Posted in ਚਰਚਾ, ਵਿਚਾਰ

ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ: ਪ੍ਰਾਪਤੀਆਂ, ਆਲੋਚਨਾਵਾਂ ਅਤੇ ਪ੍ਰਤਿਬਿੰਬ

ਹਾਲ ਹੀ ਵਿੱਚ ਪੰਜਾਬ ਦੇ ਉੱਘੇ ਸਿਆਸਤਦਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਨਾਲ ਖੇਤਰੀ ਸਿਆਸਤ ਵਿੱਚ ਇੱਕ ਜੁਗ ਦਾ ਅੰਤ ਹੋ ਗਿਆ ਹੈ। ਬਾਦਲ ਦੀ ਜ਼ਿੰਦਗੀ ਵਿਚ ਕਮਾਲ ਦੀਆਂ ਪ੍ਰਾਪਤੀਆਂ ਅਤੇ ਵਿਵਾਦਾਂ ਦਾ ਸੁਮੇਲ ਸੀ, ਜਿਸ ਨੇ ਪੰਜਾਬ ਦੀਆਂ ਸਿਆਸੀ ਸਫ਼ਾਂ ਵਿੱਚ ਸਥਾਈ ਪ੍ਰਭਾਵ ਛੱਡਿਆ। ਹੁਣ ਜਦੋਂ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਹੈ, ਤਾਂ ਹੁਣ ਆਤਮ-ਨਿਰੀਖਣ ਅਤੇ ਪੁਨਰ-ਨਿਰਮਾਣ ਦਾ ਵੇਲਾ ਆ ਗਿਆ ਹੈ ਕਿ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵਰਗੀਆਂ ਉਦਾਹਰਣਾਂ ਤੋਂ ਪ੍ਰੇਰਣਾ ਲਈ ਜਾਵੇ ਜਿਨ੍ਹਾਂ ਨੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਿੱਛੇ ਜਿਹੇ ਅਸਤੀਫ਼ਾ ਦੇ ਦਿੱਤਾ ਸੀ।

ਆਪਣੇ ਲੰਮੇ ਅਤੇ ਪੜਾਅਦਾਰ ਸਿਆਸੀ ਜੀਵਨ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਈ ਅਹਿਮ ਮੁਕਾਮ ਹਾਸਲ ਕੀਤੇ। ਉਨ੍ਹਾਂ ਨੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ, ਜਿਸ ਨਾਲ ਉਹ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਮੁੱਖ ਮੰਤਰੀ ਰਹੇ।

Photo by Element5 Digital on Pexels.com

ਹਾਲਾਂਕਿ ਬਾਦਲ ਨੇ ਚੋਖੀ ਮਸ਼ਹੂਰੀ ਦਾ ਆਨੰਦ ਮਾਣਿਆ ਅਤੇ ਮਹੱਤਵਪੂਰਨ ਮੀਲ ਪੱਥਰ ਹਾਸਲ ਕਰਨ ਦੇ ਦਾਅਵੇ ਕੀਤੇ, ਪਰ ਉਨ੍ਹਾਂ ਦਾ ਕਾਰਜਕਾਲ ਆਲੋਚਨਾ ਤੋਂ ਬਿਨਾਂ ਨਹੀਂ ਸੀ। ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਉੱਤੇ ਭਾਈ-ਭਤੀਜਾਵਾਦ ਅਤੇ ਅਕਾਲੀ ਦਲ ਦੇ ਅੰਦਰ ਪਰਿਵਾਰਵਾਦ ਰੂਪੀ ਕਬਜ਼ਾ ਬਣਾਈ ਰੱਖਣ ਦਾ ਦੋਸ਼ ਲਾਇਆ। ਇਸ ਤੋਂ ਇਲਾਵਾ, ਉਨ੍ਹਾਂ ਦੇ ਰਾਜ ਦੌਰਾਨ, ਪੰਜਾਬ ਨੂੰ ਨਸ਼ਿਆਂ, ਬੇਰੁਜ਼ਗਾਰੀ ਅਤੇ ਖੇਤੀਬਾੜੀ ਸੰਕਟ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਘਟੀਆ ਪ੍ਰਸ਼ਾਸਨ ਅਤੇ ਕੋਝੀ ਹਕੂਮਤ ਦੇ ਦੋਸ਼ ਲੱਗੇ। ਇਨ੍ਹਾਂ ਆਲੋਚਨਾਵਾਂ ਨੇ ਬਾਦਲ ਦੀਆਂ ਅਖੌਤੀ ਪ੍ਰਾਪਤੀਆਂ ‘ਤੇ ਪਰਛਾਵਾਂ ਪਾਇਆ ਹੈ, ਅਤੇ ਇਹ ਜਨਤਕ ਬਹਿਸ ਦਾ ਵਿਸ਼ਾ ਵੀ ਬਣੀਆਂ ਰਹੀਆਂ।

ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਅਗਵਾਈ ਸੰਭਾਲ ਰਹੇ ਹਨ, ਇਸ ਲਈ ਉਨ੍ਹਾਂ ਦੇ ਸਾਹਮਣੇ ਪਾਰਟੀ ਨੂੰ ਮੁੜ ਸੁਰਜੀਤ ਕਰਨ ਅਤੇ ਲੋਕਾਂ ਨਾਲ ਮੁੜ ਜੁੜਨ ਦੀ ਵੱਡੀ ਜ਼ਿੰਮੇਵਾਰੀ ਹੈ। ਇਸ ਮੁੜ-ਸੁਰਜੀਤੀ ਦਾ ਇੱਕ ਸੰਭਾਵਿਤ ਖਾਕਾ ਨਿਊਜ਼ੀਲੈਂਡ ਦੀ ਜੈਸਿੰਡਾ ਆਰਡਰਨ  ਦੀਆਂ ਹਾਲੀਆ ਕਾਰਵਾਈਆਂ ਵਿੱਚ ਹੈ, ਜਿਨ੍ਹਾਂ ਨੇ ਲੇਬਰ ਪਾਰਟੀ ਨੂੰ ਮਜ਼ਬੂਤ ਕਰਨ ਉੱਤੇ ਧਿਆਨ ਕੇਂਦਰਿਤ ਕਰਨ ਲਈ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਾਰਟੀ ਨੇਤਾਵਾਂ ਦੀ ਜਮਹੂਰੀ ਚੋਣ ਦੀ ਆਗਿਆ ਦੇ ਕੇ ਅਤੇ ਅਕਾਲੀ ਦਲ ਦੇ ਜ਼ਮੀਨੀ ਢਾਂਚੇ ਨੂੰ ਮੁੜ ਸੁਰਜੀਤ ਕਰਕੇ, ਸੁਖਬੀਰ ਸਿੰਘ ਬਾਦਲ ਇੱਕ ਨਵੀਂ ਸ਼ੁਰੂਆਤ ਲਈ ਰਾਹ ਪੱਧਰਾ ਕਰ ਸਕਦੇ ਹਨ ਅਤੇ ਲੋਕਾਂ ਦੀਆਂ ਇੱਛਾਵਾਂ ਅਤੇ ਸਰੋਕਾਰਾਂ ਨਾਲ ਮੁੜ ਜੁੜ ਸਕਦੇ ਹਨ।

ਜੈਸਿੰਡਾ ਆਰਡਰਨ  ਦੀ ਪਹੁੰਚ ਤੋਂ ਪ੍ਰੇਰਣਾ ਲੈਂਦੇ ਹੋਏ, ਸੁਖਬੀਰ ਸਿੰਘ ਬਾਦਲ ਇੱਕ ਅਜਿਹਾ ਅਮਲ ਸ਼ੁਰੂ ਕਰ ਸਕਦੇ ਹਨ ਜਿੱਥੇ ਪਾਰਟੀ ਦੇ ਮੈਂਬਰ ਜਮਹੂਰੀ ਢੰਗ ਨਾਲ ਅਕਾਲੀ ਦਲ ਨੂੰ ਸਹੀ ਦਿਸ਼ਾ ਵਿੱਚ ਤੋਰ ਸਕਣ ਦੇ ਯੋਗ ਹੋ ਸਕਦੇ ਹਨ। ਲੋਕਾਂ ਨਾਲ ਜੁੜ ਕੇ, ਪਿੰਡ ਪੱਧਰ ਦੇ ਪਾਰਟੀ ਢਾਂਚੇ ਨੂੰ ਮਜ਼ਬੂਤ ਕਰਕੇ ਅਤੇ ਸਮਾਜ-ਆਰਥਕ ਮੁੱਦਿਆਂ ਦੀ ਪਛਾਣ ਕਰਕੇ ਅਕਾਲੀ ਦਲ ਪੰਜਾਬ ਵਿੱਚ ਇਕ ਭਰੋਸੇਯੋਗ ਅਤੇ ਨੁਮਾਇੰਦਾ ਸਿਆਸੀ ਤਾਕਤ ਵਜੋਂ ਆਪਣੀ ਪਛਾਣ ਮੁੜ ਬਹਾਲ ਕਰ ਸਕਦਾ ਹੈ।

ਕੀ ਅਕਾਲੀ ਦਲ ਮੁੜ ਕੇ ਸਮਰੱਥ ਅਤੇ ਪ੍ਰਭਾਵਸ਼ਾਲੀ ਸਿਆਸੀ ਤਾਕਤ ਵਜੋਂ ਉਭਰ ਸਕਦਾ ਹੈ? ਕੀ ਅਕਾਲੀ ਦਲ ਦੇ ਉੱਤੇ ਪਰਿਵਾਰਵਾਦ ਦਾ ਕਬਜ਼ਾ ਢਿੱਲਾ ਪਵੇਗਾ? ਕੀ ਜਥੇਦਾਰਾਂ ਦੀਆਂ ਪਰਚੀਆਂ ਹੀ ਨਿਕਲਦੀਆਂ ਰਹਿਣਗੀਆਂ? ਇਹ ਤਾਂ ਵਕ਼ਤ ਹੀ ਦੱਸੇਗਾ ਕਿ ਸੁਖਬੀਰ ਕਿਸ ਕਰਵਟ ਬੈਠਦਾ ਹੈ।

Posted in ਚਰਚਾ, ਵਾਰਤਕ

ਸਹਿਜ ਮਾਰਗ

ਸਟੋਇਸਿਜ਼ਮ (Stoicism) ਇੱਕ ਜਾਣਿਆ-ਪਛਾਣਿਆ ਫ਼ਲਸਫ਼ਾ ਹੈ ਜਿਸਨੇ ਆਪਣੇ ਸਿਧਾਂਤਾਂ ਲਈ ਦੁਨੀਆ ਭਰ ਵਿੱਚ ਮਸ਼ਹੂਰੀ ਹਾਸਲ ਕੀਤੀ ਹੈ। ਇਹ ਫ਼ਲਸਫ਼ਾ ਲਗਭਗ 2300 ਸਾਲ ਪੁਰਾਣਾ ਹੈ। ਪੰਜਾਬੀ ਯੂਨੀਵਰਸਿਟੀ ਦਾ ਕੋਸ਼ ਇਸ ਸ਼ਬਦ ਦੇ ਇਹ ਅਰਥ ਕਰਦਾ ਹੈ: ਸਹਿਜ ਮਾਰਗ, ਸੰਜਮਵਾਦ, ਵੈਰਾਗ, ਜ਼ੁਹਦੀ, ਫ਼ਕੀਰੀ ਆਦਿ।

ਚਲੋ ਅਸੀਂ ਇਸ ਦੇ ਸਹਿਜ ਮਾਰਗ ਵਾਲੇ ਮਤਲਬ ਨੂੰ ਨਾਲ ਲੈ ਕੇ ਚੱਲਦੇ ਹਾਂ। ਸਹਿਜ ਮਾਰਗ ਲੋਕਾਂ ਨੂੰ ਜੀਵਨ ਵਿੱਚ ਸਫਲਤਾ ਅਤੇ ਸੰਤੁਸ਼ਟੀ ਹਾਸਲ ਕਰਨ ਵਿੱਚ ਮਦਦ ਕਰਦਾ ਹੈ। ਇਸ ਬਲੌਗ ਵਿੱਚ, ਅਸੀਂ ਸਹਿਜ ਮਾਰਗ ਦੇ ਬੁਨਿਆਦੀ ਵਿਸ਼ਵਾਸਾਂ ਦੀ ਪੜਚੋਲ ਕਰਾਂਗੇ ਅਤੇ ਇਹ ਵੀ ਕਿ ਇਹਨਾਂ ਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ।

Photo by Pixabay on Pexels.com

ਸਹਿਜ ਮਾਰਗ ਦੇ ਇਤਿਹਾਸ ਅਤੇ ਇਸ ਦੇ ਵਿਕਾਸ ਦੀ ਜੇਕਰ ਅਸੀਂ  ਪੜਚੋਲ ਕਰੀਏ ਤਾਂ ਐਪਿਕਟੇਟਸ, ਸੇਨੇਕਾ, ਅਤੇ ਮਾਰਕਸ ਔਰੇਲੀਅਸ ਵਰਗੇ ਮਸ਼ਹੂਰ ਦਾਰਸ਼ਨਿਕਾਂ ਦੇ ਨਾਂ ਸਾਡੇ ਸਾਹਮਣੇ ਆਉਂਦੇ ਹਨ। ਨਾਲ ਹੀ ਨਾਲ ਇਹ ਵੀ ਕਿ ਕਿਵੇਂ ਉਨ੍ਹਾਂ ਦੇ ਵਿਚਾਰਾਂ ਨੇ ਆਧੁਨਿਕ ਸਮੇਂ ਦੇ ਸਹਿਜ ਮਾਰਗ ਨੂੰ ਪ੍ਰਭਾਵਿਤ ਕੀਤਾ ਹੈ।

ਸਹਿਜ ਮਾਰਗ ਦੇ ਮੂਲ ਵਿਸ਼ਵਾਸਾਂ ਵਿਚ ਹੋਣੀ ਨੂੰ ਕਬੂਲਣਾ, ਤਰਕ ਅਤੇ ਤਰਕ ਦੀ ਮਹੱਤਤਾ ਅਤੇ ਆਤਮ-ਸੰਜਮ ਦਾ ਅਭਿਆਸ ਸ਼ਾਮਲ ਹਨ। ਸਹਿਜ ਮਾਰਗ ਜੀਵਨ ਦਾ ਇੱਕ ਢੰਗ ਵੀ ਹੈ ਅਤੇ ਰੋਜ਼ਮੱਰਾ ਦੀ ਜ਼ਿੰਦਗੀ ਇਸ ਦਾ ਅਭਿਆਸ।  ਇਨ੍ਹਾਂ ਢੰਗਾਂ ਸਦਕਾ ਬੁੱਧੀ, ਹਿੰਮਤ ਅਤੇ ਆਤਮ-ਅਨੁਸ਼ਾਸਨ ਵਰਗੇ ਗੁਣਾਂ ਪੈਦਾ ਹੁੰਦੇ ਹਨ। ਇਹਨਾਂ ਅਭਿਆਸਾਂ ਵਿੱਚ ਨਾਂਹ ਪੱਖੀ ਸੋਚ ਨੂੰ ਘਟਾਉਣ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਸਹਿਜ ਮਾਰਗ ਨੇ ਹੀ ਪੁਰਾਣੇ ਵੇਲਿਆਂ ਤੋਂ ਇਹ ਕਹਾਵਤ ਮਸ਼ਹੂਰ ਕਰ ਦਿੱਤੀ ਕਿ ਸਰੀਰਕ ਮੌਤ ਤਾਂ ਕੁਝ ਵੀ ਨਹੀਂ ਬਸ ਜ਼ਮੀਰ ਦੀ ਮੌਤ ਨਹੀਂ ਹੋਣੀ ਚਾਹੀਦੀ। 

ਸਹਿਜ ਮਾਰਗ ਦੌਲਤ ਅਤੇ ਰੁਤਬੇ ਵਰਗੇ ਬਾਹਰੀ ਇਨਾਮਾਂ ਦੀ ਬਜਾਏ ਅੰਦਰੂਨੀ ਸ਼ਾਂਤੀ ਅਤੇ ਸੰਤੁਸ਼ਟੀ ਹਾਸਲ ਕਰਨ ‘ਤੇ ਜ਼ੋਰ ਦਿੰਦਾ ਹੈ। ਸਹਿਜ ਮਾਰਗ ਇਕ ਅਜਿਹਾ ਫ਼ਲਸਫ਼ਾ ਹੈ ਜੋ ਇਸ ਗੱਲ ‘ਤੇ ਧਿਆਨ ਚਿੱਤ ਹੈ ਕਿ ਅਸੀਂ ਆਪਣੇ ਆਪ ਤੇ ਕਾਬੂ ਕਿਵੇਂ ਰੱਖਣਾ ਹੈ, ਉਸ ਹੋਣੀ ਨੂੰ ਕਿਵੇਂ ਕਬੂਲ ਕਰਨਾ ਹੈ ਜੋ ਸਾਡੇ ਵੱਸ ਤੋਂ ਬਾਹਰ ਹੈ ਅਤੇ ਇਕ ਸੰਤੁਸ਼ਟੀਜਨਕ ਜੀਵਨ ਕਿਵੇਂ ਜਿਉਣਾ ਹੈ।  ਅਜਿਹੇ ਗੁਣ ਸਾਨੂੰ ਵਧੇਰੇ ਅਰਥ ਪੂਰਨ ਹੋਂਦ ਵੱਲ ਲੈ ਜਾਂਦੇ ਹਨ। ਤੁਹਾਡਾ ਕੀ ਖਿਆਲ ਹੈ?

Posted in ਮਿਆਰ, ਸਮਾਜਕ

ਤਰੀਕਾ ਕੀ ਹੁੰਦਾ ਹੈ?

ਤਰੀਕਾ ਕੀ ਹੁੰਦਾ ਹੈ? ਤੁਸੀਂ ਕੋਈ ਵੀ ਕੰਮ ਸ਼ੁਰੂ ਕਰ ਲਵੋ, ਹਰ ਕੰਮ ਨੂੰ ਕਰਨ ਦਾ ਇੱਕ ਤਰੀਕਾ ਹੁੰਦਾ  ਹੈ। ਇਹ ਤਰੀਕਾ ਆਸਾਨ ਵੀ ਹੋ ਸਕਦਾ ਹੈ ਅਤੇ ਗੁੰਝਲਦਾਰ ਵੀ। ਕਿਸੇ ਕੰਮ ਨੂੰ ਕਰਨ ਲਈ ਥੋੜ੍ਹਾ ਚਿਰ ਲੱਗ ਸਕਦਾ ਹੈ ਅਤੇ ਕਿਸੇ ਕੰਮ ਲਈ ਜ਼ਿਆਦਾ। ਕੰਮ ਕਰਨ ਦੇ ਕਈ ਤਰੀਕੇ ਮੂੰਹ ਜ਼ਬਾਨੀ ਯਾਦ ਹੋ ਜਾਂਦੇ ਹਨ ਅਤੇ ਕਈ ਤਰੀਕੇ ਲਿਖ ਕੇ ਵੀ ਰੱਖਣੇ ਪੈਂਦੇ ਹਨ।

ਜੇ ਕਰ ਤੁਸੀਂ ਆਪਣੇ ਕੰਮ ਦੇ ਮਾਹੌਲ ਵੱਲ ਧਿਆਨ ਮਾਰੋ ਤਾਂ ਉਥੇ ਕਾਰਜ ਪ੍ਰਣਾਲੀਆਂ ਅਤੇ ਅਮਲੀ ਵਿਹਾਰ ਨੂੰ ਕਾਗ਼ਜ਼ੀ ਪੁਲੰਦਿਆਂ ਅਤੇ ਮਿਸਲਾਂ ਵਿੱਚ ਬੰਨ੍ਹ ਕੇ ਰੱਖਿਆ ਹੁੰਦਾ ਹੈ। ਇਨ੍ਹਾਂ ਵਿੱਚ ਕਈ ਕੰਮ ਕਲਮੀ ਕਰਨ ਵਾਲੇ ਹੁੰਦੇ ਹਨ ਅਤੇ ਕਈ ਹੱਥੀਂ ਕਰਨ ਵਾਲੇ ਹੁੰਦੇ ਹਨ।

ਜੇ ਕਰ ਸਮਾਜ ਵੱਲ ਧਿਆਨ ਮਾਰੀਏ ਤਾਂ ਸਮਾਜ ਵਿੱਚ ਇਹੀ ਤਰੀਕੇ ਅਤੇ ਕਾਰਜ ਪ੍ਰਣਾਲੀਆਂ ਰਹੁ ਰੀਤਾਂ, ਰਿਵਾਜ਼ਾਂ ਅਤੇ ਰਵਾਇਤਾਂ ਵਿੱਚ ਬੱਝੀਆਂ ਮਿਲਦੀਆਂ ਹਨ।

ਭਾਵੇਂ ਮਸ਼ੀਨ ਦੇ ਪੁਰਜ਼ੇ ਹੋਣ ਤੇ ਭਾਵੇਂ ਕੜੀਆਂ ਹੋਣ, ਭਾਵੇਂ ਬਸਾਂ, ਰੇਲਾਂ ਅਤੇ ਜਹਾਜ਼ਾਂ ਦੀ ਆਮਦੋ-ਰਫ਼ਤ ਹੋਵੇ ਅਤੇ ਭਾਵੇਂ ਸੂਰਜ ਦੁਆਲੇ ਘੁੰਮਦੇ ਗ੍ਰਹਿ ਹੋਣ, ਗੱਲ ਕੀ ਹਰ ਚੀਜ਼ ਹੀ ਆਪਣੇ ਤਰੀਕੇ ਵਿੱਚ ਰਹਿੰਦੀ ਹੋਈ ਨੇਮ ਨਾਲ ਬੱਝੀ ਹੋਈ ਹੈ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਜਦ ਕੋਈ ਨੇਮ ਟੁੱਟਦਾ ਹੈ ਜਾਂ ਕੋਈ ਚੀਜ਼ ਗਲਤ ਤਰੀਕੇ ਨਾਲ ਕੀਤੀ ਜਾਵੇ ਤਾਂ ਹਾਦਸਾ ਵਾਪਰ ਜਾਂਦਾ ਹੈ।  ਕੋਈ ਦੁਰਘਟਨਾ ਹੋ ਜਾਂਦੀ ਹੈ। ਦੁਰਘਟਨਾਵਾਂ ਅਤੇ ਹਾਦਸੇ ਹਰ ਕਿਸੇ ਨੂੰ ਇਹ ਸੋਚਣ ਲਈ ਮਜਬੂਰ ਕਰਦੇ ਹਨ ਕਿ ਇਸ ਗਲਤੀ ਤੋਂ ਸਬਕ ਲਵੋ ਅਤੇ ਅੱਗੋਂ ਵਾਸਤੇ ਆਪਣੇ ਕੰਮ ਵਿੱਚ ਸੁਧਾਰ ਲਿਆਓ। 

ਅੱਜ ਜਦ ਅਸੀਂ ਪੰਜਾਬ ਉੱਤੇ ਝਾਤ ਮਾਰਦੇ ਹਾਂ ਤਾਂ ਲੱਗਦਾ ਹੈ ਕਿ ਸਭ ਨੇਮ ਤੇ ਤਰੀਕੇ ਛਿੱਕੇ ਟੰਗੇ ਪਏ ਹਨ। ਸਭ ਕੁਝ ਹਵਾ ਵਿੱਚ ਹੀ ਹੈ। ਸਭ ਕੁਝ ਆਰਜ਼ੀ ਹੀ ਚੱਲ ਰਿਹਾ ਹੈ। ਸਮਾਜਕ ਯਾਦ ਸ਼ਕਤੀ ਖ਼ਤਮ ਹੋ ਚੁੱਕੀ ਹੈ। ਚੀਜ਼ਾਂ ਮੁੜ-ਮੁੜ ਦੁਹਰਾਈਆਂ ਜਾ ਰਹੀਆਂ ਹਨ ਤੇ ਲੋਕ ਇਹ ਕਹਿ ਰਹੇ ਹਨ ਕਿ ਇਸ ਤਰ੍ਹਾਂ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ।

ਕਹਾਵਤ ਹੈ ਕਿ ਜਿਹੜੇ ਲੋਕ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ, ਉਹ ਇਸ ਨੂੰ ਦੁਹਰਾਉਂਦੇ ਹੋਏ ਬਰਬਾਦ ਹੋ ਜਾਂਦੇ ਹਨ। ਸਬਕ ਤਾਂ ਉਹੀ ਸਿੱਖਣਗੇ ਜਿਹੜੇ ਪੜ੍ਹਨਗੇ। ਇਥੇ ਤਾਂ ਕਿਤਾਬਾਂ ਪੜ੍ਹਨੀਆਂ ਵੀ ਆਪਣੇ ਆਪ ਵਿੱਚ ਇਕ ਮਸਲਾ ਬਣ ਗਿਆ ਹੈ।    

Photo by David Waschbu00fcsch on Pexels.com

ਇਸ ਤਰ੍ਹਾਂ ਕਿਉਂ ਹੋ ਰਿਹਾ ਹੈ, ਇਸ ਨੂੰ ਸਮਝਣ ਲਈ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ। ਪਰ ਸਮਾਜਕ ਮਾਧਿਅਮ, ਪੰਜਾਬੀ ਫਿਲਮਾਂ ਅਤੇ ਪੰਜਾਬੀ ਗਾਣੇ ਗੰਭੀਰਤਾ ਨੂੰ ਲਾਗੇ ਫਟਕਣ ਵੀ ਨਹੀਂ ਦਿੰਦੇ। ਸਭ ਕੁਝ ਹਾਸੇ ਮਜ਼ਾਕ, ਠਿੱਠ ਮਸ਼ਕਰੀ ਤੋਂ ਲੈ ਕੇ ਹੋਛੇ ਅਤੇ ਫੋਕੇ ਫ਼ੁਕਰੇਪਣ ਤੱਕ ਸੀਮਤ ਹੋ ਗਿਆ ਹੈ। ਦਿਮਾਗ਼ ਤੇ ਵਜ਼ਨ ਪਾਉਣ ਦੀ ਲੋੜ ਹੀ ਨਹੀਂ ਮਹਿਸੂਸ ਹੋਣ ਦਿੱਤੀ ਜਾ ਰਹੀ। ਅਖ਼ੀਰ ਵਿੱਚ ਇਹ ਹੈ ਤਾਂ ਸਮਾਜ ਦਾ ਹੀ ਅਕਸ। ਇਕ ਉਦਾਹਰਣ ਲੈ ਕੇ ਸਮਝਦੇ ਹਾਂ। 

ਕੁਝ ਚਿਰ ਪਹਿਲਾਂ ਇਕ ਪੰਜਾਬੀ ਗਾਇਕ ਦਾ ਸਤਲੁਜ ਯਮੁਨਾ ਨਹਿਰ ਬਾਰੇ ਇਕ ਗਾਣਾ ਸਾਡੇ ਸਾਹਮਣੇ ਆਇਆ। ਯਕ ਲਖ਼ਤ ਗਾਣੇ ਦੀ ਵਾਹ-ਵਾਹ ਸ਼ੁਰੂ ਹੋ ਗਈ। ਵਾਹ-ਵਾਹ ਕਰਨ ਵਾਲੇ ਇਸ ਗੱਲ ਦੀ ਖੁਸ਼ੀ ਮਨਾ ਰਹੇ ਸਨ ਕਿ ਨਵੀਂ ਪੀੜੀ ਨੂੰ ਇਸ ਗਾਣੇ ਰਾਹੀਂ ਹੀ ਆਪਣੇ ਇਤਿਹਾਸ ਦਾ ਪਤਾ ਲੱਗਾ ਹੈ।

ਇਹ ਸਭ ਵੇਖ ਮੇਰੇ ਦਿਮਾਗ਼ ਵਿੱਚ ਕਈ ਸਵਾਲ ਖੜ੍ਹੇ ਹੋ ਗਏ। ਕੀ ਇਹ ਨਵੀਂ ਪੀੜੀ ਕਿਤਿਉਂ ਹਵਾ ਵਿੱਚੋਂ ਪੈਦਾ ਹੋਈ ਹੈ? ਕੀ ਇਸ ਨਵੀਂ ਪੀੜੀ ਨੂੰ ਉਨ੍ਹਾਂ ਦੇ ਮਾਪੇ ਆਪਣੇ ਇਤਿਹਾਸ ਨਾਲ ਨਹੀਂ ਜੋੜ ਸਕੇ? ਕੀ ਇਸ ਨਵੀਂ ਪੀੜੀ ਨੂੰ ਨਾ ਪੜ੍ਹਾ ਸਕਣ ਲਈ ਇਨ੍ਹਾਂ ਦੇ ਅਧਿਆਪਕ ਦੋਸ਼ੀ ਹਨ? ਕੀ ਅਖ਼ਬਾਰਾਂ, ਰਸਾਲੇ, ਚਰਚਾਵਾਂ, ਬਾਤਾਂ ਕਹਾਣੀਆਂ ਸਭ ਮੁੱਕ ਗਈਆਂ? ਕੀ ਇਸ ਵਿਸ਼ੇ ਤੇ ਲਿਖੀਆਂ ਗਈਆਂ ਕਿਤਾਬਾਂ ਧੂੜ ਇਕੱਠੀ ਕਰਨ ਜੋਗੀਆਂ ਹੀ ਰਹਿ ਗਈਆਂ ਹਨ?

ਤੇ ਹੁਣ ਜੇ ਕਰ ਇਹ ਗਾਣਾ ਆ ਵੀ ਗਿਆ ਤਾਂ ਕਿਹੜੇ ਅੰਬਰਾਂ ਤੋਂ ਤਾਰੇ ਤੋੜ ਲਏ ਗਏ ਹਨ? ਪਰਨਾਲਾ ਤਾਂ ਹਾਲੇ ਵੀ ਉਥੇ ਦਾ ਉਥੇ ਹੀ ਹੈ।

ਕੀ ਕਾਰਨ ਹੈ ਕਿ ਅੱਜ ਪੰਜਾਬ ਵਿੱਚ ਅਨਪੜ੍ਹਤਾ ਦਾ ਜਸ਼ਨ ਮਨਾਉਣ ਦਾ ਰੁਝਾਉਣ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ? ਸਿਧ ਗੋਸਟਿ ਦੇ ਵਿਰਸੇ ਵਾਲਾ ਪੰਜਾਬ ਅੱਜ ਸੰਵਾਦ ਤੋਂ ਡਰਦਾ ਹੋਇਆ, ਹਥਿਆਰ ਅਤੇ ਅਸਲੇ ਦੀ ਝੂਠੀ ਚੌਧਰ ਦਾ ਭਰਮ ਪਾਲੀ ਕਿਉਂ ਬੈਠਾ ਹੈ?  

Posted in ਚਰਚਾ

ਕੌਮਾਂਤਰੀ ਮਾਂ ਬੋਲੀ ਦਿਹਾੜਾ

ਬੀਤੇ ਦਿਨੀਂ ਐਸ ਬੀ ਐਸ ਆਸਟ੍ਰੇਲੀਆ (ਪੰਜਾਬੀ) ਦੇ ਸ: ਪ੍ਰੀਤਇੰਦਰ ਸਿੰਘ ਗਰੇਵਾਲ ਹੋਰਾਂ ਨਾਲ ਹੋਈ ਮੇਰੀ ਗੱਲਬਾਤ ਸੁਣਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ।

ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਵਿਸ਼ੇਸ਼: ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਡਿਜਿਟਲ ਵਿਕਾਸ ਸਮੇਂ ਦੀ ਵੱਡੀ ਲੋੜ http://www.sbs.com.au