Posted in ਚਰਚਾ, ਯਾਦਾਂ

ਸੜ੍ਹਕ ਦੀ ਨਵੀਂ ਪਰਤ

ਸੰਨ 2010 ਦੀ ਗੱਲ ਹੈ। ਉਸ ਸਾਲ ਸਾਡੇ ਬਜ਼ੁਰਗ ਪੰਜਾਬ ਤੋਂ ਸਾਨੂੰ ਮਿਲਣ ਲਈ ਇੱਥੇ ਵੈਲਿੰਗਟਨ, ਨਿਊਜ਼ੀਲੈਂਡ ਆਏ ਹੋਏ ਸਨ।  

ਮਾਰਚ ਦਾ ਮਹੀਨਾ ਸੀ। ਪੱਤਝੜ ਦੀ ਰੁੱਤ ਖ਼ਤਮ ਹੋ ਰਹੀ ਸੀ ਤੇ ਛੇਤੀ ਹੀ ਸਰਦੀਆਂ ਸ਼ੁਰੂ ਹੋਣ ਵਾਲੀਆਂ ਸਨ। ਧਰਤੀ ਦੇ ਦੱਖਣੀ ਗੋਲਾਰਧ ਵਿੱਚ ਧਰਤੀ ਦੇ ਉੱਤਰੀ ਗੋਲਾਰਧ ਨਾਲੋਂ ਉਲਟੇ ਮੌਸਮ ਹੁੰਦੇ ਹਨ। ਪੰਜਾਬ ਦੇ ਲੋਕ ਮਾਰਚ ਵਿੱਚ ਬਸੰਤ ਰੁੱਤ ਤੇ ਖਿੜ੍ਹ ਰਹੀ ਕੁਦਰਤ ਵੇਖ ਕੇ ਅਕਸਰ ਹੀ ਕਹਿ ਉਠਦੇ ਹਨ: ਆਈ ਬਸੰਤ ਪਾਲਾ ਉਡੰਤ।

ਇਕ ਹੋਰ ਗੱਲ ਇਹ ਕਿ ਮਾਰਚ ਦਾ ਮਹੀਨਾ ਆਰਥਿਕ ਸਾਲ ਦੇ ਪੱਖੋਂ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ 31 ਮਾਰਚ ਨੂੰ ਆਰਥਕ ਸਾਲ ਮੁੱਕ ਜਾਣਾ ਹੁੰਦਾ ਹੈ। ਇਸ ਲਈ ਸਰਕਾਰੀ ਮਹਿਕਮੇ ਬਚੇ-ਖੁਚੇ ਬਜਟ ਨੂੰ ਵੀ ਖਤਮ ਕਰਨ ਲਈ ਲੱਗੇ ਹੁੰਦੇ ਹਨ। ਛੇਤੀ ਹੀ ਸਾਨੂੰ ਵੀ ਡਾਕ ਰਾਹੀਂ ਸੂਚਨਾ ਮਿਲੀ ਕਿ ਵੈਲਿੰਗਟਨ ਸਿਟੀ ਕੌਂਸਲ ਸਾਡੀ ਗਲੀ ਵਿੱਚ ਸੜ੍ਹਕ ਤੇ ਨਵੀਂ ਪਰਤ ਪਾਉਣ ਦੀਆਂ ਤਿਆਰੀਆਂ ਕਰ ਰਹੀ ਹੈ।  

ਚਿੱਠੀ ਆਉਣ ਤੋਂ ਅਗਲੇ ਹਫ਼ਤੇ ਵੇਖਦੇ ਹੀ ਵੇਖਦੇ ਸਾਡੀ ਗਲੀ ਦੇ ਵਿੱਚ ਭਾਂਤ ਸੁਭਾਂਤ ਦੀਆਂ ਗੱਡੀਆਂ ਤੇ ਮਸ਼ੀਨਾਂ ਆ ਕੇ ਖੜ੍ਹਨੀਆਂ ਸ਼ੁਰੂ ਹੋ ਗਈਆਂ। ਸਾਡੇ ਘਰ ਦੀ ਖਿੜਕੀ ਤੋਂ ਗਲੀ ਦਾ ਬਹੁਤ ਸਾਰਾ ਨਜ਼ਾਰਾ ਬਣਦਾ ਸੀ ਇਸ ਕਰਕੇ ਸਾਡੇ ਬਜ਼ੁਰਗ ਅਕਸਰ ਹੀ ਚਾਅ ਨਾਲ ਖਿੜਕੀ ਲਾਗੇ ਖੜ੍ਹ ਕੇ ਸੜਕ ਦਾ ਹੋ ਰਿਹਾ ਕੰਮ ਵੇਖਦੇ ਰਹਿੰਦੇ।  

ਪਹਿਲੇ ਦਿਨ ਹੀ ਮਸ਼ੀਨਾਂ ਨੇ ਸੜਕ ਨੂੰ ਤਿੰਨ-ਤਿੰਨ ਇੰਚ ਖੁਰਚ ਦਿੱਤਾ ਅਤੇ ਕੋਈ ਘੱਟਾ ਵੀ ਨਹੀਂ ਉੱਡਣ ਦਿੱਤਾ। ਬਜ਼ੁਰਗ ਇਹ ਕੰਮ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਮੈਂ ਸ਼ਾਮ ਨੂੰ ਕੰਮ ਤੋਂ ਬਾਅਦ ਘਰੇ ਪਹੁੰਚਿਆਂ ਤਾਂ ਚਾਹ ਦੀ ਚੁਸਕੀ ਲੈਂਦਿਆਂ ਉਨ੍ਹਾਂ ਮੇਰੇ ਕੋਲ ਸੜ੍ਹਕ ਖੁਰਚਣ ਦੇ ਹੋਏ ਕੰਮ ਦੀ ਪੜਚੋਲ ਕੀਤੀ। ਥੋੜ੍ਹਾ ਹੈਰਾਨ ਹੁੰਦਿਆਂ ਹੋਇਆਂ ਮੈਂ ਪੁੱਛਿਆ ਕਿ ਤੁਹਾਨੂੰ ਸੜ੍ਹਕ ਖੁਰਚਣ ਦੇ ਹੋਏ ਕੰਮ ਨੇ ਏਨਾ ਪ੍ਰਭਾਵਿਤ ਕਿਉਂ ਕੀਤਾ ਹੈ?

ਉਨ੍ਹਾਂ ਦੱਸਿਆ ਕਿ ਇਹ ਸੜ੍ਹਕ ਖੁਰਚਣ ਦਾ ਕੰਮ ਤਾਂ ਉੱਥੇ ਪੰਜਾਬ ਦੇ ਵਿੱਚ ਵੀ ਕੀਤਾ ਜਾਂਦਾ ਹੈ ਪਰ ਸਿਰਫ਼ ਕਾਗਜ਼ਾਂ ਦੇ ਵਿੱਚ ਹੀ। ਇਸ ਕੰਮ ਦਾ ਪੈਸਾ ਸਿੱਧਾ ਜੇਬਾਂ ਵਿੱਚ ਚਲਾ ਜਾਂਦਾ ਹੈ। ਪਰ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰ ਇਸ ਤਰ੍ਹਾਂ ਮਸ਼ੀਨਾਂ ਨਾਲ ਖੁਰਚੀ ਜਾਂਦੀ ਸੜ੍ਹਕ ਵੇਖ ਰਿਹਾ ਹਾਂ।

ਪ੍ਰਤਿਨਿਧ ਤਸਵੀਰ

ਉਨ੍ਹਾਂ ਨੇ ਅੱਗੇ ਕਿਹਾ ਕਿ ਜਿਵੇਂ ਤੁਹਾਡੇ ਘਰ ਨੂੰ ਬਣਿਆ ਚਾਲੀ ਸਾਲ ਹੋ ਗਏ ਹਨ ਪਰ ਵੇਖ ਕੇ ਇਹੀ ਲੱਗਦਾ ਹੈ ਕਿ ਚਾਲੀ ਸਾਲ ਪਹਿਲਾਂ ਸੜਕ ਜਿਸ ਪੱਧਰ ਤੇ ਬਣੀ ਹੋਵੇਗੀ, ਤੁਹਾਡੀ ਇਸ ਗਲੀ ਵਿੱਚ ਸੜ੍ਹਕ ਦਾ ਪੱਧਰ ਉਥੇ ਦਾ ਉਥੇ ਹੀ ਖੜ੍ਹਾ ਹੈ। ਜਦਕਿ ਪੰਜਾਬ ਦੇ ਮੁਹੱਲਿਆਂ ਵਿੱਚ ਚਾਲੀ ਸਾਲਾਂ ਵਿੱਚ ਸੜ੍ਹਕਾਂ ਘਰਾਂ ਨਾਲੋਂ ਉੱਚੀਆਂ ਹੋ ਜਾਂਦੀਆਂ ਹਨ ਤੇ ਫਿਰ ਘਰਾਂ ਦੇ ਅੰਦਰ ਤੁਹਾਨੂੰ ਕਈ ਤਰ੍ਹਾਂ ਦੇ ਬਦਲਾਅ ਕਰਨੇ ਪੈਂਦੇ ਹਨ ਤਾਂ ਜੋ ਘਰੋਂ ਬਾਹਰ ਜਾਣ ਵੇਲ਼ੇ ਕੋਈ ਮੁਸ਼ਕਿਲ ਨਾ ਹੋਵੇ।    

ਸੜਕ ਦੀ ਪਰਤ ਪੈਣ ਦਾ ਕੰਮ ਹੋਰ ਦੋ ਕੁ ਦਿਨਾਂ ਤੱਕ ਮੁੱਕ ਗਿਆ ਤੇ ਸਾਰੀਆਂ ਮਸ਼ੀਨਾਂ ਅਤੇ ਗੱਡੀਆਂ ਵੀ ਗਾਇਬ ਹੋ ਗਈਆਂ। ਪਰ ਜਿਸ ਤਰ੍ਹਾਂ ਇਹ ਸਾਰਾ ਕੰਮ, ਚਿੱਠੀ ਆਉਣ ਤੋਂ ਲੈ ਕੇ ਮੁਸਤੈਦੀ ਨਾਲ ਖਤਮ ਹੋਣ ਤਕ ਜੋ ਪ੍ਰਬੰਧ ਵਿਹਾਰ ਕੀਤਾ ਗਿਆ ਸੀ ਉਸ ਨੂੰ ਵੇਖ ਕੇ ਸਾਡੇ ਬਜ਼ੁਰਗ ਪ੍ਰਭਾਵਿਤ ਹੋਣੋ ਨਾ ਰਹਿ ਸਕੇ!