Posted in ਮਿਆਰ, ਸਮਾਜਕ

ਤਰੀਕਾ ਕੀ ਹੁੰਦਾ ਹੈ?

ਤਰੀਕਾ ਕੀ ਹੁੰਦਾ ਹੈ? ਤੁਸੀਂ ਕੋਈ ਵੀ ਕੰਮ ਸ਼ੁਰੂ ਕਰ ਲਵੋ, ਹਰ ਕੰਮ ਨੂੰ ਕਰਨ ਦਾ ਇੱਕ ਤਰੀਕਾ ਹੁੰਦਾ  ਹੈ। ਇਹ ਤਰੀਕਾ ਆਸਾਨ ਵੀ ਹੋ ਸਕਦਾ ਹੈ ਅਤੇ ਗੁੰਝਲਦਾਰ ਵੀ। ਕਿਸੇ ਕੰਮ ਨੂੰ ਕਰਨ ਲਈ ਥੋੜ੍ਹਾ ਚਿਰ ਲੱਗ ਸਕਦਾ ਹੈ ਅਤੇ ਕਿਸੇ ਕੰਮ ਲਈ ਜ਼ਿਆਦਾ। ਕੰਮ ਕਰਨ ਦੇ ਕਈ ਤਰੀਕੇ ਮੂੰਹ ਜ਼ਬਾਨੀ ਯਾਦ ਹੋ ਜਾਂਦੇ ਹਨ ਅਤੇ ਕਈ ਤਰੀਕੇ ਲਿਖ ਕੇ ਵੀ ਰੱਖਣੇ ਪੈਂਦੇ ਹਨ।

ਜੇ ਕਰ ਤੁਸੀਂ ਆਪਣੇ ਕੰਮ ਦੇ ਮਾਹੌਲ ਵੱਲ ਧਿਆਨ ਮਾਰੋ ਤਾਂ ਉਥੇ ਕਾਰਜ ਪ੍ਰਣਾਲੀਆਂ ਅਤੇ ਅਮਲੀ ਵਿਹਾਰ ਨੂੰ ਕਾਗ਼ਜ਼ੀ ਪੁਲੰਦਿਆਂ ਅਤੇ ਮਿਸਲਾਂ ਵਿੱਚ ਬੰਨ੍ਹ ਕੇ ਰੱਖਿਆ ਹੁੰਦਾ ਹੈ। ਇਨ੍ਹਾਂ ਵਿੱਚ ਕਈ ਕੰਮ ਕਲਮੀ ਕਰਨ ਵਾਲੇ ਹੁੰਦੇ ਹਨ ਅਤੇ ਕਈ ਹੱਥੀਂ ਕਰਨ ਵਾਲੇ ਹੁੰਦੇ ਹਨ।

ਜੇ ਕਰ ਸਮਾਜ ਵੱਲ ਧਿਆਨ ਮਾਰੀਏ ਤਾਂ ਸਮਾਜ ਵਿੱਚ ਇਹੀ ਤਰੀਕੇ ਅਤੇ ਕਾਰਜ ਪ੍ਰਣਾਲੀਆਂ ਰਹੁ ਰੀਤਾਂ, ਰਿਵਾਜ਼ਾਂ ਅਤੇ ਰਵਾਇਤਾਂ ਵਿੱਚ ਬੱਝੀਆਂ ਮਿਲਦੀਆਂ ਹਨ।

ਭਾਵੇਂ ਮਸ਼ੀਨ ਦੇ ਪੁਰਜ਼ੇ ਹੋਣ ਤੇ ਭਾਵੇਂ ਕੜੀਆਂ ਹੋਣ, ਭਾਵੇਂ ਬਸਾਂ, ਰੇਲਾਂ ਅਤੇ ਜਹਾਜ਼ਾਂ ਦੀ ਆਮਦੋ-ਰਫ਼ਤ ਹੋਵੇ ਅਤੇ ਭਾਵੇਂ ਸੂਰਜ ਦੁਆਲੇ ਘੁੰਮਦੇ ਗ੍ਰਹਿ ਹੋਣ, ਗੱਲ ਕੀ ਹਰ ਚੀਜ਼ ਹੀ ਆਪਣੇ ਤਰੀਕੇ ਵਿੱਚ ਰਹਿੰਦੀ ਹੋਈ ਨੇਮ ਨਾਲ ਬੱਝੀ ਹੋਈ ਹੈ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਜਦ ਕੋਈ ਨੇਮ ਟੁੱਟਦਾ ਹੈ ਜਾਂ ਕੋਈ ਚੀਜ਼ ਗਲਤ ਤਰੀਕੇ ਨਾਲ ਕੀਤੀ ਜਾਵੇ ਤਾਂ ਹਾਦਸਾ ਵਾਪਰ ਜਾਂਦਾ ਹੈ।  ਕੋਈ ਦੁਰਘਟਨਾ ਹੋ ਜਾਂਦੀ ਹੈ। ਦੁਰਘਟਨਾਵਾਂ ਅਤੇ ਹਾਦਸੇ ਹਰ ਕਿਸੇ ਨੂੰ ਇਹ ਸੋਚਣ ਲਈ ਮਜਬੂਰ ਕਰਦੇ ਹਨ ਕਿ ਇਸ ਗਲਤੀ ਤੋਂ ਸਬਕ ਲਵੋ ਅਤੇ ਅੱਗੋਂ ਵਾਸਤੇ ਆਪਣੇ ਕੰਮ ਵਿੱਚ ਸੁਧਾਰ ਲਿਆਓ। 

ਅੱਜ ਜਦ ਅਸੀਂ ਪੰਜਾਬ ਉੱਤੇ ਝਾਤ ਮਾਰਦੇ ਹਾਂ ਤਾਂ ਲੱਗਦਾ ਹੈ ਕਿ ਸਭ ਨੇਮ ਤੇ ਤਰੀਕੇ ਛਿੱਕੇ ਟੰਗੇ ਪਏ ਹਨ। ਸਭ ਕੁਝ ਹਵਾ ਵਿੱਚ ਹੀ ਹੈ। ਸਭ ਕੁਝ ਆਰਜ਼ੀ ਹੀ ਚੱਲ ਰਿਹਾ ਹੈ। ਸਮਾਜਕ ਯਾਦ ਸ਼ਕਤੀ ਖ਼ਤਮ ਹੋ ਚੁੱਕੀ ਹੈ। ਚੀਜ਼ਾਂ ਮੁੜ-ਮੁੜ ਦੁਹਰਾਈਆਂ ਜਾ ਰਹੀਆਂ ਹਨ ਤੇ ਲੋਕ ਇਹ ਕਹਿ ਰਹੇ ਹਨ ਕਿ ਇਸ ਤਰ੍ਹਾਂ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ।

ਕਹਾਵਤ ਹੈ ਕਿ ਜਿਹੜੇ ਲੋਕ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ, ਉਹ ਇਸ ਨੂੰ ਦੁਹਰਾਉਂਦੇ ਹੋਏ ਬਰਬਾਦ ਹੋ ਜਾਂਦੇ ਹਨ। ਸਬਕ ਤਾਂ ਉਹੀ ਸਿੱਖਣਗੇ ਜਿਹੜੇ ਪੜ੍ਹਨਗੇ। ਇਥੇ ਤਾਂ ਕਿਤਾਬਾਂ ਪੜ੍ਹਨੀਆਂ ਵੀ ਆਪਣੇ ਆਪ ਵਿੱਚ ਇਕ ਮਸਲਾ ਬਣ ਗਿਆ ਹੈ।    

Photo by David Waschbu00fcsch on Pexels.com

ਇਸ ਤਰ੍ਹਾਂ ਕਿਉਂ ਹੋ ਰਿਹਾ ਹੈ, ਇਸ ਨੂੰ ਸਮਝਣ ਲਈ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ। ਪਰ ਸਮਾਜਕ ਮਾਧਿਅਮ, ਪੰਜਾਬੀ ਫਿਲਮਾਂ ਅਤੇ ਪੰਜਾਬੀ ਗਾਣੇ ਗੰਭੀਰਤਾ ਨੂੰ ਲਾਗੇ ਫਟਕਣ ਵੀ ਨਹੀਂ ਦਿੰਦੇ। ਸਭ ਕੁਝ ਹਾਸੇ ਮਜ਼ਾਕ, ਠਿੱਠ ਮਸ਼ਕਰੀ ਤੋਂ ਲੈ ਕੇ ਹੋਛੇ ਅਤੇ ਫੋਕੇ ਫ਼ੁਕਰੇਪਣ ਤੱਕ ਸੀਮਤ ਹੋ ਗਿਆ ਹੈ। ਦਿਮਾਗ਼ ਤੇ ਵਜ਼ਨ ਪਾਉਣ ਦੀ ਲੋੜ ਹੀ ਨਹੀਂ ਮਹਿਸੂਸ ਹੋਣ ਦਿੱਤੀ ਜਾ ਰਹੀ। ਅਖ਼ੀਰ ਵਿੱਚ ਇਹ ਹੈ ਤਾਂ ਸਮਾਜ ਦਾ ਹੀ ਅਕਸ। ਇਕ ਉਦਾਹਰਣ ਲੈ ਕੇ ਸਮਝਦੇ ਹਾਂ। 

ਕੁਝ ਚਿਰ ਪਹਿਲਾਂ ਇਕ ਪੰਜਾਬੀ ਗਾਇਕ ਦਾ ਸਤਲੁਜ ਯਮੁਨਾ ਨਹਿਰ ਬਾਰੇ ਇਕ ਗਾਣਾ ਸਾਡੇ ਸਾਹਮਣੇ ਆਇਆ। ਯਕ ਲਖ਼ਤ ਗਾਣੇ ਦੀ ਵਾਹ-ਵਾਹ ਸ਼ੁਰੂ ਹੋ ਗਈ। ਵਾਹ-ਵਾਹ ਕਰਨ ਵਾਲੇ ਇਸ ਗੱਲ ਦੀ ਖੁਸ਼ੀ ਮਨਾ ਰਹੇ ਸਨ ਕਿ ਨਵੀਂ ਪੀੜੀ ਨੂੰ ਇਸ ਗਾਣੇ ਰਾਹੀਂ ਹੀ ਆਪਣੇ ਇਤਿਹਾਸ ਦਾ ਪਤਾ ਲੱਗਾ ਹੈ।

ਇਹ ਸਭ ਵੇਖ ਮੇਰੇ ਦਿਮਾਗ਼ ਵਿੱਚ ਕਈ ਸਵਾਲ ਖੜ੍ਹੇ ਹੋ ਗਏ। ਕੀ ਇਹ ਨਵੀਂ ਪੀੜੀ ਕਿਤਿਉਂ ਹਵਾ ਵਿੱਚੋਂ ਪੈਦਾ ਹੋਈ ਹੈ? ਕੀ ਇਸ ਨਵੀਂ ਪੀੜੀ ਨੂੰ ਉਨ੍ਹਾਂ ਦੇ ਮਾਪੇ ਆਪਣੇ ਇਤਿਹਾਸ ਨਾਲ ਨਹੀਂ ਜੋੜ ਸਕੇ? ਕੀ ਇਸ ਨਵੀਂ ਪੀੜੀ ਨੂੰ ਨਾ ਪੜ੍ਹਾ ਸਕਣ ਲਈ ਇਨ੍ਹਾਂ ਦੇ ਅਧਿਆਪਕ ਦੋਸ਼ੀ ਹਨ? ਕੀ ਅਖ਼ਬਾਰਾਂ, ਰਸਾਲੇ, ਚਰਚਾਵਾਂ, ਬਾਤਾਂ ਕਹਾਣੀਆਂ ਸਭ ਮੁੱਕ ਗਈਆਂ? ਕੀ ਇਸ ਵਿਸ਼ੇ ਤੇ ਲਿਖੀਆਂ ਗਈਆਂ ਕਿਤਾਬਾਂ ਧੂੜ ਇਕੱਠੀ ਕਰਨ ਜੋਗੀਆਂ ਹੀ ਰਹਿ ਗਈਆਂ ਹਨ?

ਤੇ ਹੁਣ ਜੇ ਕਰ ਇਹ ਗਾਣਾ ਆ ਵੀ ਗਿਆ ਤਾਂ ਕਿਹੜੇ ਅੰਬਰਾਂ ਤੋਂ ਤਾਰੇ ਤੋੜ ਲਏ ਗਏ ਹਨ? ਪਰਨਾਲਾ ਤਾਂ ਹਾਲੇ ਵੀ ਉਥੇ ਦਾ ਉਥੇ ਹੀ ਹੈ।

ਕੀ ਕਾਰਨ ਹੈ ਕਿ ਅੱਜ ਪੰਜਾਬ ਵਿੱਚ ਅਨਪੜ੍ਹਤਾ ਦਾ ਜਸ਼ਨ ਮਨਾਉਣ ਦਾ ਰੁਝਾਉਣ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ? ਸਿਧ ਗੋਸਟਿ ਦੇ ਵਿਰਸੇ ਵਾਲਾ ਪੰਜਾਬ ਅੱਜ ਸੰਵਾਦ ਤੋਂ ਡਰਦਾ ਹੋਇਆ, ਹਥਿਆਰ ਅਤੇ ਅਸਲੇ ਦੀ ਝੂਠੀ ਚੌਧਰ ਦਾ ਭਰਮ ਪਾਲੀ ਕਿਉਂ ਬੈਠਾ ਹੈ?  

Author:

ਵੈਲਿੰਗਟਨ, ਨਿਊਜ਼ੀਲੈਂਡ ਦਾ ਵਸਨੀਕ - ਬਲੌਗਿੰਗ, ਪਗਡੰਡੀਆਂ ਮਾਪਣ ਅਤੇ ਜਿਓਸਟ੍ਰੈਟੀਜਿਕ ਖੋਜ ਦਾ ਸ਼ੌਕ।

One thought on “ਤਰੀਕਾ ਕੀ ਹੁੰਦਾ ਹੈ?

  1. ਕੁਝ ਲੋਕ ਏ ਵੀ ਸੋਚਦੇ ਨੇ ਕਿ ਸ਼ਾਇਦ ਦੋ ਸਿੱਧੂਆਂ ਨੇ ਕੋਈ ਕ੍ਰਾਂਤੀ ਲਿਆਉਣੀ ਸੀ ਪੰਜਾਬ ਵਿੱਚ । ਜਿਹੜੀ ਉਨ੍ਹਾਂ ਦੇ ਜਾਣ ਕਰਕੇ ਅਧੂਰੀ ਰਹਿ ਗਈ। ਜਿਵੇਂ ਕਿਸੇ ਵੇਲੇ ਮਸਕੀਨ ਦੇ ਜਾਣ ਨਾਲ ਪੰਥ ਨੂੰ ਬਹੁਤ ਵੱਡਾ ਘਾਟਾ ਪਾਇਆ ਸੀ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s