵਰਸਿਟੀ ਵੈਲਿੰਗਟਨ ਦੀ ਐਮ. ਏ. ਅੰਗਰੇਜ਼ੀ ਦੇ ਜਿੰਨੇ ਵੀ ਪੇਪਰ ਵੇਖੇ, ਉਨ੍ਹਾਂ ਦੇ ਵਿੱਚ ਅਸਾਈਨਮੈਂਟ ਬਹੁਤੀਆਂ ਲਿਖਤੀ ਰੂਪ ਦੇ ਵਿੱਚ ਖੋਜ-ਪੱਤਰ ਅਤੇ ਨਿਬੰਧ ਆਦਿਕ ਸਨ ਤੇ ਸੱਠ ਫੀਸਦੀ ਨੰਬਰਾਂ ਤੱਕ ਦਾ ਵਜ਼ਨ ਸੀ ਅਤੇ ਆਖਰੀ ਇਮਤਿਹਾਨ ਜਿਹੜਾ ਤਿੰਨ ਘੰਟੇ ਦਾ, ਉਸ ਦਾ ਤੀਹ ਤੋਂ ਚਾਲੀ ਫੀਸਦੀ ਤੱਕ ਵਜ਼ਨ ਸੀ।

ਇਸ ਦੇ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਐਮ. ਏ. ਪੰਜਾਬੀ ਦੇ ਪਰਚਿਆਂ ਦਾ ਸਾਰਾ ਜ਼ੋਰ ਆਖਰੀ ਇਮਤਿਹਾਨ ਜਿਹੜਾ ਤਿੰਨ ਘੰਟਿਆਂ ਦਾ ਹੁੰਦਾ ਹੈ ਉਸ ਉਤੇ ਹੀ ਹੈ। ਖੋਜ-ਪੱਤਰ ਨਿਬੰਧ ਆਦਿ ਵਾਸਤੇ ਸਿਰਫ਼ ਪੰਦਰਾਂ ਫ਼ੀਸਦੀ ਤੱਕ ਹੀ ਨੰਬਰਾਂ ਦਾ ਵਜ਼ਨ ਰੱਖਿਆ ਗਿਆ ਹੈ।

ਇਸ ਤੋਂ ਇਹੀ ਜ਼ਾਹਿਰ ਹੁੰਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਹਾਲੇ ਵੀ ਉੱਚੇਰੀ ਪੜ੍ਹਾਈ ਦੇ ਪੱਧਰ ਤੇ ਵਿਦਿਆਰਥੀਆਂ ਦਾ ਖੋਜ ਦਾ ਕੰਮ ਨਾ ਮਾਤਰ ਹੀ ਹੈ। ਕਿਸੇ ਵੀ ਵਿਸ਼ੇ ਜਾਂ ਬੋਲੀ ਬਾਰੇ ਜਿੰਨਾ ਜ਼ਿਆਦਾ ਖੋਜਾਤਮਕ ਕੰਮ ਹੋਵੇਗਾ ਉਸ ਦਾ ਉਨਾ ਹੀ ਜ਼ਿਆਦਾ ਮਿਆਰ ਵਧੇਗਾ।

Posted in ਚਰਚਾ

ਵ੍ਹਾਟਸਐਪ

ਵ੍ਹਾਟਸਐਪ ਤੇ ਜੋ ਕੁਝ ਵੀ ਚੱਲ ਰਿਹਾ ਹੈ ਉਸ ਨੂੰ ਵੇਖ ਕੇ ਇਕ ਗੱਲ ਤਾਂ ਬਿਲਕੁਲ ਸਪਸ਼ਟ ਹੋ ਜਾਂਦੀ ਹੈ। ਉਹ ਇਹ ਕਿ ਲੋਕਾਂ ਨੂੰ ਵ੍ਹਾਟਸਐਪ ਰਾਹੀਂ ਸਿਰ ਝਸਵਾਉਣ ਦਾ ਤਾਂ ਬਹੁਤ ਸ਼ੌਕ ਹੈ ਪਰ ਉਹ ਉਸੇ ਸਿਰ ਨਾਲ ਸੋਚਣਾ ਬਿਲਕੁਲ ਨਹੀਂ ਚਾਹੁੰਦੇ!

 

Posted in ਚਰਚਾ

ਹੀਰ ਵੰਨਾ ਪੰਜਾਬ!!

ਸੁਮੇਲ ਸਿੰਘ ਸਿੱਧੂ ਦਾ ਲੇਖ “ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁੱਧ ਦੀ ਸੇਧ ਦਾ ਸਵਾਲ” ਹਾਲ ਵਿੱਚ ਹੀ ਪੰਜਾਬੀ ਟ੍ਰਿਬਿਊਨ ਵਿੱਚ ਦੋ ਕਿਸ਼ਤਾਂ ਵਿੱਚ ਛਪਿਆ ਹੈ। ਜਿਸਦੀ ਪਹਿਲੀ ਕਿਸ਼ਤ ਇਥੇ ਅਤੇ ਦੂਜੀ ਕਿਸ਼ਤ ਇਥੇ ਪੜ੍ਹੀ ਜਾ ਸਕਦੀ ਹੈ।

ਮੈਂ ਦੋਵੇਂ ਲੇਖ ਇਕ ਨਹੀਂ ਸਗੋਂ ਦੋ-ਦੋ ਵਾਰ ਪੜ੍ਹੇ ਹਨ। ਦੂਜੀ ਵਾਰ ਪੜ੍ਹਦੇ ਵੇਲ਼ੇ ਮੈਂ ‘ਸੇਧ ਦਾ ਸਵਾਲ’ ਉੱਤੇ ਹੀ ਅੱਖ ਰੱਖੀ। ਮੈਂ ਵਾਕ-ਦਰ-ਵਾਕ ਲੇਖ ਨੂੰ ਮੋਟਾ-ਮੋਟਾ ਸਮਝਣ ਦੀ ਕੋਸ਼ਿਸ਼ ਕੀਤੀ ਹੈ।

ਲੇਖ ਦੀ ਸ਼ੁਰੂਆਤ ਸਵਰਾਜਬੀਰ ਦੇ ਹਵਾਲੇ ਦੇ ਨਾਲ ਹੁੰਦੀ ਹੈ। ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕਿ ਸਵਰਾਜਬੀਰ ਕੌਣ ਹੈ ਤੇ ਨਾ ਹੀ ਇਸ ਬਾਰੇ ਪਤਾ ਹੈ ਕਿ ਸਵਰਾਜਬੀਰ ਉਸ ਕਿਸ ਕਸਵੱਟੀ ਦੀ ਗੱਲ ਕਰਦਾ ਹੈ ਜਿਸ ਕਰਕੇ ਸੁਮੇਲ ਨੇ ਉਸ ਨੂੰ ਪਹਿਲੇ ਹੀ ਵਾਕ ਵਿੱਚ ਲਿਆ ਖੜ੍ਹਾ ਕੀਤਾ ਹੈ। ਨਿਊਜ਼ੀਲੈਂਡ ਵਿੱਚ ਰਹਿਣ ਕਰਕੇ ਪੰਜਾਬੀ ਸਾਹਿਤ ਨਾਲ ਮੇਰੀ ਤੰਦ ਸਿਰਫ਼ ਇੰਟਰਨੈਟ ਕਰਕੇ ਹੀ ਜੁੜੀ ਹੋਈ ਹੈ। ਖੋਜ ਕਰਣ ਤੇ ਇਹ ਤਾਂ ਪਤਾ ਲੱਗ ਗਿਆ ਕਿ ਸਵਰਾਜਬੀਰ ਕੌਣ ਹੈ ਪਰ ਉਸਦੀ ਕੋਈ ਲਿਖਤ ਪੜ੍ਹਣ ਜਾਂ ਖਰੀਦਣ ਲਈ ਕਿਤੇ ਨਹੀਂ ਲੱਭੀ। ਅੱਗੇ ਚੱਲ ਕੇ ਲੇਖਕ ਨੇ ਸਵਰਾਜਬੀਰ ਦੀ ‘ਅਟਕਲ’ ਦੀ ਗੱਲ ਕੀਤੀ ਹੈ ਜਿਸ ਵਿੱਚ ਇਹ ਤੁਕ ਸ਼ਾਮਲ ਹੈ:
“ਥੋੜ੍ਹਾ ਸੱਚ ਤੇ ਥੋੜ੍ਹਾ ਝੱਲ ਹੋਵੇ”

ਝੱਲ ਸ਼ਬਦ ਦੀ ਵਰਤੋਂ ਮੈਨੂੰ ਥੋੜ੍ਹਾ ਜਿਹਾ ਸ਼ਸ਼ੋਪੰਜ ਵਿੱਚ ਪਾ ਦਿੰਦੀ ਹੈ। ਸਵਰਾਜਬੀਰ ਨੂੰ ਤਾਂ ਆਪਣੀ ਲਿਖਤ ਵਿੱਚ ਬਤੌਰ ਲੇਖਕ ਕੁਝ ਵੀ ਕਹਿਣ ਦਾ ਹੱਕ ਹੈ ਪਰ ਜਦ ਸਾਡਾ ਧਿਆਨ ‘ਧਰਮ ਯੁੱਧ’ ਅਤੇ ‘ਸੇਧ’ ਵਰਗੇ ਸ਼ਬਦਾਂ ਤੇ ਹੋਵੇ ਤਾਂ ਝੱਲ ਜਾਂ ਸ਼ਰਧਾਵਾਨ ਰੂਪੀ ਪਹੁੰਚ ਤਾਂ ਸਾਨੂੰ ਖੁਆਰ ਕਰਨ ਵਿੱਚ ਬਹੁਤਾ ਚਿਰ ਨਹੀਂ ਲਾਵੇਗੀ।

ਅੱਗੇ ਚੱਲ ਕੇ ਲੇਖਕ ਨੇ ‘ਨਵੀਂ ਗੱਲ’ ਦੇ ‘ਜੇਰਾ’ ਲੈ ਕੇ ‘ਮਸਲੇ ਵਿਚਾਰਨ-ਨਿਤਾਰਨ ਦੀਆਂ ਸਿਲਸਿਲੇਵਾਰ ਬੈਠਕਾਂ’ ਤੇ ਨਜ਼ਰਸਾਨੀ ਕੀਤੀ ਹੈ। ਉਪਰ ਗੱਲ ਧਰਮ ਯੁੱਧ ਦੀ ਚੱਲਦੀ ਸੀ ਪਰ 1947 ਤੋਂ ਪਹਿਲਾ ਦਾ ਪੰਜਾਬ, 1947 ਤੋਂ ਬਾਅਦ ਦੇ ਪੰਜਾਬ ਨਾਲ ਧਰਮ ਯੁੱਧ ਰਾਹੀਂ ਕਿਵੇਂ ਜੁੜਦਾ ਹੈ ਇਸ ਦਾ ਕੋਈ ਸੂਤਰ ਬੰਨ੍ਹੇ ਬਿਨਾਂ ਲੇਖਕ ਨੇ ਸਾਡੇ ਦਰਮਿਆਨ ‘ਹੀਰਵੰਨੀ’ ਲਿਸ਼ਕ ਲਿਆ ਖੜ੍ਹੀ ਕਰ ਦਿੱਤੀ। ਜੇਕਰ ‘1947 ਵੰਡ ਦੀ ਮਾਰੂ ਫ਼ਸਲ ਤੋਂ ਅਸੀਂ ਅੱਜ ਵੀ ਹਰ ਪੱਧਰ ’ਤੇ ਹਾਰੇ ਹੋਏ ਹਾਂ’ ਤਾਂ ਕੀ 1966 ਵਿੱਚ ਸਾਡੀ ਜਿੱਤ ਹੋਈ ਸੀ ਕਿ ਹਾਰ? ਜੇਕਰ ਇਹ ਜਿੱਤ ਸੀ ਤਾਂ ਉਪਰ ਲਿਖਿਆ ਗਿਆ 1947 ਤੋਂ ਬਾਅਦ ਦੀ ਹਰ ਪੱਧਰ ਦੀ ਹਾਰ ਦਾ ਬਿਰਤਾਂਤ ਕੀ ਟੁੱਟ ਨਹੀਂ ਗਿਆ? ਜੇਕਰ ਇਹ ਹਾਰ ਸੀ ਤਾਂ 1947 ਵਾਲੀ ਇਕ ਹਾਰ ਤੋਂ ਬਾਅਦ 1966 ਵਿੱਚ ਦੂਜੀ ਹਾਰ ਬਾਰੇ ਲੇਖਕ ਨੇ ਤਰੱਕੀ ਅਤੇ ਖੁਸ਼ਹਾਲੀ ਦੀਆਂ ਗੱਲਾਂ ਕਰਨ ਦੀ ਕਾਹਲ ਕਿਉਂ ਕੀਤੀ?

ਲੇਖਕ ਨੇ ਸਟਾਲਿਨਪ੍ਰਸਤਾਂ ਦਾ ਹਵਾਲਾ ਦੇ “ਸਿੱਖੀ ਨੂੰ ਸਾਧਾਂ-ਸੰਤਾਂ ਦੀ ਅੰਨ੍ਹੀ-ਬੋਲ਼ੀ ਸ਼ਰਧਾ ਦੇ ਕਿੱਲੀਂ ਬੰਨ੍ਹ” ਦਿੱਤੇ ਜਾਣ ਦੀ ਗੱਲ ਜ਼ਰੂਰ ਕੀਤੀ ਹੈ ਪਰ ਉਸੇ ਤਰ੍ਹਾਂ ਹੀ ‘ਸਭੈ ਸਾਂਝੀਵਾਲ ਸਦਾਇਨਿ’, ‘ਸਗਲਿ ਸੰਗ ਹਮ ਕਉ ਬਨਿ ਆਈ’ ਜਾਂ ‘ਖ਼ਾਲਕ ਖ਼ਲਕ ਮਾਹਿ’ ਵਰਗੇ ਸੂਖਮ ਸਿਧਾਂਤਕ ਗੁਣਾਂ ਤੋਂ ਮੂੰਹ ਭੁਆਂ ਲੈਣ ਨੂੰ ਵੀ ਗੋਲ ਮੋਲ ਕਰ ਦਿੱਤਾ ਹੈ। ਲੇਖਕ ਨੂੰ ਚਾਹੀਦਾ ਸੀ ਕਿ ਉਹ ਇੱਥੇ ਹੀ ਰੁਕ ਜਾਂਦਾ ਤੇ ਛਾਨਣਾ ਲਾ ਕੇ ਕੁਝ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾ। ਮਿਸਾਲ ਦੇ ਤੌਰ ਤੇ ਜਲੰਧਰ ਦੇ ਇਕ ਅਖ਼ਬਾਰ ਦਾ ਸਟਾਲਿਨਪ੍ਰਸਤ ਸੰਪਾਦਕ ਜੋ ਟੈਲੀਵਿਜ਼ਨ ਤੇ ਵੀ ਆਉਂਦਾ ਹੈ, ਉਸ ਨੂੰ ਗੱਲਾਂ ਕਰਕੇ ਗੁਰਬਾਣੀ ਦੀ ਕੋਈ ਤੁਕ ਵਰਤ ਕੇ ਉਸ ਦੇ ਮਨਘੜੰਤ ਮਤਲਬ ਕੱਢਣ ਦੀ ਲੋੜ ਕਿਉਂ ਮਹਿਸੂਸ ਹੁੰਦੀ ਹੈ। ਜਾਂ ਫਿਰ ਦੂਜੇ ਬੰਨੇ ਇਹ ਗੱਲ ਕਿ ਡੇਰਿਆਂ ਦੀ ਸਿੱਖੀ ਵਿੱਚ ਘੁਸਪੈਠ ਕਿਵੇਂ ਹੋਈ? ਕੀ ਇਨ੍ਹਾਂ ਡੇਰਿਆਂ ਦੀ ਗੁਰੂ ਕੇ ਬਾਗ਼ ਜਾਂ ਚਾਬੀਆਂ ਵਾਲੇ ਮੋਰਚੇ ਦੌਰਾਨ ਕੋਈ ਹੈਸੀਅਤ ਵੀ ਸੀ? ਇਨ੍ਹਾਂ ਮੁੱਦਿਆਂ ਤੇ ਵਿਸਤਾਰ ਸਹਿਤ ਗੱਲ ਕੀਤੇ ਬਿਨਾਂ ਅਸੀਂ ਜੋ ਮਰਜ਼ੀ ਲਫ਼ਜ਼ੀ ਛੱਲੇ ਛੱਡੀ ਚਲੀਏ ਸੰਵਾਦ ਕਿਸੇ ਵੀ ਤਰ੍ਹਾਂ ਅੱਗੇ ਨਹੀਂ ਵੱਧੇਗਾ।

1984 ਨੂੰ ਲੈ ਕੇ ਭਾਵੇਂ ਸਟਾਲਿਨਪ੍ਰਸਤਾਂ ਦੀ ਗੱਲ ਕਰ ਲਈਏ ਤੇ ਭਾਵੇਂ ਖਾੜਕੂਆਂ ਦੀ। ਮੇਰੇ ਮਨ ਵਿੱਚ ਇਕ ਸਵਾਲ ਵਾਰ ਵਾਰ ਉਠਦਾ ਹੈ ਜਿਸ ਦਾ ਜਵਾਬ ਕੋਈ ਵੀ ਲੇਖਕ ਦੇਣ ਦੀ ਕੋਸ਼ਿਸ਼ ਨਹੀਂ ਕਰਦਾ। ਜੇਕਰ ਸਟਾਲਿਨਪ੍ਰਸਤ ਅਤੇ ਖਾੜਕੂ ਲਕੀਰ ਦੇ ਦੋ ਵੱਖਰਿਆਂ ਪਾਸਿਆਂ ਤੇ ਖੜ੍ਹੇ ਸਨ ਤਾਂ ਕੀ ਗੱਲ ਸੀ ਕਿ ਪੰਜਾਬ ਤੋਂ ਬਾਹਰ ਦੋਹੇਂ ਧਿਰਾਂ ਸਿਰਫ਼ ਅਮਰੀਕਾ-ਇੰਗਲੈਂਡ-ਕੈਨੇਡਾ ਜਾ ਕੇ ਹੀ ਵੱਸਦੀਆਂ ਰਹੀਆਂ? ਸਟਾਲਿਨਪ੍ਰਸਤ ਕਿਸੇ ਸਟਾਲਿਨ ਪੱਖੀ ਮੁਲਕ ਵਿੱਚ ਜਾ ਕੇ ਕਿਉਂ ਨਹੀਂ ਵੱਸ ਗਏ?

ਲੇਖ ਦੀ ਪਹਿਲੀ ਕਿਸ਼ਤ ਦੇ ਅਖੀਰ ਵਿੱਚ ਲੇਖਕ ਨੇ ਇਤਿਹਾਸਕ ਰੋਲ ਦੀ ਨਿਰਭਉ ਪੜਚੋਲ ਨੂੰ ਹੱਥ ਪਾਉਣ ਦੀ ਗੱਲ ਕੀਤੀ ਹੈ ਜਿਸ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ।

ਲੇਖ ਦੀ ਦੂਜੀ ਕਿਸ਼ਤ ਵਿੱਚ ਸੁਮੇਲ ਸਿੰਘ ਸਿੱਧੂ ਨੇ ਬਹੁਤਾ ਕਰਕੇ ਇਤਿਹਾਸ ਨੂੰ ਫਰੋਲਦਿਆਂ ਹੋਇਆਂ ਟਿੱਪਣੀਆਂ ਕੀਤੀਆਂ ਹਨ ਜੋ ਭਾਵੇਂ ਬਿਲਕੁਲ ਠੀਕ ਹਨ ਪਰ ਮੇਰੀ ਜਾਚੇ ‘ਧਰਮ ਯੁੱਧ ਦੀ ਸੇਧ’ ਦੇ ਸੰਦਰਭ ਵਿੱਚੋਂ ਉੱਕਾ ਹੀ ਬਾਹਰ ਹਨ। ਅੱਜ ਜੇ ਕੋਈ ਲੋੜ ਤਾਂ ਉਹ ਹੈ ਸਿਰਫ਼ ਔਖੇ ਸਵਾਲ ਪੁੱਛਣ ਦੀ ਸ਼ੁਰੂਆਤ ਕਰਨ ਦੀ। ਸਭ ਤੋਂ ਪਹਿਲੀ ਲੋੜ ਹੈ ਸਟਾਲਿਨਪ੍ਰਸਤਾਂ ਨੂੰ ਸ਼ੀਸ਼ਾ ਵਖਾਉਣ ਦੀ। ਉਨ੍ਹਾਂ ਨੂੰ ਇਹ ਦੱਸਣ ਦੀ ਕਿ ਉਹ ਆਰਥਕ-ਰਾਜਨੀਤਕ-ਸਮਾਜਕ ਸੱਚਾਈਆਂ ਤੋਂ ਕੋਰੇ ਹੋਏ ਕਿਵੇਂ ਕਿਸੇ ਖਿਆਲੀ ਸਟਾਲਿਨੀ ਕਿਲ੍ਹੇ ਵਿੱਚ ਸ਼ਰਧਾਵਾਨ ਹੋਏ ਬੈਠੇ ਹਨ ਅਤੇ ਦੂਜਾ ਇਹ ਕਿ ਉਨ੍ਹਾਂ ਨੂੰ ਗੁਰਬਾਣੀ ਦੀ ਉੱਕਾ ਹੀ ਸਮਝ ਨਹੀਂ।

ਦੂਜੇ ਪਾਸੇ ਜਿਹੜੇ ਡੇਰੇ ਆਪਣੇ ਆਪ ਨੂੰ ਇਤਿਹਾਸਕ ਦੱਸਦੇ ਹੋਏ ਸਿੱਖੀ ਨੂੰ ਝੂਠ ਦਾ ਜੱਫਾ ਮਾਰੀ ਬੈਠੇ ਹਨ, ਲੋੜ ਹੈ ਉਸ ਝੂਠ ਨੂੰ ਨੰਗਾ ਕਰਨ ਦੀ ਅਤੇ ਉਸ ਜੱਫੇ ਨੂੰ ਤੋੜਨ ਦੀ। ਪਿਛਲੇ ਤਿੰਨ ਦਹਾਕਿਆਂ ਤੋਂ ਅਸੀਂ 1984 ਦਾ ਬਿਰਤਾਂਤ ਸ਼ਰਧਾ ਦੇ ਚਸ਼ਮੇਂ ਰਾਹੀਂ ਪੜ੍ਹਦੇ-ਵੇਖਦੇ ਆ ਰਹੇ ਹਾਂ। ਲੋੜ ਹੈ 1966 ਤੋਂ ਬਾਅਦ ਦੇ ਪੰਜਾਬ ਦੇ ਇਤਿਹਾਸ ਨੂੰ ਸਿਰਫ ਸੱਚ ਅਤੇ ਸਬੂਤਾਂ ਦੀ ਕਸਵੱਟੀ ਤੇ ਪਰਖਣ ਅਤੇ ਲਿਖਣ ਦੀ। ਇਸ ਤਰ੍ਹਾਂ ਲਿਖਿਆ ਇਤਿਹਾਸ ਸਾਨੂੰ 1984 ਸਮਝਣ ਵਿੱਚ ਬਹੁਤ ਮਦਦ ਕਰੇਗਾ।  ਜੇਕਰ ਅਸੀਂ ਅਜਿਹੇ ਇਤਿਹਾਸ ਨੂੰ ਲਿਖਣ-ਸਾਂਭਣ ਵਿੱਚ ਕਾਮਯਾਬ ਹੋ ਜਾਵਾਂਗੇ ਤਾਂ ਸਾਨੂੰ ਦੋ ਫਾਇਦੇ ਹੋ ਜਾਣਗੇ। ਇਕ ਤਾਂ ਉਸ ਕਲੰਕ ਤੋਂ ਛੁਟਕਾਰਾ ਹੋ ਜਾਵੇਗਾ ਜਿਸਦੇ ਗੋਚਰੇ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੂੰ ਇਤਹਾਸ ਬਣਾਉਣਾ ਤਾਂ ਆਉਂਦਾ ਹੈ ਪਰ ਲਿਖਣਾ ਨਹੀਂ। ਦੂਜਾ ਸਾਡੇ ਵਿੱਚ ਸੱਚਾਈ ਦਾ ਕੌੜਾ ਘੁੱਟ ਪੀ ਜਾਣ ਦੀ ਹਿੰਮਤ ਆ ਜਾਵੇਗੀ ਤੇ ਸ਼ਰਧਾ ਦੀ ਚਾਸ਼ਣੀ ਦੀ ਮੁਥਾਜੀ ਤੋਂ ਨਿਜਾਤ ਮਿਲ ਜਾਵੇਗੀ।