Posted in ਚਰਚਾ

ਗੁਤਾਵਾ

ਮੰਨ ਲਉ ਕਿ ਤੁਸੀਂ ਖਾਣਾ ਖਾਣ ਲਈ ਬੈਠੇ ਹੋਏ ਹੋ। ਤੁਹਾਡੇ ਸਾਹਮਣੇ ਲਿਆ ਕੇ ਥਾਲ਼ੀ ਵਿੱਚ ਰੋਟੀ ਅਤੇ ਸਬਜ਼ੀ ਵਾਲੀ ਕੌਲੀ ਲਿਆ ਕੇ ਰੱਖ ਦਿੱਤੀ ਜਾਂਦੀ ਹੈ।  ਜਦੋਂ ਤੁਸੀਂ ਧਿਆਨ ਨਾਲ ਵੇਖਦੇ ਹੋ ਤਾਂ ਕੌਲੀ ਵਿੱਚ ਦਾਲ ਵੀ ਹੈ, ਸਾਗ ਵੀ ਹੈ ਅਤੇ ਅਤੇ ਆਲੂ ਮਟਰ ਵੀ ਹਨ। 

ਕੀ ਤੁਸੀਂ ਇਹ ਗੁਤਾਵਾ ਖਾਣਾ ਪਸੰਦ ਕਰੋਗੇ? ਕੁਝ ਅਜਿਹਾ ਹੀ ਗੁਤਾਵਾ ਬੀਤੇ ਦਿਨੀਂ ਜਾਰੀ ਹੋਏ ਨਿਰਮਲ ਸਿੱਧੂ ਦੇ ਗੀਤ ਊੜਾ ਐੜਾ ਨੂੰ ਸੁਨਣ ਤੋਂ ਬਾਅਦ ਮਹਿਸੂਸ ਹੋਇਆ।  

Photo by Pixabay on pexels.com

ਇਹ ਗਾਣਾ ਸੁਣ ਕੇ ਮੈਨੂੰ ਇਹ ਸਮਝ ਨਹੀਂ ਆਈ ਕਿ ਕੀ ਇਹ ਗਾਣਾ ਬੱਚਿਆਂ ਨੂੰ ਊੜਾ ਐੜਾ ਸਿਖਾਉਣ ਲਈ ਹੈ ਜਾਂ ਫਿਰ ਸਿੱਖ ਧਰਮ ਦੀ ਸਿੱਖਿਆ ਦੇਣ ਲਈ ਹੈ ਜਾਂ ਫਿਰ ਡੌਲ਼ੇ ਬਣਾਉਣ ਵਾਲੇ ਗਾਇਕਾਂ ਦੇ ਖਿਲਾਫ਼ ਗੱਲ ਕਹੀ ਗਈ ਹੈ ਜਾਂ ਫਿਰ ਵਾਤਾਵਰਨ ਦੇ ਬਾਰੇ ਗੱਲ ਕਹੀ ਗਈ ਹੈ ਕਿ ਜਾਂ ਫਿਰ ਨਸ਼ਿਆਂ ਦੇ ਬਾਰੇ ਗੱਲ ਕਹੀ ਗਈ ਹੈ!  

ਫਿਰ ਉਸ ਤੋਂ ਬਾਅਦ ਪੰਜਾਬੀ ਦੇ ਹੋਰ ਗਾਇਕਾਂ ਅਤੇ ਸੱਜਣਾਂ ਕੋਲੋਂ ਇਸ ਗੀਤ ਦੇ ਹੱਕ ਦੇ ਵਿੱਚ ਕਰਵਾਈਆਂ ਟਿੱਪਣੀਆਂ ਵੀ ਸਮਾਜਕ ਮਾਧਿਅਮ ਤੇ ਪਾਈਆਂ ਆਮ ਵੇਖਣ ਨੂੰ ਮਿਲ ਰਹੀਆਂ ਹਨ। ਪਰ ਕੋਈ ਵੀ ਗਹਿਰਾਈ ਵਿੱਚ ਜਾ ਕੇ ਇਹ ਗੱਲ ਨਹੀਂ ਕਰ ਰਿਹਾ ਕਿ ਆਖਰ ਇਸ ਗਾਣੇ ਦਾ ਸੁਨੇਹਾ ਕੀ ਹੈ ਅਤੇ ਇਹ ਗਾਣਾ ਕਿਨ੍ਹਾਂ ਵਾਸਤੇ ਲਿਖਿਆ ਗਿਆ ਹੈ? 

ਊੜਾ ਐੜਾ ਮੁੱਢ ਰੱਖਿਆ ਗਿਆ ਹੈ ਤਾਂ ਕੀ ਇਹ ਬੱਚਿਆਂ ਵਾਸਤੇ ਹੈ? ਕੀ ਕਿਸੇ ਬੱਚੇ ਦੀ ਮੁਹਾਰਨੀ ਇਸ ਗਾਣੇ ਦੀ ਬਦੌਲਤ ਵਧੀਆ ਹੋ ਗਈ ਹੈ?  

ਦਾਲ ਸਬਜ਼ੀ ਵਿਚ ਮਸਾਲੇ ਸੁਆਦ ਲਈ ਪਾਏ ਜਾਂਦੇ ਹਨ ਪਰ ਕਿਸੇ ਦਾਲ ਸਬਜ਼ੀ ਦੇ ਵਿੱਚ ਜੇ ਪੰਜ ਕਿਸਮ ਦੇ ਮਸਾਲੇ ਪਾ ਦਿੱਤੇ ਜਾਣ ਜਿਨ੍ਹਾਂ ਦੀ ਮਿਕਦਾਰ ਦਾਲ ਦੇ ਨਾਲੋਂ ਵੀ ਵੱਧ ਹੋ ਜਾਏ ਤਾਂ ਕੀ ਉਹ ਦਾਲ ਤੁਹਾਨੂੰ ਖਾਣ ਵਿੱਚ ਚੰਗੀ ਲੱਗੇਗੀ? 

ਫਿਰ ਇੱਕ ਦੋ ਚੈਨਲਾਂ ਦੀਆਂ ਇੰਟਰਵਿਊਆਂ ਵੀ ਸਮਾਜਕ ਮਾਧਿਅਮ ਉੱਤੇ ਵੇਖਣ ਨੂੰ ਮਿਲੀਆਂ। ਅੱਜਕਲ੍ਹ ਦੇ ਸਮਾਜਕ ਮਾਧਿਅਮ ਦੇ ਜ਼ਮਾਨੇ ਵਿੱਚ ਇੱਕ ਤੇ ਹਰ ਕੋਈ ਉੱਠਦਾ ਹੈ ਤਾਂ ਆਪਣੇ ਵੀਡੀਓ ਫੇਸਬੁੱਕ ਤੇ ਪਾਉਣਾ ਸ਼ੁਰੂ ਕਰ ਦਿੰਦਾ ਹੈ ਜਾਂ ਝੱਟ ਲਾਈਵ ਹੋ ਜਾਂਦਾ ਹੈ। ਪੜ੍ਹ ਲਿਖ ਕੇ ਕੀਤਾ ਵਿਚਾਰ ਤਾਂ ਅੱਜ ਕੱਲ੍ਹ ਘੱਟ ਹੀ ਲੱਭਦਾ ਹੈ।

ਸਮਾਜਿਕ ਮਾਧਿਅਮਾਂ ਤੇ ਬਣੇ ਚੈਨਲ ਵਾਲਿਆਂ ਨੂੰ ਵੇਖ ਕੇ ਲੱਗਦਾ ਹੈ ਕਿ ਜਿਵੇਂ ਸੁੱਤੇ ਉੱਠ ਕੇ ਮੁਲਾਕਾਤ ਕਰਨ ਤੁਰ ਪਏ ਹਨ। ਸਿੱਕੇਬੱਧ ਪੰਜਾਬੀ ਬੋਲਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਸਾਰਾ ਜ਼ੋਰ ਸਲਾਮਾਂ, ਸਲੂਟਾਂ, ਸਾਹਿਬ-ਸਾਹਿਬ, ਜੀ ਹਜ਼ੂਰੀ, ਖੁਲਾਸੇ, ਠੋਕਵੇਂ ਆਦਿ ਨਾਲ ਕੀਤੀ ਪੇਸ਼ਕਾਰੀ ਤੇ ਜ਼ੋਰ ਹੁੰਦਾ ਹੈ ਭਾਵੇਂ ਕਿਸੇ ਵਿਸ਼ੇ ਦੀ ਕੱਖ ਸਮਝ ਨਾ ਹੋਵੇ। ਹਰ ਵੇਲ਼ੇ ਹਰ ਚੀਜ਼ ਦੀ ਪੇਸ਼ਕਾਰੀ ਦਾ ਜ਼ੋਰ ਚੱਕਵਾਂ-ਚੱਕਵਾਂ ਕਰਨ ਦੇ ਉੱਤੇ ਹੀ ਰੱਖਿਆ ਹੋਇਆ ਹੁੰਦਾ ਹੈ।  

ਸਾਹਿਤ ਦਾ ਇੱਕ ਬੁਨਿਆਦੀ ਅਸੂਲ ਹੈ ਜੋ ਅਸੀਂ ਸਕੂਲਾਂ ਵਿੱਚ ਹੀ ਸਿੱਖ ਜਾਂਦੇ ਸੀ। ਉਹ ਇਹ ਕਿ ਸਾਡੀ ਪੇਸ਼ਕਾਰੀ ਬਹੁਤ ਦਿਲਚਸਪ ਹੋਣੀ ਚਾਹੀਦੀ ਹੈ ਤੇ ਜਦੋਂ ਪੜ੍ਹਨ ਵਾਲਾ ਜਾਂ ਸੁਣਨ ਵਾਲਾ ਸਾਡੀ ਇਸ ਦਿਲਕਸ਼ ਪੇਸ਼ਕਾਰੀ ਨਾਲ ਕੀਲਿਆ ਜਾਵੇ ਤਾਂ ਸਹਿਜੇ ਹੀ ਤੁਸੀਂ ਆਪਣਾ ਸੁਨੇਹਾ ਵੀ ਉਸ ਕਵਿਤਾ ਕਹਾਣੀ ਵਿੱਚ ਇੱਕ ਦੋ ਸਤਰਾਂ ਰਾਹੀ ਪਾ ਦਿਓ। ਪਰ ਜੇਕਰ ਤੁਸੀਂ ਹਰ ਸਤਰ ਦੇ ਵਿੱਚ ਬੇਸਿਰ-ਪੈਰ ਸੁਨੇਹੇ ਭਰੀ ਚੱਲੋਗੇ ਤਾਂ ਕੌਣ ਇਸ ਨੂੰ ਸੁਣਨਾ ਪਸੰਦ ਕਰੇਗਾ ਜਾਂ ਫਿਰ ਕੌਣ ਕਿਸੇ ਨਾਲ ਅੱਗੇ ਸਾਂਝਾ ਕਰੇਗਾ? 

ਪੰਜਾਬੀ ਭਾਸ਼ਾ ਦੀ ਇਹ ਤ੍ਰਾਸਦੀ ਹੈ ਕਿ ਅੱਜ ਇਸ ਨੂੰ ਝੂਠੇ ਜਾਂ ਖਰੀਦੇ ਗਏ ਯੂਟਿਊਬ ਵਿਊਜ਼ ਉੱਤੇ ਉਸਰਿਆ ਗਵੱਈਆ ਸਭਿਆਚਾਰ ਆਪਣੇ ਪੈਰਾਂ ਵਿੱਚ ਰੋਲ਼ ਰਿਹਾ ਹੈ।


Discover more from ਜੁਗਸੰਧੀ

Subscribe to get the latest posts sent to your email.

Unknown's avatar

Author:

ਵੈਲਿੰਗਟਨ, ਨਿਊਜ਼ੀਲੈਂਡ ਦਾ ਵਸਨੀਕ - ਬਲੌਗਿੰਗ, ਪਗਡੰਡੀਆਂ ਮਾਪਣ ਅਤੇ ਜਿਓਸਟ੍ਰੈਟੀਜਿਕ ਖੋਜ ਦਾ ਸ਼ੌਕ।

One thought on “ਗੁਤਾਵਾ

  1. ਤੁਸੀਂ ਕਿੱਲ ਦੇ ਸਿਰ ਤੇ ਸਹੀ ਚੋਟ ਮਾਰੀ ਹੈ। ਟੱਪੂ-੨ ਕੇ ਪਰਚਾਰ ਤੇ ਪਸਾਰ ਨਹੀਂ ਹੋਇਆ ਕਰਦਾ। ਜ਼ਿਹਨ ‘ਚ ਗਯਾਨ ਦੀ ਡੂੰਗੀ ਪੈਂਠ ਹੋਵੇ, ਸੰਜੀਦਗੀ ਨਾਲ਼ ੧੫ ਵਾਰ ਸੋਚ ਕੇ ਇੱਕ-੨ ਅੱਖਰ ਮੂੰਹ ਤੋਂ ਉਚਾਰਿਆ ਜਾਵੇ ਤਾਂਕਿ ਹਵਾ ਦੇ ਬੁੱਲੇ ਨਾਲ਼ ਕੋਈ ਕੋਮਲ ਬੂਟਾ ਸੱਟ ਨਾ ਖਾ ਜਾਵੇ। ਇਸ ਕੰਮ ਲਈ ਮਨੋਵਿਗਿਆਨੀ, ਵਿਆਕਰਣ ਵਿਗਿਆਨੀ ਟੇ ਬੱਚਿਆਂ ਦੇ ਨਾਲ਼ ਸੰਪਰਕ ਵਿੱਚ ਆਉਣ ਵਾਲ਼ੇ ਮਾਹਰ ਅਧਿਆਪਕ ਦਾ ਮਸ਼ਵਰਾ ਲੈਣਾ ਬਹੁਤ ਜਰੂਰੀ ਹੈ। ਹੁਣ ਸੁਆਲ ਉਠਦਾ ਹੈ ਕਿ ਅਸੀਂ ਪੰਜਾਬੀ ਇਸ ਵਿਸ਼ੇ ਤੇ ਕਿੰਨਾ ਗਯਾਨ ਤੇ ਸਮਝ ਰੱਖਦੇ ਹਾਂ? ਕੀ ਅਸੀਂ ਸੰਜੀਦਗੀ ਨਾਲ਼ ਕਦੇ ਸੋਚਾਂਗੇ ਵੀ? ਸੁਆਲ ਔਖਾ ਹੈ ਪਰ ਸਾਨੂੰ ਜੁਆਬ ਤਾਂ ਲੱਭਣੇ ਹੀ ਪੈਣੇ।

Leave a reply to ARVINDER SIRHA Cancel reply