ਅੱਜ ਆਸਟ੍ਰੇਲੀਆ ਦੁਨੀਆਂ ਦਾ ਉਹ ਪਹਿਲਾ ਮੁਲਕ ਬਣ ਗਿਆ ਜਿਸ ਨੇ ਫੇਸਬੁੱਕ ਨੂੰ ਲਗਾਮ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਆਸਟ੍ਰੇਲੀਆ ਉਹ ਕਨੂੰਨ ਲਾਗੂ ਕਰਨ ਜਾ ਰਿਹਾ ਹੈ ਜਿਨ੍ਹਾਂ ਦੇ ਹੇਠ ਫੇਸਬੁਕ ਮੁਫ਼ਤ ਦੇ ਵਿਚ ਆਸਟ੍ਰੇਲੀਆ ਦੇ ਅਖ਼ਬਾਰਾਂ ਅਤੇ ਸੰਚਾਰ ਮਾਧਿਅਮਾਂ ਦੀਆਂ ਕੋਈ ਵੀ ਖਬਰਾਂ ਬਿਨਾ ਕਿਸੇ ਮੁਆਵਜ਼ੇ ਦੇ ਦੁਨੀਆ ਵਿਚ ਸਾਂਝੀਆਂ ਨਹੀਂ ਕਰ ਸਕਦਾ।
ਆਸਟ੍ਰੇਲੀਆ ਦੇ ਅਖ਼ਬਾਰ ਅਤੇ ਹੋਰ ਸੰਚਾਰ ਮਾਧਿਅਮ ਚਾਹੁੰਦੇ ਹਨ ਕਿ ਫੇਸਬੁੱਕ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦੇਵੇ। ਗੂਗਲ ਨੇ ਵੀ ਇਹੋ ਜਿਹੀ ਧਮਕੀ ਦਿੱਤੀ ਸੀ ਪਰ ਪਤਾ ਲੱਗਾ ਹੈ ਕਿ ਗੂਗਲ ਨੇ ਆਪਣੀ ਪੂਛ ਲੱਤਾਂ ਚ ਦੇ ਕੇ ਆਸਟ੍ਰੇਲੀਆ ਦੇ ਕਈ ਅਖ਼ਬਾਰਾਂ ਅਤੇ ਸੰਚਾਰ ਮਾਧਿਅਮਾਂ ਦੇ ਨਾਲ ਮਾਲੀ ਸਮਝੌਤਾ ਕਰ ਲਿਆ ਹੈ। ਨਾਲੇ ਪਿੱਛੇ ਜਿਹੇ ਮਾਈਕ੍ਰੋਸੌਫਟ ਨੇ ਐਲਾਨ ਕੀਤਾ ਸੀ ਕਿ ਜੇਕਰ ਗੂਗਲ ਆਸਟ੍ਰੇਲੀਆ ਵਿੱਚੋਂ ਹਟਦੀ ਹੈ ਤਾਂ ਉਹ ਗੂਗਲ ਦਾ ਖੱਪਾ ਭਰਨ ਨੂੰ ਤਿਆਰ ਹੈ।
ਅੱਜ ਫੇਸਬੁੱਕ ਨੇ ਆਸਟ੍ਰੇਲੀਆ ਦੇ ਸਾਰੇ ਸੰਚਾਰ ਮਾਧਿਅਮਾਂ ਦੀ ਆਪਣੇ ਪਲੈਟਫਾਰਮ ਤੇ ਪਾਬੰਧੀ ਲਾ ਕੇ ਉਨ੍ਹਾਂ ਦੇ ਖਾਤੇ ਖਾਲੀ ਕਰ ਦਿੱਤੇ ਹਨ ਤਾਂ ਜੋ ਉਹ ਫੇਸਬੁੱਕ ਰਾਹੀਂ ਆਪਣੀ ਕੋਈ ਖ਼ਬਰ ਸਾਂਝੀ ਨਾ ਕਰ ਸਕਨ। ਹਾਲਾਂਕਿ ਟਵਿੱਟਰ ਰਾਹੀਂ ਜਾਂ ਤਸਵੀਰਾਂ ਰਾਹੀਂ ਆਸਟ੍ਰੇਲੀਆ ਦੇ ਸੰਚਾਰ ਮਾਧਿਅਮ ਫੇਸਬੁੱਕ ਤੇ ਆਪਣੀਆਂ ਖ਼ਬਰਾਂ ਚੜ੍ਹਾ ਸਕਦੇ ਹਨ ਪਰ ਸਿਰ ਦੁਆਲੇ ਬਾਂਹ ਘੁਮਾ ਕੇ ਕੰਨ ਕੌਣ ਫੜੇ?
ਪਰ ਕੀ ਇਸ ਨਾਲ ਖ਼ਬਰਾਂ ਦੇ ਪਸਾਰ ਦੇ ਉੱਤੇ ਕੋਈ ਫ਼ਰਕ ਪਵੇਗਾ? ਮੇਰੀ ਜਾਚੇ ਤਾਂ ਨਹੀਂ ਪੈਣਾ ਚਾਹੀਦਾ। ਜਦੋਂ ਇਸ ਦੁਨੀਆਂ ਵਿੱਚ ਫੇਸਬੁੱਕ ਨਹੀਂ ਸੀ ਹੁੰਦੀ ਤਾਂ ਕੀ ਦੁਨੀਆਂ ਦੇ ਉੱਤੇ ਖਬਰਾਂ ਸਾਂਝੀਆਂ ਨਹੀਂ ਸੀ ਹੁੰਦੀਆਂ? ਕਿ ਜਦ ਫੇਸਬੁੱਕ ਨਹੀਂ ਸੀ ਹੁੰਦੀ ਤਾਂ ਕੀ ਆਮ ਲੋਕਾਂ ਦੇ ਹੱਕਾਂ ਦੀ ਆਵਾਜ਼ ਦੁਨੀਆਂ ਦੇ ਵਿੱਚ ਨਹੀਂ ਸੀ ਸੁਣੀ ਜਾਂਦੀ? ਲੱਗਦਾ ਹੈ ਕਿ ਕੁੱਕੜ ਇਹ ਸੋਚ ਰਿਹਾ ਹੈ ਕਿ ਮੇਰੇ ਬਾਂਗ ਦਿੱਤੇ ਬਿਨਾ ਦਿਨ ਨਹੀਂ ਚੜ੍ਹਣਾ!
ਇਹ ਠੀਕ ਹੈ ਕਿ ਫੇਸਬੁੱਕ ਨੇ ਕੁਝ ਚੀਜ਼ਾਂ ਬਹੁਤ ਸੌਖੀਆਂ ਕਰ ਦਿੱਤੀਆਂ ਹਨ। ਪਰ ਕੀ ਇਹ ਸੁਸਤ ਅਤੇ ਅਲਗਰਜ਼ ਲੋਕਾਂ ਦਾ ਬਹਾਨਾ ਨਹੀਂ ਕਿ ਜੇ ਫੇਸਬੁੱਕ ਨਾ ਹੋਵੇ ਤਾਂ ਸ਼ਾਇਦ ਦੁਨੀਆਂ ਖੜ੍ਹ ਹੀ ਜਾਵੇਗੀ। ਅੱਜ ਆਸਟ੍ਰੇਲੀਆ ਖੜ੍ਹ ਨਹੀਂ ਗਿਆ; ਸੂਰਜ ਉਵੇਂ ਹੀ ਚੜ੍ਹਿਆ ਅਤੇ ਉਵੇਂ ਹੀ ਡੁੱਬਿਆ ਜਿਵੇਂ ਕਿ ਆਮ ਹੁੰਦਾ ਹੈ। ਨਾਲੇ ਗੂਗਲ ਤਾਂ ਰਾਹ ਸਿਰ ਆ ਹੀ ਗਿਆ ਹੈ।
ਅੱਜ ਦੇ ਸਮਾਜਿਕ ਮਾਧਿਅਮਾਂ ਨੇ ਦੁਨੀਆਂ ਨੂੰ ਅਸਲੀਅਤ ਤੋਂ ਬਹੁਤ ਦੂਰ ਕਰ ਦਿੱਤਾ ਹੈ। ਇਸ ਦੀ ਇਕ ਮਿਸਾਲ ਪੰਜਾਬ ਦੀ ਹੀ ਦੇ ਸਕਦੇ ਹਾਂ ਜਿੱਥੇ ਮੌਜੂਦਾ ਚੱਲਦੇ ਕਿਸਾਨ ਸੰਘਰਸ਼ ਦੇ ਦੌਰਾਨ ‘ਜੀਓ’ ਕੰਪਨੀ ਦੇ ਵਿਰੋਧੀ ਤਾਂ ਬਹੁਤ ਬਣ ਗਏ। ਉਨ੍ਹਾਂ ਨੇ ਜੀਓ ਦਾ ਸਿੰਮ ਬਦਲਣ ਲਈ ਤਾਂ ਪੂਰੀ ਲਹਿਰ ਚਲਾ ਦਿੱਤੀ ਅਤੇ ਜੋਸ਼ ਵਿੱਚ ਆ ਕੇ ਜੀਓ ਦੀਆਂ ਅਟਾਰੀਆਂ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਪਰ ਜਦ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਉਹੀ ਕੰਪਨੀ ਜਿਹੜੀ ਜੀਓ ਚਲਾ ਰਹੀ ਹੈ ਉਹੀ ਕੰਪਨੀ ਵ੍ਹੱਟਸਐਪ ਦਾ ਭਾਰਤੀ ਕਾਰੋਬਾਰ ਖ਼ਰੀਦ ਚੁੱਕੀ ਹੈ ਅਤੇ ਉਹ ਵ੍ਹੱਟਸਐਪ ਦੇ ਉੱਤੇ ਭੁਗਤਾਨ ਆਦਿ ਦਾ ਵੀ ਕੰਮ ਕਰੇਗੀ ਤਾਂ ਉਹੀ ਲੋਕ ਵ੍ਹੱਟਸਐਪ ਦੇ ਸੰਬੰਧ ਵਿੱਚ ਘੇਸਲ ਵੱਟ ਗਏ ਕਿਉਂਕਿ ਵ੍ਹੱਟਸਐਪ ਉਨ੍ਹਾਂ ਨੂੰ ਅਫ਼ੀਮ ਦੇ ਅਮਲ ਵਾਂਙ ਨਿਗਲ ਚੁੱਕੀ ਹੈ। ਕਿਸੇ ਵਿੱਚ ਵੀ ਏਨਾ ਦਮ ਨਹੀਂ ਹੈ ਕਿ ਉਹ ਆਪਣੇ ਫ਼ੋਨ ਤੋਂ ਵ੍ਹੱਟਸਐਪ ਕੱਢ ਦੇਵੇ।
ਇਸ ਸਭ ਨੂੰ ਪਾਖੰਡਵਾਦ ਅਤੇ ਦੂਹਰੇ ਮਾਪਦੰਡ ਕਿਹਾ ਜਾਂਦਾ ਹੈ। ਠੀਕ ਉਸੇ ਤਰ੍ਹਾਂ ਹੀ ਜਿਵੇਂ ਲੋਕ ਵ੍ਹੱਟਸਐਪ ਦੇ ਜੰਜਾਲ ਵਿੱਚੋਂ ਤਾਂ ਨਹੀਂ ਨਿਕਲ ਨਹੀਂ ਸਕੇ ਅਤੇ ਸਗੋਂ ਅਫੀਮਚੀਆਂ ਵਾਂਙ ਇਹੀ ਸੋਚਦੇ ਹਨ ਕਿ ਜੇ ਫੇਸਬੁੱਕ ਹੈ ਤਾਂ ਕੁਰਸੀ ਤੇ ਬੈਠਿਆਂ-ਬੈਠਿਆਂ ਹੀ ਇਨਕਲਾਬ ਆ ਜਾਵੇਗਾ।
ਪਤਾ ਨਹੀਂ ਇਹ ਲੱਗੀ ਹੋਈ ਪੀਨਕ ਕਦੀ ਟੁੱਟੇਗੀ ਵੀ ਕਿ ਨਹੀਂ।
ਆਸਟ੍ਰੇਲੀਆ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਪਹਿਲ ਕਰਕੇ ਬਹੁਤ ਵਧੀਆ ਕਦਮ ਚੁੱਕਿਆ ਹੈ ਕਿਉਂਕਿ ਜ਼ਿਆਦਾ ਸੋਸ਼ਲ ਮੀਡੀਆ ਨੇ ਆਮ ਵਿਅਕਤੀ ਦੀ ਜ਼ਿੰਦਗੀ ਦੁੱਭਰ ਕਰ ਦਿੱਤੀ ਹੈ !