Posted in ਚਰਚਾ, ਵਿਚਾਰ

ਕਿਰਤ ਛੋਟੀ ਜਾਂ ਸਾਡੀ ਸੋਚ?

ਨਵੰਬਰ 2026 ਵਿੱਚ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਵਾਪਰੀ ਇੱਕ ਛੋਟੀ ਜਿਹੀ ਘਟਨਾ ਨੇ ਸਿੱਖਿਆ,ਕਿਰਤ ਅਤੇ ਸਮਾਜਿਕ ਰੁਤਬੇ ਬਾਰੇ ਕੁਝ ਵੱਡੇ ਸਵਾਲ ਖੜ੍ਹੇ ਕਰ ਦਿੱਤੇ। ਵੈਲਿੰਗਟਨ ਕਾਲਜ ਦੇ ਤਿੰਨ ਵਿਦਿਆਰਥੀ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹੋ ਰਿਹਾ ਕ੍ਰਿਕਟ ਮੈਚ ਵੇਖਣ ਲਈ ਬੇਸਿਨ ਰਿਜ਼ਰਵ ਪਹੁੰਚ ਗਏ। ਕੈਮਰੇ ਤੋਂ ਆਪਣਾ ਮੂੰਹ ਲੁਕਾਉਂਦਿਆਂ ਉਨ੍ਹਾਂ ਦੀ ਤਸਵੀਰ ਸਟੇਡੀਅਮ ਦੀ ਵੱਡੀ ਸਕਰੀਨ ਉੱਤੇ ਆ ਗਈ। ਇਹ ਘਟਨਾ ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਡੇਵਿਡ ਸੀਮੋਰ ਦੇ ਧਿਆਨ ਵਿੱਚ ਵੀ ਆਈ।

ਸੀਮੋਰ ਨੇ ਟਿੱਪਣੀ ਕੀਤੀ ਕਿ ਕ੍ਰਿਕਟ ਵੇਖਣ ਨਾਲ ਘਰ ਦੇ ਬਿੱਲ ਨਹੀਂ ਭਰੇ ਜਾਣੇ। ਇਨ੍ਹਾਂ ਬੱਚਿਆਂ ਨੂੰ ਸਕੂਲ ਵਾਪਸ ਜਾਣਾ ਚਾਹੀਦਾ ਹੈ,ਨਹੀਂ ਤਾਂ ਕੂੜਾ ਇਕੱਠਾ ਕਰਨਾ ਉਨ੍ਹਾਂ ਦਾ ਪੱਕਾ ਕਿੱਤਾ ਬਣ ਸਕਦਾ ਹੈ।

ਪਰ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੋਈ। ਵੈਲਿੰਗਟਨ ਲਾਗਲੇ ਪੌਰੀਰੂਆ ਸ਼ਹਿਰ ਵਿੱਚ ਕੂੜਾ ਇਕੱਠਾ ਕਰਨ ਦਾ ਕੰਮ ਕਰਦੇ ਇੱਕ ਕਿਰਤੀ ਨੇ ਉਪ ਪ੍ਰਧਾਨ ਮੰਤਰੀ ਦੇ ਦਫ਼ਤਰ ਨਾਲ ਸੰਪਰਕ ਕੀਤਾ। ਉਸ ਨੇ ਸਮਝਾਇਆ ਕਿ ਇਹ ਕੋਈ ਅਜਿਹਾ ਕੰਮ ਨਹੀਂ ਜਿਸ ਲਈ ਕਿਸੇ ਹੁਨਰ ਦੀ ਲੋੜ ਨਾ ਹੋਵੇ। ਇਸ ਕੰਮ ਲਈ ਭਾਰੀ ਵਾਹਨ ਚਲਾਉਣ ਦਾ ਕਲਾਸ-4 ਲਾਇਸੈਂਸ, ਪੜ੍ਹਨ-ਲਿਖਣ ਅਤੇ ਗਿਣਤੀ ਕਰਨ ਦੀ ਯੋਗਤਾ,ਸਮੇਂ ਦੀ ਪਾਬੰਦੀ ਅਤੇ ਨਿਰਧਾਰਤ ਰੂਟਾਂ ਦੇ ਪ੍ਰਬੰਧਨ ਦੀ ਸਮਰੱਥਾ ਚਾਹੀਦੀ ਹੈ। ਸੀਮੋਰ ਨੇ ਆਪਣੀ ਗ਼ਲਤੀ ਮੰਨੀ ਅਤੇ ਕੂੜਾ ਇਕੱਠਾ ਕਰਨ ਵਾਲੇ ਕਾਮਿਆਂ ਤੋਂ ਮੁਆਫ਼ੀ ਮੰਗੀ।

25 ਨਵੰਬਰ ਨੂੰ ਇਸ ਘਟਨਾ ਦਾ ਇੱਕ ਹੋਰ ਪਹਿਲੂ ਸਾਹਮਣੇ ਆਇਆ। ਤਿੰਨਾਂ ਵਿੱਚੋਂ ਇੱਕ ਵਿਦਿਆਰਥੀ ਨੇ ਵੀ ਸੀਮੋਰ ਨਾਲ ਸੰਪਰਕ ਕਰਕੇ ਸਪੱਸ਼ਟ ਕੀਤਾ ਕਿ ਭਾਵੇਂ ਉਹ ਸਕੂਲ ਦੀ ਇਜਾਜ਼ਤ ਤੋਂ ਬਿਨਾਂ ਸਕੂਲ ਦੀ ਹਦੂਦ ਤੋਂ ਬਾਹਰ ਗਏ ਸਨ,ਪਰ ਉਨ੍ਹਾਂ ਨੇ ਕੋਈ ਜਮਾਤ ਨਹੀਂ ਛੱਡੀ ਸੀ। ਸੀਮੋਰ ਨੇ ਇਸ ਸਪੱਸ਼ਟੀਕਰਨ ਨੂੰ ਵੀ ਸਵੀਕਾਰ ਕੀਤਾ।

ਜਿਹੜਾ ਸਬਕ ਉਪ ਪ੍ਰਧਾਨ ਮੰਤਰੀ ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਉਣਾ ਚਾਹੁੰਦਾ ਸੀ,ਉਸੇ ਘਟਨਾ ਵਿੱਚ ਇੱਕ ਕਿਰਤੀ ਨੇ ਉਪ ਪ੍ਰਧਾਨ ਮੰਤਰੀ ਨੂੰ ਵੀ ਇੱਕ ਸਬਕ ਪੜ੍ਹਾ ਦਿੱਤਾ।

ਸਿੱਖਿਆ ਦਾ ਮਨੋਰਥ

ਸਵਾਲ ਇਹ ਨਹੀਂ ਕਿ ਬੱਚਿਆਂ ਨੂੰ ਸਕੂਲ ਜਾਣਾ ਚਾਹੀਦਾ ਹੈ ਜਾਂ ਨਹੀਂ। ਸਵਾਲ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਸਕੂਲ ਕਿਉਂ ਭੇਜਦੇ ਹਾਂ? ਕੀ ਸਿੱਖਿਆ ਦਾ ਮਨੋਰਥ ਸਿਰਫ਼ ਚੰਗੀ ਤਨਖ਼ਾਹ, ਵੱਡਾ ਅਹੁਦਾ ਅਤੇ ਸਮਾਜਿਕ ਰੁਤਬਾ ਹਾਸਲ ਕਰਨਾ ਹੈ ਜਾਂ ਇੱਕ ਸੂਝਵਾਨ,ਜ਼ਿੰਮੇਵਾਰ ਅਤੇ ਨੈਤਿਕ ਮਨੁੱਖ ਬਣਨਾ ਵੀ ਹੈ?

ਜਦੋਂ ਅਸੀਂ ਕਿਸੇ ਬੱਚੇ ਨੂੰ ਆਖਦੇ ਹਾਂ ਕਿ ਪੜ੍ਹ ਲੈ,ਨਹੀਂ ਤਾਂ ਤੈਨੂੰ ਸਫ਼ਾਈ ਦਾ ਕੰਮ ਕਰਨਾ ਪਵੇਗਾ,ਤਾਂ ਅਸੀਂ ਉਸ ਨੂੰ ਸਿੱਖਿਆ ਦੀ ਮਹੱਤਤਾ ਹੀ ਨਹੀਂ ਸਮਝਾ ਰਹੇ ਹੁੰਦੇ,ਸਗੋਂ ਇੱਕ ਕਿੱਤੇ ਅਤੇ ਉਸ ਨਾਲ ਜੁੜੇ ਮਨੁੱਖਾਂ ਨੂੰ ਨੀਵਾਂ ਸਮਝਣਾ ਵੀ ਸਿਖਾ ਰਹੇ ਹੁੰਦੇ ਹਾਂ।

ਸਿੱਖਿਆ ਪ੍ਰਾਪਤ ਕਰਨ ਦੀ ਪ੍ਰੇਰਣਾ ਕਿਸੇ ਹੋਰ ਮਨੁੱਖ ਦੇ ਕਿੱਤੇ ਦੀ ਹੇਠੀ ਕਰਨ ਉੱਤੇ ਆਧਾਰਿਤ ਕਿਉਂ ਹੋਵੇ?

ਸੂਚਕ ਤਸਵੀਰ – Photo by Fatih Gu00fcney on Pexels.com

ਪੰਜਾਬੀ ਸਮਾਜ,ਕਿਰਤ ਅਤੇ ਸਮਾਜਿਕ ਦਰਜਾਬੰਦੀ

ਪੰਜਾਬੀ ਸਮਾਜ ਵਿੱਚ ਇਹ ਸਵਾਲ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਸਾਡੇ ਸਮਾਜ ਵਿੱਚ ਕਿੱਤੇ ਦੀ ਦਰਜਾਬੰਦੀ ਸਿਰਫ਼ ਆਰਥਿਕ ਨਹੀਂ,ਸਗੋਂ ਜਾਤੀ ਅਤੇ ਜਮਾਤੀ ਵੀ ਰਹੀ ਹੈ। ਕੁਝ ਕਿੱਤਿਆਂ ਨੂੰ ਸਤਿਕਾਰ ਨਾਲ ਅਤੇ ਕੁਝ ਨੂੰ ਹੀਣਤਾ ਨਾਲ ਜੋੜਿਆ ਗਿਆ ਹੈ। ਇਹ ਹੀਣਤਾ ਕਈ ਵਾਰ ਕਿੱਤੇ ਤੱਕ ਸੀਮਤ ਨਹੀਂ ਰਹਿੰਦੀ,ਸਗੋਂ ਉਹ ਕਿੱਤਾ ਕਰਨ ਵਾਲੇ ਮਨੁੱਖ ਅਤੇ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਵੀ ਜੋੜ ਦਿੱਤੀ ਜਾਂਦੀ ਹੈ।

ਜ਼ਮੀਨ ਦੀ ਮਾਲਕੀ ਨੂੰ ਸਮਾਜਿਕ ਵਡਿਆਈ ਨਾਲ ਜੋੜਿਆ ਜਾਂਦਾ ਹੈ,ਪਰ ਉਸੇ ਜ਼ਮੀਨ ਉੱਤੇ ਪਸੀਨਾ ਵਹਾਉਣ ਵਾਲੇ ਮਜ਼ਦੂਰ ਨੂੰ ਬਰਾਬਰ ਦਾ ਸਮਾਜਿਕ ਰੁਤਬਾ ਨਹੀਂ ਮਿਲਦਾ। ਅਸੀਂ ਆਪਣੇ ਘਰਾਂ,ਗਲੀਆਂ ਅਤੇ ਸ਼ਹਿਰਾਂ ਦੀ ਸਫ਼ਾਈ ਤਾਂ ਚਾਹੁੰਦੇ ਹਾਂ,ਪਰ ਸਫ਼ਾਈ ਕਰਨ ਵਾਲੇ ਮਨੁੱਖਾਂ ਨੂੰ ਆਪਣੇ ਬਰਾਬਰ ਬਿਠਾਉਣ ਤੋਂ ਕਈ ਵਾਰ ਸੰਕੋਚ ਕਰਦੇ ਹਾਂ।

ਸਾਡੇ ਵਿੱਚੋਂ ਕਈ ਲੋਕ ਪਰਦੇਸ ਵਿੱਚ ਉਹ ਕੰਮ ਵੀ ਕਰਦੇ ਹਨ ਜਿਨ੍ਹਾਂ ਨੂੰ ਪੰਜਾਬ ਵਿੱਚ ਸਮਾਜਿਕ ਤੌਰ ’ਤੇ ਨੀਵਾਂ ਸਮਝਿਆ ਜਾਂਦਾ ਹੈ। ਪਰ ਆਰਥਿਕ ਹਾਲਾਤ ਬਦਲ ਜਾਣ ਨਾਲ ਜ਼ਰੂਰੀ ਨਹੀਂ ਕਿ ਸਾਡੀ ਸਮਾਜਿਕ ਸੋਚ ਵੀ ਬਦਲ ਜਾਵੇ।

ਅਸੀਂ ਆਪਣੇ ਬੱਚਿਆਂ ਨੂੰ ਕਿਰਤ ਦਾ ਸਤਿਕਾਰ ਕਰਨਾ ਸਿਖਾਉਂਦੇ ਹਾਂ ਜਾਂ ਅਜਿਹੀ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਦੇ ਹਾਂ ਜਿਸ ਸਦਕਾ ਉਨ੍ਹਾਂ ਨੂੰ ਸਰੀਰਕ ਕਿਰਤ ਨਾ ਕਰਨੀ ਪਵੇ?

ਗੁਰੂ ਨਾਨਕ ਸਾਹਿਬ ਦਾ ਨੈਤਿਕ ਦ੍ਰਿਸ਼ਟੀਕੋਣ

ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ ਸਾਨੂੰ ਕਿਰਤ ਅਤੇ ਮਨੁੱਖੀ ਬਰਾਬਰੀ ਬਾਰੇ ਸੋਚਣ ਲਈ ਇੱਕ ਨੈਤਿਕ ਆਧਾਰ ਦਿੰਦਾ ਹੈ।

ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥
(ਗੁਰੂ ਗ੍ਰੰਥ ਸਾਹਿਬ, ਪੰਨਾ ੧੨੪੫)

ਇੱਥੇ ਕਿਰਤ ਦੀ ਮਹੱਤਤਾ ਉਸ ਤੋਂ ਪ੍ਰਾਪਤ ਹੋਣ ਵਾਲੇ ਸਮਾਜਿਕ ਰੁਤਬੇ ਵਿੱਚ ਨਹੀਂ,ਸਗੋਂ ਮਨੁੱਖ ਦੇ ਨੈਤਿਕ ਵਿਹਾਰ ਵਿੱਚ ਹੈ। ਆਪਣੀ ਮਿਹਨਤ ਨਾਲ ਜੀਵਨ ਬਸਰ ਕਰਨਾ ਅਤੇ ਆਪਣੀ ਕਮਾਈ ਵਿੱਚੋਂ ਦੂਜਿਆਂ ਨਾਲ ਸਾਂਝ ਪਾਉਣਾ ਸਹੀ ਜੀਵਨ-ਜਾਚ ਦੀ ਪਛਾਣ ਹੈ।

ਤਨਜ਼ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਇਸ ਫ਼ਲਸਫ਼ੇ ਨੂੰ ਵਾਰ-ਵਾਰ ਦੁਹਰਾਉਣ ਵਾਲੇ ਸਾਡੇ ਸਮਾਜ ਵਿੱਚ ਵੀ ਜਾਤੀ ਅਤੇ ਕਿੱਤਾਮੁਖੀ ਵਿਤਕਰਾ ਮੌਜੂਦ ਹੈ। ਗੁਰਬਾਣੀ ਦਾ ਉਚਾਰਨ ਕਰਨਾ ਅਤੇ ਗੁਰਬਾਣੀ ਦੇ ਨੈਤਿਕ ਸਿਧਾਂਤਾਂ ਨੂੰ ਆਪਣੇ ਸਮਾਜਿਕ ਵਿਹਾਰ ਵਿੱਚ ਅਪਣਾਉਣਾ ਦੋ ਵੱਖਰੀਆਂ ਗੱਲਾਂ ਹਨ।

ਕਿਰਤ ਦਾ ਸਤਿਕਾਰ ਜਾਂ ਕਿਰਤੀ ਦਾ ਸਤਿਕਾਰ?

ਕੂੜਾ ਇਕੱਠਾ ਕਰਨ ਵਾਲੇ ਕਾਮੇ ਦੇ ਕਿੱਤੇ ਲਈ ਖ਼ਾਸ ਯੋਗਤਾਵਾਂ ਦੀ ਲੋੜ ਹੈ,ਪਰ ਮੰਨ ਲਓ ਕਿ ਇਸ ਕਿੱਤੇ ਲਈ ਕਿਸੇ ਰਸਮੀ ਵਿਦਿਅਕ ਯੋਗਤਾ ਦੀ ਲੋੜ ਨਾ ਵੀ ਹੁੰਦੀ,ਤਾਂ ਕੀ ਉਸ ਮਨੁੱਖ ਦਾ ਸਤਿਕਾਰ ਘਟ ਜਾਣਾ ਚਾਹੀਦਾ ਸੀ?

ਮਨੁੱਖੀ ਮਾਣ ਕਿਸੇ ਡਿਗਰੀ,ਲਾਇਸੈਂਸ,ਤਨਖ਼ਾਹ ਜਾਂ ਅਹੁਦੇ ਦਾ ਮੁਥਾਜ ਨਹੀਂ ਹੋਣਾ ਚਾਹੀਦਾ।

ਕਿਰਤ ਦੇ ਸਤਿਕਾਰ ਦੀ ਗੱਲ ਕਰਨੀ ਸੌਖੀ ਹੈ,ਪਰ ਕਿਰਤੀ ਨੂੰ ਸਮਾਜਿਕ ਬਰਾਬਰੀ ਦੇਣੀ ਔਖੀ। ਕਿਰਤ ਦੇ ਸਤਿਕਾਰ ਦਾ ਅਰਥ ਕੇਵਲ ਮਿਹਨਤ ਦੀ ਪ੍ਰਸ਼ੰਸਾ ਕਰਨਾ ਨਹੀਂ, ਸਗੋਂ ਕਿਰਤੀ ਲਈ ਉਚਿਤ ਮਿਹਨਤਾਨੇ, ਸੁਰੱਖਿਅਤ ਕੰਮਕਾਜੀ ਹਾਲਾਤ ਅਤੇ ਸਮਾਜਕ ਇਨਸਾਫ਼ ਦੀ ਹਾਮੀ ਭਰਨਾ ਵੀ ਹੈ।

ਨਿਊਜ਼ੀਲੈਂਡ ਦੀ ਇਸ ਘਟਨਾ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਹੈ। ਇੱਕ ਆਮ ਕਿਰਤੀ ਨੇ ਦੇਸ ਦੇ ਉਪ ਪ੍ਰਧਾਨ ਮੰਤਰੀ ਦੀ ਟਿੱਪਣੀ ਉੱਤੇ ਇਤਰਾਜ਼ ਕੀਤਾ ਅਤੇ ਉਪ ਪ੍ਰਧਾਨ ਮੰਤਰੀ ਨੇ ਆਪਣੀ ਗ਼ਲਤੀ ਨੂੰ ਜਨਤਕ ਤੌਰ ’ਤੇ ਸਵੀਕਾਰ ਕੀਤਾ। ਇੱਕ ਸਕੂਲੀ ਵਿਦਿਆਰਥੀ ਨੇ ਵੀ ਉਪ ਪ੍ਰਧਾਨ ਮੰਤਰੀ ਸਾਹਮਣੇ ਆਪਣਾ ਪੱਖ ਰੱਖਣ ਤੋਂ ਗੁਰੇਜ਼ ਨਹੀਂ ਕੀਤਾ।

ਇੱਕ ਲੋਕਤੰਤਰੀ ਸਮਾਜ ਵਿੱਚ ਗਿਆਨ ਅਤੇ ਸੂਝ ਉੱਤੇ ਕਿਸੇ ਅਹੁਦੇਦਾਰ ਦਾ ਜਮਾਂਦਰੂ ਹੱਕ ਨਹੀਂ ਹੁੰਦਾ। ਇੱਕ ਕਿਰਤੀ ਜਾਂ ਸਕੂਲੀ ਵਿਦਿਆਰਥੀ ਵੀ ਹਕੂਮਤ ਵਿੱਚ ਬੈਠੇ ਸ਼ਖ਼ਸ ਨੂੰ ਸਿੱਖਿਆ ਦੇ ਸਕਦਾ ਹੈ। ਆਪਣੀ ਗ਼ਲਤੀ ਸਵੀਕਾਰ ਕਰਨਾ ਵੀ ਸਿੱਖਿਅਤ ਹੋਣ ਦੀ ਇੱਕ ਨਿਸ਼ਾਨੀ ਹੈ।

ਸਿੱਖਿਆ ਦਾ ਮਨੋਰਥ ਮਨੁੱਖ ਨੂੰ ਜਾਤੀ ਅਤੇ ਜਮਾਤੀ ਪੱਖਪਾਤ ਤੋਂ ਮੁਕਤ ਕਰਨਾ ਹੋਣਾ ਚਾਹੀਦਾ ਹੈ,ਨਾ ਕਿ ਉਸ ਨੂੰ ਡਿਗਰੀਆਂ ਦੇ ਕੇ ਉਸੇ ਪੱਖਪਾਤ ਨੂੰ ਜਾਇਜ਼ ਠਹਿਰਾਉਣ ਦੇ ਯੋਗ ਬਣਾਉਣਾ।

ਜੇ ਸਾਡੀ ਸਿੱਖਿਆ ਸਾਨੂੰ ਰੁਤਬੇ ਵਿੱਚ ਉੱਚਾ ਚੁੱਕਦੀ ਹੈ ਪਰ ਦੂਜੇ ਮਨੁੱਖਾਂ ਨੂੰ ਨੀਵਾਂ ਵੇਖਣਾ ਸਿਖਾਉਂਦੀ ਹੈ ਤਾਂ ਸਾਨੂੰ ਆਪਣੀ ਸਿੱਖਿਆ ਦੇ ਮਨੋਰਥ ਉੱਤੇ ਮੁੜ ਵਿਚਾਰ ਕਰਨ ਦੀ ਲੋੜ ਹੈ।

ਅਸਲ ਸਵਾਲ ਇਹ ਹੈ ਕਿ ਕਿਰਤ ਛੋਟੀ ਹੈ ਜਾਂ ਸਾਡੀ ਸੋਚ?


Discover more from ਜੁਗਸੰਧੀ

Subscribe to get the latest posts sent to your email.

Unknown's avatar

Author:

ਵੈਲਿੰਗਟਨ, ਨਿਊਜ਼ੀਲੈਂਡ ਦਾ ਵਸਨੀਕ - ਬਲੌਗਿੰਗ, ਪਗਡੰਡੀਆਂ ਮਾਪਣ ਅਤੇ ਜਿਓਸਟ੍ਰੈਟੀਜਿਕ ਖੋਜ ਦਾ ਸ਼ੌਕ।

Leave a Reply