ਬੀਤੇ ਕੱਲ ਮੈਨੂੰ ਅਖੀਰ ਮੌਕਾ ਲੱਗ ਹੀ ਗਿਆ ਚਮਕੀਲਾ ਫਿਲਮ ਵੇਖਣ ਦਾ। ਫਿਲਮ ਵੇਖ ਕੇ ਇਹ ਮਹਿਸੂਸ ਕੀਤਾ ਕਿ ਇਮਤਿਆਜ਼ ਅਲੀ ਨੇ ਇਹ ਫਿਲਮ ਬਹੁਤ ਵਧੀਆ ਤੇ ਸੁਚੱਜੇ ਢੰਗ ਨਾਲ ਬਣਾਈ ਹੈ। ਇਹ ਫਿਲਮ ਤੁਹਾਨੂੰ ਅਖੀਰ ਤਕ ਕੀਲ ਕੇ ਬੰਨ੍ਹੀ ਰੱਖਦੀ ਹੈ।
ਦੂਜੇ ਪਾਸੇ, ਮੇਰੇ ਸਾਹਮਣੇ ਉਹ ਬੇਅੰਤ ਟਿੱਪਣੀਆਂ ਆ ਗਈਆਂ ਜਿਹੜੀਆਂ ਮੈਂ ਹਰ ਰੋਜ਼ ਫੇਸਬੁੱਕ-ਵ੍ਹਟਸਐਪ ਤੇ ਪੜ੍ਹਦਾ ਰਹਿੰਦਾ ਹਾਂ। ਲੱਗਦਾ ਹੈ ਕਿ ਸਾਰੀ ਲੁਕਾਈ ਇਸ ਗੱਲ ਤੇ ਉਲਝੀ ਹੋਈ ਹੈ ਕਿ ਕੀ ਗਾਣੇ ਲੱਚਰ ਸੀ ਜਾਂ ਸੱਭਿਆਚਾਰਕ ਸੀ ਜਾਂ ਪੰਜਾਬ ਦਾ ਸੱਭਿਆਚਾਰ ਕੀ ਸੀ ਤੇ ਜਾਤੀਵਾਦ ਬਾਰੇ ਕਈ ਬੇਲੋੜੀਆਂ ਟਿੱਪਣੀਆਂ।
ਮੇਰੀ ਨਿੱਜੀ ਸੋਚ ਮੁਤਾਬਕ ਫਿਲਮ ਇਸ ਪੱਧਰ ਤੇ ਨਹੀਂ ਪਰਖੀ ਜਾਣੀ ਚਾਹੀਦੀ। ਇਹ ਬਹੁਤ ਹੇਠਲੇ ਪੱਧਰ ਤੇ ਸਿੰਗ ਫਸਾਉਣ ਵਾਲ਼ੀ ਗੱਲ ਹੈ। ਫਿਲਮ ਨੂੰ ਸਮੁੱਚੇ ਰੂਪ ਦੇ ਵਿੱਚ ਵੇਖਣਾ ਚਾਹੀਦਾ ਹੈ। ਪਹਿਲਾਂ ਗੱਲ ਕਰਦੇ ਹਾਂ ਸੱਭਿਆਚਾਰ ਦੀ। ਜਿਸ ਜ਼ਮਾਨੇ ਦੀ ਇਹ ਫਿਲਮ ਗੱਲ ਕਰਦੀ ਹੈ ਉਸ ਜ਼ਮਾਨੇ ਦੇ ਵਿੱਚ ਤੁਹਾਨੂੰ ਇਹ ਸੋਚਣਾ ਪਏਗਾ ਕਿ ਮੋਬਾਈਲ ਫੋਨ ਤੇ ਸਮਾਜਿਕ ਮਾਧਿਅਮ ਨਾਂ ਦੀ ਕੋਈ ਚੀਜ਼ ਨਹੀਂ ਸੀ ਹੁੰਦੀ। ਇਸ ਤਰ੍ਹਾਂ ਦੇ ਗਾਇਕੀ ਅਖਾੜੇ ਇੱਕ ਵੱਡੇ ਰੂਪ ਵਿੱਚ ਲੋਕਾਂ ਦਾ ਮਨੋਰੰਜਨ ਸੀ। ਉਸ ਜ਼ਮਾਨੇ ਵਿੱਚ ਸੋਚੋ ਤੁਹਾਨੂੰ ਵੀ.ਸੀ.ਆਰ ਤੇ ਕਾਮੁਕ ਫਿਲਮਾਂ ਵੇਖਣ ਲਈ ਕਿੰਨੇ ਪਾਪੜ ਵੇਲਣੇ ਪੈਂਦੇ ਸੀ। ਅੱਜ ਮੋਬਾਈਲ ਫੋਨ ਨੇ ਇਹ ਸਭ ਕੁਝ ਬਹੁਤ ਸੌਖਾ ਕਰ ਦਿੱਤਾ ਹੈ।
ਜੇ ਤੁਸੀਂ ਲੋਕਾਂ ਦੇ ਮਨੋਰੰਜਨ ਨੂੰ ਭੰਡਦੇ ਹੋ ਤਾਂ ਤੁਸੀਂ ਲੋਕ ਸਭਿਆਚਾਰ ਨੂੰ ਪਿੱਠ ਦੇਈ ਖਲੋਤੇ ਹੋ। ਭਾਵੇਂ ਇਹ ਗੱਲ ਤੁਹਾਡੇ ਗਲੇ ਥਾਣੀ ਲੰਘੇ ਜਾਂ ਨਾ ਲੰਘੇ ਇਹ ਕੌੜਾ ਸੱਚ ਹੈ ਕਿ ਇਹ ਆਮ ਲੋਕਾਂ ਦਾ ਸੱਭਿਆਚਾਰ ਹੀ ਸੀ ਜੋ ਅਮਰ ਸਿੰਘ ਚਮਕੀਲਾ ਗਾ ਰਿਹਾ ਸੀ ਅਤੇ ਦਾਦ ਦੇਣੀ ਪੈਂਦੀ ਹੈ ਇਮਤਿਆਜ਼ ਅਲੀ ਨੂੰ ਕਿਉਂਕਿ ਉਸਨੇ ਇਸ ਬਾਰੇ ਭੂਮਿਕਾ ਫਿਲਮ ਦੇ ਸ਼ੁਰੂ ਦੇ ਵਿੱਚ ਹੀ ਬੰਨ੍ਹ ਦਿੱਤੀ ਸੀ। ਪਰ ਫਿਰ ਵੀ ਇਸਦੇ ਬਾਵਜੂਦ ਜੇ ਲੋਕੀ ਉਸ ਹੇਠਲੇ ਪੱਧਰ ਤੇ ਟਿੱਪਣੀਆਂ ਅਤੇ ਚਰਚਾ ਕਰਨ ਵਿੱਚ ਰੁੱਝੇ ਹੋਏ ਹਨ ਤਾਂ ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਸ਼ਾਇਦ ਲੋਕਾਂ ਨੂੰ ਸਮਝ ਹੀ ਨਹੀਂ ਕਿ ਫਿਲਮ ਦੀ ਕਲਾਤਮਕ ਪੜਚੋਲ ਕਿਵੇਂ ਕਰਨੀ ਹੈ?

ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਕਾਤਲ ਹਾਲੇ ਤੱਕ ਵੀ ਨਹੀਂ ਲੱਭੇ ਗਏ ਤੇ ਫ਼ਾਈਲ ਬੰਦ ਪਈ ਹੈ। ਹੈਰਾਨੀ ਹੁੰਦੀ ਹੈ ਕਿ ਫੇਸਬੁੱਕ ਦੇ ਉੱਤੇ ਕਈ ਨਵੇਂ ਲੋਕ ਜੰਮ ਪਏ ਹਨ ਜੋ ਚਮਕੀਲੇ ਬਾਰੇ ਨਵੀਆਂ-ਨਵੀਆਂ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜੇ ਵਾਕਿਆ ਹੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਸੱਚਾਈ ਹੈ ਤਾਂ ਕਿਉਂ ਨਹੀਂ ਉਹ ਲਿਖਤੀ ਤੌਰ ਤੇ ਪੁਲਿਸ ਨੂੰ ਜਾਣਕਾਰੀ ਦੇਣ ਤਾਂ ਜੋ ਕਤਲ ਦੀ ਬੰਦ ਪਈ ਫ਼ਾਈਲ ਮੁੜ ਖੁੱਲ ਸਕੇ ਅਤੇ ਇਸ ਕਤਲ ਦੀ ਗੁੱਥੀ ਸੁਲਝੇ।
ਇਥੇ ਮੈਂ ਇੱਕ ਹੋਰ ਨਿਵੇਕਲਾ ਪੱਖ ਸਾਂਝਾ ਕਰਨਾ ਚਾਹੁੰਦਾ ਹਾਂ। ਇਕੱਲੇ ਪੰਜਾਬ ਵਿੱਚ ਹੀ ਨਹੀਂ, ਦੁਨੀਆਂ ਦੇ ਕਈ ਖੇਤਰਾਂ ਦੇ ਵਿੱਚ ਕਈ ਉੱਘੇ ਗਾਇਕ 26-28 ਸਾਲ ਦੀ ਉਮਰ ਦੇ ਵਿੱਚ ਮਾਰੇ ਗਏ ਜਾਂ ਮਰ ਗਏ। ਇਹਨਾਂ ਵਿੱਚੋਂ ਪ੍ਰਮੁੱਖ ਨਾਂ ਇਹ ਹਨ: ਜਿੰਮੀ ਹੈਂਡਰਿਕਸ, ਜੈਨਿਸ ਜੌਪਲਿਨ, ਟੁਪੈਕ ਅਮਰੂ ਸ਼ਾਕੁਰ, ਜਿੰਮ ਮੌਰੀਸਨ, ਕਰਟ ਕੋਬੇਨ ਅਤੇ ਏਮੀ ਵਾਈਨਹਾਊਸ। ਇਸ ਨੂੰ ‘27 ਕਲੱਬ’ ਵੀ ਕਹਿੰਦੇ ਹਨ। ਇਸ ਸੂਚੀ ਵਿੱਚ ਅਮਰ ਸਿੰਘ ਚਮਕੀਲਾ ਤੇ ਸਿੱਧੂ ਮੂਸੇ ਵਾਲਾ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ।
ਤੁਹਾਡਾ ਕੀ ਖਿਆਲ ਹੈ?
Discover more from ਜੁਗਸੰਧੀ
Subscribe to get the latest posts sent to your email.
par bhaji tuhanu nai lagda k es film wich saare hi singhan de kirdaar nu galt dikhaun di koshish kiti gae hai.( beshaq baut galt lok v singhaan de naa te galt kam karde rahe han.)
ਜੋਬਨ ਤੁਹਾਡਾ ਸਵਾਲ ਬਹੁਤ ਹੀ ਵਾਜਿਬ ਹੈ ਅਤੇ ਠੀਕ ਵੀ ਹੈ। ਪਰ ਸਾਨੂੰ ਇਹ ਵੀ ਸਮਝਣਾ ਜਰੂਰੀ ਹੈ ਕਿ ਸਿੰਘਾਂ ਦਾ ਸਮੁੱਚਾ ਕਿਰਦਾਰ ਅਸੀਂ ਇਸੇ ਹੀ ਇੱਕ ਫਿਲਮ ਦੇ ਸੰਦਰਭ ਵਿੱਚ ਫਿਟ ਕਰਕੇ ਨਹੀਂ ਵੇਖ ਸਕਦੇ।
ਅਸਲ ਵਿੱਚ ਤ੍ਰਾਸਦੀ ਇਹ ਹੋਈ ਹੈ ਕਿ 84 ਤੋਂ ਬਾਅਦ ਸਮੁੱਚੇ ਤੌਰ ਦੇ ਉੱਤੇ ਡੂੰਘੀ ਖੋਜ ਨਹੀਂ ਹੋਈ ਜਾਂ ਅਜਿਹੀਆਂ ਫਿਲਮਾਂ ਨਹੀਂ ਬਣੀਆਂ ਜਿਹੜੀਆਂ ਕਿ ਉਸ ਸਾਰੇ ਵਰਤਾਰੇ ਨੂੰ ਦਰਸਾ ਸਕਣ ਜਾਂ ਉਸ ਦਾ ਸਮੁੱਚਾ ਖ਼ਾਕਾ ਖਿੱਚ ਸਕਣ। ਜਦ ਤੱਕ ਸਾਨੂੰ ਇਸ ਤਰ੍ਹਾਂ ਦੀ ਖੋਜ ਜਾਂ ਫਿਲਮਾਂ ਨਹੀਂ ਮਿਲਦੀਆਂ ਅਸੀਂ ਇਸੇ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਉਲਝਣਾ ਚ ਉਲਝੇ ਰਵ੍ਹਾਂਗੇ ਅਤੇ ਸਿੰਘਾਂ ਦੇ ਕਿਰਦਾਰ ਵਰਗਾ ਮੁੱਖ ਮੁੱਦਾ ਨਿਗੂਣਾ ਬਣਿਆ ਰਹੇਗਾ।