Posted in ਇਤਿਹਾਸ, ਯਾਤਰਾ

ਯਾਦਾਸ਼ਤ ਤੇ ਇਤਿਹਾਸ ਦਾ ਸੁਮੇਲ

ਮੇਰੇ ਪਿਛਲੇ ਬਲੌਗ “ਥਾਈਲੈਂਡ: ਜਿੱਥੇ ਵਕ਼ਤ ਠਹਿਰਦਾ ਹੈ” ਤੋਂ ਅੱਗੇ ਚੱਲਦੇ ਹੋਏ, ਪਿਛਲੇ ਮਹੀਨੇ ਮੇਰਾ ਸਫ਼ਰ ਵੀਅਤਨਾਮ ਤਕ ਜਾਰੀ ਰਿਹਾ। ਇੱਥੇ ਮੈਂ ਇੱਕ ਹਫ਼ਤਾ ਹੋ ਚੀ ਮਿੰਹ ਸਿਟੀ (ਸਾਈਗੌਨ) ਦੀ ਧੜਕਣ ਤੇ ਇਸ ਦੇ ਆਲੇ ਦੁਆਲੇ ਦੇ ਸਹਿਜ ਅਤੇ ਜ਼ਿੰਦਗੀ ਭਰੇ ਮਨਜ਼ਰਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਬਿਤਾਇਆ। ਉਸ ਸਫ਼ਰ ਦੀਆਂ ਯਾਦਾਂ ਅਜੇ ਵੀ ਮੌਜੂਦ ਹਨ। ਸ਼ਹਿਰ ਦੀ ਚਟਕਦੀ ਹੋਈ ਸਵੇਰ-ਸ਼ਾਮ ਦੀ ਆਵਾਜਾਈ: ਮੋਟਰਸਾਈਕਲਾਂ ਦੀ ਗੂੰਜ, ਹਾਸੇ, ਅਗਰਬੱਤੀ ਦੀ ਖੁਸ਼ਬੂ ਤੇ ਬਾਰਿਸ਼ ਦੀ ਝਿੰਮ-ਝਿੰਮ ਰਵਾਨੀ।

ਸਫ਼ਰ ਦੀ ਸ਼ੁਰੂਆਤ ਐਕਸ ਓ ਟੂਅਰਜ਼ ਨਾਲ ਹੋਈ ਜੋ ਸਾਈਗੌਨ ਨੂੰ ਉਸੇ ਤਰ੍ਹਾਂ ਵਿਖਾਉਂਦੇ ਹਨ ਜਿਵੇਂ ਇਹ ਵਿਚਰਦਾ ਹੈ। ਕਾਰ ਜਾਂ ਬੱਸ ਦੀ ਖਿੜਕੀ ਪਿੱਛੋਂ ਨਹੀਂ, ਸਗੋਂ ਮੋਟਰਸਾਈਕਲ ਦੀ ਪਿੱਛਲੀ ਸੀਟ ਤੋਂ। ਐਕਸ ਓ ਟੂਅਰਜ਼, ਜ਼ਨਾਨੀਆਂ ਦਾ ਵਪਾਰਕ ਉੱਦਮ ਹੈ ਅਤੇ ਉਨ੍ਹਾਂ ਦੇ ਸਾਈਗੌਨ ਟੂਰ ਦੌਰਾਨ ਮੈਂ ਇਸ ਸ਼ਹਿਰ ਦੇ ਬਹੁ-ਪੱਖੀ ਇਤਿਹਾਸ ਦਾ ਸਫ਼ਰ ਕੀਤਾ। ਅਸੀਂ ਕੇਂਦਰੀ ਡਾਕ ਘਰ ਦੀ ਪੀਲੀ ਇਮਾਰਤ ਦੇ ਅੰਦਰ ਬਸਤੀਵਾਦ ਦੀਆਂ ਤਹਿਆਂ ਫਰੋਲੀਆਂ। ਲਾਗੇ ਹੀ ਸਾਈਗੌਨ ਦੀ ਮਸ਼ਹੂਰ ਕਿਤਾਬਾਂ ਵਾਲ਼ੀ ਗਲ਼ੀ ਵਗ ਰਹੀ ਸੀ, ਜਿੱਥੇ ਸ਼ਹਿਰ ਦੀ ਭਿਣ-ਭਿਣ, ਇਸ ਗਲ਼ੀ ਦੇ ਕਿਤਾਬਾਂ ਦੇ ਸਫ਼ਿਆਂ ਦੀ ਸਰਸਰਾਹਟ, ਕੌਫ਼ੀ ਦੀ ਖੂਸ਼ਬੂ ਤੇ ਗੱਲਬਾਤ ਦੇ ਨਰਮ ਸੁਰਾਂ ਵਿੱਚ ਤਬਦੀਲ ਹੋ ਗਈ ਜਾਪਦੀ ਸੀ। ਇਹ ਨਜ਼ਾਰਾ ਯਾਦ ਦਿਵਾਉਂਦਾ ਸੀ ਕਿ ਭਾਵੇਂ ਰਫ਼ਤਾਰ ਤੇ ਜ਼ਿੰਦਗੀ ਦੀ ਭੰਬੀਰੀ ਵੀ ਬਣੀ ਹੋਵੇ, ਸਾਈਗੌਨ ਅੱਜ ਵੀ ਪੜ੍ਹਦਾ ਹੈ।

ਸਾਈਗੌਨ – ਕਿਤਾਬਾਂ ਵਾਲ਼ੀ ਗਲ਼ੀ

ਸੜਕ ਪਾਰ ਨੌਤਰ ਦਾਮ ਕੈਥੀਡ੍ਰਲ ਸੀ, ਜਿਸ ਦੀਆਂ ਲਾਲ ਇੱਟਾਂ ਮਾਰਸੀਏ ਤੋਂ ਆਈਆਂ ਸਨ। ਹੁਣ ਇਥੇ ਮਰੰਮਤ ਚੱਲ ਰਹੀ ਸੀ ਅਤੇ ਆਰਜ਼ੀ ਤੌਰ ਤੇ ਚੁਫ਼ੇਰੇ ਚਾਰਦੁਆਰੀ ਕੀਤੀ ਹੋਈ ਸੀ। ਪਰ ਇਸ ਦੀ ਸ਼ਾਨ ਫੇਰ ਵੀ ਬਰਕਰਾਰ ਲੱਗਦੀ ਸੀ। ਰੀਯੂਨੀਫਿਕੇਸ਼ਨ ਪੈਲੇਸ ਸਵੇਰ ਦੀ ਗਰਮੀ ਵਿੱਚ ਚਮਕ ਰਿਹਾ ਸੀ ਅਤੇ ਪਰਤੱਖ ਤੌਰ ਤੇ ਵਜ਼ਨੀ ਲੱਗਦਾ ਸੀ। ਇਸ ਦਾ ਮੁੱਖ ਕਿਵਾੜ ਅਜੇ ਵੀ 1975 ਦਾ ਇਤਿਹਾਸ ਦੁਹਰਾ ਰਿਹਾ ਸੀ।

ਥੋੜ੍ਹੀ ਹੀ ਦੂਰੀ ਉੱਤੇ ਬਰਨਿੰਗ ਮੌਂਕ ਸਮਾਰਕ ਇੱਕ ਖਾਮੋਸ਼ ਠਹਿਰਾਉ ਲੈ ਆਇਆ। ਅੱਗੇ ਚੱਲ ਕੇ ਸੀ. ਆਈ. ਏ. ਦੇ ਕਰਮਚਾਰੀਆਂ ਦੀ ਉਹ ਗੁਪਤ ਇਮਾਰਤ ਵੇਖੀ ਜਿਸ ਦੀਆਂ ਪੁਰਾਣੀਆਂ ਤਸਵੀਰਾਂ ਵਿੱਚ ਛੱਤ ਤੇ ਉਤਰਿਆ ਹੈਲੀਕਾਪਟਰ ਬੱਝੀ ਹੋਈ ਲੰਮੀ ਕਤਾਰ ਨੂੰ ਇਥੋਂ ਕੱਢ ਲੈ ਜਾਉਣ ਵਿੱਚ ਅਸਮਰੱਥ ਸੀ। ਅੱਗੇ ਚੱਲਕੇ ਫੁੱਲਾਂ ਦਾ ਬਜ਼ਾਰ ਖੁਸ਼ਬੂ ਵੰਡ ਰਿਹਾ ਸੀ।

ਇਸ ਸਵੇਰ ਦੇ ਸਫ਼ਰ ਦਾ ਅਖੀਰ ਦਸ ਹਜ਼ਾਰ ਬੁੱਧ ਬੁੱਤਾਂ ਦੇ ਪਗੋਡੇ ਤੇ ਹੋਇਆ। ਇਨ੍ਹਾਂ ਬੁੱਤਾਂ ਦੇ ਸ਼ਾਂਤ ਚਿਹਰੇ ਸਰਗਰਮ ਸ਼ਹਿਰ ਦੀ ਨਿਗਰਾਨੀ ਕਰਦੇ ਜਾਪ ਰਹੇ ਸਨ। ਮੋਟਰਸਾਈਕਲ ਚਲਾਉਂਦੀ ਮੇਰੀ ਰਾਹਬਰ ਨੇ ਸਿਰਫ਼ ਇਤਿਹਾਸ ਬਾਰੇ ਹੀ ਨਹੀਂ ਦੱਸਿਆ, ਸਗੋਂ ਉਸ ਧੀਮੀ ਧੜਕਣ ਬਾਰੇ ਵੀ ਜਿੱਥੇ ਜ਼ਨਾਨੀਆਂ ਅਜੇ ਵੀ ਸ਼ਹਿਰ ਦੇ ਅੰਤਰ ਪ੍ਰਵਾਹ ਨੂੰ ਸੰਭਾਲਦੀਆਂ ਹਨ।

ਜੇ ਦਿਨ ਇਤਿਹਾਸ ਵਿੱਚ ਵਿਚਰਦਾ ਸੀ, ਤਾਂ ਰਾਤ ਸੰਗੀਤ ਦੀ ਧੁਨ ਸੀ। ਰਾਤ ਦੇ ਐਕਸ ਓ ਟੂਅਰ ਨੇ ਚਾਰ ਇਲਾਕਿਆਂ ਨੂੰ ਛੂਹਿਆ ਜੋ ਨਮਨ ਰੌਸ਼ਨੀ ਹੇਠ ਧੜਕ ਰਹੇ ਸਨ। ਖਾਣਾ ਸੜ੍ਹਕ ਦੀ ਪਟੜੀ ਤੇ ਰੱਖੀਆਂ ਛੋਟੀਆਂ-ਛੋਟੀਆਂ ਕੁਰਸੀਆਂ ਅਤੇ ਮੇਜ਼ ਤੇ ਬੈਠ ਕੇ ਖਾਧਾ। ਤਾਜ਼ਾ ਭੋਜਨ ਤਵਿਆਂ ਤੇ ਤੜਕ ਰਿਹਾ ਸੀ, ਤੇ ਕਿਤੇ ਪੱਤਿਆਂ ਵਿੱਚ ਲਪੇਟਿਆ ਹੋਇਆ ਖਾਣਾ ਕੋਲੇ ਤੇ ਧੁਆਂਖਿਆ ਜਾ ਰਿਹਾ ਸੀ। ਨਾਰੀਅਲ ਦੇ ਦੁੱਧ ਦੀ ਮਿੱਠਾਸ ਰਾਤ ਨੂੰ ਠੰਢਕ ਬਖ਼ਸ਼ ਰਹੀ ਸੀ। ਐਕਸ ਓ ਟੂਅਰਜ਼ ਦੀ ਸੰਸਥਾਪਕ ਬੀਬੀ ਹੋਂਗ ਦੇ ਬਚਪਨ ਦੇ ਫ਼ਲੈਟ ਦੀ ਯਾਤਰਾ ਜੋ ਧੁਰ ਉਪਰ ਪੌੜੀਆਂ ਚੜ੍ਹ ਕੇ ਸੀ ਉਸ ਸ਼ਾਮ ਦੀ ਖ਼ਾਮੋਸ਼ ਧੜਕਣ ਸੀ। ਸਾਈਗੌਨ ਦੇ ਅਸਲੀ ਜੀਵਨ ਦੀ ਇਕ ਝਲਕ।

ਅਗਲੇ ਦਿਨੀਂ ਸ਼ਹਿਰ ਤੋਂ ਬਾਹਰ, ਇਤਿਹਾਸ ਧਰਤੀ ਹੇਠ ਉਤਰ ਗਿਆ — ਕੂ ਚੀ ਸੁਰੰਗਾਂ ਦੇ ਰੂਪ ਵਿੱਚ, ਜਿਸਨੂੰ ਜੰਗ ਦੇ ਸਮੇਂ “ਫੌਲਾਦੀ ਇਲਾਕਾ” ਕਿਹਾ ਜਾਂਦਾ ਸੀ। ਉਨ੍ਹਾਂ ਤੰਗ ਸੁਰੰਗਾਂ ਵਿੱਚ ਕੁੱਬੇ ਹੋ ਕੇ ਤੁਰਨਾ ਇਕ ਗੰਭੀਰ ਤਜਰਬਾ ਸੀ ਜੋ ਇਹ ਯਾਦ ਦਿਵਾਉਂਦਾ ਕਿ ਕਿਵੇਂ ਕਦੇ ਜਾਨ ਹਨੇਰੇ, ਧੀਰਜ ਤੇ ਚਤੁਰਾਈ ਉੱਤੇ ਨਿਰਭਰ ਸੀ। ਬਾਅਦ ਵਿੱਚ ਪੇਸ਼ ਕੀਤੀ ਗਈ ਸਧਾਰਣ ਕੱਸਾਵਾ ਤੇ ਚਾਹ ਵੀ ਹੌਸਲੇ ਦੀ ਪ੍ਰਤੀਕ ਜਾਪ ਰਹੀ ਸੀ। ਲੜਾਈ ਵੇਲ਼ੇ ਜੰਗਜੂ ਇਸੇ ਕੱਸਾਵਾ ਤੇ ਚਾਹ ਤੇ ਨਿਰਭਰ ਸਨ।

ਅਗਲਾ ਸਫ਼ਰ ਮੀਕੌਂਗ ਦਰਿਆ ਦੇ ਦਹਾਨੇ ਦਾ। ਮੀਕੌਂਗ ਦਰਿਆ ਜੋ ਇਤਿਹਾਸ ਅਤੇ ਟਿਕਾਅ ਦੋਵੇਂ ਆਪਣੀ ਬੁੱਕਲ ਵਿੱਚ ਰੱਖਦਾ ਹੈ। ਕਿਸ਼ਤੀ ਦੀ ਸੈਰ ਦੌਰਾਨ ਅਸੀਂ ਡਰੈਗਨ, ਯੂਨੀਕੌਰਨ, ਫੀਨਿਕਸ ਤੇ ਟਰਟਲ ਟਾਪੂ ਗਾਹੇ; ਹਵਾ ਵਿੱਚ ਨਾਰੀਅਲ ਦੀ ਖੁਸ਼ਬੂ ਸੀ। ਸਥਾਨਕ ਗਾਇਕਾਂ ਦੇ ਗੀਤ, ਸ਼ਹਿਦ ਵਾਲੀ ਚਾਹ ਦਾ ਕੱਪ, ਨਾਰੀਅਲ ਦੀ ਮਿੱਠਾਈ ਦੇ ਕਾਰਖ਼ਾਨੇ ਦਾ ਦੌਰਾ ਤੇ ਪਤਲੀਆਂ ਨਹਿਰਾਂ ਵਿੱਚ ਸਮਤੋਲ ਕਿਸ਼ਤੀ — ਹਰ ਮੋੜ ਤੇ ਇਕ ਹੋਰ ਵੀਅਤਨਾਮ ਦੀ ਤਹਿ ਖੁੱਲਦੀ ਜਾਪਦੀ ਸੀ। ਦੁਪਹਿਰ ਦੇ ਖਾਣੇ ਤੋਂ ਬਾਅਦ ਦਰਖ਼ਤਾਂ ਹੇਠ ਆਰਾਮ ਤੇ ਫਿਰ ਨਾਲ ਦੇ ਪਿੰਡਾਂ ਦੀਆਂ ਗਲੀਆਂ ਵਿੱਚ ਸਾਈਕਲ ਤੇ ਚੱਕਰ ਕੱਟਣ ਦਾ ਸੁਕੂਨ। ਵਕ਼ਤ ਦੀ ਰਵਾਨਗੀ ਦਾ ਵਹਿਣ ਹੌਲ਼ੀ ਹੁੰਦਾ ਜਾਪਦਾ ਸੀ।

ਹੁਣ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਇਹ ਸੈਰ ਸਪਾਟਾ ਨਹੀਂ ਜਾਪਦਾ, ਸਗੋਂ ਇਕ ਇਤਿਹਾਸਕ ਕਹਾਣੀ ਵਾਂਙ ਲੱਗਦਾ ਹੈ ਜੋ ਅਜੇ ਵੀ ਲਿਖੀ ਜਾ ਰਹੀ ਹੈ। ਰੰਗ, ਆਵਾਜ਼ਾਂ ਤੇ ਇਤਿਹਾਸਕ ਬਿਰਤਾਂਤ ਜੋ ਮਿਟਦੇ ਨਹੀਂ। ਮੈਨੂੰ ਅਹਿਸਾਸ ਹੋਇਆ ਕਿ ਵੀਅਤਨਾਮ ਉਹ ਥਾਂ ਨਹੀਂ ਜਿਸਦਾ ਸਿਰਫ਼ ਵਕ਼ਤੀ ਸਫ਼ਰ ਕੀਤਾ ਜਾਂਦਾ ਹੈ ਸਗੋਂ ਇਹ ਉਹ ਥਾਂ ਹੈ ਜੋ ਤੁਹਾਡੇ ਅੰਦਰ ਰਚ ਜਾਂਦੀ ਹੈ। ਸਾਈਗੌਨ ਦਾ ਹਰ ਦਿਨ ਸਦੀਵੀ ਤੌਰ ਤੇ ਯਾਦਾਸ਼ਤ ਤੇ ਇਤਿਹਾਸ ਨੂੰ ਬੰਨ੍ਹ ਕੇ ਰੱਖਦਾ ਹੈ।

Posted in ਇਤਿਹਾਸ, ਚਰਚਾ, ਯਾਤਰਾ, ਸਭਿਆਚਾਰ

ਥਾਈਲੈਂਡ: ਜਿੱਥੇ ਵਕ਼ਤ ਠਹਿਰਦਾ ਹੈ

ਜਦੋਂ ਮੈਂ ਛੋਟਾ ਸੀ, ਤਾਂ ਸਫ਼ਰਨਾਮੇ ਸਿਰਫ਼ ਲੰਮੇ ਪਾਠ ਦੇ ਰੂਪ ਵਿੱਚ ਹੁੰਦੇ ਸਨ। ਲੰਮੇ, ਬਿਨਾਂ ਕਾਹਲੀ ਵਾਲੇ ਵੇਰਵੇ ਜਿਨ੍ਹਾਂ ਵਿੱਚ ਕਿਤਾਬਾਂ ਦੇ ਵਿਚਕਾਰ ਕਿਤੇ ਕੁਝ ਤਾਵੀਰਾਂ ਵਾਲੇ ਸਫ਼ੇ ਵੀ ਹੁੰਦੇ ਸਨ, ਜਿਵੇਂ ਕਿ ਅੱਖਾਂ ਨੂੰ ਆਰਾਮ ਦੇਣ ਲਈ ਹੋਣ। ਤੁਸੀਂ ਪਹਿਲਾਂ ਵਾਰਤਕ ਰਾਹੀਂ ਸਫ਼ਰ ਕਰਦੇ ਸੀ, ਨਾ ਕਿ ਤਸਵੀਰਾਂ ਰਾਹੀਂ। ਹੁਣ, ਦੁਨੀਆ ਉਹਨਾਂ ਤਸਵੀਰਾਂ ਨੂੰ ਤਰਜੀਹ ਦਿੰਦੀ ਹੈ ਜੋ ਵਿਚਾਰ ਬਣਨ ਤੋਂ ਪਹਿਲਾਂ ਹੀ ਚਮਕਦੀਆਂ ਹਨ ਅਤੇ ਅਲੋਪ ਹੋ ਜਾਂਦੀਆਂ ਹਨ। ਪਰ ਪਿਛਲੇ ਮਹੀਨੇ ਥਾਈਲੈਂਡ ਦੀ ਗਰਮੀ ਅਤੇ ਤਾਲ ਦੇ ਵਿਚਕਾਰ ਖੜ੍ਹੇ ਹੋ ਕੇ, ਮੈਂ ਉਹ ਪੁਰਾਣੀ ਤਾਲ ਵਾਪਸ ਮਹਿਸੂਸ ਕੀਤੀ। ਵੇਖਣ, ਸੁਣਨ, ਅਤੇ ਕਿਸੇ ਜਗ੍ਹਾ ਨੂੰ ਸ਼ਬਦ-ਦਰ-ਸ਼ਬਦ ਆਪਣੇ ਆਪ ਨੂੰ ਪ੍ਰਗਟ ਕਰਨ ਦੇਣ ਦੀ ਉਹ ਸਹਿਜ ਤਾਂਘ।

ਬੈਂਕਾਕ ਤੋਂ ਕੁਝ ਘੰਟੇ ਉੱਤਰ ਵੱਲ, ਅਯੁੱਥਿਆ ਦੇ ਖੰਡਰ ਮੈਦਾਨਾਂ ਵਿੱਚੋਂ ਇੱਕ ਅਜਿਹੇ ਸਾਮਰਾਜ ਦੇ ਅਕਸ ਉੱਠੇ ਜੋ ਅਲੋਪ ਹੋਣ ਤੋਂ ਇਨਕਾਰ ਕਰ ਰਹੇ ਸਨ। ਭਗਵੇਂ ਕੱਪੜਿਆਂ ਵਿੱਚ ਬੋਧੀ ਫ਼ਕੀਰ, ਦਰੱਖਤਾਂ ਦੀਆਂ ਜੜ੍ਹਾਂ ਨਾਲ ਘਿਰੇ ਬੁੱਧ ਦੇ ਪੁਰਾਣੇ ਸਿਰ ਦੇ ਕੋਲੋਂ ਲੰਘਦੇ ਹਨ; ਸਾਬਤ ਅਤੇ ਖੰਡਰ ਇੱਕੋ ਹੀ ਸ਼ਾਂਤ ਹਵਾ ਸਾਂਝੀ ਕਰ ਰਹੇ ਸਨ। ਉੱਥੋਂ ਅਗਲੇ ਦਿਨ ਕੰਚਨਾਬੂਰੀ ਤੱਕ, ਕਹਾਣੀ ਦਾ ਲਹਿਜਾ ਬਦਲਿਆ ਪਰ ਯਾਦਾਂ ਨਹੀਂ ਬਦਲੀਆਂ।

ਵਾਤ ਫੂ ਖਾਓ ਥੌਂਗ – ਅਯੁੱਥਿਆ, ਥਾਈਲੈਂਡ

ਕਵਾਏ ਨਦੀ ਦੇ ਉੱਪਰ ਬਣਿਆ ਪੁਲ ਵਕ਼ਤ ਦੁਆਰਾ ਨਰਮ ਕੀਤੇ ਗਏ ਜ਼ਖ਼ਮ ਵਾਂਗ ਫੈਲਿਆ ਹੋਇਆ ਸੀ; ਰੇਲਗੱਡੀਆਂ ਵਿਸਰੇ ਪਲਾਂ ਨੂੰ ਨਾਲ ਲੈ ਕੇ ਖੜ-ਖੜ ਕਰਦੀਆਂ ਹੋਈਆਂ ਪਾਰ ਹੋ ਰਹੀਆਂ ਸਨ। ਇੰਞ ਲੱਗ ਰਿਹਾ ਸੀ ਜਿਵੇਂ ਇਹਨਾਂ ਆਪਣੀ ਦਿਲ ਦੀ ਧੜਕਣ ਦੀ ਆਵਾਜ਼ ਨਾਲ ਜਿਉਣਾ ਸਿੱਖ ਲਿਆ ਹੋਵੇ। ਇਤਿਹਾਸਕ ਥਾਕਸੇ ਪੁਲ ‘ਤੇ ਇੱਕ ਸੈਰ, ਫਿਰ ਹਾਥੀ ਗਾਹ ਜਿੱਥੇ ਹਲੀਮੀ ਮਹਿਸੂਸ ਕੀਤੀ। ਅਗਲਾ ਪੜਾਅ ਸਾਈ ਯੋਕ ਨੋਈ ਝਰਨਾ, ਜਿੱਥੇ ਗੰਭੀਰਤਾ ਦੀ ਥਾਂ ਹਾਸੇ ਨੇ ਲੈ ਲਈ। ਦੁਪਹਿਰ ਦਾ ਖਾਣਾ ਇੱਕ ਰਾਫਟ ਹਾਊਸ ‘ਤੇ ਅਤੇ ਬਾਅਦ ਵਿੱਚ ਦਰਿਆ ਵਿੱਚ ਬਾਂਸਾਂ ਦੇ ਤੁੱਲ੍ਹੇ ਤੇ ਲੰਮਾ ਸਫ਼ਰ ਜਿਵੇਂ ਕਿ ਦਰਿਆ ਨਾਲ ਕੋਈ ਸ਼ਰਤ ਲਾਈ ਹੋਵੇ।

ਘਰ ਪਰਤਨ ਤੋਂ ਪਹਿਲਾਂ ਵੀਅਤਨਾਮ ਯਾਤਰਾ ਤੋਂ ਬਾਅਦ, ਕੁਝ ਦਿਨ ਮੁੜ ਬੈਂਕਾਕ ਵੇਖਣ ਲਈ ਮਿਲੇ। ਮੈਂ ਇਹ ਮੌਕਾ ਬੈਂਕਾਕ ਦੀ ਮੈਟਰੋ ਬਲੂ ਲਾਈਨ ਗਾਹਣ ਲਈ ਵਰਤਿਆ। ਸ਼ਹਿਰ ਆਪਣੇ ਸਮਾਰਕਾਂ ਰਾਹੀਂ ਨਹੀਂ, ਸਗੋਂ ਮੇਰੇ ਤੁਰਨ ਦੇ ਨਾਲ-ਨਾਲ ਹਾਵ-ਭਾਵ ਰਾਹੀਂ ਪ੍ਰਗਟ ਹੋਇਆ: ਚਾਈਨਾਟਾਊਨ ਦੀ ਸੰਘਣੀ ਅਤੇ ਅਜੀਬ ਖ਼ੁਸ਼ਬੋ ਵਾਲੀ ਹਫੜਾ-ਦਫੜੀ, ਤਾਲਤ ਨੋਈ ਦੀਆਂ ਰੰਗੀਆਂ ਹੋਈਆਂ ਗਲੀਆਂ ਜਿੱਥੇ ਕਲਾਕਾਰੀ ਜੰਗਾਲੇ ਦਰਵਾਜ਼ਿਆਂ ‘ਤੇ ਘੁੰਮਦੀ ਸੀ, ਫਰਾ ਰਾਮ 9 ਦੇ ਨੇੜੇ ਮਾਲਾਂ ਦੀ ਉੱਚੀ ਚਮਕ। ਉਸ ਤਰ੍ਹਾਂ ਘੁੰਮਦਾ ਫਿਰਦਾ ਮੈਂ ਗ੍ਰੈਂਡ ਪੈਲੇਸ ਵਿੱਚ ਪਹੁੰਚ ਗਿਆ, ਜਿੱਥੇ ਲੋਕ ਸਮਾਰਕ ਘੱਟ ਵੇਖ ਰਹੇ ਸਨ ਅਤੇ ਤਸਵੀਰਾਂ ਜ਼ਿਆਦਾ ਖਿੱਚ ਰਹੇ ਸਨ। ਚਮਕਦਾਰ ਅਜੀਬ ਤੌਰ ‘ਤੇ ਮਨ ਨੂੰ ਪ੍ਰਭਾਵਿਤ ਕਰਨ ਵਾਲਾ। ਅਤੇ ਫਿਰ ਰਾਣੀ ਸਿਰੀਕਿਤ ਦੇ ਨਾਂ ਤੇ ਰੱਖੇ ਹੋਏ ਕੱਪੜਿਆਂ ਦਾ ਜ਼ਾਇਬ ਘਰ। ਇੱਕ ਕੀਮਤੀ ਖਜ਼ਾਨਾ ਜਿੱਥੇ ਸ਼ਾਹੀ ਇਤਿਹਾਸ ਦੇ ਧਾਗੇ ਇੱਕ ਬੇਚੈਨ ਯੁੱਗ ਵਿੱਚ ਧੀਰਜ ਅਤੇ ਹੱਥੀਂ ਕੰਮ ਦੀ ਗੱਲ ਕਰਦੇ ਸਨ।

ਥਾਈਲੈਂਡ ਕਦੇ ਵੀ ਕਾਹਲੀ ਵਿੱਚ ਮਹਿਸੂਸ ਨਹੀਂ ਹੁੰਦਾ; ਇਹ ਬਸ ਆਪਣੀ ਹੀ ਤਾਲ ‘ਤੇ ਚਲਦਾ ਹੈ। ਪੁਰਾਣਾ ਫਿਰ ਵੀ ਆਪਣੀ ਅਜੋਕੀ ਤਰੱਕੀ ਤੇ ਮੁਸਕਰਾਉਂਦਾ ਹੋਇਆ। ਇਹ ਤੁਹਾਨੂੰ ਭਟਕਣ, ਘੁੱਟ ਭਰਨ, ਅਤੇ ਥੋੜ੍ਹਾ ਹੋਰ ਦੇਰ ਤੱਕ ਘੂਰਨ ਲਈ ਸੱਦਾ ਦਿੰਦਾ ਹੈ। ਹਰ ਖੰਡਰ, ਹਰ ਬਾਜ਼ਾਰ ਦੀ ਹਰ ਦੁਕਾਨ, ਭੀੜ ਵਾਲੀ ਮੈਟਰੋ ਗੱਡੀ ‘ਤੇ ਹਰ ਸਫ਼ਰ, ਗਤੀ ਦਾ ਇੱਕ ਛੋਟਾ ਜਿਹਾ ਵਿਰੋਧ ਹੈ। ਅਤੇ ਜਦੋਂ ਮੈਂ ਬਾਅਦ ਵਿੱਚ ਸਭ ਲਿਖਣ ਲਈ ਬੈਠਾ ਤਾਂ ਸੈਂਕੜੇ ਤਸਵੀਰਾਂ ਵਿੱਚੋਂ ਇੱਥੇ ਜੜਣ ਲਈ ਇੱਕ ਤਸਵੀਰ ਦੀ ਚੋਣ। ਸਿਰਫ਼ ਇੱਕ, ਸੰਕੇਤ ਵਜੋਂ ਜੋ ਇਹ ਅਹਿਸਾਸ ਕਰਾਵੇ ਕਿ ਕੁਝ ਯਾਤਰਾਵਾਂ ਅਜੇ ਵੀ ਵਖਾਏ ਜਾਣ ਦੀ ਬਜਾਏ ਲਿਖੇ ਜਾਣ ਲਈ ਕਹਿੰਦੀਆਂ ਹਨ।

ਅਗਲੀ ਵਾਰ: ਵੀਅਤਨਾਮ: ਸੁਰੰਗਾਂ, ਨਦੀਆਂ, ਗਤੀਸ਼ੀਲ ਅਤੇ ਸਹਿਣਸ਼ੀਲ ਮੁਲਕ ਦੀ ਯਾਤਰਾ।

Posted in ਚਰਚਾ, ਸਮਾਜਕ

ਆਓਤਿਆਰੋਆ ਨਿਊਜ਼ੀਲੈਂਡ ਵਿੱਚ ਸਾਂਝੀਵਾਲਤਾ ਦਾ ਭਰਮ

ਬਰਤਾਨੀਆ ਦਾ ਦੂਜੀ ਸੰਸਾਰ ਜੰਗ ਤੋਂ ਬਾਅਦ ਦਾ ਪ੍ਰਵਾਸੀ ਤਜਰਬਾ ਵਖਾਉਂਦਾ ਹੈ ਕਿ ਭਿੰਨਤਾ ਦਾ ਮੇਲ ਕਈ ਵਾਰ ਕਿਵੇਂ ਕਾਮਯਾਬੀਆਂ ਤਾਂ ਲਿਆਉਂਦਾ ਹੈ ਪਰ ਇਹ ਗੂੜ੍ਹੀ ਸਮਾਜਕ ਏਕਤਾ ਦੀ ਜ਼ਮਾਨਤ ਨਹੀਂ ਭਰਦਾ। ਰਿਸ਼ੀ ਸੁਨਕ ਅਤੇ ਸਾਦਿਕ ਖ਼ਾਨ ਵਰਗੇ ਪ੍ਰਵਾਸੀ ਮੂਲ ਦੇ ਨੇਤਾ; ਦੋਵੇਂ ਪਰਵਾਸੀਆਂ ਦੇ ਬੱਚੇ, ਦੋਵੇਂ ਉੱਚ ਸਿਆਸੀ ਅਹੁਦਿਆਂ ਤੱਕ ਪਹੁੰਚੇ ਅਕਸਰ ਖੁੱਲ੍ਹੇ ਅਤੇ ਯੋਗਤਾਤੰਤਰ ਸਮਾਜ ਦੇ ਸਬੂਤ ਵਜੋਂ ਪੇਸ਼ ਕੀਤੇ ਜਾਂਦੇ ਹਨ। ਪਰ ਉਨ੍ਹਾਂ ਦੀ ਸਫ਼ਲਤਾ ਨੇ ਵੀ ਸ਼ੱਕ-ਸੰਦੇਹ, ਪੱਖਪਾਤ ਜਾਂ ਇਕੱਠੇ ਰਹਿੰਦੇ ਸਮਾਜਾਂ ਵਿਚਾਲੇ ਵੰਡ ਨੂੰ ਖਤਮ ਨਹੀਂ ਕੀਤਾ। ਬਰਤਾਨੀਆ ਅਜੇ ਵੀ ਉਹੀ ਥਾਂ ਹੈ ਜਿੱਥੇ ਵੱਖਰੇ ਵਰਗਾਂ ਦੇ ਇਲਾਕੇ ਮੌਜੂਦ ਹਨ ਅਤੇ ਲੋਕ ਸਮਾਨਾਂਤਰ ਜ਼ਿੰਦਗੀਆਂ ਜੀ ਰਹੇ ਹਨ। ਇਹ ਸਾਰਾ ਤਜਰਬਾ ਆਓਤਿਆਰੋਆ ਨਿਊਜ਼ੀਲੈਂਡ ਲਈ ਇੱਕ ਮਾਰਗਸੂਚਕ ਹੈ।

ਆਓਤਿਆਰੋਆ ਨਿਊਜ਼ੀਲੈਂਡ ਵਿਚ ਪ੍ਰਵਾਸ ਘੱਟ ਮਾਤਰਾ ਵਿਚ, ਵਧੇਰੇ ਕਾਬੂ ਵਿੱਚ ਅਤੇ ਕਥਿਤ ਤੌਰ ਤੇ ਗਿਣੇ-ਮਿੱਥੇ ਵਿਚਾਰ ਕਰਕੇ ਕੀਤਾ ਗਿਆ ਹੈ। ਅਸੀਂ ਕਾਗਜ਼ਾਂ ਵਿੱਚ ਵਿਭਿੰਨਤਾ ਦਾ ਜਸ਼ਨ ਮਨਾਉਂਦੇ ਹਾਂ ਅਤੇ ਨੀਤੀਆਂ ਅਤੇ ਸਮਾਰੋਹਾਂ ਵਿੱਚ ਇਸ ਦੇਸ ਦੀਆਂ ਦ੍ਵੈ-ਸਭਿਆਚਾਰਕ ਬੁਨਿਆਦਾਂ ਦਾ ਜ਼ਿਕਰ ਕਰਦੇ ਹਾਂ। ਪਰ ਸੰਬੰਧ ਪੈਦਾ ਕਰਨ ਦੀ ਅਸਲ ਮਸ਼ੀਨਰੀ, ਜਿਵੇਂ ਕਿ ਉਹ ਢਾਂਚੇ ਜੋ ਪ੍ਰਵਾਸੀਆਂ ਨੂੰ ਮੁਲਕ ਦੇ ਨਾਗਰਿਕ, ਸਿਆਸੀ ਅਤੇ ਸਭਿਆਚਾਰਕ ਕੇਂਦਰ ਨਾਲ ਜੋੜਦੇ ਹਨ  — ਅਜੇ ਵੀ ਅਧੂਰੇ ਹਨ। ਵਸੇਬਾ ਸੇਵਾਵਾਂ ਜ਼ਿਆਦਾਤਰ ਆਉਣ ਤੋਂ ਬਾਅਦ ਦੇ ਪਹਿਲੇ ਕੁਝ ਚਿਰ ਤੇ ਹੀ ਧਿਆਨ ਦਿੰਦੀਆਂ ਹਨ, ਬਹੁਸਭਿਆਚਾਰ ਨੀਤੀਆਂ ਦਾ ਧਿਆਨ ਸਿਰਫ਼ ਜਸ਼ਨ-ਸਮਾਰੋਹਾਂ ਤੇ ਹੁੰਦਾ ਹੈ, ਅਤੇ ਸਿਆਸੀ ਅਗਵਾਈ ਦੀਆਂ ਲੀਹਾਂ ਪ੍ਰਤੱਖ ਨਹੀਂ ਹੈ ਅਤੇ ਨਾ ਹੀ ਉਹ ਪ੍ਰਵਾਸੀਆਂ ਨੂੰ ਵੱਡੇ ਫੈਸਲਾ-ਕਰਨ ਵਾਲੇ ਪੱਧਰਾਂ ਤੱਕ ਪਹੁੰਚਾਉਣ ਲਈ ਬਣੀਆਂ ਹਨ। ਨਤੀਜਾ ਇਹ ਹੈ ਕਿ ਪ੍ਰਵਾਸੀ ਕਈ ਪੀੜ੍ਹੀਆਂ ਬਾਅਦ ਵੀ ਅਸਲ ਸਮਾਜਕ ਜਾਂ ਫਿਰ ਰਾਜਨੀਤਕ ਤਾਕਤ ਦੇ ਹਾਸ਼ੀਏ ਤੇ ਹੀ ਰਹਿੰਦੇ ਹਨ।

ਜੇ ਕਰ ਕੁਝ ਸਿਆਸੀ ਜਾਂ ਨਾਗਰਿਕ ਤੌਰ ‘ਤੇ ਕਾਮਯਾਬੀਆਂ ਮਿਲੀਆਂ ਹਨ ਤਾਂ ਉਹ ਥੋੜੇ ਚਿਰ ਲਈ ਜਾਂ ਸਥਾਨਕ ਪੱਧਰ ਤੇ ਹੀ ਸੀਮਿਤ ਰਹੀਆਂ ਹਨ। ਸੁੱਖੀ ਟਰਨਰ ਦਾ ਡਨੀਡਨ ਦੀ ਮੇਅਰ ਬਨਣਾ ਇੱਕ ਨਿਵੇਕਲੀ ਘਟਨਾ ਸੀ। ਕਦੇ-ਕਦੇ ਕੋਈ ਹੋਰ ਪ੍ਰਵਾਸੀ ਮੂਲ ਦਾ ਮੇਅਰ ਜਾਂ ਕੌਂਸਲਰ ਬਣਿਆ ਵੀ ਹੋਵੇ, ਪਰ ਕੋਈ ਵੀ ਕਿਸੇ ਠੋਸ ਆਗੂ ਵਜੋਂ ਉਭਰਿਆ ਨਹੀਂ। ਇਹ ਸਾਰੇ ਵਾਕਿਆ ਜ਼ਿਆਦਾ ਤੌਰ ਤੇ ਸਥਾਨਕ ਠੀਕਾ ਲਾਉਣ ਵਾਲੀਆਂ ਕਸਰਤਾਂ ਵਾਙ ਹਨ, ਨਾ ਕਿ ਵੱਡੇ ਢਾਂਚਾਗਤ ਬਦਲਾਅ। ਇਹ ਤਰ੍ਹਾਂ ਦੀ ਪ੍ਰਤੀਨਿਧਤਾ ਪ੍ਰਵਾਸੀ ਭਾਈਚਾਰਿਆਂ ਦੇ ਸਿਆਸੀ ਢਾਂਚਿਆਂ ਦੇ ਕੁਦਰਤੀ ਵਿਕਾਸ ਨੂੰ ਰੋਕਦੀ ਹੈ। ਇੱਕ ਕਾਰਨ ਪ੍ਰਵਾਸੀ ਖੁਦ ਵੀ ਹਨ: ਕੁਝ ਆਗੂ ਆਪਣੇ ਆਪ ਨੂੰ ਸਰਪੰਚ ਵੱਜੋਂ ਪੇਸ਼ ਕਰਦੇ ਰਹਿੰਦੇ ਹਨ ਪਰ ਉਹਨਾਂ ਦਾ ਜ਼ਮੀਨੀ ਪੱਧਰ ਤੇ ਕੋਈ ਸਮਾਜਕ ਪਰਛਾਵਾਂ ਨਹੀਂ ਹੁੰਦਾ। ਉਹ ਗੁੱਝੀ ਸ਼ਬਦਾਵਲੀ ਵਰਤਦੇ ਹਨ ਪਰ ਭਾਈਚਾਰਿਆਂ ਦੀ ਪੂਰੀ ਇਕਮੁੱਠਤਾ ਨੂੰ ਕਦੇ ਪਰੋਂਦੇ ਨਹੀਂ। ਇਸ ਕਰਕੇ ਪ੍ਰਵਾਸੀ ਸਿਆਸੀ ਮੌਜੂਦਗੀ ਅਕਸਰ ਪੇਤਲੀ, ਪਿਛਾਖੜੀ ਅਤੇ ਲੋਕਾਂ ਦੀ ਹਕੀਕਤ ਤੋਂ ਕੱਟੀ ਹੋਈ ਹੁੰਦੀ ਹੈ।

Photo by Vlado Paunovic on Pexels.com

ਕਈ ਯੋਗ ਪ੍ਰਵਾਸੀ ਵਧੇਰੇ ਮੌਕਿਆਂ ਦੀ ਖੋਜ ਵਿੱਚ ਆਸਟ੍ਰੇਲੀਆ ਚਲੇ ਜਾਂਦੇ ਹਨ ਅਤੇ ਪਿੱਛੇ ਰਹਿ ਜਾਂਦਾ ਹੈ ਇੱਕ ਪੇਤਲਾ ਜਿਹਾ ਨਿਸ਼ਾਨ ਆਓਤਿਆਰੋਆ ਨਿਊਜ਼ੀਲੈਂਡ ਦੇ ਸਿਆਸੀ ਢਾਂਚੇ ਉਤੇ— ਜਿਹੜੇ ਜ਼ਿਆਦਾਤਰ ਹਾਸ਼ੀਏ ਵੱਲ ਧੱਕੇ ਜਾਂਦੇ ਹਨ ਜਾਂ ਜਿਨ੍ਹਾਂ ਦੀ ਸਮਰੱਥਾ ਨੂੰ ਥਾਪੀ ਵੀ ਨਹੀਂ ਦਿੱਤੀ ਜਾਂਦੀ।

ਕੀ ਕੋਈ ਪ੍ਰਵਾਸੀ ਬੱਚਾ ਆਓਤਿਆਰੋਆ ਨਿਊਜ਼ੀਲੈਂਡ ਵਿੱਚ ਯਕੀਨਨ ਪ੍ਰਧਾਨ ਮੰਤਰੀ ਬਣ ਸਕਦਾ ਹੈ? ਕੀ ਕੋਈ ਸਾਡੇ ਸਭ ਤੋਂ ਵੱਡੇ ਸ਼ਹਿਰ ਦੀ ਮੇਅਰ ਦੇ ਤੌਰ ਤੇ ਅਗਵਾਈ ਕਰ ਸਕਦਾ ਹੈ ਜਿੱਥੇ ਉਸ ਦੀ ਮੂਲ-ਪਛਾਣ ਹਮੇਸ਼ਾ ਚਰਚਾ ਦਾ ਵਿਸ਼ਾ ਨਾ ਬਣਦੀ ਹੋਵੇ? ਕੀ ਕੋਈ ਪ੍ਰਵਾਸੀ ਸਰਕਾਰੀ ਖੇਤਰ ਦੇ ਸਭ ਤੋਂ ਉੱਚ ਅਹੁਦਿਆਂ ਤੱਕ ਪਹੁੰਚ ਸਕਦਾ ਹੈ ਬਿਨਾਂ ਕਿਸੇ ਭੇਦ-ਭਾਵ ਦੇ? ਅਸਲ ਵਿੱਚ, ਰਿਸ਼ੀ ਸੁਨਕ ਵਰਗੇ ਹਾਲਾਤ ਇਥੇ ਕਦੇ ਨਹੀਂ ਬਣ ਸਕਦੇ। ਰੁਕਾਵਟਾਂ ਸਿਰਫ਼ ਸੁਮੇਲਤਾ ਜਾਂ ਤਿਆਰੀ ਦੀਆਂ ਨਹੀਂ ਹਨ — ਇਹ ਉਹ ਨਸਲੀ ਢਾਂਚੇ ਹਨ ਜੋ ਨਸਲ ਦੀ ਬੁਨਿਆਦ ਤੇ ਇਹ ਨਿਰਧਾਰਤ ਕਰਦੇ ਹਨ ਕਿ ਕੌਣ “ਢੁਕਵਾਂ” ਹੈ। ਅਮਲੀ ਤੌਰ ਤੇ ਆਓਤਿਆਰੋਆ ਨਿਊਜ਼ੀਲੈਂਡ ਵਿੱਚ ਸਿਰਫ਼ ਅਤੇ ਸਿਰਫ਼ ਨਸਲਵਾਦ ਕਾਰਨ ਲੋਕ ਬਰਾਬਰ ਨਹੀਂ ਹਨ — ਚਾਹੇ ਉਹ ਸ਼ਰ੍ਹੇ-ਆਮ ਹੋਵੇ ਜਾਂ ਢਾਂਚਾਗਤ।

ਅਸਲ ਏਕਤਾ ਹਾਸਲ ਕਰਨ ਲਈ ਨਸਲੀ ਢਾਂਚਿਆਂ ਨੂੰ ਲਗਾਤਾਰ ਤੋੜਣਾ ਪਵੇਗਾ। ਇਸ ਕੰਮ ਦਾ ਮਤਲਬ ਹੈ “ਕਾਬਲੀਅਤ” ਦੇ ਅਰਥ ਨੂੰ ਮੁੜ-ਪਰਿਭਾਸ਼ਿਤ ਕਰਨਾ — ਇਹ ਚੁਣੌਤੀ ਦੇਣੀ ਕਿ ਕੀ ਇਹ ਸਿੱਖਿਆ, ਹੁਨਰ ਅਤੇ ਪ੍ਰਦਰਸ਼ਨ ‘ਤੇ ਆਧਾਰਿਤ ਹੈ ਜਾਂ ਚਮੜੀ ਦੇ ਰੰਗ, ਭਾਈ-ਭਤੀਜਾਵਾਦ ਅਤੇ ਸੱਭਿਆਚਾਰਕ ਆਤਮਸਾਤ ਉੱਤੇ? ਅਸਲ ਬਦਲਾਅ ਉਹ ਹੋਵੇਗਾ ਜਿਹੜਾ ਭਰਤੀ ਅਤੇ ਤਰੱਕੀ ਦੀਆਂ ਪ੍ਰਕਿਰਿਆਵਾਂ ਨੂੰ ਨੰਗਾ ਕਰੇ ਜੋ ਸਿਰਫ਼ ਇੱਕੋ ਵਰਗੇ ਲੋਕਾਂ ਨੂੰ ਅੱਗੇ ਲਿਆਉਂਦੀਆਂ ਹਨ। ਇਹ ਵੀ ਸਪੱਸ਼ਟ ਕਰੇ ਕਿ ਫੈਸਲੇ ਕਿਵੇਂ ਕੀਤੇ ਜਾਂਦੇ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੀ ਸੰਸਥਾਵਾਂ ਕਾਗ਼ਜ਼ੀ ਇਰਾਦਿਆਂ ਨੂੰ ਨਤੀਜਿਆਂ ਵਿੱਚ ਬਦਲ ਸਕੀਆਂ ਕਿ ਨਹੀਂ? ਬਿਨਾਂ ਇਸ ਗਹਿਰੇ ਬਦਲਾਅ ਦੇ, ਬਰਾਬਰੀ ਸਿਰਫ਼ ਇੱਕ ਸੁਫ਼ਨਾ ਬਣੀ ਰਹੇਗੀ ਅਤੇ ਜ਼ਮੀਨੀ ਪੱਧਰ ਤੇ ਕੋਈ ਬਦਲਾਅ ਨਹੀਂ ਆਵੇਗਾ।

ਨਿਊਜ਼ੀਲੈਂਡ ਪੁਨਰਗਠਨ ਦਾ ਸ਼ੌਕੀਨ ਹੈ। ਸਰਕਾਰਾਂ ਅਤੇ ਏਜੰਸੀਆਂ ਵਾਰ-ਵਾਰ ਨਵੇਂ ਢਾਂਚੇ ਅਤੇ ਪੁਨਰਗਠਨਾਂ ਰਾਹੀਂ ਵੱਡੇ ਬਦਲਾਅ ਦੇ ਵਾਅਦੇ ਕਰਦੀਆਂ ਹਨ। ਪਰ ਜਨਤਕ ਤੌਰ ‘ਤੇ ਹਾਸਲ ਆਂਕੜੇ ਕਿੱਥੇ ਹਨ ਜੋ ਇਹ ਸਾਬਤ ਕਰਨ ਕਿ ਇਹ ਬਦਲਾਅ ਬਜਟ ਕਟੌਤੀਆਂ ਤੋਂ ਬਿਨਾਂ ਕੁਝ ਹੋਰ ਸੁਧਾਰ ਵੀ ਲਿਆਏ ਹਨ? ਲੰਮੇ ਸਮੇਂ ਦੇ ਸਮਾਜਿਕ ਜਾਂ ਆਰਥਿਕ ਸੁਧਾਰਾਂ ਦੇ ਸਪੱਸ਼ਟ ਤੱਥ ਕਿੱਥੇ ਹਨ, ਸਿਰਫ਼ ਵਹੀ-ਖ਼ਾਤੇ ਦੀਆਂ ਬਚਤਾਂ ਤੋਂ ਬਿਨਾਂ ਹੋਰ ਕੀ ਹੈ? ਬਿਨਾਂ ਇਸ ਸਬੂਤ ਦੇ, ਪੁਨਰਗਠਨ ਸੁਧਾਰ ਘੱਟ ਅਤੇ ਡੱਬੇ-ਖਸਕਾਉਣ ਵਾਲੀ ਰਸਮ ਵੱਧ ਲੱਗਦੀ ਹੈ, ਜਦੋਂ ਕਿ ਅਸਲ ਅਸਮਾਨਤਾਵਾਂ ਜਿਉਂ ਦੀ ਤਿਉਂ ਹੀ ਬਰਕਰਾਰ ਰਹਿੰਦੀਆਂ ਹਨ।

ਇਸ ਤਰ੍ਹਾਂ ਦੀ ਚਰਚਾ ਜ਼ਰੂਰੀ ਹੈ: ਇਹ ਨਿਰਾਸਤਾ ਦੀ ਨਿਸ਼ਾਨੀ ਨਹੀਂ, ਸਗੋਂ ਸਪਸ਼ਟ ਨਿਗ਼ਾਹ ਨਾਲ ਵੇਖਣ ਦੀ ਕੋਸ਼ਿਸ਼ ਹੈ। ਆਓਤਿਆਰੋਆ ਨਿਊਜ਼ੀਲੈਂਡ ਆਪਣੇ ਆਪ ਨੂੰ ਨਿਰਪੱਖ ਕਹਾਉਂਦਾ ਹੈ, ਪਰ ਇਹ ਹਕੀਕਤ ਤੋਂ ਕੋਹਾਂ ਦੂਰ ਹੈ। ਇਸ ਖਾਈ ਨੂੰ ਪਾਰ ਕਰਨ ਲਈ ਸਾਨੂੰ ਰਸਮੀ ਭਾਸ਼ਾ ਜਾਂ ਪ੍ਰਸ਼ਾਸਕੀ ਤਬਦੀਲੀਆਂ ਤੋਂ ਵੱਧ ਹੋਰ ਵੀ ਕੁਝ ਚਾਹੀਦਾ ਹੈ; ਸਾਨੂੰ ਉਹ ਸੱਭਿਆਚਾਰਕ ਇਮਾਨਦਾਰੀ ਚਾਹੀਦੀ ਹੈ ਜੋ ਤਰੇੜਾਂ ਨੂੰ ਪਛਾਣ ਸਕੇ ਅਤੇ ਉਹ ਸਿਆਸੀ ਹਿੰਮਤ ਵੀ ਚਾਹੀਦੀ ਜੋ ਉਨ੍ਹਾਂ ਤਰੇੜਾਂ ਨੂੰ ਪੂਰ ਸਕੇ। ਫੇਰ ਹੀ ਸਮਾਜਿਕ ਏਕਤਾ ਦਾ ਵਿਚਾਰ ਦਿਸਹੱਦੇ ਤੇ ਨਹੀਂ ਬਲਕਿ ਜੀਉਂਦੀ ਜਾਗਦੀ ਹਕੀਕਤ ਵਾਙ ਮਹਿਸੂਸ ਹੋ ਸਕਦਾ ਹੈ।

Posted in ਚਰਚਾ, ਵਿਚਾਰ, ਸਭਿਆਚਾਰ

ਮਜਬੂਰੀ ਤੋਂ ਮਾਣ ਤੱਕ ਦਾ ਸਫ਼ਰ

ਪੰਜਾਬੀ ਲੋਕ-ਸਾਹਿਤ ਵਿੱਚ ਇੱਕ ਕਹਾਵਤ ਅਕਸਰ ਸੁਣਨ ਨੂੰ ਮਿਲਦੀ ਹੈ — “ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।”

ਇਹ ਕਹਾਵਤ 18ਵੀਂ ਸਦੀ ਦੇ ਉਸ ਔਖੇ ਦੌਰ ਦੀ ਗਵਾਹੀ ਭਰਦੀ ਹੈ ਜਦੋਂ ਅਫ਼ਗ਼ਾਨ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਲਗਾਤਾਰ ਹਮਲੇ ਕੀਤੇ। ਉਸ ਦੇ ਸਿਪਾਹੀ ਪਿੰਡਾਂ ਵਿੱਚੋਂ ਅਨਾਜ, ਪਸ਼ੂ ਅਤੇ ਕੀਮਤੀ ਸਮਾਨ ਲੁੱਟ ਕੇ ਲੈ ਜਾਂਦੇ ਸਨ। ਜੋ ਕੁਝ ਵੀ ਲੋਕ ਨੇ ਸਾਂਭ ਕੇ ਰੱਖਿਆ ਹੁੰਦਾ ਸੀ, ਉਹ ਸਭ ਲੁੱਟ ਦਾ ਸ਼ਿਕਾਰ ਹੋ ਜਾਂਦਾ।

ਉਸ ਦੌਰ ਵਿੱਚ, ਕਣਕ ਨੂੰ ਸਭ ਤੋਂ ਕੀਮਤੀ ਅਨਾਜ ਮੰਨਿਆ ਜਾਂਦਾ ਸੀ ਅਤੇ ਇਹ ਹਮੇਸ਼ਾ ਹਮਲਾਵਰਾਂ ਦਾ ਪਹਿਲਾ ਨਿਸ਼ਾਨਾ ਬਣਦੀ। ਪਰ ਮੱਕੀ, ਜੋ ਅਸਲ ਵਿੱਚ ਭਾਰਤ ਦੀ ਫ਼ਸਲ ਨਹੀਂ ਸੀ, ਉਸਨੂੰ ਅਬਦਾਲੀ ਦੇ ਸਿਪਾਹੀ ਅਕਸਰ ਛੱਡ ਜਾਂਦੇ। ਇਸੇ ਤਰ੍ਹਾਂ ਸਰ੍ਹੋਂ-ਪਾਲਕ ਦੇ ਪੱਤੇ ਵੀ ਉਹਨਾਂ ਦੀ ਲੁੱਟ ਤੋਂ ਬਚੇ ਰਹਿੰਦੇ ਸਨ।

ਮੱਕੀ ਦਾ ਜਨਮ ਕੇਂਦਰੀ ਅਮਰੀਕਾ ਵਿੱਚ ਹੋਇਆ ਸੀ। ਇਹ ਸੋਲ੍ਹਵੀਂ ਅਤੇ ਸਤਾਰ੍ਹਵੀਂ ਸਦੀ ਦੌਰਾਨ ਪੁਰਤਗਾਲੀ ਵਪਾਰੀਆਂ ਰਾਹੀਂ ਪੂਰਬੀ ਏਸ਼ੀਆ, ਅਫ਼ਰੀਕਾ ਅਤੇ ਫਿਰ ਭਾਰਤ ਤੱਕ ਪਹੁੰਚੀ। ਪੰਜਾਬ ਵਿੱਚ ਇਸ ਦੀ ਖੇਤੀ ਹੋਰ ਦੇਰ ਨਾਲ ਸ਼ੁਰੂ ਹੋਈ, ਪਰ ਇਸਨੂੰ ਕਣਕ ਜਾਂ ਜੌਂ ਵਰਗਾ ਮੁੱਖ ਅਨਾਜ ਨਹੀਂ ਮੰਨਿਆ ਜਾਂਦਾ ਸੀ। ਪੰਜਾਬ ਵਿੱਚ ਮੱਕੀ ਦੀ ਵਰਤੋਂ ਜ਼ਿਆਦਾਤਰ ਪਸ਼ੂਆਂ ਦੇ ਚਾਰੇ ਵਜੋਂ ਹੁੰਦੀ ਸੀ, ਜਿਸਨੂੰ ਆਮ ਭਾਸ਼ਾ ਵਿੱਚ ਛਟਾਲਾ ਕਿਹਾ ਜਾਂਦਾ ਸੀ।

Photo by Thomas Fuhrmann on Pexels.com

ਜਦੋਂ ਅਬਦਾਲੀ ਦੇ ਹਮਲੇ ਹੁੰਦੇ, ਤਾਂ ਕਣਕ ਅਤੇ ਹੋਰ ਮਹਿੰਗੀਆਂ ਵਸਤੂਆਂ ਲੁੱਟੀਆਂ ਜਾਂਦੀਆਂ। ਅਜਿਹੇ ਸਮੇਂ ਵਿੱਚ ਲੋਕਾਂ ਦਾ ਗੁਜ਼ਾਰਾ ਇਸੇ ਬਚੇ-ਖੁਚੇ ‘ਤੇ ਚੱਲਦਾ ਸੀ। ਛਟਾਲਾ ਪੂਰਾ ਉੱਗ ਕੇ ਮੱਕੀ ਬਣ ਜਾਂਦਾ ਸੀ। ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਕਿਸੇ ਦਾਅਵਤ ਦਾ ਭੋਜਨ ਨਹੀਂ ਸੀ, ਸਗੋਂ ਭੁੱਖੇ ਢਿੱਡਾਂ ਨੂੰ ਭਰਨ ਅਤੇ ਠੰਢ ਵਿੱਚ ਸਰੀਰ ਨੂੰ ਗਰਮ ਰੱਖਣ ਦਾ ਇੱਕੋ-ਇੱਕ ਸਾਧਨ ਸੀ। ਇਹ ਦੋਨੋਂ ਚੀਜ਼ਾਂ ਲੋਕਾਂ ਦੇ ਤਵੇ ਅਤੇ ਤੌੜੀਆਂ ਚਲਾਉਂਦੀਆਂ ਸਨ।

ਵਕਤ ਬੀਤਣ ਨਾਲ, ਇਹ ਭੋਜਨ ਜੋ ਕਦੇ ਮਜਬੂਰੀ ਦਾ ਪ੍ਰਤੀਕ ਸੀ, ਹੌਲੀ-ਹੌਲੀ ਪੰਜਾਬੀ ਸੱਭਿਆਚਾਰ ਦੀ ਰੂਹਾਨੀ ਪਛਾਣ ਬਣ ਗਿਆ। ਲੋਕ-ਗੀਤਾਂ, ਬੋਲੀਆਂ, ਅਤੇ ਢਾਬਿਆਂ ਨੇ ਇਸਨੂੰ ਇੰਨਾ ਮਾਨ ਦਿੱਤਾ ਕਿ ਇਹ ਅੱਜ “ਪੰਜਾਬ ਦੀ ਰਵਾਇਤੀ ਖੁਰਾਕ” ਵਜੋਂ ਜਾਣਿਆ ਜਾਂਦਾ ਹੈ। ਜੋ ਭੋਜਨ ਕਦੇ ਗਰੀਬੀ ਅਤੇ ਬੇਬਸੀ ਦੀ ਨਿਸ਼ਾਨੀ ਸੀ, ਉਸ ਨੂੰ ਪੰਜਾਬੀਆਂ ਨੇ ਮਾਣ ਅਤੇ ਪਿਆਰ ਨਾਲ ਅਪਣਾ ਲਿਆ।

ਜਿਵੇਂ-ਜਿਵੇਂ ਵਕਤ ਨੇ ਰੁਖ ਬਦਲਿਆ, ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ, ਖਾਸ ਤੌਰ ‘ਤੇ ਸਰਦੀਆਂ ਦੀ ਰੁੱਤ ਵਿੱਚ, ਪਰਿਵਾਰਕ ਅਤੇ ਸੱਭਿਆਚਾਰਕ ਸਾਂਝ ਦਾ ਪ੍ਰਤੀਕ ਬਣ ਗਿਆ। ਪਿੰਡਾਂ ਵਿੱਚ ਅੱਜ ਵੀ, ਜਦੋਂ ਠੰਢ ਆਪਣਾ ਜ਼ੋਰ ਫੜਦੀ ਹੈ, ਤਾਂ ਘਰਾਂ ਵਿੱਚ ਚੁੱਲ੍ਹੇ ‘ਤੇ ਸਾਗ ਬਣਦਾ ਹੈ, ਜਿਸਦੀ ਖੁਸ਼ਬੂ ਦੂਰ-ਦੂਰ ਤੱਕ ਫੈਲ ਜਾਂਦੀ ਹੈ। ਇਹ ਸਾਗ ਹੱਥਾਂ ਨਾਲ ਬਣਾਏ ਗਏ ਤਾਜ਼ੇ ਮੱਖਣ, ਲੱਸੀ, ਅਤੇ ਮਿਠਾਸ ਲਈ ਗੁੜ ਨਾਲ ਵਰਤਾਇਆ ਜਾਂਦਾ ਹੈ। ਇਹ ਭੋਜਨ ਹੁਣ ਪੰਜਾਬ ਦੀ ਮਿੱਟੀ, ਮਿਹਨਤ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਦਾ ਚਿੰਨ੍ਹ ਹੈ। ਇਹ ਸਰਦੀਆਂ ਦੀ ਇੱਕ ਅਜਿਹੀ ਪਰੰਪਰਾ ਹੈ ਜੋ ਹੁਣ ਪੀੜ੍ਹੀ ਦਰ ਪੀੜ੍ਹੀ ਚਲ ਰਹੀ ਹੈ ਅਤੇ ਜੋ ਸਾਡੇ ਵਿਰਸੇ ਦਾ ਅਨਿੱਖੜਵਾ ਅੰਗ ਬਣ ਗਈ ਹੈ।

ਇਸ ਵਿੱਚ ਇੱਹੀ ਡੂੰਘੀ ਤਨਜ਼ੀਹੀ ਸੱਚਾਈ ਲੁਕੀ ਹੋਈ ਹੈ ਕਿ ਜਿਹੜੀ ਫ਼ਸਲ ਪੰਜਾਬ ਦੀ ਨਹੀਂ ਸੀ, ਅਤੇ ਜਿਨ੍ਹਾਂ ਚੀਜ਼ਾਂ ਨੂੰ ਅਬਦਾਲੀ ਦੇ ਸਿਪਾਹੀ ਛੱਡ ਜਾਂਦੇ ਸਨ, ਉਹੀ ਅੱਜ ਪੰਜਾਬੀ ਮਾਣ ਦਾ ਪ੍ਰਤੀਕ ਬਣ ਗਈਆਂ ਹਨ। ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਸਿਰਫ਼ ਇੱਕ ਖਾਣਾ ਨਹੀਂ, ਸਗੋਂ ਪੰਜਾਬੀਆਂ ਦੀ ਜੀਵਨ-ਰੱਖਿਆ ਅਤੇ ਨਾ ਡੋਲਣ ਵਾਲੇ ਹੌਸਲੇ ਦਾ ਸਬੂਤ ਹੈ।

ਕੀ ਤੁਸੀਂ ਕਦੇ ਸੋਚਿਆ ਸੀ ਕਿ ਇਸ ਸੁਆਦਲੇ ਭੋਜਨ ਦੇ ਪਿੱਛੇ ਇੰਨੀ ਡੂੰਘੀ ਅਤੇ ਅਰਥਪੂਰਨ ਕਹਾਣੀ ਲੁਕੀ ਹੋਈ ਹੈ?

Posted in ਚਰਚਾ, ਵਿਚਾਰ, ਸਮਾਜਕ

ਸਾਂਝਾ ਦਰਦ

ਕਈ ਵਾਰੀ ਕਿਸੇ ਦੇ ਦਰਦ ਨੂੰ ਸਮਝਣ ਲਈ, ਸਾਂਝੀਆਂ ਚਿੰਤਾਵਾਂ ਅਤੇ ਦਰਦ ਦੀ ਜੜ੍ਹ ਨੂੰ ਵੇਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਵਿਚਾਰ ਕਿਸੇ ਕਿਸਮ ਦੀ ਵੰਙਾਰ ਨਹੀਂ, ਸਗੋਂ ਸਾਂਝੇ ਤਜਰਬਿਆਂ ਤੋਂ ਇੱਕ ਚੰਗੀ ਸੋਚ ਬਣਾਉਣ ਦਾ ਯਤਨ ਹੈ। ਪਰ ਅਕਸਰ, ਅਸੀਂ ਇਹ ਵੇਖਦੇ ਹਾਂ ਕਿ ਆਓਤਿਆਰੋਆ ਨਿਊਜ਼ੀਲੈਂਡ ਵਿੱਚ ਰਹਿ ਰਹੇ ਕੁਝ ਪਰਵਾਸੀ, ਖ਼ਾਸ ਕਰਕੇ ਪੰਜਾਬੀ ਭਾਈਚਾਰੇ ਦੇ, ਮਾਓਰੀ ਲੋਕਾਂ ਬਾਰੇ ਕਈ ਵਾਰ ਨਕਾਰਾਤਮਕ ਟਿੱਪਣੀਆਂ ਕਰਦੇ ਹਨ। ਇਹ ਚਰਚਾ ਉਹਨਾਂ ਸਾਰਿਆਂ ਲਈ ਹੈ ਜੋ ਅਜਿਹਾ ਕਰਦੇ ਹਨ, ਤਾਂ ਜੋ ਉਹਨਾਂ ਨੂੰ ਦੋ ਵੱਖ-ਵੱਖ ਭਾਈਚਾਰਿਆਂ ਦੀਆਂ ਸਾਂਝੀਆਂ ਚੁਣੌਤੀਆਂ ਬਾਰੇ ਸਤਿਕਾਰਯੋਗ ਨਜ਼ਰੀਏ ਨਾਲ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।

ਪੰਜਾਬ ਦੇ ਕਿਸਾਨਾਂ ਦਾ ਜ਼ਮੀਨ ਨਾਲ ਸਿਧਾਂਤਕ ਰਿਸ਼ਤਾ

ਪੰਜਾਬ ਦੇ ਕਿਸਾਨਾਂ ਨੇ ਸੰਨ 2020 ਵਿੱਚ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ। ਫਿਰ, ਹਾਲ ਹੀ ਵਿੱਚ, ਉਹਨਾਂ ਨੇ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵੀ ਵਿਰੋਧ ਕੀਤਾ। ਇਹਨਾਂ ਦੋਹਾਂ ਵਿਰੋਧਾਂ ਦੀ ਜੜ੍ਹ ਵਿੱਚ ਇੱਕੋ ਸਿਧਾਂਤ ਹੈ: ਆਪਣੀ ਜ਼ਮੀਨ ਨੂੰ ਕਿਸੇ ਵੀ ਕੀਮਤ ‘ਤੇ ਨਾ ਗਵਾਉਣਾ। ਕਿਸਾਨ ਲਈ ਜ਼ਮੀਨ ਸਿਰਫ਼ ਆਮਦਨੀ ਦਾ ਸਾਧਨ ਨਹੀਂ, ਸਗੋਂ ਉਸਦੀ ਹੋਂਦ, ਉਸਦੀ ਪਛਾਣ ਅਤੇ ਉਸਦੀਆਂ ਅਗਲੀਆਂ ਪੀੜ੍ਹੀਆਂ ਦਾ ਆਧਾਰ ਹੈ। ਜ਼ਮੀਨ ਨਾਲ ਉਸਦਾ ਰਿਸ਼ਤਾ ਸਿਰਫ਼ ਆਰਥਿਕ ਨਹੀਂ, ਸਗੋਂ ਸੱਭਿਆਚਾਰਕ ਅਤੇ ਇਤਿਹਾਸਕ ਹੈ। ਜ਼ਮੀਨ ਉਹਨਾਂ ਦੇ ਵਡੇਰਿਆਂ ਦੀ ਨਿਸ਼ਾਨੀ ਹੈ ਅਤੇ ਉਹਨਾਂ ਦੇ ਭਵਿੱਖ ਦਾ ਰਾਹ ਹੈ। ਇਸ ਲਈ, ਜ਼ਮੀਨ ਖੋਹਣ ਵਾਲੀ ਕੋਈ ਵੀ ਨੀਤੀ ਉਹਨਾਂ ਦੀ ਹੋਂਦ ਉੱਤੇ ਹਮਲਾ ਮੰਨੀ ਜਾਂਦੀ ਹੈ।

ਮਾਓਰੀ ਲੋਕਾਂ ਦਾ ਜ਼ਮੀਨ ਅਤੇ ਜੀਵਨ ਸ਼ੈਲੀ ਦਾ ਸੰਘਰਸ਼

ਇਸੇ ਤਰ੍ਹਾਂ ਦਾ ਦਰਦ ਮਾਓਰੀ ਲੋਕਾਂ ਨੇ ਬਸਤੀਵਾਦ ਦੇ ਦੌਰਾਨ ਝੱਲਿਆ ਹੈ। ਆਓਤਿਆਰੋਆ ਨਿਊਜ਼ੀਲੈਂਡ ਵਿੱਚ ਵਸਨੀਕੀਕਰਨ ਤੋਂ ਪਹਿਲਾਂ ਮਾਓਰੀਆਂ ਕੋਲ ਬਹੁਤ ਜ਼ਮੀਨ ਸੀ, ਪਰ ਬਸਤੀਵਾਦ ਦੀਆਂ ਨੀਤੀਆਂ ਨੇ ਉਹਨਾਂ ਨੂੰ ਆਪਣੀ ਜ਼ਮੀਨ ਤੋਂ ਦੂਰ ਕਰ ਦਿੱਤਾ।

  • ਸੰਨ 1860 ਵਿੱਚ, ਉੱਤਰੀ ਟਾਪੂ ਦੀ ਲਗਭਗ 80% ਜ਼ਮੀਨ ਮਾਓਰੀਆਂ ਦੀ ਸੀ।
  • ਪਰ ਸੰਨ 2000 ਤੱਕ, ਇਹ ਘੱਟ ਕੇ ਸਿਰਫ਼ 4% ਰਹਿ ਗਈ।
  • ਖੇਤੀ ਕਾਨੂੰਨਾਂ, ਜ਼ਮੀਨ ਦੀ ਜ਼ਬਤੀ (ਖਾਸ ਕਰਕੇ 1860 ਦੇ ਦਹਾਕੇ ਵਿੱਚ ਵਾਇਕਾਤੋ ਖੇਤਰ ਤੋਂ 1.2 ਮਿਲੀਅਨ ਏਕੜ ਤੋਂ ਵੱਧ ਜ਼ਮੀਨ ਜ਼ਬਤ ਕੀਤੀ ਗਈ), ਅਤੇ ਹੋਰ ਨੀਤੀਆਂ ਕਾਰਨ ਉਹਨਾਂ ਨੇ ਆਪਣੀ ਬਹੁਤੀ ਜ਼ਮੀਨ ਗਵਾ ਲਈ।

ਇਸ ਦਰਦ ਦਾ ਅਸਰ ਸਿਰਫ਼ ਜ਼ਮੀਨ ਤੱਕ ਹੀ ਸੀਮਤ ਨਹੀਂ ਸੀ। ਜ਼ਮੀਨ ਗਵਾਉਣ ਤੋਂ ਬਾਅਦ, 1970ਵਿਆਂ ਵਿੱਚ ਬਹੁਤ ਸਾਰੇ ਮਾਓਰੀਆਂ ਨੂੰ ਰਵਾਇਤੀ ਪਿੰਡਾਂ ਤੋਂ ਸ਼ਹਿਰਾਂ ਵਿੱਚ ਲਿਆਂਦਾ ਗਿਆ। ਇਸ ਤਬਦੀਲੀ ਨੇ ਉਹਨਾਂ ਦੀ ਪੂਰੀ ਜੀਵਨ ਸ਼ੈਲੀ ਬਦਲ ਦਿੱਤੀ। ਉਨ੍ਹਾਂ ਦਾ ਦਰ-ਦਰ ਭਟਕਣਾ ਸ਼ੁਰੂ ਹੋ ਗਿਆ ਅਤੇ ਉਹ ਆਪਣੀ ਪਛਾਣ ਤੇ ਸੱਭਿਆਚਾਰਕ ਸੰਪਰਕ ਤੋਂ ਟੁੱਟ ਗਏ।

ਇਸ ਨਾਲ ਉਨ੍ਹਾਂ ਦੀ ਭਾਸ਼ਾ ‘ਤੇ ਵੀ ਬਹੁਤ ਵੱਡਾ ਪ੍ਰਭਾਵ ਪਿਆ। ਤੇ ਰੀਓ ਮਾਓਰੀ, ਜੋ ਕਦੇ ਮੁੱਖ ਭਾਸ਼ਾ ਸੀ, ਬਸਤੀਵਾਦੀ ਨੀਤੀਆਂ ਕਾਰਨ ਘਟਦੀ ਗਈ। 1970 ਦੇ ਦਹਾਕੇ ਤੱਕ, ਸਿਰਫ਼ 20% ਤੋਂ ਵੀ ਘੱਟ ਮਾਓਰੀ ਲੋਕ ਇਸ ਨੂੰ ਚੰਗੀ ਤਰ੍ਹਾਂ ਬੋਲ ਸਕਦੇ ਸਨ।

Photo by Jan Kroon on Pexels.com

ਸਾਂਝੀ ਸਮਝ ਅਤੇ ਸਤਿਕਾਰਯੋਗ ਨਜ਼ਰੀਆ

ਸਮਾਜਕ ਸਮੱਸਿਆਵਾਂ ਨੂੰ ਸਮਾਜਕ ਹੱਲਾਂ ਦੀ ਲੋੜ ਹੁੰਦੀ ਹੈ, ਨਾ ਕਿ ਇੱਕ ਦੂਜੇ ਨੂੰ ਮਾੜਾ ਕਹਿਣ ਦੀ। ਜਦੋਂ ਅਸੀਂ ਦੂਜੇ ਲੋਕਾਂ ਦੇ ਸੰਘਰਸ਼ਾਂ ਨੂੰ ਸਮਝਦੇ ਹਾਂ, ਖਾਸ ਕਰਕੇ ਜ਼ਮੀਨ, ਪਛਾਣ ਅਤੇ ਰਹਿਣ-ਸਹਿਣ ਨਾਲ ਜੁੜੇ ਸੰਘਰਸ਼ਾਂ ਨੂੰ, ਤਾਂ ਸਾਡੀ ਆਪਣੀ ਸੋਚ ਪੀਡੀ ਹੁੰਦੀ ਹੈ। ਇਹ ਸਾਂਝੀਆਂ ਗੱਲਾਂ ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨ ਅਤੇ ਆਪਣਾ ਰਵੱਈਆ ਬਦਲਣ ਵਿੱਚ ਮਦਦ ਕਰ ਸਕਦੀਆਂ ਹਨ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਸੇ ਵੀ ਭਾਈਚਾਰੇ ਨੂੰ ਉਹਨਾਂ ਦੀ ਜ਼ਮੀਨ ਅਤੇ ਵਿਰਾਸਤ ਤੋਂ ਵੱਖ ਕਰਨਾ ਉਹਨਾਂ ਨੂੰ ਕਈ ਪੱਧਰਾਂ ‘ਤੇ ਕਮਜ਼ੋਰ ਕਰਦਾ ਹੈ। ਜਦੋਂ ਅਸੀਂ ਮਾਓਰੀਆਂ ਦੇ ਦਰਦ ਨੂੰ ਸਮਝਦੇ ਹਾਂ, ਤਾਂ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਦੀਆਂ ਮੌਜੂਦਾ ਚੁਣੌਤੀਆਂ ਅਤੀਤ ਵਿੱਚ ਹੋਈਆਂ ਬੇਇਨਸਾਫ਼ੀਆਂ ਦਾ ਹੀ ਨਤੀਜਾ ਹਨ। ਇਸ ਲਈ, ਉਨ੍ਹਾਂ ਦੀ ਜੀਵਨ ਸ਼ੈਲੀ ਅਤੇ ਭਾਸ਼ਾ ਦੇ ਸੰਘਰਸ਼ ਨੂੰ ਨਿੰਦਾ ਨਾਲ ਨਹੀਂ, ਸਗੋਂ ਹਮਦਰਦੀ ਅਤੇ ਸਾਂਝੀ ਮਨੁੱਖਤਾ ਦੇ ਨਜ਼ਰੀਏ ਨਾਲ ਵੇਖਣਾ ਚਾਹੀਦਾ ਹੈ। ਪਰਵਾਸੀ ਤੋਂ ਨਾਗਰਿਕ ਬਣੇ ਹੋਣ ਦੇ ਨਾਤੇ, ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨਵੀਂ ਧਰਤੀ ਦੇ ਮੂਲ ਨਿਵਾਸੀਆਂ ਦੇ ਦਰਦ ਨੂੰ ਸਮਝੀਏ ਅਤੇ ਉਨ੍ਹਾਂ ਦਾ ਸਤਿਕਾਰ ਕਰੀਏ। ਅਜਿਹਾ ਕਰਨਾ ਹੀ ਅਸਲ ਮਾਨਵਤਾ ਅਤੇ ਸਹਿ-ਹੋਂਦ ਦਾ ਸਬੂਤ ਹੋਵੇਗਾ।