Posted in ਚਰਚਾ, ਯਾਦਾਂ

ਸੜ੍ਹਕ ਦੀ ਨਵੀਂ ਪਰਤ

ਸੰਨ 2010 ਦੀ ਗੱਲ ਹੈ। ਉਸ ਸਾਲ ਸਾਡੇ ਬਜ਼ੁਰਗ ਪੰਜਾਬ ਤੋਂ ਸਾਨੂੰ ਮਿਲਣ ਲਈ ਇੱਥੇ ਵੈਲਿੰਗਟਨ, ਨਿਊਜ਼ੀਲੈਂਡ ਆਏ ਹੋਏ ਸਨ।  

ਮਾਰਚ ਦਾ ਮਹੀਨਾ ਸੀ। ਪੱਤਝੜ ਦੀ ਰੁੱਤ ਖ਼ਤਮ ਹੋ ਰਹੀ ਸੀ ਤੇ ਛੇਤੀ ਹੀ ਸਰਦੀਆਂ ਸ਼ੁਰੂ ਹੋਣ ਵਾਲੀਆਂ ਸਨ। ਧਰਤੀ ਦੇ ਦੱਖਣੀ ਗੋਲਾਰਧ ਵਿੱਚ ਧਰਤੀ ਦੇ ਉੱਤਰੀ ਗੋਲਾਰਧ ਨਾਲੋਂ ਉਲਟੇ ਮੌਸਮ ਹੁੰਦੇ ਹਨ। ਪੰਜਾਬ ਦੇ ਲੋਕ ਮਾਰਚ ਵਿੱਚ ਬਸੰਤ ਰੁੱਤ ਤੇ ਖਿੜ੍ਹ ਰਹੀ ਕੁਦਰਤ ਵੇਖ ਕੇ ਅਕਸਰ ਹੀ ਕਹਿ ਉਠਦੇ ਹਨ: ਆਈ ਬਸੰਤ ਪਾਲਾ ਉਡੰਤ।

ਇਕ ਹੋਰ ਗੱਲ ਇਹ ਕਿ ਮਾਰਚ ਦਾ ਮਹੀਨਾ ਆਰਥਿਕ ਸਾਲ ਦੇ ਪੱਖੋਂ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ 31 ਮਾਰਚ ਨੂੰ ਆਰਥਕ ਸਾਲ ਮੁੱਕ ਜਾਣਾ ਹੁੰਦਾ ਹੈ। ਇਸ ਲਈ ਸਰਕਾਰੀ ਮਹਿਕਮੇ ਬਚੇ-ਖੁਚੇ ਬਜਟ ਨੂੰ ਵੀ ਖਤਮ ਕਰਨ ਲਈ ਲੱਗੇ ਹੁੰਦੇ ਹਨ। ਛੇਤੀ ਹੀ ਸਾਨੂੰ ਵੀ ਡਾਕ ਰਾਹੀਂ ਸੂਚਨਾ ਮਿਲੀ ਕਿ ਵੈਲਿੰਗਟਨ ਸਿਟੀ ਕੌਂਸਲ ਸਾਡੀ ਗਲੀ ਵਿੱਚ ਸੜ੍ਹਕ ਤੇ ਨਵੀਂ ਪਰਤ ਪਾਉਣ ਦੀਆਂ ਤਿਆਰੀਆਂ ਕਰ ਰਹੀ ਹੈ।  

ਚਿੱਠੀ ਆਉਣ ਤੋਂ ਅਗਲੇ ਹਫ਼ਤੇ ਵੇਖਦੇ ਹੀ ਵੇਖਦੇ ਸਾਡੀ ਗਲੀ ਦੇ ਵਿੱਚ ਭਾਂਤ ਸੁਭਾਂਤ ਦੀਆਂ ਗੱਡੀਆਂ ਤੇ ਮਸ਼ੀਨਾਂ ਆ ਕੇ ਖੜ੍ਹਨੀਆਂ ਸ਼ੁਰੂ ਹੋ ਗਈਆਂ। ਸਾਡੇ ਘਰ ਦੀ ਖਿੜਕੀ ਤੋਂ ਗਲੀ ਦਾ ਬਹੁਤ ਸਾਰਾ ਨਜ਼ਾਰਾ ਬਣਦਾ ਸੀ ਇਸ ਕਰਕੇ ਸਾਡੇ ਬਜ਼ੁਰਗ ਅਕਸਰ ਹੀ ਚਾਅ ਨਾਲ ਖਿੜਕੀ ਲਾਗੇ ਖੜ੍ਹ ਕੇ ਸੜਕ ਦਾ ਹੋ ਰਿਹਾ ਕੰਮ ਵੇਖਦੇ ਰਹਿੰਦੇ।  

ਪਹਿਲੇ ਦਿਨ ਹੀ ਮਸ਼ੀਨਾਂ ਨੇ ਸੜਕ ਨੂੰ ਤਿੰਨ-ਤਿੰਨ ਇੰਚ ਖੁਰਚ ਦਿੱਤਾ ਅਤੇ ਕੋਈ ਘੱਟਾ ਵੀ ਨਹੀਂ ਉੱਡਣ ਦਿੱਤਾ। ਬਜ਼ੁਰਗ ਇਹ ਕੰਮ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਮੈਂ ਸ਼ਾਮ ਨੂੰ ਕੰਮ ਤੋਂ ਬਾਅਦ ਘਰੇ ਪਹੁੰਚਿਆਂ ਤਾਂ ਚਾਹ ਦੀ ਚੁਸਕੀ ਲੈਂਦਿਆਂ ਉਨ੍ਹਾਂ ਮੇਰੇ ਕੋਲ ਸੜ੍ਹਕ ਖੁਰਚਣ ਦੇ ਹੋਏ ਕੰਮ ਦੀ ਪੜਚੋਲ ਕੀਤੀ। ਥੋੜ੍ਹਾ ਹੈਰਾਨ ਹੁੰਦਿਆਂ ਹੋਇਆਂ ਮੈਂ ਪੁੱਛਿਆ ਕਿ ਤੁਹਾਨੂੰ ਸੜ੍ਹਕ ਖੁਰਚਣ ਦੇ ਹੋਏ ਕੰਮ ਨੇ ਏਨਾ ਪ੍ਰਭਾਵਿਤ ਕਿਉਂ ਕੀਤਾ ਹੈ?

ਉਨ੍ਹਾਂ ਦੱਸਿਆ ਕਿ ਇਹ ਸੜ੍ਹਕ ਖੁਰਚਣ ਦਾ ਕੰਮ ਤਾਂ ਉੱਥੇ ਪੰਜਾਬ ਦੇ ਵਿੱਚ ਵੀ ਕੀਤਾ ਜਾਂਦਾ ਹੈ ਪਰ ਸਿਰਫ਼ ਕਾਗਜ਼ਾਂ ਦੇ ਵਿੱਚ ਹੀ। ਇਸ ਕੰਮ ਦਾ ਪੈਸਾ ਸਿੱਧਾ ਜੇਬਾਂ ਵਿੱਚ ਚਲਾ ਜਾਂਦਾ ਹੈ। ਪਰ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰ ਇਸ ਤਰ੍ਹਾਂ ਮਸ਼ੀਨਾਂ ਨਾਲ ਖੁਰਚੀ ਜਾਂਦੀ ਸੜ੍ਹਕ ਵੇਖ ਰਿਹਾ ਹਾਂ।

ਪ੍ਰਤਿਨਿਧ ਤਸਵੀਰ

ਉਨ੍ਹਾਂ ਨੇ ਅੱਗੇ ਕਿਹਾ ਕਿ ਜਿਵੇਂ ਤੁਹਾਡੇ ਘਰ ਨੂੰ ਬਣਿਆ ਚਾਲੀ ਸਾਲ ਹੋ ਗਏ ਹਨ ਪਰ ਵੇਖ ਕੇ ਇਹੀ ਲੱਗਦਾ ਹੈ ਕਿ ਚਾਲੀ ਸਾਲ ਪਹਿਲਾਂ ਸੜਕ ਜਿਸ ਪੱਧਰ ਤੇ ਬਣੀ ਹੋਵੇਗੀ, ਤੁਹਾਡੀ ਇਸ ਗਲੀ ਵਿੱਚ ਸੜ੍ਹਕ ਦਾ ਪੱਧਰ ਉਥੇ ਦਾ ਉਥੇ ਹੀ ਖੜ੍ਹਾ ਹੈ। ਜਦਕਿ ਪੰਜਾਬ ਦੇ ਮੁਹੱਲਿਆਂ ਵਿੱਚ ਚਾਲੀ ਸਾਲਾਂ ਵਿੱਚ ਸੜ੍ਹਕਾਂ ਘਰਾਂ ਨਾਲੋਂ ਉੱਚੀਆਂ ਹੋ ਜਾਂਦੀਆਂ ਹਨ ਤੇ ਫਿਰ ਘਰਾਂ ਦੇ ਅੰਦਰ ਤੁਹਾਨੂੰ ਕਈ ਤਰ੍ਹਾਂ ਦੇ ਬਦਲਾਅ ਕਰਨੇ ਪੈਂਦੇ ਹਨ ਤਾਂ ਜੋ ਘਰੋਂ ਬਾਹਰ ਜਾਣ ਵੇਲ਼ੇ ਕੋਈ ਮੁਸ਼ਕਿਲ ਨਾ ਹੋਵੇ।    

ਸੜਕ ਦੀ ਪਰਤ ਪੈਣ ਦਾ ਕੰਮ ਹੋਰ ਦੋ ਕੁ ਦਿਨਾਂ ਤੱਕ ਮੁੱਕ ਗਿਆ ਤੇ ਸਾਰੀਆਂ ਮਸ਼ੀਨਾਂ ਅਤੇ ਗੱਡੀਆਂ ਵੀ ਗਾਇਬ ਹੋ ਗਈਆਂ। ਪਰ ਜਿਸ ਤਰ੍ਹਾਂ ਇਹ ਸਾਰਾ ਕੰਮ, ਚਿੱਠੀ ਆਉਣ ਤੋਂ ਲੈ ਕੇ ਮੁਸਤੈਦੀ ਨਾਲ ਖਤਮ ਹੋਣ ਤਕ ਜੋ ਪ੍ਰਬੰਧ ਵਿਹਾਰ ਕੀਤਾ ਗਿਆ ਸੀ ਉਸ ਨੂੰ ਵੇਖ ਕੇ ਸਾਡੇ ਬਜ਼ੁਰਗ ਪ੍ਰਭਾਵਿਤ ਹੋਣੋ ਨਾ ਰਹਿ ਸਕੇ!

Posted in ਚਰਚਾ, ਯਾਦਾਂ

ਦੱਖਣ ਭਾਰਤੀ ਸੱਭਿਆਚਾਰ

ਪਿਛਲੇ ਹਫ਼ਤੇ ਦੇ ਲੇਖ ਵਿੱਚ ਮੈਂ ਆਪਣੀਆਂ ਚੇੱਨਈ (ਉਨ੍ਹਾਂ ਦਿਨਾਂ ਵਿੱਚ ਮਦਰਾਸ) ਦੀਆਂ ਯਾਦਾਂ ਸਾਂਝੀਆਂ ਕੀਤੀਆਂ ਸਨ। ਸੰਨ 1988 ਵਿੱਚ ਮੈਂ ਉਥੇ ਪੱਤਰਕਾਰੀ ਅਤੇ ਜਨ ਸੰਚਾਰ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦੇ ਵਿਦਿਆਰਥੀ ਦੇ ਤੌਰ ਤੇ ਅਮਲੀ ਸਿਖਲਾਈ ਲੈਣ ਲਈ ਗਿਆ ਸੀ।  

ਦੱਖਣੀ ਭਾਰਤ ਵਿੱਚ ਬਿਤਾਏ ਇਹ ਛੇ ਹਫ਼ਤੇ ਮੇਰੀ ਯਾਦ ਦਾ ਇੱਕ ਅਟੁੱਟ ਹਿੱਸਾ ਹਨ। ਇਸ ਅਰਸੇ ਦੌਰਾਨ ਮੈਂ ਤਮਿਲਨਾਡੁ ਦੇ ਨਾਲ-ਨਾਲ ਕਰਨਾਟਕ ਤੇ ਕੇਰਲ ਦੇ ਕਈ ਹਿੱਸੇ ਵੀ ਵੇਖ ਲਏ ਸਨ। 

ਚੇੱਨਈ ਜਾਣ ਲਈ ਮੈਂ ਲੁਧਿਆਣੇ ਤੋਂ ਹਿਮਸਾਗਰ ਐਕਸਪ੍ਰੈੱਸ ਗੱਡੀ ਫੜੀ ਸੀ। ਲੁਧਿਆਣੇ ਜਾ ਕੇ ਗੱਡੀ ਫੜ੍ਹਨ ਲਈ ਉਚੇਚੇ ਤੌਰ ਤੇ ਮੇਰੇ ਸਹਿਪਾਠੀ ਰੰਜਨ ਖੁੱਲ੍ਹਰ ਨੇ ਮੇਰਾ ਸਾਥ ਦਿੱਤਾ ਅਤੇ ਲੁਧਿਆਣੇ ਤੋਂ ਮੈਨੂੰ ਤੜ੍ਹਕਸਾਰ ਵਿਦਾ ਕੀਤਾ।  

ਇਸ ਯਾਤਰਾ ਦੌਰਾਨ ਮੈਂ ਭਾਰਤ ਦੇ ਵੰਨ-ਸੁਵੰਨੇ ਰੰਗ ਵੇਖਦਾ ਹੋਇਆ ਜਦੋਂ ਮਹਾਰਾਸ਼ਟਰ ਦੇ ਪਠਾਰਾਂ ਤੋਂ ਦੱਖਣ ਵੱਲ ਵੱਧ ਰਿਹਾ ਸੀ ਤਾਂ ਮੈਨੂੰ ਲੱਗਿਆ ਕਿ ਮੇਰੇ ਆਲੇ-ਦੁਆਲੇ ਅਚਾਨਕ ਹੀ ਲੋਕਾਂ ਦਾ ਆਚਾਰ-ਵਿਹਾਰ ਬਦਲ ਗਿਆ ਸੀ। ਗੱਡੀ ਦੇ ਵਿੱਚ ਵੀ ਜਿਹੜੇ ਮੁਲਾਜ਼ਮ ਆ ਜਾ ਰਹੇ ਸਨ ਉਹ ਵੀ ਵੱਖਰੇ ਤਰੀਕੇ ਨਾਲ ਬੋਲ ਚਾਲ ਰਹੇ ਸਨ। ਉਹ ਭਾਵੇਂ ਟੀ.ਟੀ.ਈ. ਹੋਵੇ ਜਾਂ ਫਿਰ ਪੈਂਟਰੀ ਕਾਰ ਦੇ ਮੁਲਾਜ਼ਮ, ਸਭ ਬੜੇ ਸਲੀਕੇ ਨਾਲ ਯਾਤਰੀਆਂ ਨੂੰ ਸੰਬੋਧਨ ਕਰਦੇ।   

Photo by SenuScape on Pexels.com

ਮੇਰੇ ਧਿਆਨ ਗੋਚਰੇ ਇਹ ਚੀਜ਼ ਵੀ ਆਈ ਕਿ ਜਦੋਂ ਵੀ ਗੱਡੀ ਕਿਸੇ ਸਟੇਸ਼ਨ ਤੋਂ ਲੰਘਦੀ ਸੀ ਤਾਂ ਉਸ ਸਟੇਸ਼ਨ ਦਾ ਸਟੇਸ਼ਨ-ਮਾਸਟਰ ਆਪ ਗੱਡੀ ਨੂੰ ਝੰਡੀ ਦੇਣ ਲਈ ਖੜ੍ਹਾ ਹੁੰਦਾ ਸੀ। ਉਸ ਵੇਲ਼ੇ ਤੱਕ ਦੀ ਯਾਤਰਾ ਦੇ ਦੌਰਾਨ ਮੈਂ ਵੇਖ ਚੁੱਕਾ ਸੀ ਕਿ ਕਈ ਸਟੇਸ਼ਨਾਂ ਤੇ ਕੁਲੀ ਹੀ ਝੰਡੀ ਦੇ ਦਿੰਦੇ ਸਨ ਅਤੇ ਕਈ ਥਾਂ ਕੋਈ ਹੋਰ ਰੰਗ ਬਰੰਗੇ ਕੱਪੜਿਆਂ ਦੇ ਵਿੱਚ ਕੋਈ ਹੋਰ। ਪਰ ਜਿਸ ਤਰ੍ਹਾਂ ਹੀ ਰੇਲ ਗੱਡੀ ਨੇ ਮਹਾਰਾਸ਼ਟਰ ਦੇ ਪਠਾਰ ਪਾਰ ਕਰਕੇ ਦੱਖਣੀ ਭਾਰਤ ਵੱਲ ਵਧਣਾ ਸ਼ੁਰੂ ਕੀਤਾ ਤਾਂ ਬਾਕਾਇਦਾ ਹਰ ਸਟੇਸ਼ਨ-ਮਾਸਟਰ ਕੋਟ ਪੈਂਟ ਅਤੇ ਟਾਈ ਟੋਪੀ ਵਾਲੀ ਵਰਦੀ ਵਿੱਚ ਰੇਲ ਗੱਡੀ ਨੂੰ ਝੰਡੀ ਦੇ ਰਹੇ ਹੁੰਦੇ। 

ਉਨ੍ਹਾਂ ਦਿਨਾਂ ਵਿੱਚ ਪੱਤਰਕਾਰੀ ਤੇ ਜਨ ਸੰਚਾਰ ਦੇ ਵਿਦਿਆਰਥੀ ਹੋਣ ਦੇ ਨਾਤੇ ਸਾਡੇ ਦਿੱਲੀ ਦੇ ਦੋ-ਤਿੰਨ ਚੱਕਰ ਲੱਗ ਚੁੱਕੇ ਸਨ ਸੋ ਮੈਂ ਜਿਵੇਂ ਹੀ ਚੇੱਨਈ ਪਹੁੰਚਿਆ ਸੁਭਾਵਕ ਹੀ ਕਿ ਮੈਂ ਇੱਕ ਮਹਾਂਨਗਰ ਨੂੰ ਦੂਜੇ ਮਹਾਂਨਗਰ ਦੇ ਨਾਲ ਤੁਲਨਾਤਮਕ ਤੌਰ ਤੇ ਵੇਖਣਾ ਸ਼ੁਰੂ ਕਰ ਦਿੱਤਾ। ਜਿਸ ਚੀਜ਼ ਨੂੰ ਮੈਨੂੰ ਸਭ ਤੋਂ ਜ਼ਿਆਦਾ ਹੈਰਾਨ ਕੀਤਾ ਉਹ ਸੀ ਕਿ ਚੇੱਨਈ ਪਹੁੰਚਦਿਆਂ ਹੀ ਮੈਂ ਇਹ ਮੈਂ ਇਹ ਮਹਿਸੂਸ ਕਰਨ ਲੱਗਿਆ ਕਿ ਲੋਕੀਂ ਭਾਵੇਂ ਸੜ੍ਹਕਾਂ ਤੇ ਜਾ ਰਹੇ ਹੋਣ ਤੇ ਭਾਵੇਂ ਗਲੀ-ਬਜ਼ਾਰ, ਉਥੇ ਇੱਕ ਅਨੁਸ਼ਾਸਨ ਜਿਹਾ ਮੈਨੂੰ ਸਾਰੇ ਵਾਤਾਵਰਣ ਵਿੱਚ ਘੁਲਿਆ ਹੋਇਆ ਮਿਲਿਆ।  

ਜਿਹੜੀਆਂ ਬਹੁਤ ਭੀੜ-ਭੜੱਕੇ ਵਾਲੀਆਂ ਸੜਕਾਂ ਵੀ ਸਨ ਉਨ੍ਹਾਂ ਨੂੰ ਕੋਈ ਭੱਜ ਕੇ ਪਾਰ ਕਰਨ ਦੀ ਕੋਸ਼ਿਸ਼ ਨਾ ਕਰਦਾ। ਉਥੇ ਮੈਂ ਪਹਿਲੀ ਵਾਰੀ ਵੇਖਿਆ ਕਿ ਸੜ੍ਹਕਾਂ ਦੇ ਹੇਠ ਸੜ੍ਹਕ ਪਾਰ ਕਰਨ ਲਈ ਕਈ ਥਾਂਵਾਂ ਤੇ ਸੁਰੰਗਾਂ ਬਣੀਆਂ ਹੋਈਆਂ ਸਨ।  

ਸਥਾਨਕ ਯਾਤਰਾ ਦੇ ਲਈ ਬੱਸਾਂ ਦਾ ਬਹੁਤ ਵਧੀਆ ਇੰਤਜ਼ਾਮ ਸੀ ਤੇ ਬੱਸਾਂ ਵਿੱਚ ਕੋਈ ਭੀੜ-ਭੜੱਕਾ ਨਹੀਂ ਸੀ ਕਿਉਂਕਿ ਕੰਡਕਟਰ ਵਾਧੂ ਸਵਾਰੀ ਨੂੰ ਚੜ੍ਹਣ ਹੀ ਨਹੀਂ ਸਨ ਦਿੰਦਾ। ਬੱਸਾਂ ਵਿੱਚ ਚੜ੍ਹ ਕੇ ਜਿਹੜੀਆਂ ਸਵਾਰੀਆਂ ਖੜ੍ਹੀਆਂ ਵੀ ਹੁੰਦੀਆਂ ਉਹ ਕੋਈ ਧੱਕਾ ਮੁੱਕਾ ਨਾ ਕਰਦੀਆਂ ਤੇ ਬੱਸਾਂ ਦੇ ਖੱਬੇ ਪਾਸੇ ਦੀਆਂ ਸੀਟਾਂ ਜ਼ਨਾਨੀਆਂ ਲਈ ਰਾਖਵੀਆਂ ਸਨ ਅਤੇ ਉਨ੍ਹਾਂ ਸੀਟਾਂ ਤੇ ਕੋਈ ਮਰਦ ਬੈਠਣ ਦੀ ਕੋਸ਼ਿਸ਼ ਵੀ ਨਾ ਕਰਦਾ।

ਬੈਠੀਆਂ ਹੋਈਆਂ ਸਵਾਰੀਆਂ ਚੋਂ ਬਹੁਤੇ ਅਖ਼ਬਾਰ ਜਾਂ ਕਿਤਾਬ ਪੜ੍ਹ ਰਹੇ ਹੁੰਦੇ। ਖੜ੍ਹੀਆਂ ਸਵਾਰੀਆਂ ਵਿੱਚੋਂ ਵੀ ਜਿਵੇਂ ਹੀ ਕੋਈ ਸੀਟ ਤੇ ਬੈਠਦਾ ਤਾਂ ਬੈਠਦੇ ਸਾਰ ਹੀ ਉਹ ਝੋਲੇ ਚੋਂ ਕਿਤਾਬ ਕੱਢ ਕੇ ਪੜ੍ਹਨਾ ਸ਼ੁਰੂ ਕਰ ਦਿੰਦਾ। ਪੰਜਾਬ ਤੋਂ ਗਿਆ ਨੂੰ ਮੈਨੂੰ ਇਹ ਨਜ਼ਾਰਾ ਬਹੁਤ ਚੰਗਾ ਤੇ ਅਜੀਬ ਲੱਗਦਾ। ਚੰਗਾ ਇਸ ਕਰਕੇ ਕਿਉਂਕਿ ਮੈਨੂੰ ਵੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ ਤੇ ਮੈਂ ਸੋਚਿਆ ਕਿ ਅਗਲੀ ਵਾਰੀ ਜਦੋਂ ਬੱਸ ਚੜਾਂਗਾ ਤਾਂ ਮੈਂ ਵੀ ਆਪਣੀ ਕੋਈ ਕਿਤਾਬ ਜ਼ਰੂਰ ਪੜ੍ਹਾਂਗਾ। ਅਜੀਬ ਇਸ ਲਈ ਲੱਗਦਾ ਕਿ ਪੰਜਾਬ ਵਿੱਚ ਕੋਈ ਦੋ-ਚਾਰ ਸੁਆਰੀਆਂ ਦੇ ਹੱਥ ਅਖ਼ਬਾਰ ਨੂੰ ਛੱਡ ਕੇ ਆਮ ਸੁਆਰੀਆਂ ਪੜ੍ਹਨ ਦੀਆਂ ਸ਼ੌਕੀਨ ਨਹੀਂ ਸਨ ਹੁੰਦੀਆਂ।

ਸ਼ਾਮ ਦੇ ਵੇਲ਼ੇ ਮੈਂ ਅਕਸਰ ਹੀ ਸਮੁੰਦਰ ਕੰਢੇ ਸੈਰ ਕਰਨ ਲਈ ਨਿਕਲ ਜਾਂਦਾ ਸੀ। ਸਿੱਲੇ ਜਿਹੇ ਮੌਸਮ ਦੇ ਵਿੱਚ ਸਮੁੰਦਰ ਕੰਢੇ ਠੰਢੀ-ਠੰਢੀ ਹਵਾ ਦੇ ਬੁੱਲੇ ਕਾਫੀ ਚੈਨ ਦਿੰਦੇ ਸਨ। ਸਫ਼ਾਈ ਦੇ ਪੱਖੋਂ ਵੀ ਲਗਭਗ ਹਰ ਥਾਂ ਹੀ ਆਲਾ-ਦੁਆਲਾ ਸਾਫ ਮਿਲਦਾ। ਸੈਰ ਕਰਦਾ ਮੈਂ ਕਈ ਵਾਰ ਇਹੀ ਸੋਚਦਾ ਹੁੰਦਾ ਸੀ ਕਿ ਉਹ ਕੀ ਚੀਜ਼ਾਂ ਹੁੰਦੀਆਂ ਹੋਣਗੀਆਂ ਜੋ ਲੋਕ ਸੱਭਿਆਚਾਰ ਨੂੰ ਉੱਨਤ ਕਰਨ ਵਿੱਚ ਮਦਦ ਕਰਦੀਆਂ ਹੋਣ?

Posted in ਚਰਚਾ, ਯਾਦਾਂ

ਕੋਈ ਰਸਤਾ ਨਹੀਂ ਦੱਸ ਰਿਹਾ

ਇਹ ਗੱਲ ਸੰਨ 1988 ਦੀ ਹੈ। ਉਸ ਸਾਲ ਦੀ ਜੂਨ ਤੇ ਜੁਲਾਈ ਦੇ ਦੌਰਾਨ ਮੈਂ ਮਦਰਾਸ (ਜਿਸ ਨੂੰ ਅੱਜ ਕੱਲ੍ਹ ਚੇੱਨਈ ਕਹਿੰਦੇ ਹਨ) ਵਿੱਚ ਛੇ ਹਫ਼ਤੇ ਬਿਤਾਏ।  

ਉਸ ਸਾਲ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਤੋਂ ਪੜ੍ਹਾਈ ਦਾ ਪਹਿਲਾ ਸਾਲ ਖਤਮ ਕੀਤਾ ਸੀ। ਪਹਿਲਾ ਸਾਲ ਖਤਮ ਕਰਨ ਤੋਂ ਬਾਅਦ ਇਹ ਜ਼ਰੂਰੀ ਸੀ ਕਿ ਤੁਸੀਂ ਕਿਸੇ ਅਖ਼ਬਾਰ, ਰਸਾਲੇ, ਲੋਕ ਸੰਪਰਕ ਵਿਭਾਗ, ਇਸ਼ਤਿਹਾਰ ਵਾਲੀ ਏਜੰਸੀ ਜਾਂ ਨਿਊਜ਼ ਏਜੰਸੀ ਨਾਲ ਛੇ ਹਫ਼ਤਿਆਂ ਦੀ ਅਮਲੀ ਸਿਖਲਾਈ ਲਵੋ।  

ਇਸ ਸਿਖਲਾਈ ਦੇ ਸਿਲਸਿਲੇ ਵਿੱਚ ਮੈਂ ਚੇੱਨਈ ਦੇ ‘ਦਾ ਹਿੰਦੂ’ ਅਖ਼ਬਾਰ ਦੇ ਵਿੱਚ ਛੇ ਹਫ਼ਤੇ ਲਾਏ ਤੇ ਨਾਲ ਲਾਹਾ ਇਸ ਗੱਲ ਦਾ ਵੀ ਕਿ ਦੱਖਣ ਭਾਰਤ ਦਾ ਸਭਿਆਚਾਰ ਵੇਖਣ ਦਾ ਮੌਕਾ ਵੀ ਲੱਗ ਗਿਆ। ਲੱਗਦੇ ਹੱਥ ਮੈਂ ਕਰਨਾਟਕ ਅਤੇ ਕੇਰਲ ਦੀਆਂ ਯਾਤਰਾਵਾਂ ਵੀ ਕਰ ਲਈਆਂ। 

ਜਿਵੇਂ ਕਿ ਅਖ਼ਬਾਰਾਂ ਦਾ ਤਰੀਕਾ ਹੁੰਦਾ ਹੈ, ਦਫ਼ਤਰ ਦੁਪਹਿਰੇ ਕੰਮ ਸ਼ੁਰੂ ਕਰਦੇ ਸਨ। ਪਰ ਮੇਰੇ ਵਰਗਾ ਸਵੇਰੇ ਉਠ ਕੀ ਕਰੇ? ਮੈਂ ਸਵੇਰੇ ਹੀ ਆਪਣੇ ਯੂਨੀਵਰਸਟੀ ਗੈਸਟ ਹਾਊਸ ਦੇ ਕਮਰੇ ਤੋਂ ਤਿਆਰ ਹੋ ਕੇ ਨਿਕਲ ਜਾਂਦਾ ਅਤੇ ਬਾਹਰ ਕਿਤੇ ਨਾਸ਼ਤਾ ਕਰਕੇ ਦੁਪਹਿਰ ਤਕ ਚੇੱਨਈ ਸ਼ਹਿਰ ਘੁੰਮਦਾ ਰਹਿੰਦਾ।

ਨਾਸ਼ਤੇ ਲਈ ਮੈਂ ਰੋਜ਼ ਨਿਤ-ਨਵੀਂ ਜਗ੍ਹਾ ਚੁਣਦਾ ਸੀ। ਕਦੀ ਉੱਥੋਂ ਦੀਆਂ ਮਸ਼ਹੂਰ ਨਾਸ਼ਤੇ ਦੀਆਂ ਦੁਕਾਨਾਂ ਜਾਂ ਕਦੇ ਰੇਲਵੇ ਸਟੇਸ਼ਨ ਦੇ ਬਾਹਰਲੇ ਸਟਾਲ ਤੇ ਕਦੀ ਕਦੀ ਮੈਂ ਐਕਸਪ੍ਰੈੱਸ ਬੱਸ ਸਟੈਂਡ ਤੇ ਵੀ ਚਲਾ ਜਾਂਦਾ ਸੀ, ਜਿੱਥੋਂ ਦੀ ਅੱਪਮ ਬਹੁਤ ਮਸ਼ਹੂਰ ਹੁੰਦੀ ਸੀ ਜਿਸ ਨੂੰ ਕਿ ਮੈਂ ਬੜੇ ਚਾਅ ਨਾਲ ਖਾਂਦਾ ਸੀ। 

ਇਸੇ ਤਰ੍ਹਾਂ ਇੱਕ ਦਿਨ ਮੈਂ ਰੇਲਵੇ ਸਟੇਸ਼ਨ ਲਾਗੇ ਨਾਸ਼ਤਾ ਕਰ ਰਿਹਾ ਸੀ ਕਿ ਮੈਨੂੰ ਦੂਰੋਂ ਕਿਸੇ ਦੀ ਬੜੀ ਰੋਣ-ਹਾਕੀ ਜਿਹੀ ਆਵਾਜ਼ ਸੁਣਾਈ ਦਿੱਤੀ। ਕੋਈ ਹਿੰਦੀ ਵਿੱਚ ਬੇਬਸ ਹੋਇਆ ਵਾਰ-ਵਾਰ ਇਹੀ ਕਹਿ ਰਿਹਾ ਸੀ:

“ਮੈਨੂੰ ਕੋਈ ਰਸਤਾ ਨਹੀਂ ਦੱਸ ਰਿਹਾ
ਮੈਨੂੰ ਕੋਈ ਰਸਤਾ ਨਹੀਂ ਦੱਸ ਰਿਹਾ”

ਉਹ ਸੱਜਨ ਤਾਂ ਲਗਭਗ ਰੋ ਹੀ ਰਿਹਾ ਸੀ। ਮੈਂ ਆਪਣਾ ਨਾਸ਼ਤਾ ਕਾਹਲੀ-ਕਾਹਲੀ ਮੁਕਾ ਕੇ, ਸੜਕ ਪਾਰ ਕਰਕੇ ਉਸ ਦੇ ਕੋਲ ਪਹੁੰਚਿਆ। ਉਸ ਨੇ ਮੈਨੂੰ ਦੱਸਿਆ ਕਿ ਚੇੱਨਈ ਦੇ ਇਕ ਮਸ਼ਹੂਰ ਹਸਪਤਾਲ ਦੇ ਵਿੱਚ ਉਸ ਦਾ ਇੱਕ ਕਰੀਬੀ ਰਿਸ਼ਤੇਦਾਰ ਇਲਾਜ ਕਰਵਾਉਣ ਲਈ ਦਾਖਲ ਸੀ ਅਤੇੇ ਉਹ ਉਸ ਨੂੰ ਮਿਲਣ ਜਾਣਾ ਚਾਹੁੰਦਾ ਸੀ। ਉਹ ਹਾਲੇ ਸਵੇਰੇ ਸਵੇਰ ਹੀ ਰੇਲ ਗੱਡੀ ਤੇ ਰਾਜਸਥਾਨ ਤੋਂ ਚੇੱਨਈ ਪਹੁੰਚਿਆ ਸੀ ਤੇ ਇਥੋਂ ਅੱਗੇ ਸ਼ਹਿਰੀ ਬੱਸ ਫੜ੍ਹ ਕੇ ਹਸਪਤਾਲ ਜਾਣਾ ਸੀ। ਚੇੱਨਈ ਵਿੱਚ ਰਿਕਸ਼ੇ ਆਦਿ ਨਹੀਂ ਸਨ ਚੱਲਦੇ ਅਤੇ ਸ਼ਹਿਰੀ ਯਾਤਾਯਾਤ ਲਈ ਬੱਸਾਂ ਦਾ ਬੜਾ ਪੁਖ਼ਤਾ ਇੰਤਜ਼ਾਮ ਸੀ। 

ਉੱਥੇ ਸ਼ਹਿਰੀ ਬੱਸ ਫੜ੍ਹਨ ਲਈ ਅੱਧੀ ਦਰਜਨ ਕਾਊਂਟਰ ਸਨ ਤੇੇ ਹਸਪਤਾਲ ਜਾਣ ਦੇ ਲਈ ਇਨ੍ਹਾਂ ਵਿੱਚੋਂ ਹੀ ਕਿਸੇੇ ਇਕ ਕਾਊਂਟਰ ਤੋਂ ਬੱਸ ਜਾਣੀ ਸੀ। ਉਸ ਨੇ ਬਹੁਤ ਕੋਸ਼ਿਸ਼ ਕਰ ਲਈ ਹਸਪਤਾਲ ਦਾ ਨਾਂ ਲੈ ਕੇ ਪੁੱਛਣ ਦੀ ਪਰ ਕੋਈ ਵੀ ਉਸ ਨਾਲ ਗੱਲ ਨਹੀਂ ਸੀ ਕਰ ਰਿਹਾ। ਮਸਲਾ ਇਹ ਸੀ ਕਿ ਉਹ ਸਿਰਫ ਹਿੰਦੀ ਵਿੱਚ ਗੱਲ ਕਰ ਰਿਹਾ ਸੀ ਤੇ ਉਸ ਨੂੰ ਹਿੰਦੀ ਤੋਂ ਇਲਾਵਾ ਹੋਰ ਕੋਈ ਭਾਸ਼ਾ ਨਹੀਂ ਸੀ ਆਉਂਦੀ।  

ਮੈਂ ਉਸ ਨੂੰ ਧਰਵਾਸਾ ਦਿੱਤਾ ਤੇ ਮੈਂ ਆਪ ਜਾਣਕਾਰੀ ਵਾਲੀਆਂ ਫੱਟੀਆਂ ਪੜ੍ਹਦਾ-ਪੜ੍ਹਦਾ ਜਿੱਥੋਂ ਬੱਸ ਹਸਪਤਾਲ ਲਈ ਚੱਲਣੀ ਸੀ ਮੈਂ ਉਸ ਕਾਊਂਟਰ ਤੱਕ ਉਸਨੂੰ ਆਪ ਛੱਡ ਕੇ ਆਇਆ। ਬੱਸ ਦੇ ਕੰਡਕਟਰ ਨੂੰ ਵੀ ਮੈਂ ਉਸ ਸੱਜਨ ਬਾਰੇ ਚੰਗੀ ਤਰ੍ਹਾਂ ਸਮਝਾ ਦਿੱਤਾ।  

ਬਾਅਦ ਵਿੱਚ ਮੈਂ ਸੋਚਦਾ ਰਿਹਾ ਕਿ ਚਲੋ ਮੰਨਿਆ ਕਿ ਦੱਖਣ ਭਾਰਤੀ ਲੋਕ ਹਿੰਦੀ ਦੇ ਕੱਟੜ ਵਿਰੋਧੀ ਹਨ ਪਰ ਕੋਈ ਮੁਸੀਬਤ ਦਾ ਮਾਰਿਆ ਵਿਚਾਰਾ ਜਿਹੜਾ ਤੁਹਾਡੇ ਸ਼ਹਿਰ ਦੇ ਮਸ਼ਹੂਰ ਹਸਪਤਾਲ ਜਾਣ ਲਈ ਏਡੀ ਦੂਰੋਂ ਆਇਆ ਹੋਵੇ, ਉਸ ਨਾਲ ਜੇਕਰ ਹਿੰਦੀ ਨਾ ਵੀ ਬੋਲਣੀ ਹੋਵੇ ਤਾਂ ਘੱਟੋ-ਘੱਟ ਉਸ ਦਾ ਮੋਢਾ ਫੜ ਕੇ ਬੱਸ ਦੇ ਕਾਊਂਟਰ ਵੱਲ ਇਸ਼ਾਰਾ ਤਾਂ ਕੀਤਾ ਜਾ ਹੀ ਸਕਦਾ ਸੀ!

Posted in ਚਰਚਾ

ਧੁਰੇ ਅਤੇ ਇਤਿਹਾਸ ਦੀ ਸੋਝੀ

ਦੁਨੀਆਂ ਵਿੱਚ ਬਹੁਤ ਸਾਰੇ ਲੇਖਕਾਂ ਨੇ ਸੱਭਿਅਤਾਵਾਂ ਬਾਰੇ ਲਿਖਿਆ ਹੈ। ਉਨ੍ਹਾਂ ਨੇ ਇਸ ਗੱਲ ਉੱਤੇ ਖ਼ਾਸ ਧਿਆਨ ਦੇ ਕੇ ਲਿਖਿਆ ਹੈ ਕਿ ਸੱਭਿਅਤਾਵਾਂ ਖੁਰਦ-ਬੁਰਦ ਕਿਵੇਂ ਹੋ ਜਾਂਦੀਆਂ ਹਨ।  ਇਸ ਵਿਸ਼ੇ ਨੂੰ ਲੈ ਕੇ ਜੈਰੱਡ ਡਾਇਮੰਡ ਅਤੇ ਪੌਲ ਕੈਨੇਡੀ ਦੀਆਂ ਕਿਤਾਬਾਂ ਜ਼ਰੂਰ ਧਿਆਨ ਦੇ ਕੇ ਪੜ੍ਹਣ ਵਾਲੀਆਂ ਹਨ।  

ਉਪਰੋਕਤ ਦੋਵੇਂ ਲੇਖਕਾਂ ਅਤੇ ਸੱਭਿਅਤਾਵਾਂ ਬਾਰੇ ਲਿਖਣ ਵਾਲੇ ਹੋਰ ਲੇਖਕਾਂ ਨੂੰ ਪੜ੍ਹ ਕੇ ਇਹੀ ਨਿਚੋੜ ਨਿਕਲਦਾ ਹੈ ਕਿ ਜੋ ਵੀ ਸੱਭਿਅਤਾ ਆਪਣੇ ਧੁਰੇ ਤੋਂ ਹਿੱਲ ਜਾਂਦੀ ਹੈ ਜਾਂ ਫਿਰ ਜੋ ਸੱਭਿਅਤਾ ਸਮਾਜਕ ਅਤੇ ਆਰਥਕ ਤੌਰ ਤੇ ਪ੍ਰਦੂਸ਼ਣ ਨਾਲ ਭਰ ਜਾਂਦੀ ਹੈ ਉਹ ਹੌਲ਼ੀ-ਹੌਲ਼ੀ ਖਤਮ ਹੋ ਜਾਂਦੀ ਹੈ।  

ਅੱਜ ਇਸੇ ਵਿਚਾਰ ਨੂੰ ਲੈ ਕੇ ਮੈਂ ਇੱਕ ਦੋ ਗੱਲਾਂ ਦੇ ਉੱਤੇ ਚਰਚਾ ਕਰਨ ਜਾ ਰਿਹਾ ਹਾਂ। ਆਪਣੀ  ਗੱਲ ਦਾ ਕੇਂਦਰ ਬਿੰਦੂ ਮੈਂ ਸਿੱਖੀ ਤੇ ਹੀ ਰੱਖਾਂਗਾ ਕਿਸੇ ਹੋਰ ਸੱਭਿਅਤਾ ਜਾਂ ਧਰਮ-ਸਮੂਹ ਤੇ ਨਹੀਂ। 

Photo by Janko Ferlic on Pexels.com

ਅੱਜ ਜੇਕਰ ਕਿਸੇ ਵੀ ਇਤਿਹਾਸਕ ਪੋਥੀ ਤੇ ਗੁਰੂ ਸਾਹਿਬਾਨ ਦੇ ਦਸਤਖ਼ਤ ਵੇਖਣੇ ਹੋਣ ਤਾਂ ਹਰ ਦਸਤਖ਼ਤ ਦੇ ਨਾਲ ੴ ਲਿਖਿਆ ਹੋਇਆ ਮਿਲਦਾ ਹੈ। ੴ ਦੀ ਕੀ ਮਹੱਤਤਾ ਹੈ ਮੈਨੂੰ ਇਸ ਬਾਰੇ ਇਥੇ ਲਿਖਣ ਦੀ ਕੁਝ ਲੋੜ ਨਹੀਂ। ਪਰ ਜੇ ਅਸੀਂ ਆਪਣੇ ਆਲੇ ਦੁਆਲੇ ਗੁਰਦੁਆਰਿਆਂ ਤੇ ਅੱਜ ਝਾਤ ਮਾਰੀਏ ਤਾਂ ਚਿੰਨ੍ਹਾਤਮਕ ਤੌਰ ਤੇ ਖੰਡਾ ਹੀ ਹਰ ਪਾਸੇ ਨਜ਼ਰ ਆਉਂਦਾ ਹੈ। ਕਈ ਥਾਂ ਤੇ ਤਾਂ ੴ ਇਸ ਤਰ੍ਹਾਂ ਲਿਖਿਆ ਜਾਪਦਾ ਹੈ ਕਿ ਹੋ ਸਕਦਾ ਕਿ ਪ੍ਰਬੰਧਕ (ਸੇਵਾਦਾਰ) ੴ ਬਾਰੇ ਭੁੱਲ ਹੀ ਗਏ ਹੋਣ ਤੇ ਬਾਅਦ ਵਿੱਚ ਇਸ ਨੂੰ ਲਿਖਣ ਦੀ ਕੋਈ ਬੰਦੋਬਸਤੀ ਕਾਰਵਾਈ ਕਾਹਲੀ ਵਿੱਚ ਕੀਤੀ ਹੋਵੇ। 

ਖੰਡੇ ਬਾਰੇ ਜੇਕਰ ਕਿਸੇ ਨੂੰ ਪੁੱਛੋ ਤਾਂ ਹਰ ਕੋਈ ਦੋ ਧਾਰਾਂ ਅਤੇ ਚੱਕਰ ਆਦਿ ਦੀਆਂ ਗੱਲਾਂ ਦੱਸਣ ਲੱਗ ਪੈਂਦਾ ਹੈ।  ਜੇਕਰ ਕਿਸੇ ਇਤਿਹਾਸਕ ਹਵਾਲੇ ਬਾਰੇ ਪੁੱਛੋ ਤਾਂ ਸਭ ਚੁੱਪ ਹੋ ਜਾਂਦੇ ਹਨ।  ਚੁੱਪ ਹੋਣ ਵੀ ਕਿਉਂ ਨਾ? ਇਤਿਹਾਸਕ ਤੌਰ ਤੇ ਖੰਡਾ 20ਵੀਂ ਸਦੀ ਤੋਂ ਪਿਛਾਂਹ ਨਹੀਂ ਜਾਂਦਾ। ਨਹੀਂ, ਰਣਜੀਤ ਸਿੰਘ ਦੇ ਰਾਜ ਤਕ ਵੀ ਨਹੀਂ। 

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲ਼ੇ ਵੀ ਇਸ ਖੰਡੇ ਦੀ ਕੋਈ ਹੋਂਦ ਨਹੀਂ ਸੀ। ਜਦੋਂ ਸਿੱਖ ਰਾਜ ਖ਼ਤਮ ਹੋਇਆ ਤਾਂ ਉਸ ਤੋਂ ਬਾਅਦ ਅੰਗਰੇਜ਼ੀ ਫ਼ੌਜਾਂ ਵਿੱਚ ਸਿੱਖ ਫ਼ੌਜੀ ਵਡੀ ਗਿਣਤੀ ਵਿੱਚ ਭਰਤੀ ਹੋਏ ਤਾਂ ਇੱਕ ਚਿੰਨ੍ਹ ਦੇ ਰੂਪ ਵਿੱਚ ਬੱਝਦਾ ਹੌਲ਼ੀ-ਹੌਲ਼ੀ ਖੰਡਾ ਸਿੱਖ ਜਗਤ ਦੇ ਵਿੱਚ ਆ ਗਿਆ। ਇਸ ਤੋਂ ਇਲਾਵਾ ਉਸ ਵੇਲ਼ੇ ਸਾਬਕਾ ਫ਼ੌਜੀਆਂ ਨੇ ਆ ਕੇ ਪੰਜਾਬ ਦੇ ਵਿੱਚ ਭਾਂਤ-ਸੁਭਾਂਤ ਦੇ ਡੇਰੇ ਉਸ ਵੇਲ਼ੇ ਦੀ ਸਰਕਾਰੀ ਸਰਪ੍ਰਸਤੀ ਵਿੱਚ ਚਲਾਉਣੇ ਸ਼ੁਰੂ ਕਰ ਦਿੱਤੇ। ਇਹੀ ਸਰਕਾਰੀ ਸਰਪ੍ਰਸਤੀ ਅੱਜ ਵੀ ਬਰਕਰਾਰ ਹੈ ਤੇ ਇਹ ਡੇਰੇ ਸੰਤ-ਸਮਾਜ ਦੇ ਝੰਡੇ ਹੇਠ ਸਿੱਖੀ ਨੂੰ ਕੁੰਡਲ ਮਾਰ ਕੇ ਬੈਠੇ ਹੋਏ ਹਨ। ਇਨ੍ਹਾਂ ਡੇਰਿਆਂ ਬਾਰੇ ਵਿਸਥਾਰ ਨਾਲ ਗੱਲ ਕਰਨੀਂ ਵੀ ਇੱਕ ਬੜੀ ਲੰਮੀ ਚਰਚਾ ਹੈ।  

ਪਰ ਇਹ ਮਿਸਾਲ ਦੇ ਕੇ ਗੱਲ ਕਰਨ ਦਾ ਮਕ਼ਸਦ ਸਿਰਫ ਇਹੀ ਹੈ ਕਿ ਸਾਡਾ ਧੁਰਾ ਕੀ ਹੈ ਤੇ ਅਸੀਂ ਬਣਾ ਕੇ ਕੀ ਰੱਖਿਆ ਹੋਇਆ ਹੈ। ਗਲ਼ਾਂ ਦੀਆਂ ਗਾਨੀਆਂ, ਟ੍ਰਕਾਂ-ਕਾਰਾਂ, ਨਿਸ਼ਾਨ ਸਾਹਿਬ ਆਦਿ ਤੇ ਹਰ ਥਾਂ ਖੰਡਾ ਹੀ ਨਜ਼ਰ ਆਉਂਦਾ ਹੈ। ਹੋ ਸਕਦਾ ਹੈ ਕਿ ਲੋਕ ੴ ਨੂੰ ਬਹੁਤ ਡੂੰਘੇ ਰੂਪ ਵਿੱਚ ਸਮਝ ਚੁੱਕੇ ਹਨ ਸ਼ਾਇਦ ਇਸ ਕਰਕੇ ਆਪਣੀ ਰੋਜ਼ਮੱਰਾ ਜ਼ਿੰਦਗੀ ਦਾ ਹਿੱਸਾ ਨਹੀਂ ਬਣਾਉਣਾ ਚਾਹੁੰਦੇ!  

ਇਸੇ ਤਰ੍ਹਾਂ ਅਸੀਂ ਬੜੀ ਸ਼ਾਨੋ-ਸ਼ੌਕਤ ਨਾਲ ਗੱਲ ਹਮੇਸ਼ਾ ਮੀਰੀ-ਪੀਰੀ ਦੀ ਕਰਦੇ ਹਾਂ ਪਰ ਖ਼ਾਸ ਤੌਰ ਤੇ ਪੱਛਮੀ ਹਲਕਿਆਂ ਦੇ ਵਿੱਚ ਵਿਦਵਾਨ ਅੰਦਰੋਂ ਅੰਦਰ ਹੀ ਮੁਸਕਰਾ ਕੇ ਚੁੱਪ ਕਰ ਜਾਂਦੇ ਹਨ ਕੇ ਜਿਸ ਸਾਲ ਦੇ ਵਿੱਚ ਸਿੱਖ ਮੀਰੀ-ਪੀਰੀ ਦੀ ਸਥਾਪਨਾ ਹੋਈ ਦੱਸਦੇ ਹਨ ਉਨ੍ਹਾਂ ਹੀ ਸਾਲਾਂ ਦੇ ਦੌਰਾਨ ਯੂਰਪ ਦੀ ਧਰਤੀ ਦੇ ਉੱਤੇ ਮੀਰੀ-ਪੀਰੀ ਅਲੱਗ ਕਰ ਦਿੱਤੀ ਗਈ।

ਇਸ ਕਰਕੇ ਜੇ ਕਿਸੇ ਵੀ ਆਮ ਸਿੱਖ ਨੂੰ ਪੁੱਛੋ ਕਿ ਸਿੱਖੀ ਦੇ ਮੁਤਾਬਕ ਮੀਰੀ-ਪੀਰੀ ਹੈ ਕੀ ਤਾਂ ਸਾਰੇ ਮੂੰਹ ਵਿੱਚ ਘੁੰਗਣੀਆਂ ਪਾ ਕੇ ਬਹਿ ਜਾਣਗੇ। ਸੰਨਾਟਾ। ਸੋ ਪਤੇ ਦੀ ਗੱਲ ਇਹ ਕਿ ਜੇਕਰ ਗੁਰਬਾਣੀ ਕਦੀ ਪੜ੍ਹੀ ਨਹੀਂ ਤੇ ਨਾ ਹੀ ਸਿੱਖ ਇਤਿਹਾਸ ਪੜ੍ਹਿਆ ਹੈ ਤੇ ਫਿਰ ਫੋਕੀਆਂ ਫੜ੍ਹਾਂ ਮਾਰਨ ਦੀ ਕੋਈ ਲੋੜ ਨਹੀਂ ਹੈ। ਸਿੱਖੀ ਵਿੱਚ ਮੀਰੀ- ਪੀਰੀ ਇੱਕ ਬਹੁਤ ਹੀ ਉੱਚ ਸੱਚ ਦਾ ਸਿਧਾਂਤ ਹੈ ਜਿਸ ਬਾਰੇ  ਜੇਕਰ ਕਦੀ ਗੱਲ ਛੇੜੋ ਤਾਂ ਸੰਦਰਭ ਵਿੱਚ ਗੁਰਬਾਣੀ ਅਤੇ ਇਤਿਹਾਸ ਦੇ ਹਵਾਲਿਆਂ ਨਾਲ ਪੂਰੀ ਗੱਲ ਕਰੋਂ ਤਾਕਿ ਅਗਲਾ ਇਹ ਨਾ ਸੋਚੇ ਕਿ ਇਹ ਤਾਂ ਅਸੀਂ ਸਦੀਆਂ ਪਹਿਲਾਂ ਛੱਡ ਕੇ ਅੱਗੇ ਲੋਕਰਾਜੀ ਤਰੱਕੀ ਕਰ ਗਏ ਸੀ।   

ਅਖੀਰ ਵਿੱਚ ਇਹ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਸਾਲ ਕਿਹੜੀ ਆਫ਼ਤ ਨੇ ਸਾਰੀ ਦੁਨੀਆਂ ਨੂੰ ਸੁੱਕਣੇ ਪਾਇਆ ਹੋਇਆ ਹੈ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਲਫ਼ਾਫ਼ੇ-ਬੋਤਲਾਂ ਵੰਡ ਕੇ ਬਹੁਤ ਮਸ਼ਹੂਰੀ ਖੱਟੀ ਹੈ ਅਤੇ ਬਹੁਤ ਸਾਰੇ ਸਮਾਜਕ ਮਾਧਿਅਮਾਂ ਉੱਤੇ ਧੜਾਧੜ ਵੀਡਿਓ ਚੱਲਦੇ ਰਹੇ ਹਨ। ਚਲੋ ਠੀਕ ਹੈ ਥੋੜ੍ਹਾ ਬਹੁਤ ਕੰਮ ਕੀਤਾ ਹੈ ਤਾਂ ਮਸ਼ਹੂਰੀ ਖੱਟਣ ਵਿੱਚ ਕੋਈ ਹਰਜ ਨਹੀਂ। ਪਰ ਇਸ ਬਾਬਤ ਫੜ੍ਹਾਂ ਮਾਰਨ ਦੀ ਕੋਈ ਲੋੜ ਨਹੀਂ। 

ਪੱਛਮੀ ਮੁਲਕਾਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਜਿਵੇਂ ਕਿ ਰੈੱਡ ਕਰਾਸ, ਸਾਲਵੇਸ਼ਨ ਆਰਮੀ, ਸਿਟੀ ਮਿਸ਼ਨ ਆਦਿ ਇਨ੍ਹਾਂ ਸਭ ਦਾ ਪਿਛੋਕੜ ਇਸਾਈ ਧਰਮ ਪ੍ਰਚਾਰ ਦੇ ਨਾਲ ਬੱਝਾ ਹੈ।  ਇਕੱਲੇ ਨਿਊਜ਼ੀਲੈਂਡ ਵਿੱਚ ਹੀ ਉੱਪਰ ਦਿੱਤੀਆਂ ਤਿੰਨ ਸੰਸਥਾਵਾਂ ਵਿੱਚੋਂ ਇੱਕ ਸੰਸਥਾ ਹਰ ਰੋਜ਼ ਚਾਲੀ ਹਜ਼ਾਰ ਡਾਲਰ ਖਰਚ ਰਹੀ ਹੈ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦੇ ਲਈ। ਇਨ੍ਹਾਂ ਵਿੱਚੋਂ ਇੱਕ ਵੀ ਸੰਸਥਾ ਤਸਵੀਰਾਂ-ਖ਼ਬਰਾਂ ਲਗਵਾ ਕੇ ਮਸ਼ਹੂਰੀ ਖੱਟਣ ਦੀ ਕੋਸ਼ਿਸ਼ ਨਹੀਂ ਕਰਦੀ। ਪਰ ਸਿੱਖ ਸੰਸਥਾਵਾਂ ਫੜ੍ਹਾਂ ਮਾਰਨ ਦੇ ਸ਼ੌਕ ਪਾਲਦੀਆਂ ਹੋਈਆਂ ਪੰਜ ਪੈਸੇ ਦਾ ਕੰਮ ਕਰਕੇ ਰੁਪਈਏ ਦੀ ਫੜ੍ਹ ਮਾਰੀ ਜਾਣ ਵਿੱਚ ਰੁਝੀਆਂ ਹੋਈਆਂ ਹਨ।

ਸਾਨੂੰ ਸਭ ਨੂੰ ਪਤਾ ਹੈ ਕਿ ਸਾਡਾ ਧੁਰਾ ਕੀ ਹੈ ਤੇ ਸਾਡਾ ਇਤਿਹਾਸ ਕੀ ਹੈ ਪਰ ਉਪਰੋਕਤ ਮਿਸਾਲਾਂ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਕਿਹੜੀਆਂ ਖੇਡਾਂ ਦੇ ਵਿੱਚ ਰੁੱਝ ਗਏ ਹਾਂ। ਕੀ ਅਸੀਂ ਵਾਕਿਆ ਹੀ ਗੁਰੂ ਸਾਹਿਬਾਨ ਦਾ ਦਿੱਤਾ ਸੁਨੇਹਾ ਅੱਗੇ ਲਿਜਾਣ ਦੇ ਕਾਬਲ ਹਾਂ?