Posted in ਚਰਚਾ, ਵਿਚਾਰ

ਉੱਨੀ ਸੌ ਚੁਰਾਸੀ – ਜੌਰਜ ਔਰਵੈੱਲ

ਲਗਭਗ ਇੱਕ ਦਹਾਕਾ ਪਹਿਲਾਂ ਫੇਸਬੁੱਕ ਦੁਨੀਆਂ ਵਿੱਚ ਹਰ ਪਾਸੇ ਮਸ਼ਹੂਰ ਹੋ ਗਈ। ਮਖੌਲ ਨਾਲ ਭਾਰਤ ਵਿੱਚ ਇਹ ਵੀ ਕਹਿਣ ਲੱਗ ਪਏ ਕਿ ਕਿੱਤੇ ਵੱਜੋਂ ‘ਫੇਸਬੁਕਿੰਗ’ ਕਰਦੇ ਹਾਂ। ਮਤਲਬ ਕਿ ਹਰ ਸਾਹ ਅੰਦਰ ਫੇਸਬੁੱਕ ਰਚ ਗਈ। ਕਈ ਸੱਜਣਾਂ ਨੇ ਤਾਂ ਤਿੰਨ-ਤਿੰਨ ਫੇਸਬੁੱਕ ਖਾਤੇ ਬਣਾਏ ਹੋਏ ਸਨ। ਕੰਮ, ਰਿਸ਼ਤੇਦਾਰਾਂ ਅਤੇ ਦੋਸਤਾਂ ਲਈ ਸਭ ਵੱਖਰੇ। ਤਿੰਨਾਂ ਉੱਪਰ ਵੱਖੋ-ਵੱਖ ਸ਼ਖ਼ਸੀਅਤਾਂ।

ਕਹਾਵਤ ਹੈ ਕਿ ਸੱਚ ਉਹ ਹੁੰਦਾ ਹੈ ਹੋ ਹਰ ਥਾਂ ਚੱਲੇ। ਫਿਰ ਇਹ ਵੱਖੋ-ਵੱਖ ਫੇਸਬੁੱਕ ਖਾਤਿਆਂ ਦਾ ਕੀ ਕੰਮ? ਮਿੱਟੀ ਨਾ ਫਰੋਲ ਜੋਗੀਆ। ਗੱਲ ਕਿੱਥੋਂ ਸ਼ੁਰੂ ਕਰੀਏ?

ਸੰਨ 1987 ਵਿੱਚ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੱਤਰਕਾਰੀ ਦੀ ਪੜ੍ਹਾਈ ਸ਼ੁਰੂ ਕੀਤੀ ਤਾਂ ਉਸ ਵੇਲੇ ਸਾਨੂੰ ਪਹਿਲੀ ਚੀਜ਼ ਇਹ ਪੜ੍ਹਾਈ ਗਈ ਕਿ ਜਨ ਸੰਚਾਰ ਦਾ ਕੰਮ ਜਾਣਕਾਰੀ ਦੇਣਾ, ਸਿਖਲਾਈ ਦੇਣਾ, ਅਤੇ ਮਨੋਰੰਜਨ ਕਰਨਾ ਹੈ।  ਇਸ ਦਾ ਅਨੁਪਾਤ ਲੋੜ ਅਨੁਸਾਰ  ਘੱਟ ਵੱਧ ਹੋ ਸਕਦਾ ਹੈ ਅਤੇ ਉਸ ਵੇਲੇ ਦੇ ਜਨ ਸੰਚਾਰ ਮਾਧਿਅਮ ਆਮ ਕਰਕੇ ਅਖ਼ਬਾਰ, ਰਸਾਲੇ, ਟੀ ਵੀ, ਰੇਡੀਓ ਅਤੇ ਫਿਲਮਾਂ ਸਨ।    

ਇਸ ਦੇ ਮੁਕਾਬਲੇ ਅੱਜ ਹਰ ਪਾਸੇ ਫੇਸਬੁੱਕ ਉੱਪਰ ਚੱਲਦੇ ਚੈਨਲਾਂ ਦੀ ਭਰਮਾਰ ਹੋ ਗਈ ਹੈ ਜੋ ਅਸਲੀ ਟੀ ਵੀ ਅਤੇ ਰੇਡੀਓ ਨੂੰ ਪਿੱਛੇ ਛੱਡ ਗਏ ਹਨ। ਬਾਕੀਆਂ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ ਪਰ ਇਸ ਵੇਲੇ ਪੰਜਾਬੀ ਦੇ ਫੇਸਬੁੱਕ ਚੈਨਲ ਦੁਨੀਆਂ ਭਰ ਦੇ ਵਿੱਚ ਏਨੀ ਵੱਡੀ ਗਿਣਤੀ ਵਿੱਚ ਸ਼ੁਰੂ ਹੋ ਚੁੱਕੇ ਹਨ ਸ਼ਾਇਦ ਹੀ ਕੋਈ ਇਨ੍ਹਾਂ ਦੇ ਚੱਜ ਨਾਲ ਨਾਂ ਗਿਣਾ ਸਕੇ। ਜਾਣਕਾਰੀ ਜਾਂ ਕੋਈ ਸਿੱਖਿਆ ਤਾਂ ਇਨ੍ਹਾਂ ਨੇ ਕੀ ਦੇਣੀ ਹੈ ਇਹ ਸਾਰੇ ਦੇ ਸਾਰੇ ਮਨੋਰੰਜਨ ਕਰਨ ਦੇ ਵਿੱਚ ਹੀ ਲੱਗੇ ਹੋਏ ਹਨ। ਸ਼ੁਗ਼ਲ ਕਹਿ ਲਓ। ਪਰ ਗਿਆਨ ਦਾ ਪੈਮਾਨਾ ਕਿੰਨਾ ਡਿਗ ਚੁੱਕਾ ਹੈ ਇਸ ਦਾ ਅੰਦਾਜ਼ਾ ਤੁਸੀਂ ਆਪ ਲਾ ਲਓ।    

ਇਸ ਪਿੱਛੇ ਕੀ ਮਾਨਸਿਕਤਾ ਕੰਮ ਕਰਦੀ ਹੋ ਸਕਦੀ ਹੈ? ਆਓ, ਇਸ ਬਾਰੇ ਗੱਲ ਕਰਦੇ ਹਾਂ। ਜੌਰਜ ਔਰਵੈੱਲ ਨੇ ਸੰਨ 1949 ਵਿੱਚ ਇੱਕ ਨਾਵਲ ਲਿਖਿਆ ਸੀ: ਉੱਨੀ ਸੌ ਚੁਰਾਸੀ। ਭਵਿੱਖਬਾਣੀਆਂ ਕਰਦੇ ਇਸ ਨਾਵਲ ਵਿੱਚ ਔਰਵੈੱਲ ਨੇ ਇੱਕ ਸ਼ਬਦ ਘੜਿਆ ਸੀ ਜਿਸ ਨੂੰ ਉਸ ਨੇ ਡਬਲਥਿੰਕ ਕਿਹਾ ਸੀ। ਮੌਟੇ ਤੌਰ ਤੇ ਡਬਲਥਿੰਕ ਨੂੰ ਅਸੀਂ ਜਾਨਣਾ ਅਤੇ ਨਾ ਜਾਨਣਾ, ਧਿਆਨ ਨਾਲ ਬਣਾਏ ਝੂਠ ਬੋਲਣ ਦੌਰਾਨ ਪੂਰੀ ਤਰ੍ਹਾਂ ਸੱਚਾਈ ਪ੍ਰਤੀ ਸੁਚੇਤ ਵੀ ਹੋਣਾ, ਇੱਕੋ ਸਮੇਂ ਦੋ ਰਾਏ ਰੱਖਣਾ ਜੋ ਇੱਕ ਦੂਜੀ ਨੂੰ ਰੱਦ ਕਰਦੀਆਂ ਹੋਣ, ਉਨ੍ਹਾਂ ਨੂੰ  ਸ੍ਵੈ ਵਿਰੋਧੀ ਜਾਣਦੇ ਹੋਏ ਵੀ ਦੋਵਾਂ ਵਿੱਚ ਵਿਸ਼ਵਾਸ ਰੱਖਣਾ….. ਇੱਥੋਂ ਤੱਕ ਕਿ ਡਬਲਥਿੰਕ ਸ਼ਬਦ ਨੂੰ ਸਮਝਣ ਲਈ ਵੀ ਆਪ ਡਬਲਥਿੰਕ ਮਾਨਸਿਕਤਾ ਵਿੱਚ ਉਤਰਨਾ ਪੈਂਦਾ ਹੈ।  

Photo by Dario Fernandez Ruz on Pexels.com

ਸ੍ਵੈ ਵਿਰੋਧੀ ਹੋਣ ਨੂੰ ਸਮਝਣ ਲਈ ਵਕ਼ਤੀ ਹਾਕਮ ਪਾਰਟੀ ਦੇ ਤਿੰਨ ਨਾਅਰਿਆਂ ਨੂੰ ਨਾਵਲ ਵਿੱਚ ਸਭ ਤੋਂ ਸੰਖੇਪ ਭਾਵ ਵਿੱਚ ਪ੍ਰਗਟ ਕੀਤਾ ਗਿਆ ਹੈ:  

ਜੰਗ ਸ਼ਾਂਤੀ ਹੈ,
ਆਜ਼ਾਦੀ ਗ਼ੁਲਾਮੀ ਹੈ, ਅਤੇ
ਅਗਿਆਨਤਾ ਤਾਕਤ ਹੈ।

ਇਹ ਭਾਵ ਸਮੁੱਚੇ ਤੌਰ ‘ਤੇ ਇੱਕ ਹਾਲਤ ਵਿੱਚ ਵਿਚਾਰਾਂ ਦੀ ਇੱਕ ਸੋਚ (ਜੋ ਤੁਹਾਡੇ ਕੰਮ ‘ਤੇ, ਇੱਕ ਸਮੂਹ ਵਿੱਚ, ਕਾਰੋਬਾਰ ਵਿੱਚ, ਆਦਿ) ਅਤੇ ਕਿਸੇ ਹੋਰ ਸਥਿਤੀ ਵਿੱਚ ਇੱਕ ਹੋਰ ਸੋਚ (ਜੋ ਤੁਹਾਡੇ ਘਰ ਵਿੱਚ, ਕਿਸੇ ਹੋਰ ਸਮੂਹ ਵਿੱਚ, ਨਿਜੀ ਜੀਵਨ ਵਿੱਚ) ਰੱਖਣ ਦੀ ਸਮਰੱਥਾ ਹੈ, ਬਿਨਾ ਇਹ ਮਹਿਸੂਸ ਕੀਤਿਆਂ ਕਿ ਦੋਵੇਂ ਸੋਚਾਂ ਵਿੱਚ ਟਕਰਾਅ ਹੈ।

ਇਸ ਸੋਚਾਂ ਦੇ ਟਕਰਾਅ ਵਾਲੀ ਸਮਰੱਥਾ ਨੂੰ ਦੁਚਿੱਤੀ ਵੀ ਕਹਿੰਦੇ ਹਨ। ਜੋ ਕਿ ਚਿੱਤ ਦੀ ਡਾਵਾਂ-ਡੋਲ ਅਵਸਥਾ ਹੈ ਜੋ ਇੱਕ ਫ਼ੈਸਲਾ ਨਾ ਕਰ ਸਕਣ ਦੀ ਘੁੰਮਣਘੇਰੀ ਵਿੱਚ ਫਸੀ ਰਹਿੰਦੀ ਹੈ। ਦੁਬਿਧਾ ਵੀ ਇਹੋ ਜਿਹੀ ਅਵਸਥਾ ਹੈ। ਪਰ ਕੀ ਤਿੰਨ-ਤਿੰਨ ਫੇਸਬੁੱਕ ਖਾਤੇ ਬਣਾ ਕੇ ਦੁਚਿੱਤੀ ਜਾਂ ਦੁਬਿਧਾ ਦੀ ਅਵਸਥਾ ਵਿੱਚੋਂ ਨਿਕਲਿਆ ਜਾ ਸਕਦਾ ਹੈ?

ਤੁਸੀਂ ਕੀ ਸੋਚਦੇ ਹੋ? ਕੀ ਉਸ ਵੇਲ਼ੇ ਜੌਰਜ ਔਰਵੈੱਲ ਨੇ ਅੱਜ ਦੇ ਵਰਤਾਰੇ ਦਾ ਠੀਕ ਤਰੀਕੇ ਨਾਲ ਅਹਿਸਾਸ ਕਰ ਲਿਆ ਸੀ?

Processing…
Success! You're on the list.

Discover more from ਜੁਗਸੰਧੀ

Subscribe to get the latest posts sent to your email.

Unknown's avatar

Author:

ਵੈਲਿੰਗਟਨ, ਨਿਊਜ਼ੀਲੈਂਡ ਦਾ ਵਸਨੀਕ - ਬਲੌਗਿੰਗ, ਪਗਡੰਡੀਆਂ ਮਾਪਣ ਅਤੇ ਜਿਓਸਟ੍ਰੈਟੀਜਿਕ ਖੋਜ ਦਾ ਸ਼ੌਕ।

Leave a comment