ਕਿਤਾਬਾਂ ਨਾਲ ਸਾਡਾ ਪੰਜਾਬੀਆਂ ਦਾ ਕੋਈ ਬਹੁਤਾ ਮੋਹ ਪਿਆਰ ਨਹੀਂ ਹੈ। ਅਸੀਂ ਆਮ ਕਹਿਣ ਨੂੰ ਤਾਂ ਕਹਿ ਦਿੰਦੇ ਹਾਂ ਕਿ ਪੰਜਾਬ ਜਿਊਂਦਾ ਗੁਰਾਂ ਦੇ ਨਾਂ ਤੇ ਅਤੇ ਗੁਰੂ ਸਾਹਿਬਾਨ ਨੇ ਸਾਡੀ ਸੋਚ ਦੀ ਬੁਨਿਆਦ ਵੀ ਸ਼ਬਦ ਤੇ ਹੀ ਰੱਖੀ ਹੈ। ਪਰ ਜਦ ਵੀ ਕੋਈ ਸਬੱਬ ਬਣਦਾ ਹੈ ਤਾਂ ਅਸੀਂ ਇਸ ਗੱਲ ਦੀ ਸਫ਼ਾਈ ਦੇਣ ਤੇ ਜ਼ੋਰ ਦਿੰਦੇ ਹਾਂ ਕਿ ਸਾਨੂੰ ਕਿਤਾਬਾਂ ਦੀ ਬਹੁਤੀ ਲੋੜ ਨਹੀਂ ਜਾਂ ਕਿਤਾਬਾਂ ਪੜ੍ਹਦੇ ਪੜ੍ਹਦੇ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ।
ਇਸ ਦੀ ਇਕ ਤਾਜ਼ਾ ਮਿਸਾਲ ਮੈਨੂੰ ਬੀਤੇ ਹਫ਼ਤੇ ਯੂ-ਟਿਊਬ ਤੇ ਇਕ ਵੀਡੀਓ ਰਾਹੀਂ ਮਿਲੀ ਜਿਹਦੇ ਵਿਚ ਪੰਜਾਬੀ ਗਾਇਕ ਬੱਬੂ ਮਾਨ ਦੇ ਨਾਲ ਗੱਲਬਾਤ ਕੀਤੀ ਗਈ ਸੀ।
ਇਸ ਗੱਲਬਾਤ ਦੌਰਾਨ ਬੱਬੂ ਮਾਨ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਸੀ ਕਿ ਅੱਜਕੱਲ੍ਹ ਦੇ ਜ਼ਮਾਨੇ ਵਿੱਚ ਗਾਇਕ ਅਤੇ ਫ਼ਿਲਮਾਂ ਹੀ ਸਭ ਕੁਝ ਹਨ ਜੋ ਕਿ ਹਰ ਚੀਜ਼ ਨੂੰ “ਤਿੱਖਾ”ਕਰਦੀਆਂ ਹਨ। ਉਸ ਨੇ ਇਹ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਕਿਸਾਨ ਸੰਘਰਸ਼ ਨੂੰ ਗੀਤਾਂ ਨੇ ਹੀ “ਤਿੱਖਾ” ਕੀਤਾ।
ਬੱਬੂ ਮਾਨ ਮਤਾਬਕ ਕਿਤਾਬਾਂ ਪੜ੍ਹਨ ਨੂੰ ਵਕਤ ਲੱਗਦਾ ਹੈ ਇਸ ਕਰ ਕੇ ਅੱਜ ਦਾ ਸਾਰਾ ਕੰਮ ਗੀਤਾਂ ਤੇ ਫਿਲਮਾਂ ਦੇ ਕਰਕੇ ਹੀ ਹੈ।

ਮੈਂ ਨਿੱਜੀ ਤੌਰ ਤੇ ਇਨਕਲਾਬੀ ਗੀਤਾਂ ਬਾਰੇ ਤਾਂ ਜ਼ਰੂਰ ਸੁਣਿਆ ਹੈ ਪਰ ਕਦੀ ਇਹ ਨਹੀਂ ਸੁਣਿਆ ਕਿ ਗੀਤਾਂ ਦੇ ਸਿਰ ਤੇ ਹੀ ਇਨਕਲਾਬ ਆ ਗਏ ਹੋਣ। ਜੇਕਰ ਇਸ ਦੀ ਕੋਈ ਮਿਸਾਲ ਹੋਵੇ ਤਾਂ ਮੈਨੂੰ ਜ਼ਰੂਰ ਦਿਓ।
ਨਿੱਜੀ ਤਜਰਬੇ ਤੋਂ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਆਮ ਤੌਰ ਤੇ 100 ਕੁ ਸਫ਼ੇ ਦੀ ਕਿਤਾਬ ਪੜ੍ਹਨ ਲਈ ਇਕ ਦਿਨ ਤੋਂ ਵੱਧ ਨਹੀਂ ਲੱਗਦਾ। ਮੌਜੂਦਾ ਕਿਸਾਨ ਸੰਘਰਸ਼ ਵਿੱਚ ਅਜਿਹੀ ਕੀ ਕਾਹਲ ਹੋਵੇਗੀ ਕਿ ਇੱਕ ਦਿਨ ਦੀ ਵੀ ਉਡੀਕ ਨਾ ਹੋ ਸਕੇ?
ਨਹੀਂ ਅਜਿਹਾ ਕੋਈ ਕਾਹਲ ਨਹੀਂ ਹੋ ਸਕਦੀ। ਬੱਬੂ ਮਾਨ ਵੱਲੋਂ ਅਜਿਹੇ ਵਿਚਾਰ ਦੇਣੇ ਇਸ ਗੱਲ ਦਾ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਬੀਤੇ ਪੰਦਰਾਂ-ਵੀਹ ਸਾਲਾਂ ਤੋਂ ਪੰਜਾਬ ਦੇ ਵਿੱਚ ਜਿਹੜਾ ਗਵੱਈਆ ਸੱਭਿਆਚਾਰ ਜਿਹੜਾ ਉਸਰ ਗਿਆ ਹੈ ਉਸ ਨਾਲ ਟਟੌਲ਼ੀ ਨੂੰ ਭੁਲੇਖਾ ਪੈ ਗਿਆ ਹੈ ਕਿ ਸਾਰਾ ਅਸਮਾਨ ਉਸ ਨੇ ਹੀ ਚੁੱਕਿਆ ਹੋਇਆ ਹੈ। ਇਸ ਗਵੱਈਆ ਸੱਭਿਆਚਾਰ ਨੇ ਚੰਗੀ ਗੀਤਕਾਰੀ ਨੂੰ ਲਤਾੜ ਕੇ ਰੱਖਿਆ ਹੋਇਆ ਹੈ।
ਗਵੱਈਆ ਸੱਭਿਆਚਾਰ ਅਤੇ ਚੰਗੀ ਗੀਤਕਾਰੀ ਦੀ ਜੱਦੋ-ਜਹਿਦ ਵਿੱਚ ਮੈਂ ਤਾਂ ਸੋਚਦਾ ਸੀ ਕਿ ਬੱਬੂ ਮਾਨ ਚੰਗੀ ਗੀਤਕਾਰੀ ਵਾਲੇ ਪਾਸੇ ਹੈ, ਇਸ ਕਰਕੇ ਮੈਨੂੰ ਉਸ ਤੋਂ ਕਿਤਾਬਾਂ ਦੇ ਲਈ ਅਜਿਹੀ ਟਿੱਪਣੀ ਦੀ ਆਸ ਨਹੀਂ ਸੀ।
ਪੱਛਮੀ ਮੁਲਕਾਂ ਵਿੱਚ ਵੀ ਫ਼ਿਲਮਾਂ ਹਨ। ਪੱਛਮੀ ਮੁਲਕਾਂ ਵਿੱਚ ਵੀ ਗਾਇਕ ਹਨ ਅਤੇ ਪੱਛਮੀ ਮੁਲਕਾਂ ਵਿੱਚ ਸਮਾਜਕ ਮਾਧਿਅਮ ਵੀ ਬਹੁਤ ਚੱਲਦਾ ਹੈ ਪਰ ਇੱਥੇ ਤਾਂ ਕਿਤਾਬਾਂ ਦੀ ਕਦਰ ਕੋਈ ਨਹੀਂ ਘਟੀ। ਅਸਲ ਵਿੱਚ ਜਿਸ ਸਮਾਜ ਵਿਚ ਕਿਤਾਬਾਂ ਦੀ ਕੋਈ ਵੁੱਕਤ ਨਾ ਹੋਵੇ ਉੱਥੇ ਰੋਜ਼ ਦਿਹਾੜੇ ਕੋਈ ਨਾ ਕੋਈ ਨਵੇਂ ਬਹਾਨੇ ਲੱਭੇ ਜਾਂਦੇ ਹਨ ਕਿ ਕਿਸ ਤਰ੍ਹਾਂ ਅਸੀਂ ਇਹ ਦਰਸਾ ਸਕੀਏ ਕਿ ਕਿਤਾਬਾਂ ਦੀ ਸਾਨੂੰ ਕੋਈ ਲੋੜ ਨਹੀਂ ਹੈ।
ਪਰ ਮੈਂ ਇਸ ਬਾਰੇ ਅੱਜ ਇਥੇ ਕੋਈ ਫ਼ੈਸਲਾ ਨਹੀਂ ਕਰਾਂਗਾ। ਤੁਸੀਂ ਆਪ ਹੀ ਸੋਚੋ ਕਿ ਕਿਸੇ ਵੀ ਸਮਾਜ ਦੀ ਤਰੱਕੀ, ਸਮਾਜਕ ਹਲਚੱਲ, ਸਮਾਜਕ ਗਤੀਵਿਧੀਆਂ, ਸਮਾਜਕ ਸੰਘਰਸ਼ ਤੇ ਸਮਾਜਕ ਇਨਕਲਾਬ – ਕੀ ਇਨ੍ਹਾਂ ਸਭ ਦੇ ਵਾਸਤੇ ਸਿਰਫ਼ ਗੀਤ ਅਤੇ ਫ਼ਿਲਮਾਂ ਹੀ ਕਾਫ਼ੀ ਹਨ ਜਾਂ ਫਿਰ ਸਾਨੂੰ ਕਿਤਾਬਾਂ ਦੀ ਵੀ ਲੋੜ ਹੈ?
ਤੁਹਾਡੀ ਟਟੀਰੀ ਵਾਲ਼ੀ ਕਹਾਵਤ ਸਹੀ ਥਾਂ ਤੇ ਸੱਟ ਮਾਰਦੀ ਹੈ। ਇੱਕ ਹੋਰ ਅਖਾਣ ਵੀ ਹੈ ਕਿ ਮੁਰਦਾ ਬੋਲੂ ਕਫ਼ਣ ਫਾੜੂ। ਸਾਡੇ ਕੋਲ਼ ਇਸ ਲਾ-ਇਲਾਜ਼ ਮਰਜ਼ ਦਾ ਇਲਾਜ ਵੀ ਕੋਈ ਨਹੀਂ। ਪਰ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਵੇਲੇ ਨਾਲ਼ ਸਾਨੂੰ ਵੀ ਬਦਲਨਾ ਜ਼ਰੂਰੀ ਹੈ। ਹਰ ਬੰਦੇ ਕੋਲ਼ ਫ਼ੋਨ, ਟੇਬਲਟ ਤੇ ਕੰਮਪਿੳਟਰ ਨੇ। ਮੇਰੇ ਵਿਚਾਰ ਵਿੱਚ ਡਿਜੀਟਲ ਫੋਰਮੈਟ ਅਪਣਾ ਲੈਣ ਵਿੱਚ ਕੋਈ ਨੁਕਸਾਨ ਨਹੀਂ। ਸਹੇ ਦੀਆਂ ਲੱਤਾਂ ਚਾਰ ਹੀ ਹੁੰਦੀਆਂ ਨੇ। ਨਵੀਂ ਪੀੜ੍ਹੀ ਨੂੰ ਅਪਣਾ ਗਿਯਾਨ ਪ੍ਰਾਪਤੀ ਦਾ ਰਾਹ ਚੁਣ ਲੈਣ ਦੇਣਾ ਚਾਹੀਦਾ ਹੈ। ਆਡੀੳ, ਪੀ ਡੀ ਫੈ ਤੇ ਕਿਤਾਬਾਂ ਨੂੰ ਤਸਲੀਮ ਕਰ ਲੈਣਾ ਚਾਹੀਦਾ ਹੈ। ਕਿਸਾਨ ਅੰਦੋਲਨ ਸਾਨੂੰ ਬਹੁਤ ਕੁਝ ਸਿਖਾ ਕੇ ਜਾਏਗਾ ਤੇ ਅਸੀਂ ਬਦਲਾਓ ਦੀ ਆਸ ਵੀ ਰੱਖਦੇ ਹਾਂ। ਤੁਹਾਡੇ ਇੱਕ ਚੰਗੇ ਲੇਖ ਲਈ, ਧੰਨਵਾਦ।