Posted in ਚਰਚਾ, ਵਾਰਤਕ

ਸੰਨ 2020 ਦਾ ਸੰਖੇਪ-ਸਾਰ

ਸੰਨ 2020 ਲੰਘ ਚੁੱਕਾ ਹੈ। ਪਰ ਇਸ ਸਾਲ ਦੌਰਾਨ ਜੋ ਵੀ ਵਾਪਰਿਆ ਉਸ ਦੀ ਗੂੰਜ ਵਰ੍ਹਿਆਂ ਤਕ ਸੁਣਦੀ ਰਹੇਗੀ। 2020 ਦੇ ਕਈ ਮਸਲੇ ਤਾਂ ਹਾਲੇ ਤਕ ਨਹੀਂ ਸੁਲਝੇ ਹਨ। ਸਾਡੇ ਵਿੱਚੋਂ ਬਹੁਤੇ ਸੰਨ 2020 ਨੂੰ ਕਰੋਨਾ ਅਤੇ ਪੰਜਾਬ ਦੇ ਕਿਸਾਨ ਸੰਘਰਸ਼ ਦੇ ਤੌਰ ਤੇ ਯਾਦ ਰੱਖਣਗੇ। ਆਓ ਸੰਨ 2020 ਦੀਆਂ ਘਟਨਾਵਾਂ ਤੇ ਇੱਕ ਸੰਖੇਪ ਜਿਹੀ ਝਾਤ ਮਾਰੀਏ। 

ਦੈਵੋਸ, ਸਵਿਟਜ਼ਰਲੈਂਡ ਦਾ ਇੱਕ ਅਜਿਹਾ ਰਮਣੀਕ ਇਲਾਕਾ ਹੈ ਜਿੱਥੇ ਹਰ ਸਾਲ ਦੁਨੀਆਂ ਭਰ ਦੇ ਆਗੂ ਵੱਰਲਡ ਇਕਨੌਮਿਕ ਫੋਰਮ ਦੇ ਲਈ ਇਕੱਠੇ ਹੁੰਦੇ ਹਨ। ਸੰਨ 2020 ਵਿੱਚ ਫੋਰਮ ਦਾ 50ਵਾਂ ਇਕੱਠ ਸੀ ਜੋ 21-24 ਜਨਵਰੀ 2020 ਦੌਰਾਨ ਹੋਇਆ। ਦੱਸਿਆ ਜਾਂਦਾ ਹੈ ਕਿ ਇਸ ਇਕੱਠ ਦੌਰਾਨ ਦੁਨੀਆਂ ਭਰ ਦੇ ਨੇਤਾਵਾਂ ਅਤੇ ਅਮੀਰ ਲੋਕਾਂ ਨੂੰ ਢੋਣ ਲਈ ਅੰਦਾਜ਼ਨ 1500 ਜਹਾਜ਼ ਇਥੇ ਉਤਰੇ। ਪਹਿਲੀ ਵਾਰ ਪੌਣਪਾਣੀ ਬਾਰੇ ਗੰਭੀਰ ਵਿਚਾਰ ਵਟਾਂਦਰਾ ਹੋਇਆ ਅਤੇ ਇਸ ਮਸਲੇ ਬਾਰੇ ਸਰਗਰਮੀ ਗਰੇਟਾ ਤ੍ਹੰਨਬਰਗ ਵੀ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ। 

ਜਨਵਰੀ 2020 ਵਿੱਚ ਬਰਤਾਨਵੀ ਯੁਵਰਾਜ ਹੈਰੀ ਨੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ। ਇਸੇ ਮਹੀਨੇ ਈਰਾਨ ਦੀ ਫ਼ੌਜ ਦਾ ਇੱਕ ਜਰਨੈਲ ਕਾਸਮ ਸੁਲੇਮਾਨੀ ਅਮਰੀਕੀ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ। 

Photo by Wallace Chuck on Pexels.com

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਆਪਣੇ ਉਪਰ ਚੱਲ ਰਹੇ ਮਹਾਂਦੋਸ਼ ਤੋਂ ਫਰਵਰੀ 2020 ਵਿੱਚ ਬਰੀ ਹੋ ਗਿਆ। ਇਸੇ ਮਹੀਨੇ ਫਿਲਮਾਂ ਦੇ ਔਸਕਰ ਇਨਾਮ ਸਮਾਰੋਹ ਦੌਰਾਨ ਸਭ ਤੋਂ ਬੇਹਤਰੀਨ ਫਿਲਮ ਦਾ ਇਨਾਮ ਦੱਖਣੀ ਕੋਰੀਆ ਦੀ ਫਿਲਮ ਪੈਰਾਸਾਈਟ ਨੇ ਜਿੱਤਿਆ।   ਔਸਕਰ ਇਨਾਮ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਬੇਹਤਰੀਨ ਫਿਲਮ ਦਾ ਇਨਾਮ ਕਿਸੇ ਗ਼ੈਰ-ਅੰਗਰੇਜ਼ੀ ਫਿਲਮ ਨੂੰ ਮਿਲਿਆ ਹੋਵੇ। 

ਮਾਰਚ 2020 ਤਕ ਕਰੋਨਾ ਬਾਰੇ ਦੁਨੀਆਂ ਭਰ ਵਿੱਚ ਫ਼ਿਕਰਮੰਦੀ ਪੈਦਾ ਹੋ ਚੁੱਕੀ ਸੀ ਅਤੇ ਨਿਊਜ਼ੀਲੈਂਡ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਚਾਰ ਹਫ਼ਤੇ ਦੀ ਸੰਪੂਰਨ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ। ਇਸ ਤਾਲਾਬੰਦੀ ਦਾ ਉਸ ਵੇਲ਼ੇ ਰਾਜਨੀਤਕ ਵਿਰੋਧੀ ਧਿਰ ਅਤੇ ਵਪਾਰੀਆਂ ਦੇ ਬੁਲਾਰੇ ਤਾਂ ਦੱਬੀ ਜ਼ੁਬਾਨ ਵਿੱਚ ਵਿਰੋਧ ਕਰਦੇ ਰਹੇ ਅਤੇ ਇਹੀ ਕਹਿੰਦੇ ਰਹੇ ਕਿ ਆਸਟ੍ਰੇਲੀਆ ਨੇ ਇੰਝ ਨਹੀਂ ਕੀਤਾ ਜਾਂ ਫਿਰ ਕਈ ਸਵੀਡਨ ਦੀ ਵੀ ਮਿਸਾਲ ਦਿੰਦੇ ਰਹੇ ਪਰ ਅੱਜ ਮੈਂ ਇਸ ਬਾਰੇ ਕੀ ਕਹਾਂ, ਤੁਸੀਂ ਆਪ ਹੀ ਨਿਊਜ਼ੀਲੈਂਡ ਦੇ ਕਰੜੇ ਤਾਲਾਬੰਦੀ ਦੇ ਫ਼ੈਸਲੇ ਬਾਰੇ ਆਪਣਾ ਵਿਚਾਰ ਬਣਾ ਸਕਦੇ ਹੋ।   

ਮਈ-ਜੂਨ ਵਿੱਚ ਲੱਦਾਖ ਖੇਤਰ ਵਿੱਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਤਲਖ਼ੀ ਵਧੀ ਅਤੇ ਜੂਨ ਵਿੱਚ ਇਕ ਲੜਾਈ ਦੌਰਾਨ ਕਈ ਭਾਰਤੀ ਫ਼ੌਜੀ ਮਾਰੇ ਗਏ। ਅਮਰੀਕਾ ਵਿੱਚ ਮਈ 2020 ਦੇ ਅਖੀਰ ਵਿੱਚ ਗ੍ਰਿਫ਼ਤਾਰੀ ਦੌਰਾਨ ਮਾਰੇ ਗਏ ਜੌਰਜ ਫਲੌਇਡ ਦੇ ਹੱਕ ਵਿੱਚ “ਬਲੈਕ ਲਾਈਵਜ਼ ਮੈਟਰ” ਨਾਂ ਦੀ ਇੱਕ ਲੋਕ ਲਹਿਰ ਚੱਲ ਪਈ। ਜੌਰਜ ਫਲੌਇਡ ਦੀ ਸਾਹ ਨਾ ਲੈ ਸਕਨ ਕਰਕੇ ਮੌਤ ਹੋਈ ਸੀ ਕਿਉਂਕਿ ਗ੍ਰਿਫ਼ਤਾਰ ਕਰ ਰਹੇ ਸਿਪਾਹੀ ਨੇ ਉਸ ਨੂੰ ਢਾਹ ਕੇ ਉਸ ਦੀ ਧੌਣ ਤੇ ਗੋਡਾ ਦਿੱਤਾ ਹੋਇਆ ਸੀ। 

“ਬਲੈਕ ਲਾਈਵਜ਼ ਮੈਟਰ” ਨੂੰ ਦੁਨੀਆਂ ਭਰ ਵਿੱਚ ਹੁੰਗਾਰਾ ਮਿਲਿਆ। ਅਮਰੀਕਾ ਹੀ ਨਹੀਂ ਸਗੋਂ ਦੁਨੀਆਂ ਦੇ ਕਈ ਹੋਰ ਮੁਲਕਾਂ ਵਿੱਚ ਵੀ “ਬਲੈਕ ਲਾਈਵਜ਼ ਮੈਟਰ” ਦੇ ਹੱਕ ਵਿੱਚ ਨਿੱਤਰੇ ਗੋਰੇ ਪ੍ਰਦਰਸ਼ਨਕਾਰੀਆਂ ਨੇ ਨਸਲਵਾਦੀ ਨੇਤਾਵਾਂ-ਜਰਨੈਲਾਂ ਦੇ ਕਈ ਇਤਿਹਾਸਕ ਬੁੱਤ ਲਾਹ ਘੜੀਸ ਕੇ ਮੌਕੂਫ਼ ਕਰ ਦਿੱਤੇ।  

ਸੰਨ 2020 ਦੇ ਅਖੀਰ ਵਿੱਚ ਭਾਰਤ ਦੇ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਪੰਜਾਬ ਤੋਂ ਚੱਲ ਕੇ ਸਿਰਫ਼ ਦਿੱਲੀ ਹੀ ਨਹੀਂ ਪਹੁੰਚਿਆ ਸਗੋਂ ਗੁਆਂਢੀ ਰਾਜਾਂ ਤੋਂ ਵੀ ਇਸ ਨੂੰ ਡੱਟਵੀਂ ਹਿਮਾਇਤ ਮਿਲੀ। ਕਿਸਾਨ ਸੰਘਰਸ਼ ਦੇ ਮੌਜੂਦਾ ਹਾਲਾਤ ਤੇ ਟਿੱਪਣੀ ਛੇਤੀ ਹੀ ਇੱਕ ਵੱਖਰੇ ਲੇਖ ਵਿੱਚ ਤੁਹਾਡੇ ਸਾਹਮਣੇ ਆ ਜਾਵੇਗੀ। 


Discover more from ਜੁਗਸੰਧੀ

Subscribe to get the latest posts sent to your email.

Unknown's avatar

Author:

ਵੈਲਿੰਗਟਨ, ਨਿਊਜ਼ੀਲੈਂਡ ਦਾ ਵਸਨੀਕ - ਬਲੌਗਿੰਗ, ਪਗਡੰਡੀਆਂ ਮਾਪਣ ਅਤੇ ਜਿਓਸਟ੍ਰੈਟੀਜਿਕ ਖੋਜ ਦਾ ਸ਼ੌਕ।

Leave a comment