Posted in ਯਾਦਾਂ

ਡਾ ਸ. ਸ. ਦੋਸਾਂਝ ਨੂੰ ਯਾਦ ਕਰਦਿਆਂ…

ਬੀਤੇ ਹਫ਼ਤੇ ਡਾ ਬਲਵਿੰਦਰ ਸਿੰਘ ਹੋਰਾਂ ਦੀ ਫੇਸਬੁੱਕ ਪੋਸਟ ਪੜ੍ਹ ਕੇ ਪਤਾ ਲੱਗਾ ਕਿ ਡਾ ਸ. ਸ. ਦੋਸਾਂਝ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।   

ਖ਼ਬਰ ਪੜ੍ਹ ਕੇ ਮੈਨੂੰ ਬਹੁਤ ਅਫ਼ਸੋਸ ਹੋਇਆ। ਮੈਂ ਸੰਨ 1987-89 ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿੱਚ ਪੜ੍ਹਾਈ ਕੀਤੀ ਸੀ। ਪੜ੍ਹਾਈ ਕਰਦੇ ਦੌਰਾਨ ਮੈਨੂੰ ਡਾ ਸ. ਸ. ਦੋਸਾਂਝ ਨਾਲ ਮਿਲਣ ਦਾ ਕਈ ਵਾਰ ਮੌਕਾ ਲੱਗਾ। ਡਾ ਦੋਸਾਂਝ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਮੁਖੀ ਸਨ ਤੇ ਉਨ੍ਹਾਂ ਨਾਲ ਅਕਸਰ ਕਿਸੇ ਨਾ ਕਿਸੇ ਸਮਾਗਮ ਜਾਂ ਸੈਮੀਨਾਰ ਦੇ ਵਿਚ ਮੁਲਾਕਾਤ ਹੋ ਜਾਂਦੀ ਸੀ। ਉਹ ਬਹੁਤ ਹੀ ਪ੍ਰਭਾਵੀ ਸ਼ਖ਼ਸੀਅਤ ਦੇ ਮਾਲਕ ਸਨ।   

ਸੰਨ 1990 ਦੇ ਅਖੀਰ ਵਿਚ ਉਨ੍ਹਾਂ ਨਾਲ ਹੋਈ ਇੱਕ ਮੁਲਾਕਾਤ ਮੇਰੇ ਦਿਲ ਵਿੱਚ ਖ਼ਾਸ ਤੌਰ ਤੇ ਘਰ ਕਰ ਗਈ ਸੀ। ਇਹ ਮੁਲਾਕਾਤ ਉਸ ਵੇਲੇ ਹੋਈ ਜਦ ਪੰਜਾਬੀ ਯੂਨੀਵਰਸਿਟੀ ਦੇ ਪੱਤਰ ਵਿਹਾਰ ਵਿਭਾਗ ਦੀ ਪੱਤਰਕਾਰੀ ਪੜਾਉਣ ਦੀ ਅਸਾਮੀ ਦੇ ਉਮੀਦਵਾਰ ਦੀ ਇੰਟਰਵਿਊ ਵਜੋਂ ਮੈਂ ਉਨ੍ਹਾਂ ਦੇ ਸਾਹਮਣੇ ਅਤੇ ਬਾਕੀ ਦੇ ਪੈਨਲ ਸਾਹਮਣੇ ਬੈਠਾ ਹੋਇਆ ਸੀ।

ਉਨ੍ਹਾਂ ਦਿਨਾਂ ਵਿੱਚ ਭਾਰਤ ਦੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਨੈੱਟ ਇਮਤਿਹਾਨ ਸ਼ੁਰੂ ਕੀਤੇ ਸਨ ਜਿਹੜਾ ਕਿ ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਦੀ ਯੋਗਤਾ ਦੀ ਪ੍ਰੀਖਿਆ ਲੈਂਦੇ ਸਨ। ਉਸ ਸਾਲ ਇਹ ਇਮਤਿਹਾਨ ਪਹਿਲੀ ਵਾਰੀ ਹੋਏ ਸਨ ਅਤੇ ਮੈਂ ਪਹਿਲੀ ਵਾਰੀ ਹੀ ਇਹ ਇਮਤਿਹਾਨ ਪਾਸ ਕਰ ਲਿਆ ਸੀ।   

ਸਬੱਬ ਨਾਲ ਮੇਰੀ ਇੰਟਰਵਿਊ ਬਹੁਤ ਵਧੀਆ ਰਹੀ ਅਤੇ ਅਸੀਂ ਪੱਤਰਕਾਰਤਾ ਬਾਰੇ ਕਈ ਵਿਚਾਰ ਚਰਚੇ ਕੀਤੇ। ਇਸ ਇੰਟਰਵਿਊ ਪੈਨਲ ਵਿੱਚ ਉਸ ਵੇਲ਼ੇ ਦੇ ਪੰਜਾਬੀ ਯੂਨੀਵਰਸਿਟੀ ਉਪ ਕੁਲਪਤੀ ਹ.ਕ. ਮਨਮੋਹਨ ਸਿੰਘ ਵੀ ਬੈਠੇ ਹੋਏ ਸਨ। ਉਨ੍ਹਾਂ ਨੂੰ ਜਦ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਇਹ ਇੰਟਰਵਿਊ ਬਹੁਤ ਵਧੀਆ ਹੋਈ ਹੈ ਅਤੇ ਡਾ ਦੋਸਾਂਝ ਪੈਨਲ ਦੇ ਚੇਅਰਮੈਨ ਹੋਣ ਦੇ ਨਾਤੇ ਮੇਰੇ ਨਾਂ ਦੀ ਸਿਫ਼ਾਰਸ਼ ਕਰਨਗੇ ਤਾਂ ਉਨ੍ਹਾਂ ਨੇ ਮੈਨੂੰ ਇੱਕ ਬੜਾ  ਅਜੀਬ ਸਵਾਲ ਕੀਤਾ।   

Photo by Pixabay on Pexels.com

ਹ.ਕ. ਮਨਮੋਹਨ ਸਿੰਘ ਨੇ ਮੈਨੂੰ ਪੁੱਛਿਆ ਕਿ ਕਾਕਾ ਤੂੰ ਸ਼੍ਰੀਵਾਸਤਵ ਦਾ ਵਿਦਿਆਰਥੀ ਹੈਂ? ਮੈਨੂੰ ਪਤਾ ਤਾਂ ਸੀ ਕਿ ਉਹ ਇਹ ਸਵਾਲ ਕਿਉਂ ਪੁੱਛ ਰਿਹਾ ਹੈ ਪਰ ਬੜੇ ਖ਼ੁਸ਼ ਮਿਜ਼ਾਜ ਹੋ ਕੇ ਮੈਂ ਇਸ ਦਾ ਜਵਾਬ ‘ਹਾਂ ਜੀ’ ਕਹਿ ਕੇ ਦਿੱਤਾ। ਇਹ ਸੁਣਦੇ ਸਾਰ ਹੀ ਹ.ਕ. ਮਨਮੋਹਨ ਸਿੰਘ ਦਾ ਮੱਥਾ ਤਣ ਗਿਆ ਤੇ ਉਸ ਨੇ ਬੜੇ ਹੀ ਢੀਠ ਜਿਹੇ ਅੰਦਾਜ਼ ਨਾਲ ਕਿਹਾ ਕਿ ਕਾਕਾ ਫੇਰ ਤਾਂ ਅਸੀਂ ਤੈਨੂੰ ਇਸ ਨੌਕਰੀ ਤੇ ਨਹੀਂ ਰੱਖਾਂਗੇ।   

ਇਹ ਸੁਣਦਿਆਂ ਸਾਰੀ ਡਾ ਦੋਸਾਂਝ ਵੀ ਥੋੜ੍ਹੇ ਤੈਸ਼ ਵਿੱਚ ਆ ਗਏ ਉਨ੍ਹਾਂ ਨੇ ਕਿਹਾ ਕਿ ਡਾਕਟਰ ਸਾਹਿਬ ਆਹ ਕੀ ਕਹਿ ਰਹੇ ਹੋ?  ਹ.ਕ. ਮਨਮੋਹਨ ਸਿੰਘ ਨੇ ਕਿਹਾ ਕਿ ਬਸ ਆਹੀ ਗੱਲ ਕਹਿਣੀ ਹੈ।   

ਡਾ ਦੋਸਾਂਝ ਨੂੰ ਵੀ ਪੰਜਾਬੀ ਯੂਨੀਵਰਸਿਟੀ ਦੀ ਸਿਆਸਤ ਦਾ ਪੂਰਾ ਗਿਆਨ ਸੀ ਅਤੇ ਉਨ੍ਹਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਇਸ ਸਮੇਂ ਇਹ ਉਮੀਦਵਾਰ ਸਭ ਤੋਂ ਵੱਧ ਯੋਗ ਹੈ ਅਤੇ ਇਸ ਨੇ ਯੂਜੀਸੀ ਦਾ ਇਮਤਿਹਾਨ ਵੀ ਪਾਸ  ਕੀਤਾ ਹੋਇਆ ਹੈ ਇਸ ਕਰਕੇ ਅਸੀਂ ਇਸੇ ਦੇ ਨਾਂ ਦੀ ਹੀ ਸਿਫ਼ਾਰਸ਼ ਕਰਾਂਗੇ। ਡਾ ਦੋਸਾਂਝ ਨੂੰ ਹ.ਕ. ਮਨਮੋਹਨ ਸਿੰਘ ਤੇ ਸ਼੍ਰੀਵਾਸਤਵ ਦੀ ਸਾਰੀ ਕਹਾਣੀ ਦਾ ਪਿਛੋਕੜ ਪਤਾ ਸੀ ਇਸ ਕਰਕੇ ਉਨ੍ਹਾਂ ਨੇ ਬੜੇ ਸਪੱਸ਼ਟ ਤਰੀਕੇ ਨਾਲ ਕਿਹਾ ਕਿ ਜੇਕਰ ਇਸ ਯੋਗ ਉਮੀਦਵਾਰ ਨੂੰ ਇਸ ਅਸਾਮੀ ਲਈ ਨਹੀਂ ਰੱਖਿਆ ਜਾਂਦਾ ਤਾਂ ਉਹ ਉੱਚ ਸਿੱਖਿਆ ਅਧਿਕਾਰੀਆਂ ਤੱਕ ਸ਼ਿਕਾਇਤ ਕਰਨ ਜਾਣਗੇ।   

ਇਹ ਸੁਣ ਕੇ ਹ.ਕ. ਮਨਮੋਹਨ ਸਿੰਘ ਛਿੱਥਾ ਜਿਹਾ ਹੋ ਕੇ ਬਹਿ ਗਿਆ। ਜ਼ਾਹਿਰ ਹੈ, ਇਸ ਇੰਟਰਵਿਊ ਤੋਂ ਹਫ਼ਤੇ ਦੇ ਅੰਦਰ ਹੀ ਮੈਨੂੰ ਪੱਤਰ ਵਿਹਾਰ ਵਿਭਾਗ ਵਿੱਚ ਪੱਤਰਕਾਰੀ ਪੜ੍ਹਾਉਣ ਦਾ ਨਿਯੁਕਤੀ ਪੱਤਰ ਮਿਲ ਗਿਆ।   

ਹ.ਕ. ਮਨਮੋਹਨ ਸਿੰਘ ਦੀ ਸ਼੍ਰੀਵਾਸਤਵ ਨਾਲ ਕਿਸ ਗੱਲ ਦੀ ਰੜਕ ਸੀ ਇਸਦੇ ਬਾਰੇ ਇੱਕ ਦਿਨ ਜ਼ਰੂਰ ਲਿਖਾਂਗਾ। ਇਹ ਵੀ ਇੱਕ ਲੰਮੀ ਕਹਾਣੀ ਹੈ ਜਿਸ ਦੇ ਵਿੱਚ ਹ.ਕ. ਮਨਮੋਹਨ ਸਿੰਘ ਦੇ ਪਿਆਦੇ ਨਰਿੰਦਰ ਸਿੰਘ ਕਪੂਰ ਦਾ ਵੀ ਜ਼ਿਕਰ ਹੋਏਗਾ। 

ਡਾ ਸ. ਸ. ਦੋਸਾਂਝ ਨੂੰ ਮੇਰਾ ਸਿਜਦਾ।    

ਉੱਪਰ ਜਿਹੜੇ ਡਾ ਬਲਵਿੰਦਰ ਸਿੰਘ ਹੋਰਾਂ ਦਾ ਮੈਂ ਜ਼ਿਕਰ ਕੀਤਾ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਪੜ੍ਹਾਉਂਦੇ ਰਹੇ ਸਨ ਅਤੇ ਬਾਅਦ ਵਿਚ ਕੈਨੇਡਾ ਚਲੇ ਗਏ ਜਿੱਥੇ ਉਹ ਅੱਜ ਕੱਲ੍ਹ ਰੇਡੀਓ ਸਰਗਮ ਚਲਾਉਂਦੇ ਹਨ।   

Processing…
Success! You're on the list.
Posted in ਕਿਤਾਬਾਂ

ਆਉਣ ਵਾਲ਼ੀਆਂ ਪੀੜ੍ਹੀਆਂ ਅਤੇ ਪੰਜਾਬੀ ਬੋਲੀ

ਪੰਜਾਬੀਆਂ ਦਾ ਪਰਵਾਸ ਦੇ ਨਾਲ ਬਹੁਤ ਗੂੜ੍ਹਾ ਸਬੰਧ ਹੈ। ਇਸੇ ਕਰਕੇ ਹੀ ਦੁਨੀਆਂ ਭਰ ਦੇ ਕੋਨੇ-ਕੋਨੇ ਵਿੱਚ ਪੰਜਾਬੀ ਬੋਲਣ ਵਾਲੇ ਜਾ ਕੇ ਵੱਸੇ ਹੋਏ ਹਨ।

ਆਰਥਿਕ ਖੁਸ਼ਹਾਲੀ ਦੇ ਚੱਲਦੇ, ਇਕ ਮਸਲਾ ਵੀ ਸਾਰਿਆਂ ਨੂੰ ਛੇਤੀ ਹੀ ਦਰਪੇਸ਼ ਆ ਜਾਂਦਾ ਹੈ। ਉਹ ਇਹ ਹੈ ਕਿ ਆਉਣ ਵਾਲੀਆਂ ਪੰਜਾਬੀ ਪੀੜ੍ਹੀਆਂ ਆਪਣੀ ਮਾਂ ਬੋਲੀ ਅਤੇ ਲਿਪੀ ਨੂੰ ਕਿਵੇਂ ਜਿਊਂਦਾ ਰੱਖ ਸਕਣਗੀਆਂ? 

ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੀਆਂ ਆਪੋ ਆਪਣੀਆਂ ਬੋਲੀਆਂ ਹਨ ਅਤੇ ਉਨ੍ਹਾਂ ਦਾ ਪ੍ਰਭਾਵ ਉਥੇ ਵੱਸਣ ਨਾਲੇ ਪੰਜਾਬੀਆਂ ਉੱਤੇ ਪੈਂਦਾ ਹੈ। ਨਿਊਜ਼ੀਲੈਂਡ, ਕਨੇਡਾ, ਸਪੇਨ, ਜਰਮਨੀ, ਫਰਾਂਸ, ਇਟਲੀ, ਬ੍ਰਾਜ਼ੀਲ ਦੇ ਜੰਮ-ਪਲ ਪੰਜਾਬੀ ਬੱਚੇ ਜੇਕਰ ਆਪਸ ਵਿੱਚ ਪੰਜਾਬੀ ਬੋਲਣਗੇ ਤਾਂ ਕਿਸ ਤਰ੍ਹਾਂ ਦੀ ਪੰਜਾਬੀ ਬੋਲਣਗੇ?

ਉਨ੍ਹਾਂ ਉਪਰ ਆਪੋ-ਆਪਣੀ ਸਥਾਨਕ ਬੋਲੀ ਦਾ ਕੀ ਅਸਰ ਹੋਵੇਗਾ? ਇਸ ਸਾਰੇ ਮਾਹੌਲ ਵਿੱਚ ਆਪਣੀ ਪੰਜਾਬੀ ਬੋਲੀ ਅਤੇ ਲਿਪੀ ਨੂੰ ਕਿਸ ਤਰ੍ਹਾਂ ਸਾਂਭ ਕੇ ਰੱਖਣਾ ਹੈ? ਇਹ ਸਭ ਸੋਚ ਮੰਗਤ ਰਾਏ ਭਾਰਦ੍ਵਾਜ ਹੋਰਾਂ ਨੇ ਇਕ ਕਿਤਾਬ ਲਿਖੀ ਹੈ ਜੋ ਕਿ ਹੁਣ ਛਪ ਕੇ ਆ ਚੁੱਕੀ ਹੈ। ਭਾਰਦ੍ਵਾਜ ਹੋਰਾਂ ਨੇ ਇਹ ਵੀ ਸੋਚ ਰੱਖਿਆ ਸੀ ਕਿ ਇਸ ਕਿਤਾਬ ਦੇ ਛਪਣ ਤੋਂ ਕੁਝ ਅਰਸਾ ਬਾਅਦ ਉਹ ਇਸ ਕਿਤਾਬ ਦੀ ਪੀ.ਡੀ.ਐਫ. ਵੀ ਜਾਰੀ ਕਰ ਦੇਣਗੇ।

ਮੰਗਤ ਰਾਏ ਭਾਰਦ੍ਵਾਜ, ਇਸ ਤੋਂ ਪਹਿਲਾਂ ਵੀ ਪੰਜਾਬੀ ਭਾਸ਼ਾ ਅਤੇ ਬੋਲੀ ਉੱਤੇ ਕਈ ਕਿਤਾਬਾਂ ਲਿਖ ਚੁੱਕੇ ਹਨ ਅਤੇ ਇਸ ਕਿਤਾਬ ਵਿੱਚ ਉਨ੍ਹਾਂ ਨੇ ਖ਼ਾਸ ਤੌਰ ਤੇ ਪੰਜਾਬੀ ਉਚਾਰਣ ਅਤੇ ਲਿਪੀ ਦੇ ਉੱਤੇ ਬਹੁਤ ਜ਼ੋਰ ਦਿੱਤਾ ਹੈ।   

ਮੰਗਤ ਰਾਏ ਭਾਰਦ੍ਵਾਜ ਨੇ ਭਾਸ਼ਾ ਵਿਗਿਆਨ ਦੇ ਵਿਸ਼ੇ ਤੇ ਮਾਨਚੈਸਟਰ ਯੂਨੀਵਰਸਿਟੀ ਤੋਂ ਡਾਕਟਰੇਟ ਕੀਤੀ ਹੋਈ ਹੈ। ਉਨ੍ਹਾਂ ਨੇ ਬੀਤੇ ਕੱਲ ਹੀ ਮੈਨੂੰ ਇਸ ਕਿਤਾਬ ਦੀ ਪੀ.ਡੀ.ਐਫ. ਭੇਜੀ ਹੈ ਜਿਸ ਨੂੰ ਮੈਂ ਜੁਗਸੰਧੀ ਤੇ ਪਾਉਣ ਵਿੱਚ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।

ਕਿਤਾਬ ਹਾਸਲ ਕਰਨ ਲਈ ਇਥੇ ਕਲਿੱਕ ਕਰੋ:   



Posted in ਚਰਚਾ, ਸਮਾਜਕ, NZ News

ਪਰਵਾਸ ਦੀ ਰਾਜਨੀਤੀ 

ਬੀਤੇ ਰੋਜ਼ ਨਿਊਜ਼ੀਲੈਂਡ ਵਿੱਚ ਹਾਕਮ ਲੇਬਰ ਪਾਰਟੀ ਨੇ ਪਰਵਾਸ ਨੀਤੀ ਬਾਰੇ ਇਕ ਬਹੁਤ ਵੱਡਾ ਫੈਸਲਾ ਲੈਂਦੇ ਹੋਇਆਂ ਇੱਕ ਲੱਖ ਪੈਂਹਠ ਹਜ਼ਾਰ ਪੱਕੀ ਰਿਹਾਇਸ਼ ਦੇ ਵੀਜ਼ੇ ਜਾਰੀ ਕਰਨ ਦਾ ਐਲਾਨ ਕਰ ਦਿੱਤਾ।    

ਕੁਝ ਅਰਸਾ ਪਹਿਲਾਂ ਇਸੇ ਹਾਕਮ ਪਾਰਟੀ ਨੇ ਪਰਵਾਸ ਨੀਤੀ ਦੀ ਮੁੜ ਸ਼ੁਰੂਆਤ ਕਰਦਿਆਂ ਹੋਇਆਂ ਪੰਜਾਹ ਹਜ਼ਾਰ ਤੋਂ ਵੱਧ ਵੀਜ਼ੇ ਇੱਕੋ ਝਟਕੇ ਵਿੱਚ ਰੱਦ ਕਰ ਦਿੱਤੇ ਸਨ। ਨਿਊਜ਼ੀਲੈਂਡ ਵਿੱਚ ਇਹ ਪਰਵਾਸੀ-ਪਰਵਾਸੀ ਖੇਡ ਚੱਲਦਿਆਂ ਨੂੰ ਪਿਛਲੇ  ਕਈ ਸਾਲ ਹੋ ਚੁੱਕੇ ਹਨ।

ਇਸ ਤੋਂ ਪਹਿਲਾਂ ਪਿਛਲੀ ਹਾਕਮ ਪਾਰਟੀ ਜਿਹੜੀ ਕਿ ਹੁਣ ਵਿਰੋਧੀ ਨੈਸ਼ਨਲ ਪਾਰਟੀ ਹੈ, ਉਸ ਨੇ ਮਾਪਿਆਂ ਦੇ ਵੀਜ਼ੇ ਰੱਦ ਕਰ ਦਿੱਤੇ ਸਨ। ਜੇਕਰ ਮਾਪਿਆਂ ਦੇ ਵੀਜ਼ੇ ਕੁਝ ਅਰਸਾ ਪਹਿਲਾਂ ਬਹਾਲ ਕੀਤੇ ਵੀ ਗਏ ਤਾਂ ਉਨ੍ਹਾਂ ਵੀਜ਼ਿਆਂ ਦੀ ਪਾਤਰਤਾ ਦੀ ਸਰਦਲ ਇੰਨੀ ਉੱਚੀ ਕਰ ਦਿੱਤੀ ਗਈ ਕਿ ਉਸ ਨੂੰ ਟੱਪਣਾ ਸੌਖਾ ਕੰਮ ਨਹੀਂ ਸੀ। ਆਮ ਪਰਵਾਸੀਆਂ ਨੂੰ ਉਸ ਤੋਂ ਕੋਈ ਫ਼ਾਇਦਾ ਹੋਣ ਦਾ ਆਸਾਰ ਘੱਟ ਹੀ ਨਜ਼ਰ ਆਉਂਦਾ ਜਾਪਦਾ ਸੀ।    

Photo by Skitterphoto on Pexels.com

ਪਰਵਾਸੀ-ਪਰਵਾਸੀ ਖੇਡਦੀਆਂ ਨਿਊਜ਼ੀਲੈਂਡ ਦੀਆਂ ਮੁੱਖ ਰਾਜਨੀਤਿਕ ਪਾਰਟੀਆਂ ਦਾ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਆਕਲੈਂਡ ਵਿੱਚ ਸਥਿਤ ਸਾਰਾ ਪੰਜਾਬੀ ਸਮਾਜਕ ਮਾਧਿਅਮ ਤਾਂ ਇਨ੍ਹਾਂ ਦੋਹਾਂ ਪਾਰਟੀਆਂ ਨਾਲ ਹੀ ਜੁੜਿਆ ਹੋਇਆ ਹੈ। ਉਹ ਸ਼ਰ੍ਹੇ-ਆਮ ਇਨ੍ਹਾਂ ਪਾਰਟੀਆਂ ਦੇ ਸਾਲਾਨਾ ਇਜਲਾਸਾਂ ਵਿੱਚ ਜਾਂਦੇ ਹਨ। ਪੱਤਰਕਾਰਾਂ ਦੇ ਤੌਰ ਤੇ ਨਹੀਂ ਸਗੋਂ ਉਹ ਮੈਂਬਰਾਂ ਵਾਲੇ ਪਾਸੇ ਬੈਠਦੇ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਫੇਸਬੁੱਕ ਤੇ ਆਮ ਵੇਖੀਆਂ ਜਾ ਸਕਦੀਆਂ ਹਨ।   

ਇਉਂ ਜਾਪਦਾ ਹੈ ਕਿ ਜਿਵੇਂ ਇਨ੍ਹਾਂ ਨੂੰ ਕਨਫਲਿਕਟ ਆਵ ਇੰਟਰਸਟ (conflict of interest) ਨਾਂ ਦੀ ਨੈਤਿਕਤਾ ਦਾ ਪਤਾ ਹੀ ਨਾ ਹੋਵੇ।

ਇਨ੍ਹਾਂ ਇੱਕ ਲੱਖ ਪੈਂਹਠ ਹਜ਼ਾਰ ਵੀਜ਼ਿਆਂ ਦੇ ਐਲਾਨ ਤੋਂ ਬਾਅਦ ਦਾ ਇੱਕ ਹੋਰ ਦਿਲਚਸਪ ਪਹਿਲੂ ਇਹ ਵੀ ਹੈ ਕਿ ਵੀਜ਼ਿਆਂ ਦੀ ਇਸ ਵੱਡੀ ਗਿਣਤੀ ਵਿੱਚੋਂ ਪੰਜਾਬੀਆਂ ਨੂੰ ਬਹੁਤ ਖਿੱਚ ਧੂਹ ਕੇ ਵੀ ਵੱਧ ਤੋਂ ਵੱਧ ਦਸ ਕੁ ਹਜ਼ਾਰ ਦਾ ਫਾਇਦਾ ਹੋਵੇਗਾ। ਪਰ ਆਪੋ ਆਪਣੀ ਤੂਤੀ ਵਜਾਉਂਦਿਆਂ, ਫੇਸਬੁੱਕ ਤੇ ਚੱਲਦਾ ਰੌਲ਼ਾ ਸਭ ਤੋਂ ਵੱਧ ਇਨ੍ਹਾਂ ਪੰਜਾਬੀ ਮਾਧਿਅਮਾਂ ਵਾਲਿਆਂ ਨੇ ਹੀ ਪਾਇਆ ਹੋਇਆ ਹੈ।

ਇਹ ਤੂਤੀਆਂ ਵਜਾਉਣ ਵਾਲ਼ੇ ਇਸ ਤਰ੍ਹਾਂ ਦਾ ਮਾਇਆ-ਜਾਲ ਪੇਸ਼ ਕਰ ਰਹੇ ਹਨ ਜਿਵੇਂ ਕਿ ਨਿਊਜ਼ੀਲੈਂਡ ਵਿੱਚ ਕੋਈ ਹੋਰ ਪਰਵਾਸੀ ਭਾਈਚਾਰਾ ਵੱਸਦਾ ਹੀ ਨਾ ਹੋਵੇ। ਜਦ ਕਿ ਦੂਜੇ ਭਾਈਚਾਰਿਆਂ ਦੀਆਂ ਜਥੇਬੰਦੀਆਂ ਹੁਣ ਤੋਂ ਹੀ ਚੁੱਪ-ਚਾਪ ਅਗਲੇ ਪੜਾਅ ਦੀ ਜੱਦੋ-ਜਹਿਦ ਲਈ ਕਮਰ-ਕੱਸਾ ਕਰ ਰਹੀਆਂ ਹਨ। ਕਹਾਵਤ ਹੈ ਕਿ ਡੂੰਘੇ ਦਰਿਆ ਸ਼ਾਂਤ ਵਗਦੇ ਹਨ।

ਪੰਜਾਬੀ ਪਾਠਕਾਂ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਨਿਊਜ਼ੀਲੈਂਡ ਵਿੱਚ ਕੈਨੇਡਾ ਵਾਂਙ ਕਿਸੇ ਤਰ੍ਹਾਂ ਦਾ ਬਹੁਸੱਭਿਆਚਾਰਕ ਵਿਧੀ ਵਿਧਾਨ ਕਨੂੰਨੀ ਤੌਰ ਤੇ ਲਾਗੂ ਨਹੀਂ ਹੈ ਤੇ ਨਾ ਹੀ ਨਿਊਜ਼ੀਲੈਂਡ ਦੀ ਲੰਮੇ ਚਿਰ ਦੀ ਇਨ੍ਹਾਂ ਮੁੱਦਿਆਂ ਤੇ ਅਧਾਰਤ ਕੋਈ ਅਬਾਦੀ ਯੋਜਨਾ ਹੈ। ਅਜਿਹੀ ਯੋਜਨਾ ਅਤੇ ਵਿਧੀ ਵਿਧਾਨ ਦੇ ਨਾ ਹੋਣ ਕਰਕੇ ਨਿਊਜ਼ੀਲੈਂਡ ਦੀਆਂ ਮੁੱਖ ਰਾਜਨੀਤਕ ਪਾਰਟੀਆਂ ਰਾਜਨੀਤਕ ਲਾਹਾ ਲੈਣ ਦੇ ਲਈ ਆਪਸ ਵਿਚ ਪਰਵਾਸੀ-ਪਰਵਾਸੀ ਖੇਡਦੀਆਂ ਰਹਿੰਦੀਆਂ ਹਨ ਅਤੇ ਪਰਵਾਸੀ ਭਾਈਚਾਰਿਆਂ ਨੂੰ ਹਾਸ਼ੀਏ ਤੇ ਧੱਕੀ ਰੱਖਦੀਆਂ ਹਨ।

ਜਿੱਥੇ ਨਿਊਜ਼ੀਲੈਂਡ ਦੇ ਦੂਜੇ ਭਾਈਚਾਰੇ, ਬਹੁਸੱਭਿਆਚਾਰਕ ਵਿਧੀ ਵਿਧਾਨ ਕਨੂੰਨੀ ਤੌਰ ਤੇ ਲਾਗੂ ਕਰਵਾਉਣ ਅਤੇ ਅਬਾਦੀ ਯੋਜਨਾਵਾਂ ਲਿਆਉਣ ਵਾਲ਼ੇ ਲੰਮੇਰੇ ਘੋਲ ਲਈ ਜੂਝ ਰਹੇ ਹੋਣਗੇ ਉਥੇ ਹੀ ਪੰਜਾਬੀ ਪੱਤਰਕਾਰ ਅਤੇ ਹੋਰ ਸੰਸਥਾਵਾਂ ਹਾਸ਼ੀਏ ਵਿੱਚ ਹੀ ਰਹਿੰਦਿਆਂ ਆਪਣੀਆਂ ਤੂਤੀਆਂ ਦੇ ਰੌਲ਼ੇ-ਗੌਲ਼ੇ ਵਿੱਚ ਹੀ ਗੁਆਚੇ ਰਹਿਣਗੇ। 

Posted in ਚਰਚਾ, ਵਿਚਾਰ

ਮਾਂ ਬੋਲੀ ਦੀ ਸੇਵਾ

ਨਿਊਜ਼ੀਲੈਂਡ ਦੇ ਵਿਚ ਅੱਜ ਕੱਲ੍ਹ ਮਾਓਰੀ ਭਾਸ਼ਾ ਹਫ਼ਤਾ ਚੱਲ ਰਿਹਾ ਹੈ। ਇਹ ਉਹ ਹਫ਼ਤਾ ਹੈ ਜਿਸ ਦੇ ਦੌਰਾਨ ਮਾਓਰੀ ਭਾਸ਼ਾ ਨੂੰ ਪਰਫੁੱਲਤ ਕਰਨ ਦੇ ਲਈ ਕਈ ਉੱਦਮ ਕੀਤੇ ਜਾਣਗੇ।   

ਮਾਓਰੀ ਭਾਸ਼ਾ ਨਿਊਜ਼ੀਲੈਂਡ ਦੇ ਮੂਲ ਨਿਵਾਸੀਆਂ ਦੀ ਭਾਸ਼ਾ ਹੈ। ਮਾਓਰੀ ਭਾਸ਼ਾ ਵਿੱਚ ਨਿਊਜ਼ੀਲੈਂਡ ਨੂੰ ਆਓਤਿਆਰੋਆ ਕਿਹਾ ਜਾਂਦਾ ਹੈ। ਆਓਤਿਆਰੋਆ ਦੀ 50 ਲੱਖ ਅਬਾਦੀ ਵਿੱਚ ਮਾਓਰੀ ਭਾਸ਼ਾ ਬੋਲਣ ਵਾਲੀ ਅਬਾਦੀ ਕੋਈ ਡੇਢ ਕੁ ਲੱਖ ਹੀ ਹੈ।  

1960ਵਿਆਂ ਦੀ ਗੱਲ ਹੈ ਜਦੋਂ ਮਾਓਰੀ ਲੋਕਾਂ ਨੂੰ ਇਥੇ ਪਿੰਡਾਂ ਵਿੱਚੋਂ ਕੱਢ ਕੇ ਆਓਤਿਆਰੋਆ ਦੇ ਸ਼ਹਿਰਾਂ ਦੇ ਵਿੱਚ ਵਸਾਉਣ ਦਾ ਸਿਲਸਿਲਾ ਸ਼ੁਰੂ ਹੋਇਆ। ਉਦੋਂ ਮਾਓਰੀ ਭਾਸ਼ਾ ਤੇ ਇਹੋ ਜਿਹਾ ਕਹਿਰ ਵਰ੍ਹਿਆ ਕਿ ਉਸ ਵੇਲ਼ੇ ਮਾਓਰੀ ਭਾਸ਼ਾ ਬੋਲਣ ਦੇ ਉੱਤੇ ਉੱਕੀ ਪਾਬੰਦੀ  ਲਾ ਦਿੱਤੀ ਗਈ ਸੀ। 

ਕਹਾਵਤ ਹੈ ਕਿ ਇੱਕ ਪੀੜੀ ਭਾਸ਼ਾ ਗਵਾਉਂਦੀ ਹੈ ਪਰ ਭਾਸ਼ਾ ਨੂੰ ਮੁੜ ਸੁਰਜੀਤ ਕਰਨ ਲਈ ਤਿੰਨ ਪੀੜੀਆਂ ਨੂੰ ਅਥਕ ਮਿਹਨਤ ਕਰਨੀ ਪੈਂਦੀ ਹੈ। ਜੁਗ ਪਲਟਿਆ, ਨੀਤੀਆਂ ਬਦਲੀਆਂ ਅਤੇ ਮਾਓਰੀ ਭਾਸ਼ਾ ਮੁੜ ਸੁਰਜੀਤ ਹੋਣੀ ਸ਼ੁਰੂ ਹੋ ਗਈ। ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਅੱਜ ਆਓਤਿਆਰੋਆ ਵਿੱਚ ਵੱਸਦੇ ਸਾਰੇ ਸਭਿਆਚਾਰ ਰਲ-ਮਿਲ ਕੇ ਚਾਈਂ-ਚਾਈਂ ਮਾਓਰੀ ਭਾਸ਼ਾ ਹਫ਼ਤਾ ਮਨਾਉਂਦੇ ਹਨ। 

ਅੱਜ ਦਾ ਇਹ ਬਲਾਗ ਲਿਖਣ ਦਾ ਸਬੱਬ ਇਸ ਕਰਕੇ ਬਣਿਆ ਕਿ ਬੀਤੇ ਦਿਨੀਂ ਮੈਨੂੰ ਮਾਓਰੀ ਭਾਸ਼ਾ ਦੇ ਪ੍ਰੋਫੈਸਰ ਸਕੌਟੀ ਮੌਰੀਸਨ ਦੀ ਕਿਤਾਬ ਦੀ ਅਗਲੀ ਛਾਪ ਆਉਣ ਦੀ ਖ਼ਬਰ ਪੜ੍ਹਨ ਨੂੰ ਮਿਲੀ। ਪ੍ਰੋਫੈਸਰ ਮੌਰੀਸਨ ਦਾ ਮਾਓਰੀ ਭਾਸ਼ਾ ਦੇ ਨਾਲ ਜਿਹੜੀ ਕਿ ਉਨ੍ਹਾਂ ਦੀ ਮਾਂ ਬੋਲੀ ਹੈ, ਬਹੁਤ ਪ੍ਰੇਮ ਪਿਆਰ ਹੈ ਤੇ ਉਨ੍ਹਾਂ ਬੋਲ ਚਾਲ ਦੀ ਮਾਓਰੀ ਭਾਸ਼ਾ ਦੇ ਉੱਤੇ ਆਧਾਰਤ ਆਪਣੀ ਕਿਤਾਬ ਕੋਈ ਦਸ ਸਾਲ ਪਹਿਲਾਂ ਲਿਖੀ ਸੀ।   

ਹੁਣ ਜਿਹੜੀ ਇਸ ਕਿਤਾਬ ਦੀ ਨਵੀਂ ਛਾਪ ਆਈ ਹੈ ਉਸ ਵਿੱਚ ਉਨ੍ਹਾਂ ਨੇ ਮਾਓਰੀ ਭਾਸ਼ਾ ਵਿਚ ਕਈ ਨਵੇਂ ਸ਼ਬਦ ਵੀ ਸ਼ਾਮਲ ਕੀਤੇ ਹਨ ਖਾਸ ਤੌਰ ਤੇ ਕਰੋਨਾ ਦੇ ਚੱਲਦੇ। ਇਹ ਤਾਂ ਤੁਸੀਂ ਸਾਰਿਆਂ ਨੇ ਵੇਖ ਹੀ ਲਿਆ ਹੋਵੇਗਾ ਕਿ ਕਰੋਨਾ ਕਰਕੇ ਸਾਡੀ ਬੋਲ ਚਾਲ ਵਿੱਚ ਕਈ ਨਵੇਂ ਸ਼ਬਦ ਜੁੜ ਗਏ ਹਨ। ਪ੍ਰੋਫੈਸਰ ਮੌਰੀਸਨ ਨੇ ਇਸ ਨਵੀਂ ਸ਼ਬਦਾਵਲੀ ਲਈ ਮਾਓਰੀ ਸ਼ਬਦ ਘੜ੍ਹੇ ਹਨ।

ਪੰਜਾਬ ਦੀ ਸਭਿਆਚਾਰਕ ਬੋਲਚਾਲ ਦੀ ਭਾਸ਼ਾ ਵਿੱਚ ਕਹਿੰਦੇ ਹਨ ਕਿ ਕਈ ਵਾਰ ਇਕੱਲਾ ਹੀ ਸਵਾ ਲੱਖ ਦੇ ਬਰਾਬਰ ਹੁੰਦਾ ਹੈ। ਇਸ ਸਿਲਸਿਲੇ ਵਿਚ ਮਾਓਰੀ ਭਾਸ਼ਾ ਨੂੰ ਮੁੜ ਸੁਰਜੀਤ ਕਰਨ ਲਈ ਪ੍ਰੋਫੈਸਰ ਮੌਰੀਸਨ ਇਕੱਲਿਆਂ ਹੀ ਸਵਾ ਲੱਖ ਬਰਾਬਰ ਹੋ ਨਿਬੜਿਆ ਹੈ।  

ਇਸਦੇ ਮੁਕਾਬਲੇ ਦੇ ਪੰਜਾਬੀ ਯੂਨੀਵਰਸਿਟੀ ਦੇ ਵਿਚਲੀ ਪੰਜਾਬੀ ਪ੍ਰੋਫੈਸਰਾਂ ਦੀ ਫ਼ੌਜ ਰਲ ਕੇ ਜੇ ਪ੍ਰੋਫੈਸਰ ਮੌਰੀਸਨ ਤੋਂ ਪ੍ਰੇਰਨਾ ਲੈ ਲਵੇ ਤਾਂ ਪੰਜਾਬੀ ਭਾਸ਼ਾ ਨੂੰ ਅੱਜ ਤਕਨਾਲੋਜੀ ਦੇ ਜੁਗ ਵਿੱਚ ਸਮਰੱਥ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਕੀ ਅਸੀਂ ਪੰਜਾਬੀ ਦੇ ਨਾਂ ਦੇ ਉੱਤੇ ਸਿਰਫ਼ ਖੱਟੀ ਹੀ ਖਾਂਦੇ ਹਾਂ ਜਾਂ ਫਿਰ ਮਾਂ ਬੋਲੀ ਦੀ ਸੇਵਾ ਦਾ ਫ਼ਰਜ਼ ਵੀ ਅਦਾ ਕਰਦੇ ਹਾਂ ਜਿਵੇਂ ਕਿ ਪ੍ਰੋਫੈਸਰ ਮੌਰੀਸਨ ਕਰ ਰਹੇ ਹਨ।

Scotty Morrison – modern phrases in te reo | RNZ

Te reo Maori advocate and teacher, Professor Scotty Morrison shares some modern Maori phrases. It’s been 10 years since his first Raupo Phrasebook of Modern Maori hit the shelves.

Processing…
Success! You're on the list.
Posted in ਚਰਚਾ

ਪੰਜਾਬੀ ਭਾਸ਼ਾ ਦੀ ਦੁਚਿੱਤੀ

ਸਮਾਜਕ ਮਾਧਿਅਮਾਂ ਦੇ ਆਏ ਹੜ੍ਹ ਕਰਕੇ ਸੰਵਾਦ ਰਚਾਉਣਾ ਅੱਜ ਬਹੁਤ ਸੌਖਾ ਹੋ ਗਿਆ ਹੈ। ਲਿਖਤ-ਪੜ੍ਹਤ ਦੀ ਵੀ ਕੋਈ ਬਹੁਤੀ ਲੋੜ ਨਹੀਂ, ਜਦੋਂ ਮਰਜ਼ੀ “ਲਾਈਵ” ਹੋ ਜਾਓ ਅਤੇ ਕਰ ਦਿਓ ਸ਼ੁਰੂ ਪ੍ਰਵਚਨ ਉਪਦੇਸ਼।

ਇਸੇ ਸਿਲਸਿਲੇ ਵਿੱਚ ਫੇਸਬੁੱਕ ਦੇ ਉੱਤੇ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਅਤੇ ਇਸ ਦੇ ਪਰਚਾਰ ਲਈ ਵੀ ਕਈ ਮੰਚ ਖੁੰਭਾਂ ਵਾਂਙ ਉੱਗ ਖਲੋਤੇ ਹਨ। ਉਥੇ ਅੱਵਲ ਤਾਂ ਗੱਲ ਪੈਂਤੀ ਅਤੇ ਮੁਹਾਰਨੀ ਤੋਂ ਅੱਗੇ ਤੁਰਦੀ ਨਹੀਂ। ਜੇਕਰ ਤੁਰਦੀ ਵੀ ਹੈ ਤਾਂ ਆਪੂੰ ਬਣੇ ਭਾਸ਼ਾ ਵਿਗਿਆਨੀ ਸ਼ਬਦਾਂ ਦੀ ਉਤਪੱਤੀ ਬਾਰੇ ਆਪਣੀ ਨਾਸਮਝੀ ਦਾ ਜਲੂਸ ਕੱਢਦੇ ਫਿਰਦੇ ਹਨ।

ਰੌਲ਼ਾ ਪੰਜਾਬੀ ਵਿੱਚ ਅੰਗਰਜ਼ੀ ਦੇ ਸ਼ਬਦ ਵਰਤਣ ਦਾ ਨਹੀਂ ਹੈ। ਅੰਗਰੇਜ਼ੀ ਭਾਸ਼ਾ ਦਾ ਆਪਣਾ ਅੱਧਾ ਸ਼ਬਦ ਭੰਡਾਰ ਲਾਤੀਨੀ, ਫ੍ਰਾਂਸੀਸੀ, ਜਰਮਨ ਅਤੇ ਪੁਰਤਗਾਲੀ ਭਾਸ਼ਾਵਾਂ ਦਾ ਹੈ। ਅੰਗਰੇਜ਼ੀ ਨੇ ਵੀ ਕਈ ਸ਼ਬਦ ਦੱਖਣੀ ਏਸ਼ੀਆਈ ਖਿੱਤਿਆਂ ਤੋਂ ਅਪਣਾਏ ਹਨ। ਜਿਵੇਂ ਕਿ ਨਿਓਲੇ ਲਈ ਅੰਗਰੇਜ਼ੀ ਸ਼ਬਦ ਮੌਂਗੂਸ ਵਰਤਿਆ ਜਾਂਦਾ ਹੈ। ਮਰਾਠੀ ਭਾਸ਼ਾ ਵਿੱਚ ਨਿਓਲੇ ਲਈ ਮੰਗੂਸ ਸ਼ਬਦ ਹੈ ਜੋ ਕਿ ਪੁਰਾਣੀ ਪ੍ਰਾਕਿਤ ਵਿੱਚੋਂ ਹੈ। ਸਾਰੇ ਅਪਣਾਏ ਗਏ ਸ਼ਬਦ ਜੇਕਰ ਅਪਣਾਉਣ ਵਾਲ਼ੀ ਭਾਸ਼ਾ ਦੇ ਮੁਹਾਂਦਰੇ ਵਿੱਚ ਢਲ ਜਾਂਦੇ ਹਨ ਤਾਂ ਕੁਦਰਤੀ ਵਹਾਅ ਬਣਿਆ ਰਹਿੰਦਾ ਹੈ। ਅੰਗਰੇਜ਼ਾਂ ਤੋਂ ਵੀ ਪਹਿਲਾਂ ਪੁਰਤਗਾਲੀ ਵਪਾਰੀ ਦੱਖਣੀ ਏਸ਼ੀਆ ਪਹੁੰਚ ਗਏ ਸਨ। ਆਹ ਪੁਰਤਗਾਲੀ ਭਾਸ਼ਾ ਤੋਂ ਅਪਣਾਏ ਗਏ ਸ਼ਬਦਾਂ ਦਾ ਨਮੂਨਾ ਵੇਖੋ:
ਕਮਰਾ – camara, ਚਾਬੀ – chave, ਮੇਜ਼ – mez, ਤੌਲੀਆ – toalha, ਗੋਭੀ – couve, ਅਤੇ ਅਲਮਾਰੀ – armario

Photo by Pixabay on Pexels.com

ਮਸਲਾ ਅੱਜ ਪੰਜਾਬੀ ਭਾਸ਼ਾ ਦਾ ਇਹ ਹੈ ਕਿ ਜਿਹੜੇ ਸ਼ਬਦ ਪੰਜਾਬੀ ਸ਼ਬਦ-ਭੰਡਾਰ ਵਿੱਚ ਨਹੀਂ, ਉੱਥੇ ਨਵੇਂ ਸ਼ਬਦ ਅਪਣਾਉਣ, ਢਾਲਣ ਜਾਂ ਘੜ੍ਹਣ ਦੀ ਬਜਾਏ ਪੰਜਾਬ ਦੀ ਅੱਜ ਦੀ ਮਾਂ-ਬੋਲੀ ਅੰਨਪੜ੍ਹ ਪੀੜੀ “ਆਈ ਲੈੱਟਸ” ਦੇ ਹੱਥੇ ਚੜ੍ਹ ਕੇ ਆਮ ਰੋਜ਼ ਬੋਲਣ ਵਾਲ਼ੇ ਪੰਜਾਬੀ ਸ਼ਬਦਾਂ ਨੂੰ ਨਾ ਵਰਤ ਕੇ ਸਗੋਂ ਸੰਡੇ-ਮੰਡੇ ਕਰ ਰਹੀ ਹੈ। ਯੂ ਟਿਊਬ ਉੱਤੇ ਪੰਜਾਬੀ ਦੇ ਨਾਂ ਤੇ ਚੱਲਦੇ ਬਹੁਤੇ ਚੈਨਲ ਵੀ ਸੰਡੇ-ਮੰਡੇ ਤੋਂ ਵੱਧ ਕੁਝ ਨਹੀਂ ਹਨ।

ਬਾਕੀ ਆਹ ਸਮਾਜਕ ਮਾਧਿਅਮਾਂ ਤੇ ਜਿਹੜੇ ਲੋਕ ਪੰਜਾਬੀ ਵਾਸਤੇ ਕੱਚ-ਘਰੜ ਰੋਮਨ ਟਾਈਪ ਕਰ ਰਹੇ ਹਨ ਉਹ ਰੋਮਨ ਵਿੱਚ ਲਿਖਣ ਦੇ ਅਸੂਲ ਵੀ ਛਿੱਕੇ ਟੰਗੀ ਹਰ ਕੋਈ ਆਪਣੇ ਹੀ ਰੋਮਨ ਸ਼ਬਦ-ਜੋੜ ਬਣਾਈ ਫਿਰ ਰਿਹਾ ਹੈ। ਮੁੱਕਦੀ ਗੱਲ। ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਨੂੰ ਅਮੀਰ ਕਰਨ ਦੀ ਜ਼ਿੰਮੇਵਾਰੀ ਤੋਂ ਬਾਗ਼ੀ ਹੋਈ ਫਿਰਦੀ ਹੈ। ਪੰਜਾਬੀ ਦੀ ਸਾਰ ਵਾਸਤੇ ਹੰਭਲਾ ਪੰਜਾਬੀ ਯੂਨੀਵਰਸਿਟੀ ਤੇ ਸੰਸਥਾਂਵਾਂ ਨੂੰ ਹੀ ਮਾਰਨਾ ਪੈਣਾ ਹੈ। ਢਲਾਣ ਤੇ ਹੇਠਾਂ ਨੂੰ ਰਿੜ੍ਹੀ ਜਾ ਰਹੀ ਪੰਜਾਬੀ ਦਾ ਸੱਚ ਇਹੀ ਹੈ।

Processing…
Success! You're on the list.