ਦਸੰਬਰ 2024 ਦੀਆਂ ਛੁੱਟੀਆਂ ਵਿੱਚ ਮੈਂ ਪੰਜਾਬ ਗਿਆ। ਉੱਥੇ ਮੈਨੂੰ ਇੱਕ ਬਹੁਤ ਹੀ ਦਿਲਚਸਪ ਗੱਲ ਵੇਖਣ ਨੂੰ ਮਿਲੀ। ਲੱਗਭਗ ਹਰ ਕੋਈ ਨਿਊਜ਼ੀਲੈਂਡ ਦੀ ਐਮ ਪੀ ਹਾਨਾ ਰਾਫ਼ੀਤੀ ਮੇਪੀ-ਕਲਾਰਕ ਬਾਰੇ ਗੱਲ ਕਰ ਰਿਹਾ ਸੀ, ਜਿਸਨੇ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿੱਚ ਤਰੀਤੀ ਬਿੱਲ ਪਾੜ ਕੇ ਹਾਕਾ ਕੀਤਾ ਸੀ। ਇਹ ਵੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਇੰਨੀ ਚਰਚਾ ਕਿਉਂ ਹੈ। ਖੌਰੇ ਉਨ੍ਹਾਂ ਨੂੰ ਇਹ ਇਕ ਤਮਾਸ਼ਾ ਹੀ ਜਾਪ ਰਿਹਾ ਸੀ – ਪਰ ਹਾਂ ਪੱਖੀ।
ਮੈਂ ਉਨ੍ਹਾਂ ਨੂੰ ਦੱਸਿਆ ਕਿ ਆਓਤਿਆਰੋਆ ਨਿਊਜ਼ੀਲੈਂਡ ਵਿੱਚ ਕੋਹਾਂਗਾ ਰਿਓ ਦੀ ਇੱਕ ਮਜ਼ਬੂਤ ਨੀਂਹ ਹੈ, ਅਤੇ ਇਹ ਸਿਰਫ਼ ਇੱਕ ਵਖਾਵਾ ਨਹੀਂ ਹੈ। ਕੋਹਾਂਗਾ ਰਿਓ ਮਾਓਰੀ ਭਾਸ਼ਾ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੀ ਲਹਿਰ ਹੈ, ਜਿਸ ਵਿੱਚ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਮਾਓਰੀ ਭਾਸ਼ਾ ਅਤੇ ਸੱਭਿਆਚਾਰ ਦੀ ਸਿੱਖਿਆ ਦਿੱਤੀ ਜਾਂਦੀ ਹੈ। ਹਾਨਾ ਰਾਫ਼ੀਤੀ ਮੇਪੀ-ਕਲਾਰਕ ਨੇ ਆਪਣੀ ਪਹਿਲੇ ਪਾਰਲੀਮੈਂਟ ਭਾਸ਼ਣ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ਕਿ ਕਦੇ ਵੀ ਰਲਣ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਸੰਪੂਰਨ ਹੋ। ਸਾਡੇ ਤਾਮਾਰਿਕੀ (ਬੱਚਿਆਂ) ਲਈ, ਸਾਡੀ ਰਿਓ (ਭਾਸ਼ਾ) ਸਾਡੇ ਲਈ ਗੁਨਗੁਨਾ ਰਹੀ ਹੈ। ਉਨ੍ਹਾਂ ਤਾਮਾਰਿਕੀ ਮਾਓਰੀ ਲਈ – ਜੋ ਆਪਣੀ ਸਾਰੀ ਜ਼ਿੰਦਗੀ ਜਮਾਤ ਦੇ ਪਿੱਛੇ ਬੈਠੇ ਰਹੇ ਹਨ, ਸ਼ਰਮਿੰਦੇ ਪਰ ਆਪਣੀ ਮੂਲ ਭਾਸ਼ਾ ਸਿੱਖਣ ਦੀ ਤਾਂਘ ਰੱਖਦੇ ਹਨ। ਉਨ੍ਹਾਂ ਤਾਮਾਰਿਕੀ ਲਈ ਜੋ ਅਜੇ ਤੱਕ ਆਪਣੇ ਪੇਪੇਹਾ (ਪਰਿਵਾਰਕ ਬੰਸਾਵਲੀ) ਵਿੱਚ ਨਹੀਂ ਗਏ ਹਨ, ਕੋਹਾਂਗਾ ਰਿਓ ਉਨ੍ਹਾਂ ਨੂੰ ਨਵੀਆਂ ਪੁਲਾਂਘਾਂ ਪੁੱਟਣ ਦੇ ਸਮਰੱਥ ਬਣਾਉਂਦਾ ਹੈ।
ਮੈਂ ਅੱਗੇ ਇਹ ਵੀ ਦੱਸਦਾ ਕਿ ਪਿਛਲੀ ਸਦੀ ਵਿੱਚ ਉਹ ਵੀ ਵੇਲ਼ਾ ਸੀ ਜਦ ਸਕੂਲਾਂ ਵਿੱਚ ਬੱਚੇ ਆਪਸ ਵਿੱਚ ਮਾਓਰੀ ਭਾਸ਼ਾ ਵੀ ਨਹੀਂ ਸਨ ਬੋਲ ਸਕਦੇ। ਮੇਰੀ ਇਹ ਗੱਲ ਸੁਣ ਕੇ ਲੋਕ ਹੈਰਾਨ ਹੁੰਦੇ ਸਨ।
ਹੁਣ ਗੱਲ ਕਰਦੇ ਹਾਂ ਫਰਵਰੀ 2025 ਦੀ, ਜਦੋਂ ਅਸੀਂ ਡੇਮ ਇਰੀਤਾਨਾ ਤਿ ਰੰਗੀ ਤਾਫ਼ੀਫ਼ੀਰੰਗੀ ਨੂੰ ਗੁਆ ਦਿੱਤਾ। ਉਹ 1 ਫਰਵਰੀ 2025 ਨੂੰ ਪੂਰੇ ਹੋਏ। ਉਨ੍ਹਾਂ ਨੇ 1982 ਵਿੱਚ ਕੋਹਾਂਗਾ ਰਿਓ ਸ਼ੁਰੂ ਕਰਕੇ ਬਹੁਤ ਮਹੱਤਵਪੂਰਨ ਕੰਮ ਕੀਤਾ। ਉਨ੍ਹਾਂ ਨੇ ਮਾਓਰੀ ਭਾਸ਼ਾ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਕੰਮ ਕਾਰਨ ਹੀ ਅੱਜ ਬਹੁਤ ਸਾਰੇ ਮਾਓਰੀ ਬੱਚੇ ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ, ਜਿਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ।

ਮੈਨੂੰ 5 ਫਰਵਰੀ ਨੂੰ ਗਿਸਬਰਨ ਸ਼ਹਿਰ ਵਿਖੇ ਤਿ ਪੋਹੋ ਓ ਰਾਵਰੀ ਮਰਾਏ ਵਿੱਚ ਉਨ੍ਹਾਂ ਦੇ ਤੰਗੀਹੰਗਾ (ਅੰਤਿਮ ਸੰਸਕਾਰ) ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਆਓਤਿਆਰੋਆ ਨਿਊਜ਼ੀਲੈਂਡ ਦੇ ਸਾਬਕਾ ਗਵਰਨਰ ਜਨਰਲ ਸਰ ਆਨੰਦ ਸਤਿਆਨੰਦ ਦੇ ਨਾਲ ਵੈਲਿੰਗਟਨ ਤੋਂ ਗਿਆ ਸੀ। ਮੋਤੂ (ਦੇਸ) ਭਰ ਦੇ ਨੌਜਵਾਨ ਇਵੀ (ਕਬਾਇਲੀ) ਆਗੂ ਸ਼ਰਧਾਂਜਲੀ ਭੇਟ ਕਰਨ ਲਈ ਉੱਥੇ ਮੌਜੂਦ ਸਨ। ਉਹ ਸਾਰੇ ਮਾਓਰੀ ਵਿੱਚ ਸ਼ਰਧਾਂਜਲੀ ਭੇਟ ਕਰ ਰਹੇ ਸਨ ਅਤੇ ਦੱਸ ਰਹੇ ਸਨ ਕਿ ਕੋਹਾਂਗਾ ਰਿਓ ਲਹਿਰ ਦੇ ਨਤੀਜੇ ਵਜੋਂ ਉਨ੍ਹਾਂ ਦੀਆਂ ਜ਼ਿੰਦਗੀਆਂ ਕਿਵੇਂ ਬਦਲ ਗਈਆਂ। ਪੂਰਾ ਮਾਹੌਲ ਬਹੁਤ ਹੀ ਭਾਵੁਕ ਸੀ।
ਤੰਗੀਹੰਗਾ ਵਿੱਚ ਮਾਓਰੀ ਰਾਣੀ ਨਙਾ ਵਾਈ ਹੋਨੋ ਈ ਤੇ ਪੋ ਵੀ ਸ਼ਾਮਲ ਹੋਏ। ਉਹ ਹਾਲ ਵਿੱਚ ਹੀ ਰਾਣੀ ਬਣੇ ਹਨ ਅਤੇ ਉਨ੍ਹਾਂ ਦੀ ਉਮਰ 28 ਸਾਲਾਂ ਦੀ ਹੈ। ਮਾਓਰੀ ਉਨ੍ਹਾਂ ਦੀ ਪਹਿਲੀ ਭਾਸ਼ਾ ਹੈ। ਉਸਨੇ ਤੀਕਾਂਗਾ ਮਾਓਰੀ ਵਿੱਚ ਮਾਸਟਰਜ਼ ਡਿਗਰੀ ਕੀਤੀ ਹੈ ਅਤੇ ਕਾਪਾ ਹਾਕਾ ਵੀ ਜਾਣਦੇ ਹਨ। ਮਾਓਰੀ ਰਾਣੀ ਨਙਾ ਵਾਈ ਹੋਨੋ ਈ ਤੇ ਪੋ ਨੇ ਲਗਾਤਾਰ ਦੋ ਸਾਲ ਡੇਮ ਇਰੀਤਾਨਾ ਤਿ ਰੰਗੀ ਤਾਫ਼ੀਫ਼ੀਰੰਗੀ ਦੀ ਸਰਪ੍ਰਸਤੀ ਹੇਠ ਕੋਹਾਂਗਾ ਰਿਓ ਦੇ ਪ੍ਰਬੰਧ ਦਾ ਕੰਮ ਸਿੱਖਿਆ ਸੀ ਅਤੇ ਉਨ੍ਹਾਂ ਦੋਹਾਂ ਵਿੱਚ ਬਹੁਤ ਨੇੜਤਾ ਸੀ।
ਅੰਤ ਵਿੱਚ, ਮੈਨੂੰ ਮਾਓਰੀ ਰਾਣੀ ਨਙਾ ਵਾਈ ਹੋਨੋ ਈ ਤੇ ਪੋ ਅਤੇ ਸਰ ਆਨੰਦ ਸਤਿਆਨੰਦ ਦੇ ਨਾਲ ਇੱਕ ਹੀ ਮੇਜ਼ ‘ਤੇ ਬੈਠ ਕੇ ਖਾਣਾ ਖਾਣ ਦਾ ਮੌਕਾ ਮਿਲਿਆ। ਇਹ ਮੇਰੇ ਲਈ ਇੱਕ ਬਹੁਤ ਹੀ ਖ਼ਾਸ ਤੰਗੀਹੰਗਾ ਤਜਰਬਾ ਸੀ, ਜਿਸਨੂੰ ਮੈਂ ਕਦੇ ਨਹੀਂ ਭੁੱਲਾਂਗਾ। ਇਹ ਸਫ਼ਰ ਮੇਰੇ ਲਈ ਬਹੁਤ ਹੀ ਗਿਆਨ ਭਰਪੂਰ ਰਿਹਾ ਅਤੇ ਮੈਂ ਬਹੁਤ ਕੁਝ ਸਿੱਖਿਆ।
Discover more from ਜੁਗਸੰਧੀ
Subscribe to get the latest posts sent to your email.