Posted in ਚਰਚਾ

ਹੀਰ ਵੰਨਾ ਪੰਜਾਬ!!

ਸੁਮੇਲ ਸਿੰਘ ਸਿੱਧੂ ਦਾ ਲੇਖ “ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁੱਧ ਦੀ ਸੇਧ ਦਾ ਸਵਾਲ” ਹਾਲ ਵਿੱਚ ਹੀ ਪੰਜਾਬੀ ਟ੍ਰਿਬਿਊਨ ਵਿੱਚ ਦੋ ਕਿਸ਼ਤਾਂ ਵਿੱਚ ਛਪਿਆ ਹੈ। ਜਿਸਦੀ ਪਹਿਲੀ ਕਿਸ਼ਤ ਇਥੇ ਅਤੇ ਦੂਜੀ ਕਿਸ਼ਤ ਇਥੇ ਪੜ੍ਹੀ ਜਾ ਸਕਦੀ ਹੈ।

ਮੈਂ ਦੋਵੇਂ ਲੇਖ ਇਕ ਨਹੀਂ ਸਗੋਂ ਦੋ-ਦੋ ਵਾਰ ਪੜ੍ਹੇ ਹਨ। ਦੂਜੀ ਵਾਰ ਪੜ੍ਹਦੇ ਵੇਲ਼ੇ ਮੈਂ ‘ਸੇਧ ਦਾ ਸਵਾਲ’ ਉੱਤੇ ਹੀ ਅੱਖ ਰੱਖੀ। ਮੈਂ ਵਾਕ-ਦਰ-ਵਾਕ ਲੇਖ ਨੂੰ ਮੋਟਾ-ਮੋਟਾ ਸਮਝਣ ਦੀ ਕੋਸ਼ਿਸ਼ ਕੀਤੀ ਹੈ।

ਲੇਖ ਦੀ ਸ਼ੁਰੂਆਤ ਸਵਰਾਜਬੀਰ ਦੇ ਹਵਾਲੇ ਦੇ ਨਾਲ ਹੁੰਦੀ ਹੈ। ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕਿ ਸਵਰਾਜਬੀਰ ਕੌਣ ਹੈ ਤੇ ਨਾ ਹੀ ਇਸ ਬਾਰੇ ਪਤਾ ਹੈ ਕਿ ਸਵਰਾਜਬੀਰ ਉਸ ਕਿਸ ਕਸਵੱਟੀ ਦੀ ਗੱਲ ਕਰਦਾ ਹੈ ਜਿਸ ਕਰਕੇ ਸੁਮੇਲ ਨੇ ਉਸ ਨੂੰ ਪਹਿਲੇ ਹੀ ਵਾਕ ਵਿੱਚ ਲਿਆ ਖੜ੍ਹਾ ਕੀਤਾ ਹੈ। ਨਿਊਜ਼ੀਲੈਂਡ ਵਿੱਚ ਰਹਿਣ ਕਰਕੇ ਪੰਜਾਬੀ ਸਾਹਿਤ ਨਾਲ ਮੇਰੀ ਤੰਦ ਸਿਰਫ਼ ਇੰਟਰਨੈਟ ਕਰਕੇ ਹੀ ਜੁੜੀ ਹੋਈ ਹੈ। ਖੋਜ ਕਰਣ ਤੇ ਇਹ ਤਾਂ ਪਤਾ ਲੱਗ ਗਿਆ ਕਿ ਸਵਰਾਜਬੀਰ ਕੌਣ ਹੈ ਪਰ ਉਸਦੀ ਕੋਈ ਲਿਖਤ ਪੜ੍ਹਣ ਜਾਂ ਖਰੀਦਣ ਲਈ ਕਿਤੇ ਨਹੀਂ ਲੱਭੀ। ਅੱਗੇ ਚੱਲ ਕੇ ਲੇਖਕ ਨੇ ਸਵਰਾਜਬੀਰ ਦੀ ‘ਅਟਕਲ’ ਦੀ ਗੱਲ ਕੀਤੀ ਹੈ ਜਿਸ ਵਿੱਚ ਇਹ ਤੁਕ ਸ਼ਾਮਲ ਹੈ:
“ਥੋੜ੍ਹਾ ਸੱਚ ਤੇ ਥੋੜ੍ਹਾ ਝੱਲ ਹੋਵੇ”

ਝੱਲ ਸ਼ਬਦ ਦੀ ਵਰਤੋਂ ਮੈਨੂੰ ਥੋੜ੍ਹਾ ਜਿਹਾ ਸ਼ਸ਼ੋਪੰਜ ਵਿੱਚ ਪਾ ਦਿੰਦੀ ਹੈ। ਸਵਰਾਜਬੀਰ ਨੂੰ ਤਾਂ ਆਪਣੀ ਲਿਖਤ ਵਿੱਚ ਬਤੌਰ ਲੇਖਕ ਕੁਝ ਵੀ ਕਹਿਣ ਦਾ ਹੱਕ ਹੈ ਪਰ ਜਦ ਸਾਡਾ ਧਿਆਨ ‘ਧਰਮ ਯੁੱਧ’ ਅਤੇ ‘ਸੇਧ’ ਵਰਗੇ ਸ਼ਬਦਾਂ ਤੇ ਹੋਵੇ ਤਾਂ ਝੱਲ ਜਾਂ ਸ਼ਰਧਾਵਾਨ ਰੂਪੀ ਪਹੁੰਚ ਤਾਂ ਸਾਨੂੰ ਖੁਆਰ ਕਰਨ ਵਿੱਚ ਬਹੁਤਾ ਚਿਰ ਨਹੀਂ ਲਾਵੇਗੀ।

ਅੱਗੇ ਚੱਲ ਕੇ ਲੇਖਕ ਨੇ ‘ਨਵੀਂ ਗੱਲ’ ਦੇ ‘ਜੇਰਾ’ ਲੈ ਕੇ ‘ਮਸਲੇ ਵਿਚਾਰਨ-ਨਿਤਾਰਨ ਦੀਆਂ ਸਿਲਸਿਲੇਵਾਰ ਬੈਠਕਾਂ’ ਤੇ ਨਜ਼ਰਸਾਨੀ ਕੀਤੀ ਹੈ। ਉਪਰ ਗੱਲ ਧਰਮ ਯੁੱਧ ਦੀ ਚੱਲਦੀ ਸੀ ਪਰ 1947 ਤੋਂ ਪਹਿਲਾ ਦਾ ਪੰਜਾਬ, 1947 ਤੋਂ ਬਾਅਦ ਦੇ ਪੰਜਾਬ ਨਾਲ ਧਰਮ ਯੁੱਧ ਰਾਹੀਂ ਕਿਵੇਂ ਜੁੜਦਾ ਹੈ ਇਸ ਦਾ ਕੋਈ ਸੂਤਰ ਬੰਨ੍ਹੇ ਬਿਨਾਂ ਲੇਖਕ ਨੇ ਸਾਡੇ ਦਰਮਿਆਨ ‘ਹੀਰਵੰਨੀ’ ਲਿਸ਼ਕ ਲਿਆ ਖੜ੍ਹੀ ਕਰ ਦਿੱਤੀ। ਜੇਕਰ ‘1947 ਵੰਡ ਦੀ ਮਾਰੂ ਫ਼ਸਲ ਤੋਂ ਅਸੀਂ ਅੱਜ ਵੀ ਹਰ ਪੱਧਰ ’ਤੇ ਹਾਰੇ ਹੋਏ ਹਾਂ’ ਤਾਂ ਕੀ 1966 ਵਿੱਚ ਸਾਡੀ ਜਿੱਤ ਹੋਈ ਸੀ ਕਿ ਹਾਰ? ਜੇਕਰ ਇਹ ਜਿੱਤ ਸੀ ਤਾਂ ਉਪਰ ਲਿਖਿਆ ਗਿਆ 1947 ਤੋਂ ਬਾਅਦ ਦੀ ਹਰ ਪੱਧਰ ਦੀ ਹਾਰ ਦਾ ਬਿਰਤਾਂਤ ਕੀ ਟੁੱਟ ਨਹੀਂ ਗਿਆ? ਜੇਕਰ ਇਹ ਹਾਰ ਸੀ ਤਾਂ 1947 ਵਾਲੀ ਇਕ ਹਾਰ ਤੋਂ ਬਾਅਦ 1966 ਵਿੱਚ ਦੂਜੀ ਹਾਰ ਬਾਰੇ ਲੇਖਕ ਨੇ ਤਰੱਕੀ ਅਤੇ ਖੁਸ਼ਹਾਲੀ ਦੀਆਂ ਗੱਲਾਂ ਕਰਨ ਦੀ ਕਾਹਲ ਕਿਉਂ ਕੀਤੀ?

ਲੇਖਕ ਨੇ ਸਟਾਲਿਨਪ੍ਰਸਤਾਂ ਦਾ ਹਵਾਲਾ ਦੇ “ਸਿੱਖੀ ਨੂੰ ਸਾਧਾਂ-ਸੰਤਾਂ ਦੀ ਅੰਨ੍ਹੀ-ਬੋਲ਼ੀ ਸ਼ਰਧਾ ਦੇ ਕਿੱਲੀਂ ਬੰਨ੍ਹ” ਦਿੱਤੇ ਜਾਣ ਦੀ ਗੱਲ ਜ਼ਰੂਰ ਕੀਤੀ ਹੈ ਪਰ ਉਸੇ ਤਰ੍ਹਾਂ ਹੀ ‘ਸਭੈ ਸਾਂਝੀਵਾਲ ਸਦਾਇਨਿ’, ‘ਸਗਲਿ ਸੰਗ ਹਮ ਕਉ ਬਨਿ ਆਈ’ ਜਾਂ ‘ਖ਼ਾਲਕ ਖ਼ਲਕ ਮਾਹਿ’ ਵਰਗੇ ਸੂਖਮ ਸਿਧਾਂਤਕ ਗੁਣਾਂ ਤੋਂ ਮੂੰਹ ਭੁਆਂ ਲੈਣ ਨੂੰ ਵੀ ਗੋਲ ਮੋਲ ਕਰ ਦਿੱਤਾ ਹੈ। ਲੇਖਕ ਨੂੰ ਚਾਹੀਦਾ ਸੀ ਕਿ ਉਹ ਇੱਥੇ ਹੀ ਰੁਕ ਜਾਂਦਾ ਤੇ ਛਾਨਣਾ ਲਾ ਕੇ ਕੁਝ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾ। ਮਿਸਾਲ ਦੇ ਤੌਰ ਤੇ ਜਲੰਧਰ ਦੇ ਇਕ ਅਖ਼ਬਾਰ ਦਾ ਸਟਾਲਿਨਪ੍ਰਸਤ ਸੰਪਾਦਕ ਜੋ ਟੈਲੀਵਿਜ਼ਨ ਤੇ ਵੀ ਆਉਂਦਾ ਹੈ, ਉਸ ਨੂੰ ਗੱਲਾਂ ਕਰਕੇ ਗੁਰਬਾਣੀ ਦੀ ਕੋਈ ਤੁਕ ਵਰਤ ਕੇ ਉਸ ਦੇ ਮਨਘੜੰਤ ਮਤਲਬ ਕੱਢਣ ਦੀ ਲੋੜ ਕਿਉਂ ਮਹਿਸੂਸ ਹੁੰਦੀ ਹੈ। ਜਾਂ ਫਿਰ ਦੂਜੇ ਬੰਨੇ ਇਹ ਗੱਲ ਕਿ ਡੇਰਿਆਂ ਦੀ ਸਿੱਖੀ ਵਿੱਚ ਘੁਸਪੈਠ ਕਿਵੇਂ ਹੋਈ? ਕੀ ਇਨ੍ਹਾਂ ਡੇਰਿਆਂ ਦੀ ਗੁਰੂ ਕੇ ਬਾਗ਼ ਜਾਂ ਚਾਬੀਆਂ ਵਾਲੇ ਮੋਰਚੇ ਦੌਰਾਨ ਕੋਈ ਹੈਸੀਅਤ ਵੀ ਸੀ? ਇਨ੍ਹਾਂ ਮੁੱਦਿਆਂ ਤੇ ਵਿਸਤਾਰ ਸਹਿਤ ਗੱਲ ਕੀਤੇ ਬਿਨਾਂ ਅਸੀਂ ਜੋ ਮਰਜ਼ੀ ਲਫ਼ਜ਼ੀ ਛੱਲੇ ਛੱਡੀ ਚਲੀਏ ਸੰਵਾਦ ਕਿਸੇ ਵੀ ਤਰ੍ਹਾਂ ਅੱਗੇ ਨਹੀਂ ਵੱਧੇਗਾ।

1984 ਨੂੰ ਲੈ ਕੇ ਭਾਵੇਂ ਸਟਾਲਿਨਪ੍ਰਸਤਾਂ ਦੀ ਗੱਲ ਕਰ ਲਈਏ ਤੇ ਭਾਵੇਂ ਖਾੜਕੂਆਂ ਦੀ। ਮੇਰੇ ਮਨ ਵਿੱਚ ਇਕ ਸਵਾਲ ਵਾਰ ਵਾਰ ਉਠਦਾ ਹੈ ਜਿਸ ਦਾ ਜਵਾਬ ਕੋਈ ਵੀ ਲੇਖਕ ਦੇਣ ਦੀ ਕੋਸ਼ਿਸ਼ ਨਹੀਂ ਕਰਦਾ। ਜੇਕਰ ਸਟਾਲਿਨਪ੍ਰਸਤ ਅਤੇ ਖਾੜਕੂ ਲਕੀਰ ਦੇ ਦੋ ਵੱਖਰਿਆਂ ਪਾਸਿਆਂ ਤੇ ਖੜ੍ਹੇ ਸਨ ਤਾਂ ਕੀ ਗੱਲ ਸੀ ਕਿ ਪੰਜਾਬ ਤੋਂ ਬਾਹਰ ਦੋਹੇਂ ਧਿਰਾਂ ਸਿਰਫ਼ ਅਮਰੀਕਾ-ਇੰਗਲੈਂਡ-ਕੈਨੇਡਾ ਜਾ ਕੇ ਹੀ ਵੱਸਦੀਆਂ ਰਹੀਆਂ? ਸਟਾਲਿਨਪ੍ਰਸਤ ਕਿਸੇ ਸਟਾਲਿਨ ਪੱਖੀ ਮੁਲਕ ਵਿੱਚ ਜਾ ਕੇ ਕਿਉਂ ਨਹੀਂ ਵੱਸ ਗਏ?

ਲੇਖ ਦੀ ਪਹਿਲੀ ਕਿਸ਼ਤ ਦੇ ਅਖੀਰ ਵਿੱਚ ਲੇਖਕ ਨੇ ਇਤਿਹਾਸਕ ਰੋਲ ਦੀ ਨਿਰਭਉ ਪੜਚੋਲ ਨੂੰ ਹੱਥ ਪਾਉਣ ਦੀ ਗੱਲ ਕੀਤੀ ਹੈ ਜਿਸ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ।

ਲੇਖ ਦੀ ਦੂਜੀ ਕਿਸ਼ਤ ਵਿੱਚ ਸੁਮੇਲ ਸਿੰਘ ਸਿੱਧੂ ਨੇ ਬਹੁਤਾ ਕਰਕੇ ਇਤਿਹਾਸ ਨੂੰ ਫਰੋਲਦਿਆਂ ਹੋਇਆਂ ਟਿੱਪਣੀਆਂ ਕੀਤੀਆਂ ਹਨ ਜੋ ਭਾਵੇਂ ਬਿਲਕੁਲ ਠੀਕ ਹਨ ਪਰ ਮੇਰੀ ਜਾਚੇ ‘ਧਰਮ ਯੁੱਧ ਦੀ ਸੇਧ’ ਦੇ ਸੰਦਰਭ ਵਿੱਚੋਂ ਉੱਕਾ ਹੀ ਬਾਹਰ ਹਨ। ਅੱਜ ਜੇ ਕੋਈ ਲੋੜ ਤਾਂ ਉਹ ਹੈ ਸਿਰਫ਼ ਔਖੇ ਸਵਾਲ ਪੁੱਛਣ ਦੀ ਸ਼ੁਰੂਆਤ ਕਰਨ ਦੀ। ਸਭ ਤੋਂ ਪਹਿਲੀ ਲੋੜ ਹੈ ਸਟਾਲਿਨਪ੍ਰਸਤਾਂ ਨੂੰ ਸ਼ੀਸ਼ਾ ਵਖਾਉਣ ਦੀ। ਉਨ੍ਹਾਂ ਨੂੰ ਇਹ ਦੱਸਣ ਦੀ ਕਿ ਉਹ ਆਰਥਕ-ਰਾਜਨੀਤਕ-ਸਮਾਜਕ ਸੱਚਾਈਆਂ ਤੋਂ ਕੋਰੇ ਹੋਏ ਕਿਵੇਂ ਕਿਸੇ ਖਿਆਲੀ ਸਟਾਲਿਨੀ ਕਿਲ੍ਹੇ ਵਿੱਚ ਸ਼ਰਧਾਵਾਨ ਹੋਏ ਬੈਠੇ ਹਨ ਅਤੇ ਦੂਜਾ ਇਹ ਕਿ ਉਨ੍ਹਾਂ ਨੂੰ ਗੁਰਬਾਣੀ ਦੀ ਉੱਕਾ ਹੀ ਸਮਝ ਨਹੀਂ।

ਦੂਜੇ ਪਾਸੇ ਜਿਹੜੇ ਡੇਰੇ ਆਪਣੇ ਆਪ ਨੂੰ ਇਤਿਹਾਸਕ ਦੱਸਦੇ ਹੋਏ ਸਿੱਖੀ ਨੂੰ ਝੂਠ ਦਾ ਜੱਫਾ ਮਾਰੀ ਬੈਠੇ ਹਨ, ਲੋੜ ਹੈ ਉਸ ਝੂਠ ਨੂੰ ਨੰਗਾ ਕਰਨ ਦੀ ਅਤੇ ਉਸ ਜੱਫੇ ਨੂੰ ਤੋੜਨ ਦੀ। ਪਿਛਲੇ ਤਿੰਨ ਦਹਾਕਿਆਂ ਤੋਂ ਅਸੀਂ 1984 ਦਾ ਬਿਰਤਾਂਤ ਸ਼ਰਧਾ ਦੇ ਚਸ਼ਮੇਂ ਰਾਹੀਂ ਪੜ੍ਹਦੇ-ਵੇਖਦੇ ਆ ਰਹੇ ਹਾਂ। ਲੋੜ ਹੈ 1966 ਤੋਂ ਬਾਅਦ ਦੇ ਪੰਜਾਬ ਦੇ ਇਤਿਹਾਸ ਨੂੰ ਸਿਰਫ ਸੱਚ ਅਤੇ ਸਬੂਤਾਂ ਦੀ ਕਸਵੱਟੀ ਤੇ ਪਰਖਣ ਅਤੇ ਲਿਖਣ ਦੀ। ਇਸ ਤਰ੍ਹਾਂ ਲਿਖਿਆ ਇਤਿਹਾਸ ਸਾਨੂੰ 1984 ਸਮਝਣ ਵਿੱਚ ਬਹੁਤ ਮਦਦ ਕਰੇਗਾ।  ਜੇਕਰ ਅਸੀਂ ਅਜਿਹੇ ਇਤਿਹਾਸ ਨੂੰ ਲਿਖਣ-ਸਾਂਭਣ ਵਿੱਚ ਕਾਮਯਾਬ ਹੋ ਜਾਵਾਂਗੇ ਤਾਂ ਸਾਨੂੰ ਦੋ ਫਾਇਦੇ ਹੋ ਜਾਣਗੇ। ਇਕ ਤਾਂ ਉਸ ਕਲੰਕ ਤੋਂ ਛੁਟਕਾਰਾ ਹੋ ਜਾਵੇਗਾ ਜਿਸਦੇ ਗੋਚਰੇ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੂੰ ਇਤਹਾਸ ਬਣਾਉਣਾ ਤਾਂ ਆਉਂਦਾ ਹੈ ਪਰ ਲਿਖਣਾ ਨਹੀਂ। ਦੂਜਾ ਸਾਡੇ ਵਿੱਚ ਸੱਚਾਈ ਦਾ ਕੌੜਾ ਘੁੱਟ ਪੀ ਜਾਣ ਦੀ ਹਿੰਮਤ ਆ ਜਾਵੇਗੀ ਤੇ ਸ਼ਰਧਾ ਦੀ ਚਾਸ਼ਣੀ ਦੀ ਮੁਥਾਜੀ ਤੋਂ ਨਿਜਾਤ ਮਿਲ ਜਾਵੇਗੀ।