Posted in ਚਰਚਾ, NZ News

ਨਿਊਜ਼ੀਲੈਂਡ ਚੋਣਾਂ 2020 ਅਤੇ ਜਨਮੱਤ

ਅੱਜ ਤੋਂ ਠੀਕ ਇੱਕ ਹਫ਼ਤੇ ਬਾਅਦ ਸ਼ਨਿੱਚਰਵਾਰ, 17 ਅਕਤੂਬਰ 2020 ਨੂੰ ਨਿਊਜ਼ੀਲੈਂਡ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਣਗੀਆਂ।  

ਪਰ ਜ਼ਰੂਰੀ ਨਹੀਂ ਕਿ ਸਿਰਫ ਉਹੀ ਇੱਕ ਦਿਨ ਹੈ ਲੋਕਾਂ ਦੇ ਵੋਟਾਂ ਪਾਉਣ ਦੇ ਲਈ। ਅਗੇਤੀ ਵੋਟ ਪਾਉਣ ਦਾ ਕੰਮ ਤਾਂ ਪਿਛਲੇ ਹਫਤੇ ਤੋਂ ਹੀ ਸ਼ੁਰੂ ਹੋ ਗਿਆ ਹੈ। ਨਿਊਜ਼ੀਲੈਂਡ ਦੇ ਹਰ ਸ਼ਹਿਰ ਅਤੇ ਕਸਬੇ ਵਿੱਚ ਅਗੇਤੀ ਵੋਟ ਪਾਉਣ ਦੇ ਕੇਂਦਰ ਬਣ ਚੁੱਕੇ ਹਨ। ਮੈਂ ਵੀ ਅਗੇਤੀ ਵੋਟ ਪਾਉਣ  ਦੀ ਸਹੂਲਤ ਦਾ ਲਾਹਾ ਲੈ ਲਿਆ ਹੈ।

ਇਸ ਵਾਰ ਨਿਊਜ਼ੀਲੈਂਡ ਵਿੱਚ ਵੋਟਾਂ ਦੇ ਦੌਰਾਨ, ਦੋ ਮੁੱਦਿਆਂ ਦੇ ਉੱਤੇ ਜਨਮੱਤ ਵੀ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੋਵਾਂ ਜਨਮਤਿਆਂ ਬਾਰੇ ਵਿਸਥਾਰ ਸਾਹਿਤ ਪੜ੍ਹਨ ਲਈ ਇੱਥੇ ਅਤੇ ਇੱਥੇ ਕਲਿੱਕ ਕਰੋ।  

ਬੀਤੇ ਕੱਲ੍ਹ, ਮੇਰੀ ਹੈਰਾਨੀ ਦੀ ਉਸ ਵੇਲੇ ਹੱਦ ਨਾ ਰਹੀ ਜਦ ਮੈਂ ਨਿਊਜ਼ੀਲੈਂਡ ਦੇ ਇੱਕ ਪੰਜਾਬੀ ਅਖ਼ਬਾਰ ਦੇ ਵੈੱਬਸਾਈਟ ਦੇ ਉੱਤੇ ਨਿਊਜ਼ੀਲੈਂਡ ਦੀ ਇੱਕ ਸਿੱਖ ਸੰਸਥਾ ਵੱਲੋਂ ਇਨ੍ਹਾਂ ਦੋ ਜਨਮਤਿਆਂ ਵਿੱਚੋਂ ਇੱਕ ਦੇ ਉੱਤੇ ਦਿੱਤੇ ਫ਼ਰਮਾਨ ਨੂੰ ਪੜ੍ਹਿਆ। ਇੱਕ ਜਨਮਤੇ ਬਾਰੇ ਜੋ ਫ਼ਰਮਾਨ ਦਿੱਤਾ ਗਿਆ ਸੀ ਉਹਦੇ ਹੱਕ ਵਿੱਚ ਇਸ ਸੰਸਥਾ ਦੇ ਬੁਲਾਰੇ ਨੇ ਗੁਰਬਾਣੀ ਦੀਆਂ ਦੋ ਤੁਕਾਂ ਵੀ ਦਿੱਤੀਆਂ ਹੋਈਆਂ ਸਨ।  

ਮੈਂ ਇਨ੍ਹਾਂ ਤੁਕਾਂ ਨੂੰ ਲੈ ਕੇ ਅੱਗੇ ਕੋਈ ਵਿਚਾਰ ਵਟਾਂਦਰਾ ਇੱਥੇ ਨਹੀਂ ਕਰਾਂਗਾ, ਕਿਉਂਕਿ ਅਜਿਹੀਆਂ ਸਿੱਖ ਸੰਸਥਾਵਾਂ ਜਿਹੜੀਆਂ ਡੇਰਿਆਂ ਅਤੇ ਸੰਪ੍ਰਦਾਵਾਂ ਨਾਲ ਸਬੰਧਤ ਹੁੰਦੀਆਂ ਹਨ ਉਹ ਬਿਨਾਂ ਕਿਸੇ ਸੰਦਰਭ ਦੇ ਅਤੇ ਬਿਨਾਂ ਰਹਾਉ ਦੀ ਪੰਗਤੀ ਵੱਲ ਧਿਆਨ ਦਿੱਤਿਆਂ ਆਪਣੀ ਮਨ-ਮਰਜ਼ੀ ਦੇ ਅਰਥ ਕੱਢ ਲੈਂਦੇ ਹਨ।

ਇੱਥੇ ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਹਾਂ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੁਗੋ-ਜੁਗ ਅਟਲ ਹਨ ਪਰ ਜੇਕਰ ਅਸੀਂ ਗੁਰਬਾਣੀ ਦੀਆਂ ਤੁਕਾਂ ਨੂੰ ਆਪਣੇ ਨਿੱਜੀ ਨਜ਼ਰੀਏ ਮੁਤਾਬਕ ਇਧਰ-ਉਧਰ ਢਾਲ ਕੇ ਪੇਸ਼ ਕਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਗੁਰਬਾਣੀ ਨੂੰ ਜੁਗੋ ਜੁਗ ਅਟੱਲ ਜਾਂ ਸਾਰੇ ਜਗਤ ਲਈ ਨਾ ਸਮਝ ਕੇ ਆਪਣੇ ਨਿੱਜੀ ਸੌੜੇ ਵਿਚਾਰਾਂ ਦੇ ਘੇਰੇ ਅੰਦਰ ਹੀ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹੋਵਾਂਗੇ।  

ਜਨਮੱਤ ਬਾਰੇ ਕਿਸੇ ਸੰਸਥਾ ਦੀ ਰਾਏ ਤੁਸੀਂ ਸਿਰਫ਼ ਇਸ਼ਤਿਹਾਰ ਵੱਜੋਂ ਦੇ ਸਕਦੇ ਹੋ ਅਤੇ ਉਸ ਇਸ਼ਤਿਹਾਰ ਵਿੱਚ ਇਸ਼ਤਿਹਾਰ ਦਾ ਖਰਚਾ ਦੇਣ ਵਾਲੇ ਦੀ ਵੀ ਪਛਾਣ ਕਰਵਾਉਣੀ ਪੈਂਦੀ ਹੈ।

ਨਿਊਜ਼ੀਲੈਂਡ ਦੇ ਕਨੂੰਨ ਮੁਤਾਬਕ ਇਨ੍ਹਾਂ ਜਨਮਤਿਆਂ ਬਾਰੇ ਕੀ ਕੁਝ ਇਸ਼ਤਿਹਾਰ ਨਹੀਂ ਗਿਣਿਆ ਜਾਵੇਗਾ:

  1. ਇਨ੍ਹਾਂ ਜਨਮਤਿਆਂ ਬਾਰੇ ਜਾਣੂੰ ਕਰਵਾਉਣ ਲਈ ਖ਼ਬਰਾਂ,
  2. ਇਨ੍ਹਾਂ ਜਨਮਤਿਆਂ ਬਾਰੇ ਸਰਕਾਰੀ ਜਾਣਕਾਰੀ,
  3. ਇਨ੍ਹਾਂ ਜਨਮਤਿਆਂ ਬਾਰੇ ਕਿਸੇ ਵੀ ਨਾਗਰਿਕ ਦੇ ਨਿੱਜੀ ਵਿਚਾਰ ਬਸ਼ਰਤੇ ਕਿ ਇਨ੍ਹਾਂ ਵਿਚਾਰਾਂ ਲਈ ਉਸ ਨੂੰ ਕਿਸੇ ਕਿਸਮ ਦਾ ਕੋਈ ਭੁਗਤਾਨ ਨਾ ਕੀਤਾ ਗਿਆ ਹੋਵੇ, ਅਤੇ
  4. ਕਿਸੇ ਐਮ ਪੀ ਦਾ ਸਿਰਨਾਵਾਂ ਛਾਪਣਾ। 

ਸੋ ਜ਼ਰੂਰੀ ਹੈ ਕਿ ਤੁਸੀਂ ਉੱਪਰ ਦਿੱਤੇ ਲਿੰਕ ਮੁਤਾਬਕ ਇਨ੍ਹਾਂ ਜਨਮਤਿਆਂ ਬਾਰੇ ਗੰਭੀਰ ਹੋ ਕੇ ਚੰਗੀ ਤਰ੍ਹਾਂ ਪੜ੍ਹੋ ਅਤੇ ਆਪਣਾ ਪੱਖ ਵਿਚਾਰੋ। ਆਪਣੀ ਸੋਚ ਅਤੇ ਸਮਝ ਮੁਤਾਬਕ ਇਨ੍ਹਾਂ ਜਨਮਤਿਆਂ ਬਾਰੇ ਤੁਸੀਂ ਆਪਣਾ ਨਿੱਜੀ ਵਿਚਾਰ ਬਣਾਓ ਅਤੇ ਉਸੇ ਅਨੁਸਾਰ ਹੀ ਵੋਟ ਪਾਓ। 

Posted in ਚਰਚਾ, ਵਿਚਾਰ

ਖੇਤੀ ਕਨੂੰਨ ਅਤੇ ਕਿਰਸਾਨੀ ਦਾ ਭਵਿੱਖ

ਭਾਰਤ ਵਿੱਚ ਖੇਤੀ ਫ਼ਰਮਾਨ ਆਉਂਦੇ ਸਾਰ ਹੀ ਇਸ ਦਾ ਸਾਰੇ ਪਾਸੇ ਵਿਰੋਧ ਸ਼ੁਰੂ ਹੋ ਗਿਆ। ਬਿੱਲ ਦੇ ਰੂਪ ਵਿੱਚ ਸ਼ੁਰੂ ਹੋ ਕੇ ਭਾਰਤ ਦੀ ਪਾਰਲੀਮੈਂਟ ਵਿੱਚ ਬਿਨਾਂ ਕਿਸੇ ਵਿਚਾਰ ਤੋਂ ਬਾਅਦ ਇਹ ਪਾਸ ਹੋ ਗਿਆ ਅਤੇ ਇਸ ਤੋਂ ਬਾਅਦ ਭਾਰਤੀ ਰਾਸ਼ਟਰਪਤੀ ਦੀ ਰਵਾਇਤੀ ਮੋਹਰ ਲੱਗ ਕੇ ਛੇਤੀ ਹੀ ਖੇਤੀ ਕਨੂੰਨ ਬਣ ਕੇ ਸਾਰਿਆਂ ਦੇ ਸਾਹਮਣੇ ਆ ਗਿਆ।  

ਮੈਂ ਸ਼ੁਰੂ ਤੋਂ ਹੀ ਬੜੀ ਨੀਝ ਲਾ ਕੇ ਖੇਤੀ ਕਨੂੰਨ ਦੇ ਵਿਰੋਧ ਦਾ ਜੋ ਮਾਹੌਲ ਬੱਝ ਰਿਹਾ ਸੀ ਉਹ ਵੇਖ ਰਿਹਾ ਸੀ ਅਤੇ ਹਾਲੇ ਤਕ ਇਸ ਬਾਰੇ ਕੁਝ ਨਹੀਂ ਸੀ ਲਿਖਿਆ। ਅੱਜ ਮੈਂ ਇਸ ਦੇ ਬਾਰੇ ਲਿਖਣ ਜਾ ਰਿਹਾ ਹਾਂ। ਮੇਰਾ ਝੁਕਾਅ ਸਿਰਫ ਖੇਤੀ ਕਨੂੰਨ ਦੇ ਉੱਤੇ ਨਹੀਂ ਸਗੋਂ ਵੱਡੇ ਖਾਕੇ ਦੇ ਉੱਤੇ ਰਹੇਗਾ ਤਾਂ ਜੋ ਇਹ ਸਮਝ ਸਕੀਏ ਕਿ ਇਹ ਨੌਬਤ ਆਈ ਕਿਵੇਂ?

ਖੇਤੀ ਕਨੂੰਨ ਦੇ ਆਉਣ ਤੋਂ ਪਹਿਲਾਂ ਅਰਥਚਾਰੇ ਦੀਆਂ ਅਜਿਹੀਆਂ ਕਿਹੜੀਆਂ ਕਾਰਵਾਈਆਂ ਹੋਈਆਂ? ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਖਰੀਦਣ ਲਈ ਸਰਮਾਇਆ ਕਿੱਥੋਂ ਆ ਰਿਹਾ ਹੈ?

ਪੂੰਜੀਪਤੀਆਂ ਜਿਨ੍ਹਾਂ ਨੂੰ ਖ਼ਬਰਾਂ ਦੇ ਵਿੱਚ ਕਾਰਪੋਰੇਟ ਘਰਾਣੇ ਵੀ ਕਿਹਾ ਜਾ ਰਿਹਾ ਹੈ ਉਨ੍ਹਾਂ ਦੇ ਹੱਥ ਵਿੱਚ ਫਸਲੀ ਮੰਡੀਕਰਨ ਪੂਰੀ ਤਰ੍ਹਾਂ ਕਿਵੇਂ ਆ ਜਾਵੇਗਾ? ਇਨ੍ਹਾਂ ਸਵਾਲਾਂ ਬਾਰੇ ਮੈਂ ਕਾਫੀ ਸੋਚਿਆ ਹੈ।  

ਇਸ ਦੌਰਾਨ, ਖ਼ਬਰਾਂ ਦੇ ਹਾਸ਼ੀਏ ਦੇ ਉੱਤੇ ਕੁਝ ਦੂਜੇ ਮੁੱਦੇ ਵੀ ਲਿਆਂਦੇ ਗਏ, ਜਿਵੇਂ ਕਿ ਫਸਲੀ ਚੱਕਰ ਦਾ ਨਾ ਟੁੱਟਣਾ ਅਤੇ ਝੋਨੇ ਵਰਗੀ ਫਸਲ ਉਤੇ ਲੋੜ ਤੋਂ ਵੱਧ ਨਿਰਭਰਤਾ ਜਿਸਨੇ ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਤਲ ਹੋਰ ਡੂੰਘਾ ਕਰ ਦਿੱਤਾ ਹੈ। ਇਹ ਮੁੱਦੇ ਆਪਣੇ-ਆਪ ਵਿੱਚ ਚਾਹੇ ਕਿੰਨੇ ਵੀ ਗੰਭੀਰ ਹੋਣ, ਨਵੇਂ ਖੇਤੀ ਕਨੂੰਨ ਅਤੇ ਮੰਡੀਕਰਨ ਦੀ ਤਸਵੀਰ ਉੱਤੇ ਇਹ ਬਿੰਦੂ-ਮਾਤਰ ਹੀ ਹਨ।

ਇਨ੍ਹਾਂ ਖੇਤੀ ਕਨੂੰਨਾਂ ਦਾ ਸਭ ਤੋਂ ਵੱਧ ਅਸਰ ਪੰਜਾਬ, ਹਰਿਆਣਾ, ਕਰਨਾਟਕ, ਤਮਿਲਨਾਡੂ, ਕੇਰਲ ਅਤੇ ਮਹਾਰਾਸ਼ਟਰ ਉੱਤੇ ਹੋਵੇਗਾ ਜਿੱਥੇ ਬੀਤੇ ਦਹਾਕਿਆਂ ਦੌਰਾਨ ਖੇਤੀ ਬਹੁਤ ਉੱਨਤ ਰੂਪ ਵਿੱਚ ਹੋਣ ਲਗ ਪਈ ਹੈ। ਪਰ ਸਮੁਚੇ ਰੂਪ ਵਿੱਚ ਸਾਰੇ ਭਾਰਤ ਵਿੱਚ 80 ਫ਼ੀ ਸਦੀ ਕਿਸਾਨਾਂ ਕੋਲ ਇੱਕ ਹੈਕਟੇਅਰ (ਢਾਈ ਕਿੱਲਿਆਂ) ਤੋਂ ਵੱਧ ਜ਼ਮੀਨ ਨਹੀਂ ਹੈ।

Photo by freestocks.org on Pexels.com

ਮੰਡੀਕਰਨ ਦਾ ਇਤਿਹਾਸ ਭਾਰਤ ਵਿੱਚ ਕੋਈ ਬਹੁਤ ਪੁਰਾਣਾ ਨਹੀਂ ਹੈ। ਇਸ ਬਾਰੇ ਸਭ ਤੋਂ ਪਹਿਲਾਂ ਹੰਭਲਾ ਉਦੋਂ ਦੇ ਭਾਰਤੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਰਾਜ ਕਾਲ ਦੌਰਾਨ ਮਾਰਿਆ ਗਿਆ ਸੀ ਜਿਨ੍ਹਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ। ਸੰਨ 1965 ਵਿੱਚ ਇਸ ਨਾਅਰੇ ਦਾ ਮਾਹੌਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦੀ ਮੌਤ ਤੋਂ ਬਾਅਦ ਪਾਕਿਸਤਾਨੀ ਹਮਲੇ ਦਾ ਖਤਰਾ ਅਤੇ ਵਧਦੇ ਅਨਾਜ ਸੰਕਟ ਕਰਕੇ ਪੈਦਾ ਹੋਇਆ ਸੀ। 

ਇਸ ਨਾਅਰੇ ਦਾ ਮਕਸਦ ਸੀ ਰਲ਼-ਮਿਲ ਕੇ ਸੰਕਟ ਦਾ ਸਾਹਮਨਾ ਕਰਨ ਲਈ ਹੌਸਲਾ ਬੁਲੰਦ ਕਰਨਾ। ਉਦੋਂ ਲਾਗੂ ਹੋਏ ਮੰਡੀਕਰਨ ਦਾ ਸਦਕਾ ਅੱਜ ਇਕੱਲੇ ਪੰਜਾਬ ਵਿੱਚ ਹੀ 28 ਹਜ਼ਾਰ ਲਸੰਸੀ ਆੜ੍ਹਤੀ ਅਤੇ ਇੱਕ ਲੱਖ ਆੜ੍ਹਤੀ ਕਲਰਕ ਅਤੇ 10 ਲੱਖ ਮਜ਼ਦੂਰ ਇਸ ਮੰਡੀਕਰਨ ਅਰਥਚਾਰੇ ਨਾਲ ਜੁੜੇ ਹੋਏ ਹਨ। ਬਾਕੀ ਸਰਕਾਰੀ ਮੁਲਾਜ਼ਮ ਵੱਖਰੇ। 

ਇਸ ਨਵੇਂ ਖੇਤੀ ਕਨੂੰਨ ਕਰਕੇ ਹਾਲਾਤ ਅੱਜ ਤੋਂ 60-70 ਸਾਲ ਪੁਰਾਣੇ ਵਕ਼ਤ ਵਿੱਚ ਜਾ ਡਿਗਣਗੇ ਜਿੱਥੇ ਮੰਡੀਕਰਨ ਨਹੀਂ ਸੀ ਹੁੰਦਾ ਤੇ ਸ਼ਾਹੂਕਾਰ ਮਰਜ਼ੀ ਨਾਲ ਫਸਲਾਂ ਚੁੱਕਦੇ ਸਨ। ਕਿਰਸਾਨੀ ਦੀ ਲੁੱਟ-ਖਸੁੱਟ ਆਮ ਹੁੰਦੀ ਸੀ। ਖੇਤੀ ਕਨੂੰਨਾਂ ਕਰਕੇ ਅੱਜ ਸ਼ਾਹੂਕਾਰਾਂ ਦੀ ਥਾਂ ਪੂੰਜੀਪਤੀ ਘਰਾਣੇ ਲੈ ਲੈਣਗੇ ਜੋ ਲੁੱਟ-ਖਸੁੱਟ ਤਾਂ ਕੀ, ਜ਼ਮੀਨਾਂ ਖਰੀਦਣ ਉੱਤੇ ਹੀ ਅੱਖਾਂ ਗੱਡੀ ਬੈਠੇ ਹਨ।

ਭਾਰਤ ਵਿੱਚ ਨਾ ਤਾਂ ਵਪਾਰ ਉੱਨਤ ਹੋਇਆ ਹੈ ਅਤੇ ਨਾ ਹੀ ਉਦਯੋਗ। ਉੱਪਰ ਦੱਸੇ ਅਨੁਸਾਰ ਭਾਰਤ ਦੇ 80 ਫ਼ੀ ਸਦੀ ਕਿਸਾਨ, ਜਿੰਨਾ ਕੋਲ ਇੱਕ ਹੈਕਟੇਅਰ (ਢਾਈ ਕਿੱਲਿਆਂ) ਤੋਂ ਵੱਧ ਜ਼ਮੀਨ ਨਹੀਂ ਹੈ, ਨਵੇਂ ਖੇਤੀ ਕਨੂੰਨਾਂ ਕਰਕੇ ਛੇਤੀ ਹੀ ਮਜ਼ਦੂਰ ਬਣ ਜਾਣਗੇ। ਦੁਨੀਆਂ ਭਰ ਵਿੱਚ ਜਿੱਥੇ ਵੀ ਅਰਥਚਾਰਾ ਮਜ਼ਬੂਤ ਹੋਇਆ ਹੈ, ਰੁਜ਼ਗਾਰ ਦੇ ਮੌਕੇ ਵਧਣ ਕਰਕੇ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਰੁਖ ਕਰਦੇ ਹਨ। ਜਦਕਿ ਭਾਰਤ ਵਿੱਚ ਰੁਜ਼ਗਾਰ ਦੇ ਨਾਂ ਤੇ ਪਕੌੜੇ ਤਲਣ ਦੀ ਸਲਾਹ ਦਿੱਤੀ ਜਾਂਦੀ ਹੈ।  

ਬਹੁਤਾ ਚਿਰ ਨਹੀਂ ਹੋਇਆ ਹੈ ਕਿ ਭਾਰਤ ਵਿੱਚ ਇਨ੍ਹਾਂ ਪੂੰਜੀਪਤੀ ਘਰਾਣਿਆਂ ਨੂੰ ਸ਼ਹਿ ਦੇਣ ਲਈ ਅਜਿਹੇ ਕਨੂੰਨ ਵੀ ਬਣ ਗਏ ਹਨ ਕਿ 300 ਮਜ਼ਦੂਰ ਵਾਲੀ ਕੰਪਨੀ ਕਿਸੇ ਵੀ ਮਜ਼ਦੂਰ ਨੂੰ ਕਦੀ ਵੀ ਨੌਕਰੀ ਤੋਂ ਕੱਢ ਸਕਦੀ ਹੈ। ਕਨੂੰਨੀ ਤੌਰ ਤੇ ਅਦਾਲਤ ਦਾ ਬੂਹਾ ਵੀ ਨਹੀਂ ਖੜਕਾ ਸਕਦੇ। 

ਉੱਪਰ ਜਿਵੇਂ ਜ਼ਿਕਰ ਕੀਤਾ ਹੈ ਕਿ ਪੂੰਜੀਪਤੀ ਘਰਾਣਿਆਂ ਦੀ ਨਜ਼ਰ ਹੁਣ ਕਿਸਾਨਾਂ ਦੀਆਂ ਜ਼ਮੀਨਾਂ ਤੇ ਹਨ। ਇਹ ਪੂੰਜੀਪਤੀ ਘਰਾਣੇ ਜਿੰਨ੍ਹਾਂ ਦਾ ਅੱਜ ਜ਼ਿਕਰ ਹੋ ਰਿਹਾ ਹੈ ਕੀ ਇਹ ਹਮੇਸ਼ਾ ਹੀ ਬਹੁਤ ਅਮੀਰ ਸਨ? ਸੋਚੋ ਕਿ ਪਿਛਲੇ ਛੇ ਸਾਲਾਂ ਵਿੱਚ ਭਾਰਤ ਦੇ ਦੋ ਤਿੰਨ ਖ਼ਾਸ ਪੂੰਜੀਪਤੀ ਘਰਾਣੇ ਜ਼ਰੂਰਤ ਤੋਂ ਜ਼ਿਆਦਾ ਅਮੀਰ ਕਿਵੇਂ ਹੋ ਗਏ?

ਜੇਕਰ ਤੁਹਾਨੂੰ ਕੁਝ ਯਾਦ ਨਹੀਂ ਆ ਰਿਹਾ ਤਾਂ ਮੈਂ ਤੁਹਾਨੂੰ ਕੁਝ ਇਸ਼ਾਰਾ ਦਿੰਦਾ ਹਾਂ:

  1. ਬੀਤੇ ਸਾਲਾਂ ਦੌਰਾਨ ਕਿਹੜੀ ਮੋਬਾਈਲ ਕੰਪਨੀ ਦਾ ਸਿੰਮ ਕਾਰਡ ਤੁਸੀਂ ਭੱਜ-ਭੱਜ ਕੇ ਖਰੀਦਿਆ?
  2. ਲੜਾਕੂ ਜਹਾਜ਼ਾਂ ਦਾ ਠੇਕਾ ਕਿਸ ਕੰਪਨੀ ਨੂੰ ਮਿਲ ਗਿਆ ਬਿਨਾ ਕਿਸੇ ਤਜਰਬੇ ਤੋਂ?
  3. ਪੈਟਰੋਲ-ਡੀਜ਼ਲ ਦਾ ਵਪਾਰ ਹੁਣ ਕਿਹੜੀਆਂ ਨਿਜੀ ਕੰਪਨੀਆਂ ਦੇ ਹੱਥ ਵਿੱਚ ਆ ਚੁੱਕਾ ਹੈ?

ਸਿਰਫ ਇਹੀ ਨਹੀਂ, ਬੀਤੇ ਸਾਲ ਚੋਣਾਂ ਦੇ ਬੌਂਡ ਵੀ ਆ ਗਏ ਜਿੰਨ੍ਹਾਂ ਸਦਕਾ ਪੂੰਜੀਪਤੀ ਘਰਾਣੇ ਗੁਪਤ ਰੂਪ ਵਿੱਚ ਕਿਸੇ ਵੀ ਰਾਜਸੀ ਪਾਰਟੀ ਨੂੰ ਮਾਇਆ ਦੇ ਗੱਫੇ ਛਕਾ ਸਕਦੇ ਹਨ। 

ਜੇਕਰ ਤੁਹਾਡੀ ਯਾਦਾਸ਼ਤ ਹੁਣ ਤਾਜ਼ਾ ਹੋ ਗਈ ਹੋਵੇ ਤਾਂ ਤੁਸੀਂ ਆਪ ਹੀ ਸੋਚੋ ਕਿ ਜੇਕਰ ਪਹਿਲਾਂ ਪੂੰਜੀਪਤੀ ਘਰਾਣਿਆਂ ਦੇ ਹੱਥ ਹੋਰ ਸਰਮਾਇਆ ਦਿੱਤਾ ਗਇਆ ਹੋਵੇ ਤਾਂ ਇਸ ਦਾ ਨਿਸ਼ਾਨਾ ਕਿਸਦੇ ਉਪਰ ਲੱਗਣਾ ਸੀ?

ਪਿਛਲਿਖਤ: ਉਪਰੋਕਤ ਬਲੌਗ ਤੋਂ ਬਾਅਦ ਸਾਂਝਾ ਟੀਵੀ ਵੈਨਕੂਵਰ ਕੈਨੇਡਾ ਦੇ ਨਾਲ ਖੇਤੀ ਕਨੂੰਨਾਂ ਬਾਰੇ ਇੱਕ ਖਾਸ ਗੱਲਬਾਤ। ਇਹ ਗੱਲਬਾਤ ਫੇਸਬੁੱਕ ਵੀਡੀਓ ਦੇ ਰੂਪ ਵਿੱਚ ਹੇਠਾਂ ਪਾ ਦਿੱਤੀ ਹੈ।

Posted in ਚਰਚਾ, ਵਿਚਾਰ

ਮਜ਼ਾਕ ਦੇ ਸਿਧਾਂਤ

ਬੀਤੇ ਦਸ ਸਾਲਾਂ ਦੇ ਵਿੱਚ ਪੰਜਾਬੀ ਸਿਨੇਮਾ ਇੱਕ ਅਜਿਹੇ ਦੌਰ ਥਾਣੀਂ ਲੰਘਿਆ ਹੈ ਜਿਸ ਵਿੱਚ ਭਾਂਤ-ਸੁ-ਭਾਂਤ ਦੀਆਂ ਫਿਲਮਾਂ ਵੇਖਣ ਨੂੰ ਮਿਲੀਆਂ ਹਨ। ਜ਼ਾਹਰਾਨਾ ਤੌਰ ਤੇ ਪੰਜਾਬੀ ਗਾਇਕਾਂ ਦੀਆਂ ਬਣਾਈਆਂ ਫਿਲਮਾਂ ਵਿੱਚ ਉਹ ਆਪ ਹੀ ਨਾਇਕ ਦੇ ਰੂਪ ਵਿੱਚ ਅੱਗੇ ਆਉਂਦੇ ਹਨ। ਪੰਜਾਬੀ ਗਾਇਕਾਂ ਨੇ ਜਿਸ ਤਰ੍ਹਾਂ ਸਮਾਜਕ ਮਾਧਿਅਮਾਂ ਰਾਹੀਂ ਪਿਛਲੇ ਇੱਕ ਦਹਾਕੇ ਵਿੱਚ ਗਾਇਕੀ ਦਾ ਜਿਹੜਾ ਅਖੌਤੀ ਅਰਥਚਾਰਾ ਖੜ੍ਹਾ ਕਰ ਦਿੱਤਾ ਹੈ ਉਹ ਵੀ ਇੱਕ ਵੱਖਰੀ ਚਰਚਾ ਦਾ ਵਿਸ਼ਾ ਹੈ। 

ਉਪਰੋਕਤ ਕੀਤੀ ਗੱਲ ਮੁਤਾਬਕ ਇਹ ਪੰਜਾਬੀ ਫਿਲਮਾਂ ਭਾਵੇਂ ਅੱਜ ਦੇ ਦੌਰ ਦੇ ਬਾਰੇ ਹੋਣ ਤੇ ਭਾਵੇਂ ਪੰਜਾਬ ਦੇ ਪੁਰਾਣੇ ਰਵਾਇਤੀ ਸਮਾਜ ਦੇ ਬਾਰੇ ਹੋਣ, ਇੱਕ ਚੀਜ਼ ਇਨ੍ਹਾਂ ਸਾਰੀਆਂ ਦੇ ਵਿੱਚ ਸਾਂਝੀ ਹੈ ਅਤੇ ਉਹ ਹੈ ਹਾਸਾ-ਮਜ਼ਾਕ। ਕਿਤੇ ਵੀ ਪੰਜਾਬੀ ਫਿਲਮਾਂ ਬਾਰੇ ਕੋਈ ਗੱਲ ਚੱਲਦੀ ਹੋਵੇ ਤਾਂ ਹਾਸੇ-ਮਜ਼ਾਕ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਕਿ ਇਹ ਫ਼ਿਲਮ ਦਾ ਹਿੱਸਾ ਹੋਣਾ ਬਹੁਤ ਜ਼ਰੂਰੀ ਹੈ। ਅਜਿਹੀਆਂ ਗੱਲਾਂ ਬਾਤਾਂ ਦੌਰਾਨ ਹਾਸੇ-ਮਜ਼ਾਕ ਲਈ ‘ਕਾਮੇਡੀ’ ਸ਼ਬਦ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਹੈ।  

ਇਹ ਕੀ ਗੱਲ ਹੈ ਕਿ ਪੰਜਾਬੀ ਸਿਨਮਾ ਕਿਸੇ ਵੀ ਸਮਾਜਕ-ਆਰਥਕ-ਰਾਜਨੀਤਕ ਮਸਲੇ ਬਾਰੇ ਗੰਭੀਰਤਾ ਨਾਲ ਗੱਲ ਕਰਨ ਨਾਲੋਂ ਹਾਸੇ-ਮਜ਼ਾਕ ਦੇ ਉੱਤੇ ਜ਼ਿਆਦਾ ਜ਼ੋਰ ਦੇ ਰਿਹਾ ਹੈ? ਜੇਕਰ ਕਿਤੇ ਕਿਸੇ ਫਿਲਮ ਵਿੱਚ ਸਮਾਜਕ-ਆਰਥਕ-ਰਾਜਨੀਤਕ ਮਸਲੇ ਦੀ ਕੋਈ ਰੱਤੀ-ਭਰ ਗੱਲ ਵੀ ਕੀਤੀ ਹੁੰਦੀ ਹੈ ਤਾਂ ਉਸ ਉੱਤੇ ਵੀ ਹਾਸੇ-ਮਜ਼ਾਕ ਦਾ ਪਹਿਲੂ ਭਾਰਾ ਹੋ ਨਿੱਬੜਦਾ ਹੈ।

ਦਾਰਸ਼ਨਿਕ ਤੌਰ ਤੇ ਉੱਤੇ ਅਸੀਂ ਜੇ ਕੋਈ ਗੱਲ ਕਰੀਏ ਤਾਂ ਹਾਸੇ-ਮਜ਼ਾਕ ਨੂੰ ਤਿੰਨ ਮੁੱਖ ਸਿਧਾਂਤਾਂ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ।  

Photo by Gratisography on Pexels.com

ਇਸ ਦੇ ਪਹਿਲੇ ਸਿਧਾਂਤ ਨੂੰ ਅਸੀਂ ਛੁਟਕਾਰਾ ਮਜ਼ਾਕ ਦਾ ਸਿਧਾਂਤ ਕਹਿ ਸਕਦੇ ਹਾਂ। ਇਸ ਸਿਧਾਂਤ ਅਨੁਸਾਰ ਸਾਡਾ ਦਿਮਾਗ਼ ਹਰ ਵੇਲੇ ਕਿਸੇ ਨਾ ਕਿਸੇ ਬੋਝ ਹੇਠ ਦੱਬਿਆ ਹੁੰਦਾ ਹੈ ਜਿਸ ਨੂੰ ਹਲਕਾ ਕਰਨ ਦੇ ਲਈ ਅਸੀਂ ਕਿਸੇ ਨਾ ਕਿਸੇ ਕਿਸਮ ਦੇ ਹਾਸੇ-ਮਜ਼ਾਕ ਨੂੰ ਲੱਭਣ ਦੀ ਕੋਸ਼ਿਸ਼ ਵਿੱਚ ਜੁਟੇ ਰਹਿੰਦੇ ਹਾਂ ਭਾਵੇਂ ਉਹ ਕਿੰਨਾ ਵੀ ਭੱਦਾ ਹੀ ਕਿਉਂ ਨਾ ਹੋਵੇ ਕਿਉਂਕਿ ਸਾਡਾ ਸਾਰਾ ਜ਼ੋਰ ਛੁਟਕਾਰਾ ਪਾਉਣ ਦੇ ਉੱਤੇ ਹੀ ਕੇਂਦਰਿਤ ਹੁੰਦਾ ਹੈ। 

ਮਿਸਾਲ ਦੇ ਤੌਰ ਤੇ ਸਮਾਜਕ ਮਾਧਿਅਮਾਂ ਉਪਰ ਚੱਲਦੇ ਟਿਚਕਰ-ਠਿੱਠ-ਟੋਟਕੇ ਅਤੇ ਜ਼ਨਾਨੀਆਂ ਦੀ ਗਲਤ ਢੰਗ ਨਾਲ ਕੀਤੀ ਪੇਸ਼ਕਾਰੀ ਹੁੰਦੀ ਹੈ ਜੋ ਅਕਸਰ ਦਵੈਤ ਦੀਆਂ ਹੱਦਾਂ ਪਾਰ ਕਰ ਜਾਂਦੀ ਹੈ।   

ਦੂਜਾ ਸਿਧਾਂਤ ਅਸੰਗਤੀ ਜਾਂ ਬੇਤੁਕਾ ਮਜ਼ਾਕ ਹੁੰਦਾ ਹੈ। ਇਸ ਸਿਧਾਂਤ ਮੁਤਾਬਕ ਅਸੀਂ ਕਈ ਵਾਰੀ ਬੇਤੁਕੀਆਂ ਗੱਲਾਂ ਵਿੱਚੋਂ ਵੀ ਮਜ਼ਾਕੀਆ ਮਤਲਬ ਕੱਢਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਅਤੇ ਸਮਾਜਕ ਮਾਧਿਅਮਾਂ ਰਾਹੀਂ ਵੀ ਇਸ ਨੂੰ ਅੱਗੇ ਤੋਂ ਅੱਗੇ ਚੱਲਦਾ ਰੱਖਦੇ ਹਾਂ ਤਾਂ ਜੋ ਸਾਡੇ ਬੇਤੁਕੇ ਦਿਮਾਗ਼ ਨੂੰ ਚੈਨ ਪੈ ਸਕੇ। 

ਇਸ ਸਿਧਾਂਤ ਨੂੰ ਸਪਸ਼ਟ ਕਰਨ ਦੇ ਲਈ ਮਸ਼ਹੂਰ ਦਾਰਸ਼ਨਿਕ ਇਮੈਨੁਅਲ ਕਾਂਟ ਨੇ ਇੱਕ ਕਹਾਣੀ ਪੇਸ਼ ਕੀਤੀ ਸੀ। ਉਸ ਦੀ ਇਸ ਕਹਾਣੀ ਮੁਤਾਬਕ ਅੰਗਰੇਜ਼ੀ ਰਾਜ ਦੌਰਾਨ ਭਾਰਤ ਦੇ ਸੂਰਤ ਸ਼ਹਿਰ ਦੇ ਵਿੱਚ ਇਕ ਅੰਗਰੇਜ਼ ਨੇ ਆਪਣੀ ਬੀਅਰ ਦੀ ਬੋਤਲ ਖੋਲ੍ਹੀ। ਸਥਾਨਕ ਭਾਰਤੀ ਉਸ ਬੋਤਲ ਵਿੱਚੋਂ ਬਾਹਰ ਨੂੰ ਵਗਦੀ ਝੱਗ ਵੇਖ ਕੇ ਬਹੁਤ ਹੈਰਾਨੀ ਭਰੇ ਹਾਵ-ਭਾਵ ਜ਼ਾਹਰ ਕਰਦਾ ਹੋਇਆ ਬੜਾ ਖੁਸ਼ ਜਾਪ ਰਿਹਾ ਸੀ। ਜਦੋਂ ਅੰਗਰੇਜ਼ ਨੇ ਉਸ ਭਾਰਤੀ ਬੰਦੇ ਨੂੰ ਪੁੱਛਿਆ ਕਿ ਇਹਦੇ ਵਿੱਚ ਏਨੀ ਹੈਰਾਨੀ ਭਰੀ ਖੁਸ਼ੀ ਵਾਲੀ ਕਿਹੜੀ ਗੱਲ ਹੈ ਤਾਂ ਅੱਗੋਂ ਜੁਆਬ ਇਹ ਮਿਲਿਆ ਕਿ ਉਹ ਬੰਦਾ ਹੈਰਾਨੀ ਭਰਿਆ ਖੁਸ਼ ਇਸ ਗੱਲ ਤੋਂ ਸੀ ਕਿ ਉਸ ਬੋਤਲ ਵਿੱਚ ਇਹ ਝੱਗ ਇਕੱਠੀ ਕਿਸ ਤਰ੍ਹਾਂ ਕਰਕੇ ਪਾਈ ਗਈ ਹੋਵੇਗੀ?

ਹਾਸੇ-ਮਜ਼ਾਕ ਦਾ ਤੀਜਾ ਸਿਧਾਂਤ ਉੱਚਤਾ-ਗੁਮਾਨ ਦਾ ਹੁੰਦਾ ਹੈ। ਇਸ ਸਿਧਾਂਤ ਮੁਤਾਬਕ ਹਰ ਕੋਈ ਆਪਣੇ-ਆਪ ਨੂੰ ਕਿਸੇ ਮਨਘੜੰਤ ਉੱਚੀ ਥਾਂ ਤੇ ਸਥਾਪਤ ਕਰਕੇ ਬਾਕੀਆਂ ਨੂੰ ਘਟੀਆ ਜਾਂ ਹੇਠਲੇ ਦਰਜੇ ਦਾ ਸਮਝਦਾ ਹੈ। ਇਹ ਤੀਜਾ ਸਿਧਾਂਤ ਸਮਝਣਾ ਕਈ ਵਾਰ ਬਹੁਤ ਗੁੰਝਲਦਾਰ ਹੋ ਨਿੱਬੜਦਾ ਹੈ ਕਿਉਂਕਿ ਦਾਰਸ਼ਨਿਕ ਸੋਚ ਮੁਤਾਬਕ ਬਹੁਤੀ ਵਾਰ ਉੱਚਤਾ-ਗੁਮਾਨ ਕਿਸੇ ਕਿਸਮ ਦੀ ਹੀਣ-ਭਾਵ ਵਿੱਚੋਂ ਹੀ ਉਪਜਿਆ ਹੁੰਦਾ ਹੈ। ਇਸੇ ਕਰਕੇ ਸਾਹਮਣੇ ਵਾਪਰ ਰਹੀ ਕਿਸੇ ਗੱਲ ਤੇ ਅਸੀਂ ਇਸ ਕਰਕੇ ਵੀ ਖੁਸ਼ੀ ਨਾਲ ਖੀਵੇ ਹੋਏ ਫਿਰਦੇ ਹਾਂ ਕਿ ਚਲੋ ਚੰਗਾ ਹੋਇਆ ਕਿ ਅਜਿਹੀ ਗੱਲ ਸਾਡੇ ਨਾਲ ਤਾਂ ਨਹੀਂ ਵਾਪਰੀ। 

ਵਿਹਾਰੀ ਤੌਰ ਤੇ ਸੋਚ ਭਾਵੇਂ ਕਿਹੋ ਜਿਹੀ ਵੀ ਹੋਵੇ ਗੰਭੀਰਤਾ ਅਤੇ ਹਾਸੇ-ਮਜ਼ਾਕ ਨੂੰ ਇਤਿਹਾਸਕ ਸੱਚ ਦੇ ਦਾਇਰੇ ਵਿੱਚ ਠੀਕ ਅਨੁਪਾਤ ਵਿੱਚ ਰਹਿਣਾ ਚਾਹੀਦਾ ਹੈ। ਹੁਣ ਤੁਸੀਂ ਆਪ ਹੀ ਦੱਸੋ ਕਿ ਸਾਡੀ ਸੋਚ ਵਿੱਚ ਜਾਂ ਫਿਰ ਪੰਜਾਬੀ ਫਿਲਮਾਂ ਵਿੱਚ ਜੇਕਰ ਗੰਭੀਰਤਾ ਦੀ ਥਾਂ ਸਾਰਾ ਜ਼ੋਰ ਹਾਸੇ ਮਜ਼ਾਕ ਦੇ ਉੱਤੇ ਹੀ ਹੋਵੇ ਤਾਂ ਕੀ ਅਸੀਂ ਇਤਿਹਾਸ ਦੇ ਸੁਨਹਿਰੀ ਸਫ਼ਿਆਂ ਦੇ ਢੁਕਵੇਂ ਪਾਤਰ ਬਨਣ ਦੇ ਯੋਗ ਹਾਂ?

Posted in ਚਰਚਾ

ਮਧੂਬਾਲਾ ਦਾ ਰਾਜ਼

ਇਸ ਸਾਲ ਦੇ ਸ਼ੁਰੂ ਦੀ ਗੱਲ ਹੈ ਕਿ ਸਮਾਜਕ ਮਾਧਿਅਮ ਦੇ ਉੱਤੇ ਇੱਕ ਵਾਰ ਮਧੂਬਾਲਾ ਦੀ ਕਾਫ਼ੀ ਚਰਚਾ ਹੋ ਗਈ। ਜਿਹੜੇ ਪਾਠਕਾਂ ਨੂੰ ਮਧੂਬਾਲਾ ਬਾਰੇ ਪਤਾ ਨਹੀਂ, ਉਨ੍ਹਾਂ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਮਧੂਬਾਲਾ ਹਿੰਦੀ ਫਿਲਮਾਂ ਦੀ ਅਭਿਨੇਤਰੀ ਸੀ ਜੋ ਆਪਣੇ ਸਮੇਂ ਦੇ ਵਿੱਚ ਬਹੁਤ ਮਸ਼ਹੂਰ ਰਹੀ ਸੀ ਅਤੇ ਉਹ ਸਿਰਫ਼ 36 ਸਾਲ ਦੀ ਸੀ ਜਦ ਉਸਨੇ ਆਪਣੀ ਸੰਸਾਰ ਯਾਤਰਾ ਪੂਰੀ ਕਰ ਲਈ। 

ਪਰ ਗੱਲ ਮੋੜਦੇ ਹਾਂ ਸਮਾਜਕ ਮਾਧਿਅਮ ਉੱਤੇ ਹੋਈ ਚਰਚਾ ਬਾਰੇ। ਇਸ ਚਰਚਾ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਮਧੂਬਾਲਾ ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਸੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਉਹ ਆਪਣੇ ਪਰਸ ਵਿੱਚ ਜਪੁ ਜੀ ਸਾਹਿਬ ਦਾ ਗੁਟਕਾ ਰੱਖਦੀ ਸੀ ਜੋ ਕਿ ਫ਼ਾਰਸੀ ਲਿੱਪੀ ਵਿੱਚ ਸੀ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਸੀ ਉਹ ਮੁੰਬਈ ਦੇ ਕਿਸੇ ਗੁਰਦੁਆਰੇ ਵਿਖੇ ਵੀ ਬਹੁਤ ਸੇਵਾ ਕਰਦੀ ਸੀ ਅਤੇ ਮਧੂਬਾਲਾ ਦੇ ਮਰਨ ਤੋਂ ਬਾਅਦ ਉਸਦੇ ਪਿਤਾ ਨੇ ਕਾਫ਼ੀ ਅਰਸੇ ਤੱਕ ਉੱਥੇ ਸਾਲ ਵਿੱਚ ਇਕ ਦਿਨ ਲੰਗਰ ਲਾਉਣ ਦੀ ਸੇਵਾ ਜਾਰੀ ਰੱਖੀ।  

ਇਸ ਤਰ੍ਹਾਂ ਦੀ ਮਿਥਿਆ ਪੜ੍ਹ ਕੇ ਮੈਨੂੰ ਬੜੀ ਹੈਰਾਨੀ ਹੋਈ ਤੇ ਮੈਂ ਆਪਣੀ ਜਾਣ ਪਛਾਣ ਵਾਲੇ ਸੱਜਣਾਂ ਰਾਹੀਂ ਮੁੰਬਈ ਦੇ ਕਈ ਗੁਰਦੁਆਰਿਆਂ ਨਾਲ ਮਿਲਾਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਇਹ ਮਿਥਿਆ ਹੈ ਜਾਂ ਫਿਰ ਤੱਥ। ਕਈ ਥਾਂ ੳਫੋਨ ਖੜਕਾਉਣ ਤੋਂ ਬਾਅਦ ਵੀ ਇਸ ਬਾਰੇ ਕੋਈ ਹੋਰ ਜਾਣਕਾਰੀ ਨਾ ਮਿਲ ਸਕੀ। ਮੈਂ ਜਾਣ ਪਛਾਣ ਦੇ ਸੱਜਨਾਂ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਇਸ ਬਾਰੇ ਕੁਝ ਹੋਰ ਪਤਾ ਲੱਗੇ ਜਾਂ ਕੀ ਇਹ ਵਿਕਿਆ ਹੀ ਸੱਚ ਸੀ ਤਾਂ ਮੈਨੂੰ ਜ਼ਰੂਰ ਦੱਸਿਓ। ਪਰ ਹਾਲੇ ਤੱਕ ਕਿਸੇ ਪਾਸਿਓਂ ਕੋਈ ਵੀ ਪੱਕੀ ਜਾਣਕਾਰੀ ਲੈ ਕੇ ਕੋਈ ਵੀ ਬਹੁੜਿਆ ਨਹੀਂ ਹੈ।

ਇਸ ਚਰਚਾ ਦੇ ਚੱਲਦੇ, ਮਿਥਿਆ ਜਾਂ ਤੱਥ ਪੁਸ਼ਟੀ ਕਰਨ ਦਾ ਮੇਰਾ ਕਾਰਨ ਇਹ ਵੀ ਸੀ ਕਿ ਅੱਜ ਤੋਂ ਪੱਚੀ ਕੁ ਸਾਲ ਪਹਿਲਾਂ ਪੰਜਾਬੀ ਦਾ ਇੱਕ ਨਾਮਵਰ ਰਸਾਲਾ ਜੋ ਕਿ ਦਿੱਲੀ ਤੋਂ ਆਰਸੀ ਦੇ ਨਾਂਅ ਹੇਠ ਛਪਦਾ ਸੀ ਉਸ ਦੇ ਵਿੱਚ ਮਧੂਬਾਲਾ ਦੇ ਜੀਵਨ ਦੇ ਉੱਤੇ ਬਹੁਤ ਵਿਸਥਾਰ ਸਾਹਿਤ ਇੱਕ ਲੇਖ ਲਿਖ ਛਪਿਆ ਸੀ। ਉਸ ਲੇਖ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਮਧੂਬਾਲਾ ਨੂੰ ਸ਼ੁਰੂ- ਸ਼ੁਰੂ ਵਿੱਚ ਮੁੰਬਈ ਦੀ ਕਿਸੇ ਸਿੱਖ ਫ਼ਿਲਮੀ ਹਸਤੀ ਦਾ ਨਾਲ ਇਸ਼ਕ ਹੋ ਗਿਆ ਸੀ। ਉਹ ਬੰਦਾ ਪਹਿਲਾਂ ਹੀ ਵਿਆਹਿਆ ਸੀ ਤੇ ਨਵੇਂ ਵਿਆਹ ਜਾਂ ਨਵੇਂ ਇਸ਼ਕ ਤੋਂ ਡਰਦਾ ਉਹ ਛੇਤੀ ਹੀ ਠਠੰਬਰ ਗਿਆ ਤੇ ਉਸ ਦਾ ਮਧੂਬਾਲਾ ਨਾਲ ਤੋੜ ਵਿਛੋੜਾ ਹੋ ਗਿਆ।  

ਉਪਰੋਕਤ ਲੇਖ ਮੇਰੀ ਯਾਦਾਸ਼ਤ ਵਿੱਚ ਹੈ ਪਰ ਮੈਂ ਇਸ ਬਾਰੇ ਹੋਰ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਚਾਹੁੰਦਾ ਸੀ ਕਿ ਜੇਕਰ ਉਪਰੋਕਤ ਲੇਖ ਕਿਤੇ ਦੁਬਾਰਾ ਪੜ੍ਹਣ ਨੂੰ ਮਿਲ ਜਾਵੇ ਤਾਂ ਵਧੀਆ ਰਹੇਗਾ ਤਾਂ ਜੋ ਠੋਸ ਗੱਲ ਹੋ ਸਕੇ। 

ਇਸ ਤੋਂ ਇਲਾਵਾ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਮੁੰਬਈ ਦੀ ਇੱਕ ਪੁਰਾਣੀ ਪ੍ਰਮੁੱਖ ਹਸਤੀ, ਸੰਗੀਤਕਾਰ ਐੱਸ ਮਹਿੰਦਰ ਨਾਲ ਕਿਸੇ ਤਰ੍ਹਾਂ ਮਿਲਾਪ ਕੀਤਾ ਜਾਵੇ ਤਾਂ ਜੋ ਮਿਥਿਆ ਜਾਂ ਤੱਥ ਦੀ ਪੁਸ਼ਟੀ ਕੀਤੀ ਜਾ ਸਕੇ। ਕੀ ਵਾਕਿਆ ਹੀ ਮਧੂਬਾਲਾ ਦਾ ਕੋਈ ਅਜਿਹਾ ਰਾਜ਼ ਸੀ? ਜੇ ਸੀ ਤਾਂ ਸੱਚਾਈ ਕੀ ਸੀ? ਕੁਝ ਗੱਲਾਂ ਬਾਰੇ ਇਕਬਾਲ ਮਾਹਲ ਦੀ ਕਿਤਾਬ “ਸੁਰਾਂ ਦੇ ਜਾਦੂਗਰ” ਵਿੱਚੋਂ ਪਤਾ ਚੱਲਦਾ ਹੈ ਪਰ ਇਸ ਮਿਥਿਆ ਜਾਂ ਤੱਥ ਦੇ ਹੋਰ ਤਹਿ ਤੱਕ ਜਾਣ ਦੀ ਲੋੜ ਸੀ।

ਸੰਗੀਤਕਾਰ ਐੱਸ ਮਹਿੰਦਰ ਨੂੰ ਲੱਭਣ ਲਈ ਮੈਂ ਕਈ ਪਾਸੇ ਫ਼ੋਨ ਕੀਤੇ ਪਰ ਉਨ੍ਹਾਂ ਨਾਲ ਕੋਈ ਮਿਲਾਪ ਨਾ ਹੋ ਸਕਿਆ। ਕਿਸੇ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਕੋਲ ਕੈਨੇਡਾ ਜਾ ਵੱਸੇ ਸਨ ਤੇ ਕੋਈ ਕਹਿੰਦਾ ਸੀ ਕਿ ਉਹ ਬਿਮਾਰ ਚੱਲ ਰਹੇ ਨੇ। ਮੇਰੀ ਕਾਫੀ ਕੋਸ਼ਿਸ਼ ਦੇ ਬਾਵਜੂਦ ਵੀ ਇਹ ਗੱਲ ਦੇ ਅੱਗੇ ਨਾ ਤੁਰ ਸਕੀ ਤੇ ਨਾ ਹੀ ਸੰਗੀਤਕਾਰ ਐੱਸ ਮਹਿੰਦਰ ਨਾਲ ਮਿਲਾਪ ਹੋ ਸਕਿਆ।  

ਹੁਣ ਲੱਗਦਾ ਹੈ ਕਿ ਮਧੂਬਾਲਾ ਦੇ ਰਾਜ਼ ਦੀਆਂ ਬਹੁਤੀਆਂ ਤਹਿਆਂ ਨਹੀਂ ਖੁੱਲ ਸਕਣਗੀਆਂ ਕਿਉਂਕਿ ਦੋ ਕੁ ਹਫ਼ਤੇ ਹੋਏ ਮੈਨੂੰ ਇਹ ਖ਼ਬਰ ਪੜ੍ਹਨ ਨੂੰ ਮਿਲੀ ਕਿ 6 ਸਤੰਬਰ 2020 ਦਿਨ ਐਤਵਾਰ ਨੂੰ ਮਸ਼ਹੂਰ ਸੰਗੀਤਕਾਰ ਐੱਸ ਮਹਿੰਦਰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਓਸ਼ਿਵਾਰਾ ਵਿਖੇ ਆਪਣੇ ਘਰੇ 95 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਿਆ। ਸੰਗੀਤਕਾਰ ਐੱਸ ਮਹਿੰਦਰ ਦਾ ਪੂਰਾ ਨਾਂ “ਮਹਿੰਦਰ ਸਿੰਘ ਸਰਨਾ” ਸੀ।

ਜੇ ਕਦੀ ਆਰਸੀ ਦਾ ਉਹ ਪੁਰਾਣਾ ਅੰਕ ਮੈਨੂੰ ਕਿਧਰੋਂ ਲੱਭ ਗਿਆ ਤਾਂ ਮੈਂ ਇਸ ਵਿਸ਼ੇ ਤੇ ਫੇਰ ਚਰਚਾ ਛੇੜਾਂਗਾ!

Processing…
Success! You're on the list.
Posted in ਚਰਚਾ, ਵਿਚਾਰ

ਸੱਭਿਆਚਾਰਕ ਮਾਹੌਲ

ਪੁਰਾਣੇ ਵੇਲ਼ਿਆਂ ਵਿੱਚ ਦੁਨੀਆਂ ਦੇ ਬਹੁਤ ਸਾਰੇ ਸੱਭਿਆਚਾਰਾਂ ਦੇ ਵਿੱਚ ਕਦਰਾਂ ਕੀਮਤਾਂ ਅਤੇ ਰਹਿਣ ਸਹਿਣ ਇਸ ਤਰ੍ਹਾਂ ਪਰਪੱਕ ਹੁੰਦਾ ਸੀ ਕਿ ਵਧਦੇ-ਫੁੱਲਦੇ ਹੋਏ ਬੱਚੇ ਸੁੱਤੇ-ਸਿੱਧ ਹੀ ਇਸ ਸੱਭਿਆਚਾਰ ਦੇ ਵਿੱਚ ਪਰੋਏ ਜਾਂਦੇ ਸਨ। ਸੱਭਿਆਚਾਰਕ ਸਿੱਖਿਆ ਅਤੇ ਵਿੱਦਿਆ ਉਨ੍ਹਾਂ ਬੱਚਿਆਂ ਨੂੰ ਨਿੱਘਰ ਸੋਚ ਵਿੱਚ ਵਲ਼ ਕੇ ਯੋਗ ਬਾਲਗ ਬਣਾ ਦਿੰਦੀਆਂ ਸਨ।  

ਜਿਵੇਂ ਜਿਵੇਂ ਸਮਾਜ ਤਰੱਕੀ ਕਰਦਾ ਗਿਆ, ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਉਦਯੋਗ ਕ੍ਰਾਂਤੀਆਂ ਆਈਆਂ ਅਤੇ ਮਸ਼ੀਨੀਕਰਨ ਹੋਇਆ। ਇਸ ਦੇ ਸਿੱਟੇ ਵੱਜੋਂ ਸਾਂਝੇ ਪਰਿਵਾਰ ਟੁੱਟਣੇ ਸ਼ੁਰੂ ਹੋ ਗਏ ਅਤੇ ਹਰ ਚੀਜ਼ ਆਰਥਕ ਵਿਕਾਸ ਦੇ ਨਾਲ ਬੱਝ ਗਈ। ਲੋਕ ਸਾਂਝੇ ਪਰਿਵਾਰਾਂ ਨਾਲੋਂ ਟੁੱਟ ਕੇ ਆਪੋ ਆਪਣੇ ਨਿੱਜੀ ਪੱਧਰ ਦੇ ਉੱਤੇ ਵੱਸਣੇ ਸ਼ੁਰੂ ਹੋ ਗਏ।  

ਇਸ ਨਿੱਜੀ ਵਾਸ ਦਾ ਸਭ ਤੋਂ ਵੱਡਾ ਅਸਰ ਇਹ ਹੋਇਆ ਕਿ ਬੱਚਿਆਂ ਦੀ ਪਰਵਰਿਸ਼ ਲਈ ਜੋ  ਸੱਭਿਆਚਾਰਕ ਸਾਂਝਾ ਮਾਹੌਲ ਆਮ ਹੀ ਮਿਲ ਜਾਂਦਾ ਸੀ ਉਹ ਗਾਇਬ ਹੋਣਾ ਸ਼ੁਰੂ ਹੋ ਗਿਆ।   ਇਸ ਕਰਕੇ ਜੋ ਰਵਾਇਤੀ ਸਿੱਖਿਆ ਦੇ ਮਾਧਿਅਮ ਸਨ ਉਹ ਟੁੱਟ ਗਏ ਤੇ ਬੱਚੇ ਉੱਥੋਂ ਤੱਕ ਹੀ ਮਹਿਦੂਦ ਹੋ ਗਏ ਜੋ ਕਿ ਉਨ੍ਹਾਂ ਨੂੰ ਸਕੂਲ ਦੇ ਵਿੱਚ ਪੜ੍ਹਾਇਆ ਜਾਂਦਾ ਸੀ ਜਾਂ ਫਿਰ ਜੋ ਕੁਝ ਮਾਪੇ ਆਪ ਸਿਖਾ ਸਕਣ ਦੇ ਕਾਬਲ ਹੁੰਦੇ ਸਨ। 

Photo by Pixabay on Pexels.com

ਪੰਜਾਬੀ ਸਮਾਜ ਇਸ ਤੋਂ ਕੋਈ ਅਲੋਕਾਰਾ ਨਹੀਂ ਹੈ। ਆਰਥਕ ਤਰੱਕੀ ਦਾ ਅਸਰ ਪੰਜਾਬੀ ਸਮਾਜ ਦੇ ਉੱਤੇ ਵੀ ਹੋਇਆ ਜਿਸ ਦੇ ਚੱਲਦਿਆਂ ਬੱਚਿਆਂ ਦੀ ਪਰਵਰਿਸ਼, ਵਿੱਦਿਅਕ ਅਤੇ ਸਿੱਖਿਆ ਸਹੂਲਤਾਂ ਦਾ ਵਿਕਾਸ ਉਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਦੁਨੀਆਂ ਦੀਆਂ ਕਈ ਹੋਰ ਭਾਸ਼ਾਵਾਂ ਵਿੱਚ ਹੋਇਆ।   

ਮੈਨੂੰ ਵੀ ਆਪਣੇ ਬਚਪਨ ਦੇ ਦਿਨ ਯਾਦ ਆ ਜਾਂਦੇ ਹਨ ਜਦ ਮੈਨੂੰ ਪੰਜਾਬੀ ਦੇ ਵਿੱਚ ਉਸ ਤਰ੍ਹਾਂ ਦੀਆਂ ਰੰਗ ਬਰੰਗੀਆਂ ਤਸਵੀਰਾਂ ਵਾਲੇ ਰਸਾਲੇ ਅਤੇ ਕਹਾਣੀਆਂ ਦੀਆਂ ਕਿਤਾਬਾਂ ਦੀ ਘਾਟ ਬਹੁਤ ਖਟਕਦੀ ਸੀ ਜੋ ਕਿ ਅੰਗਰੇਜ਼ੀ ਦੇ ਵਿੱਚ ਆਮ ਹੀ ਮਿਲਦੇ ਸਨ। ਮੈਂ ਉਦੋਂ ਸੋਚਦਾ ਕਿ ਇਹ ਸਭ ਕੁਝ ਪੰਜਾਬੀ ਦੇ ਵਿੱਚ ਕਿਉਂ ਨਹੀਂ ਸੀ ਮਿਲਦਾ?  

ਪੱਛਮੀ ਮੁਲਕਾਂ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਐਤਵਾਰ ਨੂੰ ਪੰਜਾਬੀ ਸਕੂਲ ਚੱਲਦੇ ਹਨ। ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਬੱਚਿਆਂ ਨੂੰ ਇਨ੍ਹਾਂ ਪੰਜਾਬੀ ਸਕੂਲਾਂ ਵਿੱਚ ਛੱਡਣ ਆਏ ਇਨ੍ਹਾਂ ਬੱਚਿਆਂ ਦੇ ਕਈ ਮਾਪਿਆਂ ਨੂੰ ਆਪ ਚੰਗੀ ਤਰ੍ਹਾਂ ਪੰਜਾਬੀ ਨਹੀਂ ਆਉਂਦੀ ਹੁੰਦੀ। ਪੜ੍ਹਾਉਣ ਦੀ ਸੇਵਾ ਕਰ ਰਹੇ ਪੰਜਾਬੀ ਅਧਿਆਪਕ ਵੀ ਪੰਜਾਬ ਤੋਂ ਆਏ ਬਜ਼ੁਰਗ ਹੀ ਹੁੰਦੇ ਹਨ ਜਿਨ੍ਹਾਂ ਨੂੰ ਪੱਛਮੀ ਵਿੱਦਿਆ ਅਤੇ ਸਿੱਖਿਆ ਪ੍ਰਣਾਲੀਆਂ ਦਾ ਭੋਰਾ ਜਿਹਾ ਵੀ ਗਿਆਨ ਨਹੀਂ ਹੁੰਦਾ। ਸੋ ਇਹ ਸਭ ਕੁਝ ਖਾਨਾ-ਪੂਰਤੀ ਤੋਂ ਵੱਧ ਕੁਝ ਨਹੀਂ ਲੱਗਦਾ।     

ਵਕ਼ਤ ਕੋਈ ਬਹੁਤਾ ਬਦਲ ਨਹੀਂ ਗਿਆ। ਸਮਾਜਕ ਪੱਧਰ ਤੇ ਸਾਡਾ ਧਿਆਨ ਇਸ ਪਾਸੇ ਵੱਲ ਹੈ ਹੀ ਨਹੀਂ ਸਿਵਾਏ ਖਾਨਾ-ਪੂਰਤੀਆਂ ਤੋਂ। ਮੈਨੂੰ ਇੱਕ ਹੱਡਬੀਤੀ ਯਾਦ ਆ ਜਾਂਦੀ ਹੈ।   

ਅੱਜ ਤੋਂ ਵੀਹ ਬਾਈ ਸਾਲ ਪਹਿਲਾਂ ਜ਼ੀ ਪੰਜਾਬੀ ਚੈਨਲ ਸ਼ੁਰੂ ਹੋਇਆ ਸੀ। ਜਦੋਂ ਸ਼ੁਰੂ ਹੋਇਆ ਸੀ ਜ਼ਾਹਿਰ ਸੀ ਕਿ ਨਵੇਂ ਸ਼ੁਰੂ ਹੋਏ ਪੰਜਾਬੀ ਚੈਨਲ ਉੱਤੇ ਮੌਲਿਕ ਪੰਜਾਬੀ ਪ੍ਰੋਗਰਾਮ ਘੱਟ ਹੀ ਹੋਣਗੇ। ਇਸ ਕਰਕੇ ਇਹ ਖੱਪਾ ਪੂਰਾ ਕਰਨ ਦੇ ਲਈ ਜ਼ੀ ਪੰਜਾਬੀ ਵਾਲਿਆਂ ਨੇ ਉਨ੍ਹਾਂ ਦਿਨਾਂ ਦਾ ਜ਼ੀ ਚੈਨਲ ਦਾ ਇੱਕ ਬਹੁਤ ਹੀ ਮਸ਼ਹੂਰ ਹਿੰਦੀ ਪ੍ਰੋਗਰਾਮ ਸੁਰਭੀ ਜਿਸ ਨੂੰ ਰੇਣੂਕਾ ਸ਼ਾਹਾਨੇ ਅਤੇ ਸਿਧਾਰਥ ਕਾਕ ਪੇਸ਼ ਕਰਦੇ ਸਨ, ਉਸ ਨੂੰ ਪੰਜਾਬੀ ਦੇ ਵਿੱਚ ਡੱਬ ਕਰਕੇ ਜ਼ੀ ਪੰਜਾਬੀ ਦੇ ਉੱਤੇ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਨਾਲ ਹੀ ਅਲਾਦੀਨ ਦੀ ਕਾਰਟੂਨ ਵੀ ਪੰਜਾਬੀ ਦੇ ਵਿੱਚ ਡੱਬ ਕਰਕੇ ਉਨ੍ਹਾਂ ਨੇ ਚਲਾਉਣੀ ਸ਼ੁਰੂ ਕਰ ਦਿੱਤੀ। ਮੈਨੂੰ ਇਸ ਗੱਲ ਦੀ ਹੈਰਾਨੀ ਅਤੇ ਖੁਸ਼ੀ ਵੀ ਹੁੰਦੀ ਸੀ ਕਿ ਇਨ੍ਹਾਂ ਦੋਵਾਂ ਦਾ ਪੰਜਾਬੀ ਡੱਬਿੰਗ ਦਾ ਮਿਆਰ ਬਹੁਤ ਹੀ ਉੱਚ ਪੱਧਰੀ ਸੀ। ਪੰਜਾਬੀ ਡੱਬਿੰਗ ਵਿੱਚ ਵਰਤੀ ਗਈ ਸ਼ਬਦਾਵਲੀ ਬਿਲਕੁਲ ਠੇਠ ਪੰਜਾਬੀ ਵਿੱਚ ਸੀ।

ਕੁਝ ਸਾਲ ਪਹਿਲਾਂ ਮੈਂ ਜ਼ੀ ਪੰਜਾਬੀ ਵਾਲਿਆਂ ਨੂੰ ਮੁੰਬਈ ਫੋਨ ਕਰਕੇ ਇਹ ਵੀ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਅਲਾਦੀਨ ਦੀ ਪੰਜਾਬੀ ਡੱਬ ਕਾਰਟੂਨ ਜੇਕਰ ਅੱਜ ਦੁਬਾਰਾ ਚੱਲੇ ਜਾਂ ਕਿਤੇ ਉਹਦੀ ਕੋਈ ਖਰੀਦਣ ਵਾਸਤੇ ਡੀਵੀਡੀ ਮਿਲ ਜਾਏ। ਪਰ ਉਨ੍ਹਾਂ ਨੇ ਪੱਲਾ ਹੀ ਝਾੜ ਲਿਆ ਕਿ ਉਨ੍ਹਾਂ ਨੂੰ ਇਹ ਪੁਰਾਣੇ ਪੰਜਾਬੀ ਡੱਬ ਪ੍ਰੋਗਰਾਮ ਲੱਭ ਨਹੀਂ ਸਨ ਰਹੇ।

ਇਸ ਦੇ ਮੁਕਾਬਲੇ, ਅੱਜ ਜਦ ਸਮਾਜਕ ਮਾਧਿਅਮਾਂ ਕਰਕੇ ਹਰ ਪਾਸੇ ਪੰਜਾਬੀ ਦੇ ਨਾਂ ਤੇ ਬਹੁਤ ਕੁਝ ਚੱਲਣਾ ਜ਼ਰੂਰ ਸ਼ੁਰੂ ਹੋ ਗਿਆ ਹੈ ਤਾਂ ਘਾਟ ਇਹੀ ਰੜਕਦੀ ਰਹਿੰਦੀ ਹੈ ਕਿ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਪੰਜਾਬੀ ਭਾਸ਼ਾ ਦੀ ਸਿਖਲਾਈ ਵਾਲੇ ਪਾਸੇ ਕਿਸੇ ਦਾ ਵੀ ਕੋਈ ਧਿਆਨ ਨਹੀਂ। ਸਮਾਜਕ ਮਾਧਿਅਮਾਂ ਉੱਤੇ ਵਰਤੀ ਜਾ ਰਹੀ ਪੰਜਾਬੀ ਸ਼ਬਦਾਵਲੀ ਵੀ ਠੇਠ ਨਹੀਂ ਹੁੰਦੀ। ਲਿਖਣ ਲਈ ਵੀ ਕੱਚਘਰੜ ਰੋਮਨ ਵਰਤੀ ਜਾ ਰਹੀ ਜਿੱਥੇ ਹਰ ਕੋਈ ਆਪਣੇ ਤਰੀਕੇ ਨਾਲ ਅੱਖਰ ਪਾ ਰਿਹਾ ਹੈ। ਸ਼ਾਇਦ ਇਸੇ ਕੱਚਘਰੜਤਾ ਕਰਕੇ ਆਪਣੇ ਇਤਿਹਾਸ ਤੋ ਕੋਰੀ, ਨਵੀਂ ਪਨੀਰੀ ਵਿੱਚੋਂ ਬਹੁਤੇ ਸ਼ਰਾਬ, ਅਸਲੇ ਅਤੇ ਫੁਕਰਪੁਣੇ ਨੂੰ ਹੀ ਆਪਣਾ ਸੱਭਿਆਚਾਰ ਸਮਝੀ ਬੈਠੇ ਹਨ।

Processing…
Success! You're on the list.