ਹਾਲ ਵਿੱਚ ਹੀ ਇੱਕ ਖਬਰ ਇਹ ਪਤਾ ਲੱਗੀ ਹੈ ਕਿ ਪੰਜਾਬ ਦੇ ਕੁਝ ਰਾਜਨੇਤਾਵਾਂ ਨੇ ਪੰਜਾਬ ਦੀ ਵਿਧਾਨ ਸਭਾ ਚੋਂ ਵਾਕਆਊਟ ਕੀਤਾ ਹੈ। ਉਨ੍ਹਾਂ ਦੀ ਮੰਗ ਸੀ ਕਿ ਰਾਜਪਾਲ ਆਪਣਾ ਭਾਸ਼ਣ ਪੰਜਾਬੀ ਵਿੱਚ ਪੜ੍ਹੇ। ਗੱਲ ਤਾਂ ਬਹੁਤ ਵਧੀਆ ਕੀਤੀ। ਵਾਕਿਆ ਹੀ ਪੰਜਾਬੀ ਦੀ ਪ੍ਰੋੜਤਾ ਕਰਨੀ ਚਾਹੀਦੀ ਹੈ। ਪਰ ਜਿਵੇਂ ਹੀ ਇਸ ਤੋਂ ਇੱਕ ਕਦਮ ਅੱਗੇ ਵਧਦੇ ਹਾਂ ਜਾਂ ਖ਼ਬਰ ਦਾ ਅਗਲਾ ਹਿੱਸਾ ਸੁਣਦੇ ਹਾਂ ਤਾਂ ਹੈਰਾਨ ਹੋ ਜਾਂਦੇ ਹਾਂ ਬੌਧਿਕ ਹੀਣ ਭਾਵ ਕਿਵੇਂ ਮਾਨਸਿਕਤਾ ਵਿੱਚ ਖੁੱਭਿਆ ਹੋਇਆ ਹੈ। ਇਸ ਦਾ ਪਤਾ ਇਥੋਂ ਲੱਗਦਾ ਹੈ ਜਦ ਇਨ੍ਹਾਂ ਹੀ ਰਾਜਨੇਤਾਵਾਂ ਨੇ ਇਹ ਮੰਗ ਕੀਤੀ ਕਿ ਜੇ ਪੰਜਾਬੀ ਵਿੱਚ ਭਾਸ਼ਣ ਨਹੀਂ ਪੜ੍ਹਨਾ ਤਾਂ ਹਿੰਦੀ ਵਿੱਚ ਪੜ੍ਹਿਆ ਜਾਵੇ।
ਸ਼ਾਇਦ ਇਨ੍ਹਾਂ ਰਾਜਨੇਤਾਵਾਂ ਨੂੰ ਇਹ ਨਹੀਂ ਪਤਾ ਕਿ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਹਿੰਦੀ ਨੂੰ ਭਾਰਤ ਦੀ ਕਿਸੇ ਹੋਰ ਭਾਸ਼ਾ ਤੇ ਉਪਰਲੀ ਥਾਂ ਹਾਸਲ ਨਹੀਂ ਹੈ। ਸੰਵਿਧਾਨਕ ਤੌਰ ਤੇ ਸਾਰੀਆਂ ਭਾਸ਼ਾਵਾਂ ਰਾਜ ਭਾਸ਼ਾਵਾਂ ਹਨ। ਹਿੰਦੀ ਸਾਰੀਆਂ ਕੌਮੀਅਤਾਂ ਦੀਆਂ ਜੜ੍ਹਾਂ ਵੱਢਣ ਤੇ ਲੱਗੀ ਹੋਈ ਹੈ। ਪਹਿਲਾਂ ਤਾਂ ਇਸ ਦੇ ਹਥਿਆਰ ਬਾਲੀਵੁੱਡ ਅਤੇ ਦੂਰਦਰਸ਼ਨ ਸਨ ਪਰ ਹੁਣ ਤਾਂ ਰਾਜਨੀਤੀ ਵਿੱਚ ਰਸਸ ਪੂਰੀ ਤਰ੍ਹਾਂ ਦਖ਼ਲਅੰਦਾਜ਼ ਹੋ ਚੁੱਕੀ ਹੈ। ਅਸਿੱਧੇ ਰੂਪ ਵਿੱਚ ਹਿੰਦੀ-ਰਸਸ ਅਜਾਰੇਦਾਰਾਂ ਦੀ ਭਿਆਲ ਹੈ। ਹਾਂ ਜੇਕਰ ਇਸ ਦੀ ਬਜਾਏ ਇਹ ਰਾਜਨੇਤਾ ਇਹ ਕਹਿੰਦੇ ਕਿ ਰਾਜਪਾਲ ਇਸ ਭਾਸ਼ਣ ਦਾ ਮੁੱਖ ਅੰਸ਼ ਆਪਣੀ ਮਾਤ ਬੋਲੀ ਵਿੱਚ ਬੋਲ ਦੇਵੇ ਤਾਂ ਇਹ ਜ਼ਿਆਦਾ ਵਧੀਆ ਰਹਿਣਾ ਸੀ। ਰਾਜਨੇਤਾਵਾਂ ਦਾ ਇਹ ਕਹਿਣਾ ਕਿ ਉਨ੍ਹਾਂ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ ਉਨ੍ਹਾਂ ਦਾ ਨਿਜੀ ਮਸਲਾ ਹੈ ਜੋ ਕਾਵਾਂਰੌਲ਼ੀ ਤੋਂ ਵੱਧ ਕੁਝ ਨਹੀਂ।
ਇਸ ਤੋਂ ਅੱਗੇ ਬੌਧਿਕ ਕੰਗਾਲੀ ਵਾਲੀ ਵੀ ਗੱਲ ਆਉਂਦੀ ਹੈ। ਪੰਜਾਬ ਦੇ ਵਿੱਚ ਇਹ ਵੀ ਇੱਕ ਆਮ ਹੀ ਫੈਸ਼ਨ ਪ੍ਰਚੱਲਿਤ ਹੋ ਗਿਆ ਹੈ ਕਿ ਅੰਗਰੇਜ਼ੀ ਦਾ ਵਿਰੋਧ ਕਰੀ ਜਾਓ। ਦੂਜੇ ਪਾਸੇ ਭੇਡ ਚਾਲ ਇਹ ਵੀ ਹੈ ਕਿ ਧੜਾ ਧੜ ਪਿੰਡਾਂ ਵਿੱਚ ਵੀ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਖੁੱਲ੍ਹ ਰਹੇ ਹਨ ਜਿੱਥੇ ਪੰਜਾਬੀ ਬੋਲਣ ਦੀ ਮਨਾਹੀ ਹੁੰਦੀ। ਇਸ ਸਭ ਕਾਸੇ ਦੇ ਬਾਵਜੂਦ ਇਹ ਨਹੀਂ ਸਮਝ ਆਉਂਦਾ ਕਿ ਜਦ ਦੱਖਣੀ ਏਸ਼ੀਆ ਦੇ ਹੋਰ ਖਿੱਤਿਆਂ ਵਿੱਚੋਂ ਅੰਗਰੇਜ਼ੀ ਦੇ ਵਧੀਆ ਲੇਖਕ, ਪੱਤਰਕਾਰ ਅਤੇ ਕਵੀ ਪੈਦਾ ਹੋ ਰਹੇ ਹਨ ਤਾਂ ਇਸੇ ਭੇਡ-ਚਾਲੇ ਪਏ ਪੰਜਾਬ ਨੇ ਖ਼ਾਸ ਤੌਰ ਪਿਛਲੇ ਚਾਲ੍ਹੀ ਕੁ ਸਾਲਾਂ ਦੌਰਾਨ ਕੋਈ ਮਾਰਕੇ ਦਾ ਅੰਗਰੇਜ਼ੀ ਲੇਖਕ, ਪੱਤਰਕਾਰ ਜਾਂ ਕੋਈ ਕਵੀ ਕਿਉਂ ਨਹੀਂ ਪੈਦਾ ਕੀਤਾ ਜੋ ਅੰਗਰੇਜ਼ੀ ਵਿੱਚ ਬਹੁਤ ਵਧੀਆ ਲਿਖਦਾ ਹੋਵੇ?