Posted in ਚਰਚਾ

ਗ਼ਲਤੀ ਦਰ ਗ਼ਲਤੀ

ਕੁਝ ਦਿਨ ਹੋਏ, ਮ੍ਰਿਤਯੁੰਜਯ ਦੀ ਭਾਈ ਗੁਰਦਾਸ ਕ੍ਰਿਤ ਕਲਿ ਆਈ ਕੁੱਤੇ ਮੂੰਹੀ ਇਕ ਵੱਖਰੀ ਹੀ ਪੇਸ਼ਕਸ਼ ਦੇ ਤੌਰ ਤੇ ਵੇਖਣ ਨੂੰ ਮਿਲੀ। ਮ੍ਰਿਤਯੁੰਜਯ ਨੇ ਦੋ ਫਿਲਮਾਂ ਵਿਚੋਂ ਵੀਡੀਓ ਲੈ ਕੇ ਇਸ ਕ੍ਰਿਤ ਨਾਲ ਚਲਾਏ ਜੋ ਕਿ ਬੜੀ ਹੱਦ ਤੱਕ ਕਲਿ ਆਈ ਕੁੱਤੇ ਮੂੰਹੀ ਦੇ ਸ਼ਬਦਾਰਥ ਦੇ ਨਾਲ ਠੀਕ-ਠੀਕ ਬੈਠ ਗਏ।

ਹੇਠਾਂ ਟਿੱਪਣੀਆਂ ਵਿੱਚ ਕਿਸੇ ਸੱਜਣ ਨੇ ਮ੍ਰਿਤਯੁੰਜਯ ਦਾ ਧਿਆਨ ਉਸਦੀ ਗਲਤੀ ਵੱਲ ਦਵਾਇਆ ਕਿ ਉਸ ਨੇ ‘ਸੇਵਕ ਬੈਠਿਣ ਘਰਾਂ’ ਦੀ ਥਾਂ ਤੇ ‘ਚੇਲੇ ਬੈਠਿਣ ਘਰਾਂ’ ਗਾ ਦਿੱਤਾ। ਮ੍ਰਿਤਯੁੰਜਯ ਨੇ ਫੌਰੀ ਜੁਆਬ ਦਿਤਾ ਕਿ “ਧਿਆਨ ਦਿਵਾਉਣ ਲਈ ਧੰਨਵਾਦ ਦਵਿੰਦਰ ਜੀ। ਤ੍ਰੁਟੀ ਲਈ ਖਿਮਾਂ। ਸੋਧ ਕਰ ਫਿਰ ਸਾਂਝਾ ਕਰਦਾ ਵਾਂ।”

ਗੱਲ ਕਿੱਡੀ ਸਹਿਜ ਹੀ ਖਤਮ ਹੋ ਗਈ।

ਇਸ ਦੇ ਮੁਕਾਬਲੇ ਮੈਨੂੰ ਚੇਤਾ ਆਇਆ ਕਿ ਪਿਛਲੇ ਦਿਨੀਂ ਸਤਿੰਦਰ ਸਰਤਾਜ ਨੇ ਜ਼ਫ਼ਰਨਾਮਾ ਗਾ ਕੇ ਫ਼ਾਰਸੀ ਦਾ ਚੰਗਾ ਘਾਣ ਕਰ ਦਿੱਤਾ। ਪੰਜਾਬ ਵਿੱਚ ਕਿਸੇ ਨੌਜੁਆਨ ਨੇ ਜੋ ਫ਼ਾਰਸੀ ਦਾ ਵਿਦਿਆਰਥੀ ਹੈ ਉਸ ਨੇ ਤਰਤੀਬ ਸਹਿਤ ਸਤਿੰਦਰ ਸਰਤਾਜ ਦੀਆਂ ਫ਼ਾਰਸੀ ਦੀਆਂ ਗਲਤੀਆਂ ਗਿਣਾ ਦਿੱਤੀਆਂ।

ਫ਼ਾਰਸੀ ਦੀ ਗ਼ਲਤੀ ਤਾਂ ਕਿਸੇ ਕੀ ਮੰਨਣੀ ਸੀ, ਸਤਿੰਦਰ ਸਰਤਾਜ ਦੇ ਪ੍ਰੌਮੋਟਰਾਂ ਨੇ ਕਿਸੇ ਉਦੋਕੇ ਤੋਂ ਭਾਸ਼ਣ ਕਰਵਾ ਕੇ ਜਥੇਦਾਰਾਂ ਤੋਂ ਵੀ ਠੀਕ ਹੋਣ ਦੀ ਮੁਹਰ ਲਵਾ ਲਈ। ਨਾ ਤਾਂ ਉਦੋਕੇ ਨੂੰ ਫ਼ਾਰਸੀ ਆਉਂਦੀ ਹੈ ਤੇ ਨਾ ਹੀ ਪਰਚੀ ‘ਚੋ ਨਿਕਲਦੇ ਜਥੇਦਾਰਾਂ ਨੂੰ। ਸੋ ਜੋ ਸੁਆਲ ਫ਼ਾਰਸੀ ਦੇ ਵਿਦਿਆਰਥੀ ਨੇ ਖੜ੍ਹੇ ਕੀਤੇ ਸੀ ਉਨ੍ਹਾਂ ਦਾ ਜੁਆਬ ਕੋਈ ਨਾ ਮਿਲਿਆ। ਉਦੋਕੇ ਨੇ ਇਧਰ ਉਧਰ ਦੇ ਚੰਗੇ ਜੱਕੜ ਛੱਡ ਦਿੱਤੇ।

ਸਤਿੰਦਰ ਸਰਤਾਜ ਜਿਸ ਨੂੰ ਫ਼ਾਰਸੀ ਦੇ ਜ਼ੋਏ ਤੇ ਜ਼ੁਆਦ ਦੇ ਫ਼ਰਕ ਦਾ ਵੀ ਪਤਾ ਨਹੀਂ, ਉਸ ਦੇ ਸ਼ਰਧਾਲੂਆਂ ਨੇ ਵੀ ਉਦੋਕੇ ਲਈ ਤਾਰੀਫ਼ਾਂ ਦੇ ਪੁਲ਼ ਬੰਨ੍ਹ ਦਿੱਤੇ।

ਪਰ ਫ਼ਾਰਸੀ ਬਾਰੇ ਸੁਆਲ ਹਾਲੇ ਵੀ ਬਰਕਰਾਰ ਹਨ। ਕੌਣ ਜੁਆਬ ਦੇਊ?

ਇਸੇ ਮੁੱਦੇ ਦੇ ਸਿਲਸਿਲੇ ਵਿੱਚ ਸਭ ਤੋਂ ਨਵੀਨ ਵੀਡੀਓ ਹੇਠਾਂ ਪਾ ਦਿੱਤਾ ਗਿਆ ਹੈ।