Posted in ਯਾਦਾਂ, ਖ਼ਬਰਾਂ, NZ News

ਹਰਭਜਨ ਮਾਨ ਦਾ ਅਖਾੜਾ

ਬੀਤੀ 26 ਜੁਲਾਈ 2019 ਦੀ ਰਾਤ ਨੂੰ ਸ਼ਹਿਰ ਵੈਲਿੰਗਟਨ, ਨਿਊਜ਼ੀਲੈਂਡ ਦੇ ਸੈਕਰਡ ਹਾਰਟ ਕਾਲਜ ਲੋਅਰ ਹੱਟ ਵਿੱਚ ਹਰਭਜਨ ਮਾਨ ਦਾ ਅਖਾੜਾ ਲੱਗਿਆ। ਅਖਾੜਾ ਹਰਭਜਨ ਮਾਨ ਦਾ ਹੋਵੇ ਅਤੇ ਕਾਮਯਾਬੀ ਦਾ ਸਿਹਰਾ ਨਾ ਬੱਝੇ, ਇਹ ਕਿਵੇਂ ਹੋ ਸਕਦਾ ਹੈ? ਬਹੁਤ ਮਿਹਨਤ ਕੀਤੀ ਹੈ ਵੈਲਿੰਗਟਨ ਪੰਜਾਬੀ ਸਪੋਰਟਜ਼ ਐਂਡ ਕਲਚਲਰ ਕਲੱਬ ਵੱਲੋਂ ਬਲਵਿੰਦਰ, ਗੁਰਪ੍ਰੀਤ, ਦਲੇਰ ਅਤੇ ਹਰਜੀਤ ਨੇ ਅਤੇ ਇਨ੍ਹਾਂ ਸਾਰਿਆਂ ਨੂੰ ਵਧਾਈ ਦੇਣੀ ਬਣਦੀ ਹੈ – ਖਾਸ ਤੌਰ ਤੇ ਚੰਗੇ ਪ੍ਰਬੰਧ ਅਤੇ ਚੰਗੀ ਪੇਸ਼ਕਾਰੀ ਦੇ ਲਈ। ਗੱਲ ਇਕੱਲੀ ਅਖਾੜੇ ਤੇ ਹੀ ਨਹੀਂ ਮੁੱਕਦੀ, ਸਗੋਂ ਬੀਤੇ ਦੋ ਦਿਨਾਂ ਦੇ ਦੌਰਾਨ ਹਰਭਜਨ ਮਾਨ ਦੇ ਨਾਲ ਲੌਢੇ ਵੇਲੇ ਦਾ ਖਾਣਾ ਖਾਣ, ਨਿਊਜ਼ੀਲੈਂਡ ਪਾਰਲੀਮੈਂਟ ਵਿੱਚ ਸਨਮਾਨ ਅਤੇ ਹੋਰ ਮੁਲਾਕਾਤਾਂ ਦੌਰਾਨ ਜੋ ਵੀ ਗੱਲਬਾਤ ਕਰਨ ਦਾ ਮੌਕਾ ਲੱਗਾ ਉਸ ਨਾਲ ਬੀਤੇ ਦੋ ਦਹਾਕਿਆਂ ਦੀਆਂ ਯਾਦਾਂ ਅਤੇ ਗੱਲਾਂ ਜੁੜੀਆਂ ਹੋਈਆਂ ਸਨ।

ਬੀਤੀ ਰਾਤ ਅਖਾੜੇ ਦੌਰਾਨ, ਹਰਭਜਨ ਮਾਨ ਨੇ ਜਦ ਆਪਣੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਤਾਂ ਇਸ ਨੂੰ ਰੇਤ ਵਿੱਚ ਲਕੀਰ ਵਾਹੁਣ ਵਾਲਾ ਕਦਮ ਦੱਸਿਆ। ਇਹ ਗੱਲ ਸੌ ਫ਼ੀਸਦੀ ਠੀਕ ਵੀ ਹੈ। ਮੈਂ ਇੰਨਾ ਹੀ ਦੋ ਦਹਾਕਿਆਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦ ਸੰਨ 2001 ਵਿੱਚ ਮੈਂ ਪ੍ਰਵਾਸ ਕਰਕੇ ਇੱਥੇ ਵੈਲਿੰਗਟਨ ਪਹੁੰਚਿਆ ਸੀ। ਸਭਿਆਚਾਰ ਦੇ ਨਾਂ ਉੱਤੇ ਬਹੁਤ ਘੱਟ ਹੀ ਵੇਖਣ ਨੂੰ ਮਿਲਦਾ ਸੀ। ਮਨੋਰੰਜਨ ਦਾ ਸਮਾਨ ਲੈਣ ਲਈ ਦੁਕਾਨਾਂ ਤੇ ਜਾਣਾ ਪੈਂਦਾ ਸੀ। ਇੰਟਰਨੈਟ ਉਨ੍ਹਾਂ ਦਿਨਾਂ ਵਿੱਚ ਜੂੰ ਦੀ ਚਾਲ ਚਲਦਾ ਸੀ। ਜਿਹੜੀਆਂ ਦੁਕਾਨਾਂ ਇਥੇ ਡੀਵੀਡੀ ਅਤੇ ਸੀਡੀ ਰੱਖਦੀਆਂ ਹੁੰਦੀਆਂ ਸਨ, ਡੀਵੀਡੀ ਜ਼ਿਆਦਾ ਬਾਲੀਵੁੱਡ ਦੀਆਂ ਹੁੰਦੀਆਂ ਸਨ ਅਤੇ ਪੰਜਾਬੀ ਦੀਆਂ ਸਿਰਫ ਸੀਡੀ ਜਾਂ ਵੱਧ ਤੋਂ ਵੱਧ ਕੋਈ ਵੀਸੀਡੀ ਹੀ ਹੁੰਦੀਆਂ ਸਨ। ਉਨ੍ਹਾਂ ਦਿਨਾਂ ਵਿੱਚ ਪੰਜਾਬੀ ਫ਼ਿਲਮ “ਜੀ ਆਇਆਂ ਨੂੰ” ਆਈ ਤੇ ਲੱਗਾ ਜਿਵੇਂ ਕੋਈ ਠੰਢੀ ਹਵਾ ਦਾ ਬੁੱਲਾ ਆਇਆ ਹੋਵੇ। ਵੇਖਣ ਨੂੰ ਇਹ ਫ਼ਿਲਮ ਬਹੁਤ ਵਧੀਆ ਲੱਗੀ ਅਤੇ ਉਸ ਤੋਂ ਬਾਅਦ ਦੇ ਚਾਰ-ਪੰਜ ਸਾਲਾਂ ਦੇ ਵਿੱਚ ਹਰਭਜਨ ਮਾਨ ਵੱਲੋਂ ਜੋ ਹੋਰ ਫ਼ਿਲਮਾਂ ਪੇਸ਼ ਕੀਤੀਆਂ ਗਈਆਂ, ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਲਈ ਇੱਕ ਚੰਗੇ ਮਿਆਰ ਦਾ ਮੁੱਢ ਬੰਨ੍ਹ ਦਿੱਤਾ। ਜਿਵੇਂ ਕਿ ਸਥਾਨਕ ਰਵਾਇਤ ਹੈ, ਜਦੋਂ ਵੀ ਤੁਹਾਨੂੰ ਕੋਈ ਰਾਤ ਦੇ ਖਾਣੇ ਦੀ ਦਾਅਵਤ ਦਿੰਦਾ ਹੈ ਤਾਂ ਆਮ ਤੌਰ ਤੇ ਅੰਗੂਰੀ ਤੇ ਚਾਕਲੇਟ ਲੈ ਕੇ ਪਹੁੰਚੀਦਾ ਹੈ। ਮੈਨੂੰ ਯਾਦ ਹੈ ਉਨ੍ਹਾਂ ਦਿਨਾਂ ਦੇ ਵਿੱਚ ਮੈਂ ਉਚੇਚੇ ਤੌਰ ਤੇ ਹਰਭਜਨ ਮਾਨ ਦੀਆਂ ਫ਼ਿਲਮਾਂ ਦੀਆਂ ਵੀਸੀਡੀਜ਼ ਪੰਜਾਬ ਤੋਂ ਮੰਗਵਾ ਕੇ ਰੱਖਦਾ ਹੁੰਦਾ ਸੀ ਤਾਂ ਕਿ ਜਦੋਂ ਵੀ ਕੋਈ ਖਾਣੇ ਦੀ ਦਾਅਵਤ ਆਵੇ ਤਾਂ ਹੋਰ ਸਮਾਨ ਦੇ ਨਾਲ ਹਰਭਜਨ ਮਾਨ ਦੀਆਂ ਫ਼ਿਲਮਾਂ ਵੀ ਸੌਗ਼ਾਤ ਵੱਜੋਂ ਦਿੱਤੀਆਂ ਜਾਣ।

ਇੱਕ ਹੋਰ ਗੱਲ ਇਹ ਵੀ ਕਿ ਮੇਰੇ ਪੰਜਾਬੀ ਯੂਨੀਵਰਸਿਟੀ (1987-89) ਪਟਿਆਲਾ ਦੇ ਦਿਨਾਂ ਦੇ ਬਹੁਤ ਸਾਰੇ ਮਿੱਤਰ ਟੋਰਾਂਟੋ ਅਤੇ ਵੈਨਕੂਵਰ ਜਾ ਵੱਸੇ ਹੋਏ ਸਨ ਅਤੇ ਉਨ੍ਹਾਂ ਨਾਲ ਫੋਨ ਦੇ ਉੱਤੇ ਆਮ ਰਾਬਤਾ ਰਹਿੰਦਾ ਸੀ। ਸਾਹਿਤ ਪੜ੍ਹਦਿਆਂ ਸਬੱਬੀ ਟੋਰਾਂਟੋ ਵਾਲੇ ਇਕਬਾਲ ਰਾਮੂਵਾਲੀਆ ਹੋਣਾਂ ਨਾਲ ਵੀ ਫੋਨ ਦੇ ਉੱਤੇ ਮਿਲਾਪ ਹੋ ਗਿਆ। ਗੱਲੀਬਾਤੀਂ ਇਹ ਵੀ ਪਤਾ ਲੱਗਾ ਕਿ ਉਨ੍ਹਾਂ ਦੀ ਹਰਭਜਨ ਮਾਨ ਦੇ ਨਾਲ ਰਿਸ਼ਤੇਦਾਰੀ ਸੀ। ਪੰਜਾਬੀ ਸਿਨਮੇ ਬਾਰੇ ਗੱਲਬਾਤ ਕਰਦਿਆਂ ਇਕਬਾਲ ਹੋਣਾਂ ਕਿਹਾ ਕਿ ਇਹ ਹਰਭਜਨ ਮਾਨ ਦਾ ਮੋਬਾਈਲ ਨੰਬਰ ਤੇ ਉਸ ਨਾਲ ਸਿੱਧੀ ਗੱਲ ਕਰੋ। ਮੈਂ ਸੋਚਿਆ ਕਿ ਸਿੱਧੀ ਗੱਲਬਾਤ ਕਰਨ ਨਾਲੋਂ ਚੰਗਾ ਹੈ ਕਿ ਕੋਈ ਚੀਜ਼ ਚਰਚਾ ਦਾ ਵਿਸ਼ਾ ਬਣ ਕੇ ਹੀ ਨੇਪਰੇ ਚੜ੍ਹੇ ਇਸ ਕਰਕੇ ਹਰਭਜਨ ਮਾਨ ਨਾਲ ਕਦੀ ਸਿੱਧੀ ਗੱਲ ਦਾ ਸਬੱਬ ਨਾ ਬਣਿਆ। ਬੀਤੇ ਦੋ ਦਿਨਾਂ ਦੌਰਾਨ ਜਦ ਹਰਭਜਨ ਨਾਲ ਇਸ ਤਰ੍ਹਾਂ ਪਹਿਲੀ ਵਾਰ ਮੇਲ ਹੋਇਆ ਤਾਂ ਵਾਕਿਆ ਹੀ ਬੀਤੇ ਦੋ ਦਹਾਕਿਆਂ ਦੇ ਚੱਲ ਰਹੇ ਖ਼ਿਆਲ ਇੱਕ ਵਾਰ ਬਹੁਤ ਖੁਸ਼ਨੁਮਾ ਤੌਰ ਦੇ ਉੱਤੇ ਥੰਮ ਗਏ।

ਬੀਤੀ ਰਾਤ ਚਲਦੇ ਅਖਾੜੇ ਦੇ ਵਿੱਚ ਜਦੋਂ ਵਕ਼ਫ਼ਾ ਪਾਉਣ ਦਾ ਮੌਕਾ ਆਇਆ ਤਾਂ ਹਰਭਜਨ ਮਾਨ ਨੇ ਛੋਟੇ ਵੀਰ ਗੁਰਪ੍ਰੀਤ ਨੂੰ ਇਹ ਜ਼ਰੂਰੀ ਬੇਨਤੀ ਕੀਤੀ ਕਿ ਵਕ਼ਤ ਦੀ ਪਾਬੰਦੀ ਰੱਖਿਓ। ਪਰ ਜਿਵੇਂ ਕਿ ਆਮ ਹੁੰਦਾ ਹੀ ਹੈ, ਇਸ਼ਤਿਹਾਰ ਦੇਣ ਵਾਲੇ ਸਰਪ੍ਰਸਤਾਂ ਨੂੰ ਸਨਮਾਨ ਦਿੰਦੇ ਹੋਇਆਂ ਘੜ੍ਹੀ ਨੇ ਜ਼ਿਆਦਾ ਵਕ਼ਤ ਲੈ ਹੀ ਲਿਆ। ਅਖਾੜਾ ਮੁੜ ਸ਼ੁਰੂ ਕਰਦਿਆਂ ਹਰਭਜਨ ਮਾਨ ਨੇ ਕਿਹਾ ਕਿ ਉਹੀ ਗੱਲ ਹੋ ਜਾਂਦੀ ਹੈ ਕਿ ਗੱਡੀ ਪਹਿਲੇ ਗੇੜ ਚ ਫਿਰ ਪਾਉਣੀ ਪੈਂਦੀ ਹੈ। ਭਾਵੇਂ ਕਿ ਇਸ਼ਤਿਹਾਰ ਦੇਣ ਵਾਲੇ ਸਰਪ੍ਰਸਤਾਂ ਨੂੰ ਸਨਮਾਨ ਦੇਣਾ ਬਹੁਤ ਜ਼ਰੂਰੀ ਹੈ ਪਰ ਮੇਰੀ ਜਾਚੇ ਕਿਸੇ ਵੀ ਅਖਾੜੇ ਦੇ ਸ਼ੁਰੂ ਹੋਣ ਤੋਂ ਠੀਕ ਪੰਦਰਾਂ ਮਿੰਟ ਪਹਿਲਾਂ ਹੀ ਇਹ ਦੇ ਦੇਣਾ ਚਾਹੀਦਾ ਹੈ ਅਤੇ ਜਦੋਂ ਵਕ਼ਫ਼ਾ ਲੈਣ ਦਾ ਵਕਤ ਆਵੇ ਉਦੋਂ ਬਿਲਕੁਲ ਥੋੜ੍ਹੇ ਜਿਹੇ ਵਕ਼ਤ ਵਿੱਚ ਹੀ ਇਨ੍ਹਾਂ ਸਾਰਿਆਂ ਸਰਪ੍ਰਸਤਾਂ ਨੂੰ ਫਟਾ-ਫੱਟ ਇਕੱਠਿਆਂ ਮੰਚ ਦੇ ਉੱਤੇ ਬੁਲਾ ਕੇ ਤਸਵੀਰ ਅੰਦਾਜ਼ੀ ਕਰ ਲੈਣੀ ਚਾਹੀਦੀ ਹੈ।

ਅੱਜ ਜਦ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਹਰਭਜਨ ਮਾਨ ਹੋਰਾਂ ਦੀ ਵੈਲਿੰਗਟਨ ਤੋਂ ਆਕਲੈਂਡ ਦੇ ਲਈ ਰੁਖ਼ਸਤੀ ਹੈ ਤੇ ਪ੍ਰਬੰਧਕ ਖੁਸ਼ਨੁਮਾ ਯਾਦਾਂ ਨਾਲ ਲਬਰੇਜ਼ ਉਨ੍ਹਾਂ ਨੂੰ ਚਾਈਂ-ਚਾਈਂ ਹਵਾਈ ਅੱਡੇ ਛੱਡਣ ਜਾਣਗੇ। ਪ੍ਰਬੰਧਕ ਹਰਭਜਨ ਮਾਨ ਹੋਰਾਂ ਦੀ ਵੈਲਿੰਗਟਨ ਆਮਦ ਵੇਲੇ ਉਨ੍ਹਾਂ ਨੂੰ ਸਿੱਧਾ ਮਾਉਂਟ ਵਿਕਟੋਰੀਆ ਲੈ ਗਏ ਜਿੱਥੇ ਸਾਰੇ ਵੈਲਿੰਗਟਨ ਸ਼ਹਿਰ ਦੇ ਤਿੰਨ ਸੌ ਸੱਠ ਡਿਗਰੀ ਨਜ਼ਾਰੇ ਆਉਂਦੇ ਹਨ। ਵੈਲਿੰਗਟਨ ਨਾ ਸਿਰਫ ਨਿਊਜ਼ੀਲੈਂਡ ਦੀ ਰਾਜਧਾਨੀ ਹੈ ਸਗੋਂ ਇਹ ਨਿਊਜ਼ੀਲੈਂਡ ਦੀ ਸਭਿਆਚਾਰਕ ਰਾਜਧਾਨੀ ਵੀ ਹੈ। ਵੈਲਿੰਗਟਨ ਦਾ ਕੈਫ਼ੈ ਕਲਚਰ ਵੀ ਬਹੁਤ ਮਸ਼ਹੂਰ ਹੈ। ਅਮੂਮਨ ਅਸੀਂ ਜਦ ਆਪਣੇ ਪ੍ਰਾਹੁਣਿਆਂ ਨੂੰ ਵੈਲਿੰਗਟਨ ਹਵਾਈ ਅੱਡੇ ਜਹਾਜ਼ ਚੜ੍ਹਾਉਣ ਜਾਂਦੇ ਹਾਂ ਤਾਂ ਉਨ੍ਹਾਂ ਨੂੰ ਰਸਤੇ ਦੇ ਵਿੱਚ ਟੋਰੀ ਸਟ੍ਰੀਟ ਦੇ ਉੱਤੇ ਹਵਾਨਾ ਕੌਫ਼ੀ ਜ਼ਰੂਰ ਪਿਆ ਕਿ ਲਿਜਾਈ ਦਾ ਹੈ। ਵੇਖੋ ਹਰਭਜਨ ਮਾਨ ਨੂੰ ਇਹ ਕੌਫ਼ੀ ਨਸੀਬ ਹੁੰਦੀ ਹੈ ਕਿ ਨਹੀਂ!!

ਪਿਛਲਿਖਤ:
ਹਰਭਜਨ ਮਾਨ ਦੀ ਵੈਲਿੰਗਟਨ ਫੇਰੀ ਬਾਰੇ ਤਸਵੀਰਾਂ ਇਥੇ, ਇਥੇ ਅਤੇ ਇਥੇ ਵੇਖੀਆਂ ਜਾ ਸਕਦੀਆਂ ਹਨ।