ਕਈ ਥਾਂਵਾਂ ਤੇ ਸਰਵਣ ਸਿੰਘ ਦੇ ਦਮਗਜੇ ਭਰੇ ਲੇਖ ਪੜ੍ਹਣ ਨੂੰ ਮਿਲਦੇ ਹਨ (ਖਾਸ ਕਰਕੇ ਐਤਵਾਰ ਦੀ ਪੰਜਾਬੀ ਟਿ੍ਬਿਊਨ) ਜਿਸ ਵਿੱਚ ਉਹ ਛਾਤੀ ਚੌੜ੍ਹੀ ਕਰਕੇ ਬੱਕਰੇ ਬੁਲਾ ਰਿਹਾ ਹੁੰਦਾ ਹੈ ਕਿ ਕਿਵੇਂ ਕਬੱਡੀ ਦੇ ਸਿਰ ਤੇ ਉਹ ਦੁਨੀਆਂ ਦੀ ਸੈਰ ਕਰਦਾ ਫਿਰਦਾ ਹੈ। ਕਦੀ ਉਹ ਕਬੱਡੀ ਦੇ ਖਿਡਾਰੀਆਂ ਦੇ ਜੁੱਸੇ ਤੇ ਕਦੀ ਜਾਫੀਆਂ ਦੀ ਗੱਲ ਕਰਦਾ ਹੈ।
ਚਲੋ ਇਕ ਗੱਲ ਤਾਂ ਹੈ ਕਿ ਸਰਵਣ ਸਿੰਘ ਦੇ ਨਿਜ ਸੁਆਰਥ ਨੂੰ ਤਾਂ ਚੰਗੀਆਂ ਕੁਤਕਤਾੜੀਆਂ ਨਿਕਲ ਰਹੀਆਂ ਹਨ, ਪਰ ਪੰਜਾਬ ਦਾ ਖੇਡਾਂ ਦਾ ਪੈਮਾਨਾ ਕੀ ਕਹਿ ਰਿਹਾ ਹੈ? ਮੇਰੀ ਜਾਪੇ ਤਾਂ ਇਹ ਕਬੱਡੀ ਤਾਂ ਕੁੱਕੜ ਭਿੜਾਉਣ ਦੇ ਪੱਧਰ ਤੋਂ ਕੋਈ ਜ਼ਿਆਦਾ ਉੱਚੀ ਨਹੀਂ ਹੈ।
ਪੱਛਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਤਾ ਹੈ ਕਿ ਖਿਡਾਰੀ ਆਮ ਤੌਰ ਤੇ ਦੋ-ਦੋ ਖੇਡਾਂ ਖੇਡਦੇ ਹਨ। ਇਕ ਗਰਮੀਆਂ ਵਾਲੀ ਤੇ ਇਕ ਸਰਦੀਆਂ ਵਾਲੀ। ਕਹਿਣ ਦਾ ਭਾਵ ਇਹ ਕਿ ਜੇ ਸਰੀਰ ਵਿੱਚ ਦੱਮ ਹੈ ਤਾਂ ਕੁਝ ਵੀ ਖੇਡ ਲਵੋ ਕਿਸੇ ਵੀ ਮੌਸਮ ਵਿੱਚ। ਸਰਵਣ ਸਿੰਘ ਦੇ ਫਿੱਡੂ-ਸ਼ਿੱਡੂ ਜੇ ਏਡੇ ਹੀ ਤਕੜੇ ਹਨ ਤਾਂ ਘੁਲ਼ ਕੇ ਹੀ ਵਖਾ ਦੇਣ ਜਾਂ ਫਿਰ ਜੂਡੋ ਦੇ ਹੀ ਕਰਤਬ ਵਖਾ ਦੇਣ। ਝੂਠੀ ਜਿਹੀ ਕਬੱਡੀ ਦਾ ਝੂਠਾ ਭਾਂਡਾ ਇਸ ਕਰ ਕੇ ਨਹੀਂ ਭੱਜ ਰਿਹਾ ਕਿਉਂਕਿ ਬਗਾਨੇ ਪੁੱਤਾਂ ਨਾਲ ਵਾਹ ਨਹੀਂ ਪੈਂਦਾ ਤੇ ਝੂਠੀ ਜਿਹੀ ਕਬੱਡੀ ਖੇਡ ਖੇਡ ਕਿ ਆਪਣੇ ਘਰ “ਟਰਾਫੀਆਂ” ਨਾਲ ਭਰੇ ਜਾ ਰਹੇ ਹਨ।
ਪਰ ਜੇ ਇਸ ਝੂਠੀ ਕਬੱਡੀ ਦਾ ਜੁੱਸਾ ਵਾਕਿਆ ਹੀ ਏਡਾ ਤਕੜਾ ਹੈ ਤਾਂ ਹੈ ਕੋਈ ਮਾਈ ਦਾ ਲਾਲ ਜੋ ਕੁਸ਼ਤੀ ਵਰਗੀ ਖੇਡ ਨੂੰ ਹੱਥ ਪਾਵੇ। ਤੇ ਨਾਲੇ ਕਿਸੇ ਅਸਲੀ ਮੁਕਾਬਲੇ ਜਿਵੇਂ ਓਲੰਪਿਕ ਜਾਂ ਕਿਸੇ ਸੰਸਾਰ ਪੱਧਰ ਦੇ ਮੁਕਾਬਲੇ ਵਿੱਚ ਕੋਈ ਤਗ਼ਮਾ ਜਿੱਤੇ? ਮੈਂ ਕੋਈ ਨਵੀਂ ਗੱਲ ਨਹੀਂ ਕੀਤੀ ਹੈ, ਬਚਪਨ ਵਿੱਚ ਮੈਂ ਜੋ ਪੰਜਾਬ ਵਿੱਚ ਕੁਸ਼ਤੀ ਦੇ ਅਖਾੜੇ ਵੇਖੇ ਸਨ ਉੱਥੇ ਹੁਣ ਸੰਘ ਪਰਿਵਾਰ ਦੇ ਅਖਾੜੇ ਚੱਲਦੇ ਹਨ ਤੇ ਪੁਰਾਣੇ ਵਕ਼ਤ ਵਿੱਚ ਉੱਥੇ ਕੁਸ਼ਤੀਆਂ ਲੜਣ ਵਾਲਿਆਂ ਦੇ ਵਾਰਸ ਝੂਠੀ ਜਿਹੀ ਕਬੱਡੀ ਦੀਆਂ ਕੁੱਕੜ ਭਿੜਾਉਣੀਆਂ ਕਰ ਰਹੇ ਹਨ ਤੇ ਕਲਮ ਨਾਲ ਗੁਲਾਬੀ ਜਿਹੀਆਂ ਲਕੀਰਾਂ ਮਾਰ ਰਹੇ ਹਨ।