Posted in ਚਰਚਾ

ਭਾਸ਼ਾ ਦੀ ਪੁਰਾਤਨਤਾ

ਅੱਜ ਤੋਂ ਤੇਰਾਂ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਅਰਵਿੰਦ ਮੰਡੇਰ ਦਾ ਮੈਂ ਇੱਕ ਅਕਾਦਮਿਕ ਲੇਖ ਪੜ੍ਹਿਆ ਸੀ ਜਿਸਦੇ ਵਿੱਚ ਉਸ ਨੇ ਧਰਮ, ਭਾਸ਼ਾ ਅਤੇ ਭਾਰਤੀ ਪਛਾਣ ਦੇ ਬਾਰੇ ਗੱਲ ਕੀਤੀ ਸੀ।  

ਇਸ ਲੇਖ ਦੇ ਵਿੱਚ ਅਰਵਿੰਦ ਮੰਡੇਰ ਨੇ ਜ਼ਿਆਦਾਤਰ ਯੱਕ ਦੈਰੀਦਾ ਦੇ ਦਾਰਸ਼ਨਿਕ ਨਜ਼ਰੀਏ ਰਾਹੀਂ ਗੱਲ ਕਰਦਿਆਂ ਭਾਰਤੀ ਧਰਮਾਂ ਅਤੇ ਭਾਸ਼ਾਵਾਂ ਦੀ ਗੱਲ ਕੀਤੀ ਸੀ। ਉਸ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਭਾਸ਼ਾਵਾਂ ਦੇ ਨਾਂ ਦੇ ਉੱਤੇ ਹਿੰਦੀ, ਪੰਜਾਬੀ ਅਤੇ ਉਰਦੂ ਨੂੰ ਕਰਮਵਾਰ ਹਿੰਦੂ, ਸਿੱਖ ਅਤੇ ਮੁਸਲਿਮ ਪਛਾਣ ਦੇ ਨਾਲ ਜੋੜਿਆ ਗਿਆ। ਮੰਡੇਰ ਨੇ ਆਪਣੇ ਲੇਖ ਵਿੱਚ ਇੱਕ ਥਾਈਂ ਇਹ ਵੀ ਜ਼ਿਕਰ ਕੀਤਾ ਕਿ ਕਿਵੇਂ ਹਿੰਦੀ ਭਾਸ਼ਾ ਕੋਈ ਬਹੁਤੀ ਪੁਰਾਣੀ ਭਾਸ਼ਾ ਨਹੀਂ ਹੈ।

ਹਿੰਦੀ ਭਾਸ਼ਾ ਦਾ ਜਨਮ ਅਤੇ ਵਿਕਾਸ ਆਮ ਕਰਕੇ ਅੰਗਰੇਜ਼ਾਂ ਦੇ ਆਉਣ ਦੇ ਨਾਲ ਹੀ ਜੁੜਿਆ ਹੋਇਆ ਹੈ ਪਰ ਉਸ ਵਕਤ ਮੈਂ ਜ਼ਿਆਦਾ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਅਚਾਨਕ ਪਿੱਛੇ ਜਿਹੇ ਕਿਤੇ ਗੱਲਬਾਤ ਹੋਈ ਜਿਸ ਵਿੱਚ ਭਾਸ਼ਾਵਾਂ ਦੀ ਪੁਰਾਤਨਤਾ ਦੀ ਗੱਲ ਚੱਲੀ ਤਾਂ ਫਿਰ ਇਹੀ ਜ਼ਿਕਰ ਹੋਇਆ। ਮੈਂ ਸੋਚਿਆ ਕਿ ਚਲੋ ਥੋੜ੍ਹੀ ਹੋਰ ਖੋਜ ਕੀਤੀ ਜਾਵੇ।  

ਇਥੇ ਮੈਂ ਤੁਹਾਡੇ ਨਾਲ ਇਹ ਗੱਲ ਵੀ ਸਾਂਝੀ ਕਰਣੀ ਚਾਹੁੰਦਾ ਹਾਂ ਕਿ ਕਿਵੇਂ ਰਵਾਇਤਾਂ ਈਜਾਦ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਫਿਰ ਇਵੇਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਕਿ ਉਹ ਬਹੁਤ ਪੁਰਾਣੀਆਂ ਹੋਣ। ਇਸ ਦੇ ਬਾਰੇ ਐਰਿਕ ਹੌਬਸਬੌਮ ਦੀ ਕਿਤਾਬ “ਇਨਵੈਨਸ਼ਨ ਆਫ ਟਰੇਡੀਸ਼ਨ” ਪੜ੍ਹਨ ਲਾਇਕ ਹੈ। ਇਸ ਕਿਤਾਬ ਵਿੱਚ ਭਾਰਤ ਵਿੱਚ ਅੰਗਰੇਜ਼ਾਂ ਵੱਲੋਂ ਭਾਰਤ ਵਿੱਚ ਈਜਾਦ ਕੀਤੀਆਂ ਅਖੌਤੀ ਪੁਰਾਤਨ ਰਵਾਇਤਾਂ ਬਾਰੇ ਵੀ ਕਈ ਕੁਝ ਲਿਖਿਆ ਹੋਇਆ ਹੈ।

ਗੱਲ ਹਿੰਦੀ ਦੀ ਚੱਲ ਰਹੀ ਸੀ, ਜਿਸਦੇ ਸਿਲਸਿਲੇ ਵਿੱਚ ਮੈਨੂੰ ਪਿੱਛੇ ਜਿਹੇ ਦੇਵਦਨ ਚੌਧਰੀ ਦਾ ਵੀ ਇੱਕ ਲੇਖ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਉਸ ਨੇ ਸਪੱਸ਼ਟ ਕੀਤਾ ਸੀ ਕਿ ਕਿਵੇਂ ਹਿੰਦੀ ਦਾ ਜਨਮਦਾਤਾ ਜੌਨ ਗਿਲਕ੍ਰਿਸਟ ਹੈ। ਇਹ ਸਕੌਟ ਮੂਲ ਦਾ ਇੱਕ ਸਰਜਨ ਸੀ ਜੋ ਈਸਟ ਇੰਡੀਆ ਕੰਪਨੀ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਪਰ ਉਹਨੂੰ ਭਾਸ਼ਾਵਾਂ ਦੇ ਵਿੱਚ ਬਹੁਤ ਦਿਲਚਸਪੀ ਸੀ।  ਅਠਾਰ੍ਹਵੀਂ ਸਦੀ ਦੇ ਅਖੀਰ ਤੇ ਉਨ੍ਹੀਵੀਂ ਸਦੀ ਦੇ ਸ਼ੁਰੂ ਵਿੱਚ ਇਹ ਕਲਕੱਤੇ ਸਥਾਪਤ ਰਿਹਾ।  

ਚੌਧਰੀ ਮੁਤਾਬਕ ਇਸ ਨੇ ਮੱਧ ਭਾਰਤੀ ਖੜ੍ਹੀ ਬੋਲੀ ਅਤੇ ਉਸ ਦੇ ਉੱਤੇ ਫ਼ਾਰਸੀ ਉਰਦੂ ਦੇ ਪ੍ਰਭਾਵ ਨੂੰ ਖਤਮ ਕਰਨ ਦੇ ਲਈ ਇੱਕ ਨਵੀਂ ਭਾਸ਼ਾ ਹਿੰਦੀ ਨੂੰ ਜਨਮ ਦਿੱਤਾ। ਉਂਝ ਵੀ ਹਿੰਦੀ ਭਾਸ਼ਾ ਦੇ ਇਤਿਹਾਸਕਾਰ ਕੇ.ਬੀ ਜਿੰਦਲ ਅਤੇ ਸੰਤੋਸ਼ ਖਾਰੇ ਨੇ ਆਪਣੇ ਲੇਖ ਜਾਂ ਕਿਤਾਬਾਂ ਵਿੱਚ ਇਹੀ ਲਿਖਿਆ ਹੈ ਕਿ ਹਿੰਦੀ ਦਾ ਜਨਮ ਉਨ੍ਹੀਵੀਂ ਸਦੀ ਵਿੱਚ ਕਲਕੱਤਾ ਵਿਖੇ ਹੋਇਆ ਹੈ।  ਕਲਕੱਤਾ ਉਸ ਵੇਲ਼ੇ ਅੰਗਰੇਜ਼ੀ ਰਾਜ ਦੀ ਰਾਜਧਾਨੀ ਸੀ।

ਜਦੋਂ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਆਈ ਅਤੇ ਅੰਗਰੇਜ਼ਾਂ ਦਾ ਰਾਜ ਸਥਾਪਿਤ ਹੋਇਆ ਸੀ ਤਾਂ ਉਨ੍ਹਾਂ ਦਾ ਟਾਕਰਾ ਤਿੰਨ ਮੁੱਖ ਰਾਜਾਂ ਨਾਲ ਹੋਇਆ। ਮੁਗ਼ਲ ਰਾਜ, ਮਰਾਠਾ ਰਾਜ ਅਤੇ ਸਿੱਖ ਰਾਜ। ਬਾਕੀ ਛੋਟੇ ਮੋਟੇ ਜਗੀਰਦਾਰ ਰਾਜੇ ਤਾਂ ਹੋਰ ਵੀ ਬਹੁਤ ਹਨ ਪਰ ਇਹ ਸਾਰੇ ਮੁੱਖ ਤੌਰ ਤੇ ਉਪਰੋਕਤ ਤਿੰਨਾਂ ਰਾਜਾਂ ਨੂੰ ਹੀ ਵਕ਼ਤ ਦਰ ਵਕ਼ਤ ਆਪਣਾ ਨਜ਼ਰਾਨਾ ਭੇਟ ਕਰਦੇ ਸਨ।  

1947 ਵਿੱਚ ਜਦ ਅੰਗਰੇਜ਼ ਦੱਖਣੀ ਏਸ਼ੀਆਈ ਖਿੱਤਾ ਛੱਡ ਕੇ ਗਏ ਤਾਂ ਦੋ ਮੁਲਕ ਭਾਰਤ ਅਤੇ ਪਾਕਿਸਤਾਨ ਪੈਦਾ ਕਰ ਕੇ ਚਲੇ ਗਏ। ਸੋ ਇਸ ਤਰ੍ਹਾਂ ਹਾਕਮਾਂ ਦੇ ਤੌਰ ਤੇ ਮੁਗ਼ਲ, ਮਰਾਠਾ ਅਤੇ ਸਿੱਖ ਪਛਾਣ ਦੱਖਣੀ ਏਸ਼ੀਆਈ ਖਿੱਤੇ ਵਿੱਚੋਂ ਖ਼ਤਮ ਹੋ ਗਈ। ਮੱਧ-ਭਾਰਤੀ ਬਹੁਮਤ ਵਾਲਾ ਨਵ-ਜਨਮੀ ਹਿੰਦੀ ਭਾਸ਼ੀ ਪ੍ਰਭਾਵ ਹੇਠ ਭਾਰਤ ਇਕ ਨਵੇਂ ਲੋਕਤਾਂਤਰਿਕ ਮੁਲਕ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ। ਉਹੀ ਹਿੰਦੀ ਭਾਸ਼ਾ ਜਿਸਦਾ ਉਸ ਵੇਲੇ ਜਨਮ ਹੋਏ ਨੂੰ ਹਾਲੇ ਸੌ ਕੁ ਸਾਲ ਹੀ ਹੋਏ ਸਨ। ਸੋ ਜ਼ਾਹਰ ਹੈ ਕਿ ਨਵੇਂ-ਨਵੇਂ ਰਾਜਪਾਟ ਤੇ ਕਾਬਜ਼ ਹੋਏ ਲੋਕਤਾਂਤਰਿਕ ਬਹੁਮਤ ਨੇ ਸਾਰਾ ਜ਼ੋਰ ਆਪਣਾ ਵੱਝਕਾ ਸਥਾਪਤ ਕਰਨ ਉੱਤੇ ਲਾਇਆ ਹੋਇਆ ਸੀ।   

ਇਸੇ ਕਰਕੇ 1950ਵਿਆਂ ਦੇ ਵਿੱਚ ਭਾਰਤ ਵਿੱਚ ਜਦ ਰਾਜਾਂ ਦਾ ਪੁਨਰਗਠਨ ਹੋਇਆ ਤਾਂ ਸੰਘੀ ਢਾਂਚੇ (ਫੈਡਰਲ ਢਾਂਚੇ) ਦੇ ਹੇਠ ਰਾਜਾਂ ਨੇ ਹੋਰ ਹੱਕ ਵੀ ਮੰਗੇ ਅਤੇ ਇਨ੍ਹਾਂ ਹੱਕਾਂ ਦੀ ਮੰਗ ਦਾ ਵਰਨਣ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਮਿਲਦਾ ਹੈ। ਪਰ ਉਨ੍ਹਾਂ ਦਿਨਾਂ ਵਿੱਚ ਇਹ ਸਭ ਕੁਝ ਸਖ਼ਤੀ ਦੇ ਨਾਲ ਕੁਚਲ ਦਿੱਤਾ ਗਿਆ।  ਜੇਕਰ ਉਹ ਵੇਲ਼ਾ ਸਿੱਕੇ ਦਾ ਇੱਕ ਪਹਿਲੂ ਸੀ ਤਾਂ ਅੱਜ ਦਾ ਰਾਸ਼ਟਰੀਆ ਸਵੈਮ ਸੇਵਕ ਸੰਘ (ਆਰ.ਐਸ.ਐਸ.) ਭਾਰਤੀ ਰਾਜ ਸਿੱਕੇ ਦਾ ਦੂਜਾ ਪਹਿਲੂ ਹੈ। ਅੱਜ ਸੰਪੂਰਨ ਤੌਰ ਦੇ ਉੱਤੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਕੁਚਲ ਕੇ ਜੋ ਇੱਕ ਬਹੁਮਤ ਵਾਦੀ ਰਾਸ਼ਟਰਵਾਦ ਹਿੰਦੀ ਭਾਸ਼ਾ ਦੇ ਨਾਂਅ ਹੇਠ ਉਸਾਰਿਆ ਜਾ ਰਿਹਾ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਇਸ ਦੇ ਬਾਰੇ ਅੱਗੇ ਚਰਚਾ ਫਿਰ ਕਿਸੇ ਦਿਨ ਸਹੀ।