ਨਿਊਜ਼ੀਲੈਂਡ ਦੇ ਵਿਚ ਅੱਜ ਕੱਲ੍ਹ ਮਾਓਰੀ ਭਾਸ਼ਾ ਹਫ਼ਤਾ ਚੱਲ ਰਿਹਾ ਹੈ। ਇਹ ਉਹ ਹਫ਼ਤਾ ਹੈ ਜਿਸ ਦੇ ਦੌਰਾਨ ਮਾਓਰੀ ਭਾਸ਼ਾ ਨੂੰ ਪਰਫੁੱਲਤ ਕਰਨ ਦੇ ਲਈ ਕਈ ਉੱਦਮ ਕੀਤੇ ਜਾਣਗੇ।
ਮਾਓਰੀ ਭਾਸ਼ਾ ਨਿਊਜ਼ੀਲੈਂਡ ਦੇ ਮੂਲ ਨਿਵਾਸੀਆਂ ਦੀ ਭਾਸ਼ਾ ਹੈ। ਮਾਓਰੀ ਭਾਸ਼ਾ ਵਿੱਚ ਨਿਊਜ਼ੀਲੈਂਡ ਨੂੰ ਆਓਤਿਆਰੋਆ ਕਿਹਾ ਜਾਂਦਾ ਹੈ। ਆਓਤਿਆਰੋਆ ਦੀ 50 ਲੱਖ ਅਬਾਦੀ ਵਿੱਚ ਮਾਓਰੀ ਭਾਸ਼ਾ ਬੋਲਣ ਵਾਲੀ ਅਬਾਦੀ ਕੋਈ ਡੇਢ ਕੁ ਲੱਖ ਹੀ ਹੈ।
1960ਵਿਆਂ ਦੀ ਗੱਲ ਹੈ ਜਦੋਂ ਮਾਓਰੀ ਲੋਕਾਂ ਨੂੰ ਇਥੇ ਪਿੰਡਾਂ ਵਿੱਚੋਂ ਕੱਢ ਕੇ ਆਓਤਿਆਰੋਆ ਦੇ ਸ਼ਹਿਰਾਂ ਦੇ ਵਿੱਚ ਵਸਾਉਣ ਦਾ ਸਿਲਸਿਲਾ ਸ਼ੁਰੂ ਹੋਇਆ। ਉਦੋਂ ਮਾਓਰੀ ਭਾਸ਼ਾ ਤੇ ਇਹੋ ਜਿਹਾ ਕਹਿਰ ਵਰ੍ਹਿਆ ਕਿ ਉਸ ਵੇਲ਼ੇ ਮਾਓਰੀ ਭਾਸ਼ਾ ਬੋਲਣ ਦੇ ਉੱਤੇ ਉੱਕੀ ਪਾਬੰਦੀ ਲਾ ਦਿੱਤੀ ਗਈ ਸੀ।
ਕਹਾਵਤ ਹੈ ਕਿ ਇੱਕ ਪੀੜੀ ਭਾਸ਼ਾ ਗਵਾਉਂਦੀ ਹੈ ਪਰ ਭਾਸ਼ਾ ਨੂੰ ਮੁੜ ਸੁਰਜੀਤ ਕਰਨ ਲਈ ਤਿੰਨ ਪੀੜੀਆਂ ਨੂੰ ਅਥਕ ਮਿਹਨਤ ਕਰਨੀ ਪੈਂਦੀ ਹੈ। ਜੁਗ ਪਲਟਿਆ, ਨੀਤੀਆਂ ਬਦਲੀਆਂ ਅਤੇ ਮਾਓਰੀ ਭਾਸ਼ਾ ਮੁੜ ਸੁਰਜੀਤ ਹੋਣੀ ਸ਼ੁਰੂ ਹੋ ਗਈ। ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਅੱਜ ਆਓਤਿਆਰੋਆ ਵਿੱਚ ਵੱਸਦੇ ਸਾਰੇ ਸਭਿਆਚਾਰ ਰਲ-ਮਿਲ ਕੇ ਚਾਈਂ-ਚਾਈਂ ਮਾਓਰੀ ਭਾਸ਼ਾ ਹਫ਼ਤਾ ਮਨਾਉਂਦੇ ਹਨ।
ਅੱਜ ਦਾ ਇਹ ਬਲਾਗ ਲਿਖਣ ਦਾ ਸਬੱਬ ਇਸ ਕਰਕੇ ਬਣਿਆ ਕਿ ਬੀਤੇ ਦਿਨੀਂ ਮੈਨੂੰ ਮਾਓਰੀ ਭਾਸ਼ਾ ਦੇ ਪ੍ਰੋਫੈਸਰ ਸਕੌਟੀ ਮੌਰੀਸਨ ਦੀ ਕਿਤਾਬ ਦੀ ਅਗਲੀ ਛਾਪ ਆਉਣ ਦੀ ਖ਼ਬਰ ਪੜ੍ਹਨ ਨੂੰ ਮਿਲੀ। ਪ੍ਰੋਫੈਸਰ ਮੌਰੀਸਨ ਦਾ ਮਾਓਰੀ ਭਾਸ਼ਾ ਦੇ ਨਾਲ ਜਿਹੜੀ ਕਿ ਉਨ੍ਹਾਂ ਦੀ ਮਾਂ ਬੋਲੀ ਹੈ, ਬਹੁਤ ਪ੍ਰੇਮ ਪਿਆਰ ਹੈ ਤੇ ਉਨ੍ਹਾਂ ਬੋਲ ਚਾਲ ਦੀ ਮਾਓਰੀ ਭਾਸ਼ਾ ਦੇ ਉੱਤੇ ਆਧਾਰਤ ਆਪਣੀ ਕਿਤਾਬ ਕੋਈ ਦਸ ਸਾਲ ਪਹਿਲਾਂ ਲਿਖੀ ਸੀ।

ਹੁਣ ਜਿਹੜੀ ਇਸ ਕਿਤਾਬ ਦੀ ਨਵੀਂ ਛਾਪ ਆਈ ਹੈ ਉਸ ਵਿੱਚ ਉਨ੍ਹਾਂ ਨੇ ਮਾਓਰੀ ਭਾਸ਼ਾ ਵਿਚ ਕਈ ਨਵੇਂ ਸ਼ਬਦ ਵੀ ਸ਼ਾਮਲ ਕੀਤੇ ਹਨ ਖਾਸ ਤੌਰ ਤੇ ਕਰੋਨਾ ਦੇ ਚੱਲਦੇ। ਇਹ ਤਾਂ ਤੁਸੀਂ ਸਾਰਿਆਂ ਨੇ ਵੇਖ ਹੀ ਲਿਆ ਹੋਵੇਗਾ ਕਿ ਕਰੋਨਾ ਕਰਕੇ ਸਾਡੀ ਬੋਲ ਚਾਲ ਵਿੱਚ ਕਈ ਨਵੇਂ ਸ਼ਬਦ ਜੁੜ ਗਏ ਹਨ। ਪ੍ਰੋਫੈਸਰ ਮੌਰੀਸਨ ਨੇ ਇਸ ਨਵੀਂ ਸ਼ਬਦਾਵਲੀ ਲਈ ਮਾਓਰੀ ਸ਼ਬਦ ਘੜ੍ਹੇ ਹਨ।
ਪੰਜਾਬ ਦੀ ਸਭਿਆਚਾਰਕ ਬੋਲਚਾਲ ਦੀ ਭਾਸ਼ਾ ਵਿੱਚ ਕਹਿੰਦੇ ਹਨ ਕਿ ਕਈ ਵਾਰ ਇਕੱਲਾ ਹੀ ਸਵਾ ਲੱਖ ਦੇ ਬਰਾਬਰ ਹੁੰਦਾ ਹੈ। ਇਸ ਸਿਲਸਿਲੇ ਵਿਚ ਮਾਓਰੀ ਭਾਸ਼ਾ ਨੂੰ ਮੁੜ ਸੁਰਜੀਤ ਕਰਨ ਲਈ ਪ੍ਰੋਫੈਸਰ ਮੌਰੀਸਨ ਇਕੱਲਿਆਂ ਹੀ ਸਵਾ ਲੱਖ ਬਰਾਬਰ ਹੋ ਨਿਬੜਿਆ ਹੈ।
ਇਸਦੇ ਮੁਕਾਬਲੇ ਦੇ ਪੰਜਾਬੀ ਯੂਨੀਵਰਸਿਟੀ ਦੇ ਵਿਚਲੀ ਪੰਜਾਬੀ ਪ੍ਰੋਫੈਸਰਾਂ ਦੀ ਫ਼ੌਜ ਰਲ ਕੇ ਜੇ ਪ੍ਰੋਫੈਸਰ ਮੌਰੀਸਨ ਤੋਂ ਪ੍ਰੇਰਨਾ ਲੈ ਲਵੇ ਤਾਂ ਪੰਜਾਬੀ ਭਾਸ਼ਾ ਨੂੰ ਅੱਜ ਤਕਨਾਲੋਜੀ ਦੇ ਜੁਗ ਵਿੱਚ ਸਮਰੱਥ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਕੀ ਅਸੀਂ ਪੰਜਾਬੀ ਦੇ ਨਾਂ ਦੇ ਉੱਤੇ ਸਿਰਫ਼ ਖੱਟੀ ਹੀ ਖਾਂਦੇ ਹਾਂ ਜਾਂ ਫਿਰ ਮਾਂ ਬੋਲੀ ਦੀ ਸੇਵਾ ਦਾ ਫ਼ਰਜ਼ ਵੀ ਅਦਾ ਕਰਦੇ ਹਾਂ ਜਿਵੇਂ ਕਿ ਪ੍ਰੋਫੈਸਰ ਮੌਰੀਸਨ ਕਰ ਰਹੇ ਹਨ।
Scotty Morrison – modern phrases in te reo | RNZ
Te reo Maori advocate and teacher, Professor Scotty Morrison shares some modern Maori phrases. It’s been 10 years since his first Raupo Phrasebook of Modern Maori hit the shelves.